ਰੂਸ - ਯੂਕਰੇਨ ਸੰਕਟ: ਕੌਣ ਹਨ ਯੂਕਰੇਨ ਦੇ ਬਾਗੀ ਅਤੇ ਰੂਸ ਉਨ੍ਹਾਂ ਦੀ ਹਮਾਇਤ ਕਿਉਂ ਕਰਦਾ ਹੈ

ਤਸਵੀਰ ਸਰੋਤ, Reuters
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਉੱਪਰ ਹਮਲਾ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਦਾ ਅਸਰ ਨਾ ਸਿਰਫ਼ ਯੂਕਰੇਨ ਉੱਪਰ ਪੈਣ ਵਾਲਾ ਹੈ ਸਗੋਂ ਪੂਰੀ ਦੁਨੀਆਂ ਹੀ ਇਸ ਦੇ ਅਸਰ ਹੇਠ ਹੋਵੇਗੀ।
ਰੂਸ ਦਾ ਦਾਅਵਾ ਹੈ ਕਿ ਇਹ ਕਾਰਵਾਈ ਪੂਰਬੀ ਯੂਕਰੇਨ ਵਿੱਚ ਵਸਦੇ ਰੂਸੀ-ਭਾਸ਼ੀਆਂ ਦੀ ਰਾਖੀ ਲਈ ਕੀਤੀ ਜਾ ਰਹੀ ਹੈ।
ਪਿਛਲੇ ਮਹੀਨਿਆਂ ਦੌਰਾਨ ਰੂਸ ਨੇ ਇਨ੍ਹਾਂ ਇਲਾਕਿਆਂ ਵਿੱਚੋਂ ਲਗਭਗ ਸੱਤ ਲੱਖ ਲੋਕਾਂ ਨੂੰ ਆਪਣੇ ਪਾਸਪੋਰਟ ਜਾਰੀ ਕੀਤੇ ਹਨ। ਇਸ ਤਰ੍ਹਾਂ ਰੂਸ ਨੇ ਇਨ੍ਹਾਂ ਨੂੰ ਆਪਣਾ ਨਾਗਰਿਕ ਬਣਾਇਆ ਹੈ।
ਯੂਕਰੇਨ ਉੱਪਰ ਹਮਲੇ ਤੋਂ ਪਹਿਲਾਂ ਰੂਸ ਨੇ ਪੂਰਬੀ ਯੂਕਰੇਨ ਦੇ ਦੋ ਇਲਾਕਿਆਂ- ਡੋਨੇਤਸਕ ਤੇ ਲੁਹਾਂਸਕ ਨੂੰ ਅਜ਼ਾਦ ਮੁਲਕਾਂ ਵਜੋਂ ਮਾਨਤਾ ਵੀ ਦਿੱਤੀ।
ਇਹ ਦੋਵੇਂ ਖੇਤਰ ਸਾਲ 2014 ਤੋਂ ਯੂਕਰੇਨ ਸਰਕਾਰ ਤੋਂ ਬਾਗੀ ਸਮੂਹਾਂ ਦੇ ਅਧਿਕਾਰ ਹੇਠ ਹਨ ਅਤੇ ਉਦੋਂ ਤੋਂ ਹੀ ਰੂਸ ਕੂਟਨੀਤਿਕ ਤੌਰ 'ਤੇ ਇਨ੍ਹਾਂ ਦੀ ਹਮਾਇਤ ਕਰਦਾ ਰਿਹਾ ਹੈ।
ਹੁਣ ਅਸੀਂ ਇਨ੍ਹਾਂ ਬਾਗੀ ਸਮੂਹਾਂ, ਡੋਨੇਤਸਕ ਤੇ ਲੁਹਾਂਸਕ ਦੀ ਸਥਿਤੀ ਨੂੰ ਸਮਝਦੇ ਹਾਂ।
ਯੂਕਰੇਨ - ਦੋ ਧੜਿਆਂ ਵਿੱਚ ਵੰਡਿਆ ਮੁਲਕ
ਸਾਲ 2014 ਤੋਂ ਪੂਰਬੀ ਯੂਕਰੇਨ ਦੇ ਦੋ ਖੇਤਰਾਂ (ਡੋਨੇਤਸਕ ਤੇ ਲੁਹਾਂਸਕ) ਵਿੱਚ ਰੂਸ ਦੀ ਹਮਾਇਤ ਹਾਸਲ ਬਾਗੀਆਂ ਦਾ ਅਧਿਕਾਰ ਹੈ।
ਰੂਸ ਦਾਅਵਾ ਕਰਦਾ ਰਿਹਾ ਹੈ ਉਹ ਅਜਿਹਾ ਪੂਰਬੀ ਯੂਕਰੇਨ ਵਿੱਚ ਵਸਦੇ ਰੂਸੀ-ਭਾਸ਼ੀਆਂ ਦੀ ਯੂਕਰੇਨ ਤੋਂ ਰਾਖੀ ਲਈ ਕਰਦਾ ਹੈ। ਹੁਣ ਵੀ ਰੂਸ ਦਾ ਕਹਿਣਾ ਹੈ ਕਿ ਉਹ ਇਹ ਹਮਲਾ ਇਸੇ ਮੰਤਵ ਲਈ ਕਰ ਰਿਹਾ ਹੈ।
ਇਨ੍ਹਾਂ ਖੇਤਰਾਂ ਨੇ ਆਪਣੇ-ਆਪ ਨੂੰ ਡੋਨੇਤਸਕ ਪੀਪਲਜ਼ ਰਿਪਬਲਿਕ (ਡੀਐੱਨਆਰ) ਅਤੇ ਲੁਹਾਂਸਕ ਪੀਪਲਜ਼ ਰਿਪਬਲਿਕ ਐਲਾਨ ਕੀਤਾ ਹੋਇਆ ਸੀ ਪਰ ਮਾਨਤਾ ਕਿਸੇ ਵੱਲੋਂ ਨਹੀਂ ਸੀ।
ਇਨ੍ਹਾਂ ਦੋਵਾਂ ਖੇਤਰਾਂ ਦੀ ਰਲੀ-ਮਿਲੀ ਲਗਭਗ ਚਾਲੀ ਲੱਖ ਲੋਕਾਂ ਦੀ ਅਬਾਦੀ ਹੈ। ਇਸ ਲਾਈਨ ਦੇ ਦੋਵੇਂ ਪਾਸੇ ਵਸਦੇ ਲੋਕਾਂ ਨੂੰ ਲਾਈਨ ਟੱਪਣ ਲਈ ਬਹੁਤ ਸਾਰੀਆਂ ਕਾਗਜ਼ੀ/ਰਸਮੀ ਕਾਰਵਾਈਆਂ ਵਿੱਚੋਂ ਲੰਘਣਾ ਪੈਂਦਾ ਹੈ।
ਇਹ ਵੀ ਪੜ੍ਹੋ:
ਸਾਲ 1991 ਵਿੱਚ ਯੂਕਰੇਨ ਦੀ ਸੰਸਦ ਨੇ ਸੋਵੀਅਤ ਯੂਨੀਅਨ ਤੋਂ ਵੱਖ ਹੋ ਕੇ ਆਪਣੀ ਅਜ਼ਾਦੀ ਦਾ ਐਲਾਨ ਕੀਤਾ। ਉਸ ਸਮੇਂ ਹੋਏ ਰਫ਼ਰੈਂਡਮ ਵਿੱਚ ਸੋਵੀਅਤ ਸੰਘ ਤੋਂ ਅਜ਼ਾਦੀ ਦੇ ਹੱਕ ਵਿੱਚ 90% ਵੋਟਾਂ ਪਈਆਂ ਸਨ।
ਯੂਕਰੇਨ ਉਸ ਸਮੇਂ ਤੋਂ ਹੀ ਦੋ ਧੜਿਆਂ ਵਿੱਚ ਵੰਡਿਆ ਹੋਇਆ ਹੈ - ਪੂਰਬੀ ਯੂਕਰੇਨ ਅਤੇ ਪੱਛਮੀ ਯੂਕਰੇਨ।
ਪੱਛਮੀ ਯੂਕਰੇਨ ਵਿੱਚ ਯੂਕਰੇਨੀ ਬੋਲੀ ਦਾ ਦਬਦਬਾ ਹੈ ਜਦਕਿ ਪੂਰਬੀ ਯੂਕਰੇਨ ਵਿੱਚ ਲੋਕ ਰੂਸੀ ਭਾਸ਼ਾ ਜ਼ਿਆਦਾ ਬੋਲਦੇ ਹਨ।
ਪੱਛਮੀ ਯੂਕਰੇਨ ਵਾਸੀ ਯੂਰਪ ਨਾਲ ਮਜ਼ਬੂਤ ਰਿਸ਼ਤੇ ਚਾਹੁੰਦੇ ਹਨ ਜਦਕਿ ਪੂਰਬੀ ਯੂਕਰੇਨ ਵਾਲੇ ਰੂਸ ਨਾਲ ਨੇੜਤਾ ਦਾ ਨਿੱਘ ਮਾਨਣਾ ਚਾਹੁੰਦੇ ਹਨ।

ਤਸਵੀਰ ਸਰੋਤ, AFP
ਰੂਸ ਯੂਕਰੇਨ ਉੱਪਰ ਦਬਾਅ ਬਣਾਉਂਦਾ ਰਿਹਾ ਹੈ ਕਿ ਉਹ ਯੂਰਪੀ ਯੂਨੀਅਨ ਵਿੱਚ ਸ਼ਾਮਲ ਨਾ ਹੋ ਕੇ ਉਸ ਦੀ ਆਪਣੀ 'ਕਸਟਮਜ਼ ਯੂਨੀਅਨ' ਵਿੱਚ ਰਲੇ।
ਰੂਸ ਦੀ ਇਸ ਯੂਨੀਅਨ ਦੇ ਮੈਂਬਰ- ਰੂਸ ਖ਼ੁਦ, ਬੇਲਾਰੂਸ ਅਤੇ ਕਜ਼ਾਕਿਸਤਾਨ ਹਨ।
ਯੂਕਰੇਨ ਯੂਰਪੀ ਯੂਨੀਅਨ ਨਾਲ ਟਰੇਡ ਸਮਝੌਤਾ ਕਰਨ ਦੀ ਤਿਆਰੀ ਕਰ ਰਿਹਾ ਸੀ। ਯੂਕਰੇਨ ਸਰਕਾਰ ਨੇ ''ਕੌਮੀ ਸੁਰੱਖਿਆ'' ਦਾ ਹਵਾਲਾ ਦਿੰਦਿਆਂ 13 ਨਵੰਬਰ 2013 ਨੂੰ ਸਮਝੌਤੇ ਉੱਪਰ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਸ ਸਮੇਂ ਵਿਕਟਰ ਯਾਨੂਕੋਵਿਚ ਦੇਸ ਦੇ ਰਾਸ਼ਟਰਪਤੀ ਸਨ। ਉਨ੍ਹਾਂ ਦੇ ਸੰਧੀ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਦੇਸ ਵਿੱਚ ਪੱਛਮ ਪੱਖੀਆਂ ਨੇ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਅਤੇ ਆਖਰ 2014 ਫਰਵਰੀ ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ।
ਵਿਕਟਰ ਯਾਨੂਕੋਵਿਚ ਦੇ ਸਭ ਤੋਂ ਨਜ਼ਦੀਕੀ ਰਿਸ਼ਤੇ ਜੇ ਕਿਸੇ ਖੇਤਰ ਨਾਲ ਰਹੇ ਅਤੇ ਜੇ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਹਮਾਇਤ ਕਿਸੇ ਖੇਤਰ ਤੋਂ ਮਿਲੀ ਸੀ ਤਾਂ ਉਹ ਸਨ ਪੂਰਬੀ ਅਤੇ ਦੱਖਣੀ ਯੂਕਰੇਨ ਵਿਚਲੇ ਰੂਸੀ-ਭਾਸ਼ੀ ਇਲਾਕੇ।

ਤਸਵੀਰ ਸਰੋਤ, Reuters
ਉੱਧਰ ਪੱਛਮੀ ਯੂਕਰੇਨ ਵਿੱਚ ਯਾਨੂਕੋਵਿਚ ਵਿਰੋਧੀਆਂ ਨੇ ਹਿੰਸਕ ਮੁਜ਼ਾਹਰੇ ਕੀਤੇ। ਸਾਲ 2014 ਦੀ ਫਰਵਰੀ ਵਿੱਚ ਇਨ੍ਹਾਂ ਮੁਜ਼ਾਹਰਾਕਾਰੀਆਂ ਨੇ ਕੇਂਦਰੀ ਯੂਕਰੇਨ ਦੀਆਂ ਕਈ ਅਹਿਮ ਸਰਕਾਰੀ ਇਮਾਰਤਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਹਿੰਸਕ ਝੜਪਾਂ ਉਦੋਂ ਹੋਰ ਬਦਤਰ ਹੋ ਗਈਆਂ ਜਦੋਂ ਮੁਜ਼ਾਹਰਾਕਾਰੀਆਂ ਅਤੇ ਪੁਲਿਸ ਦਰਮਿਆਨ ਝੜਪਾਂ ਵਿੱਚ 48 ਘੰਟਿਆਂ ਦੌਰਾਨ 88 ਲੋਕਾਂ ਦੀ ਮੌਤ ਹੋ ਗਈ।
ਇੱਥੋਂ ਮੋੜ ਦਿਲਚਸਪ ਹੁੰਦਾ ਹੈ। ਰਾਸ਼ਟਰਪਤੀ ਨੂੰ ਜਾਨ ਬਚਾਅ ਕੇ ਭੱਜਣਾ ਪਿਆ ਅਤੇ ਪਾਰਲੀਮੈਂਟ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਹੱਕ ਵਿੱਚ ਵੋਟਿੰਗ ਕਰ ਦਿੱਤੀ।
ਇਸੇ ਉਘੜਧੁਮੀਂ ਦੌਰਾਨ ਪਾਰਲੀਮੈਂਟ ਨੇ ਇੱਕ ਕਾਨੂੰਨ ਪਾਸ ਕੀਤਾ ਅਤੇ ਰੂਸੀ ਭਾਸ਼ਾ ਨੂੰ—ਜੋ ਕਿ ਉਸ ਸਮੇਂ ਯੂਕਰੇਨ ਦੀ ਦੂਜੀ ਸਰਕਾਰੀ ਭਾਸ਼ਾ ਸੀ—ਨੂੰ ਬੈਨ ਕਰ ਦਿੱਤਾ।

ਤਸਵੀਰ ਸਰੋਤ, Getty Images
ਹਾਲਾਂਕਿ ਬਾਅਦ ਵਿੱਚ ਇਹ ਕਦਮ ਪਿੱਛੇ ਲੈ ਲਿਆ ਗਿਆ—ਪਰ ਇਸ ਨਾਲ ਰੂਸੀ ਭਾਸ਼ੀ ਇਲਾਕਿਆਂ/ਲੋਕਾਂ ਵਿੱਚ ਵੀ ਰੋਹ ਭੜਕ ਪਿਆ।
ਮਾਰਚ 2014 ਵਿੱਚ ਹੀ ਰੂਸ ਨੇ ਕ੍ਰੀਮੀਆ ਨੂੰ ਆਪਣੇ ਵਿੱਚ ਮਿਲਾ ਲਿਆ। ਕ੍ਰੀਮੀਆ ਦੇ ਲੋਕ ਵੀ ਰੂਸੀ ਭਾਸ਼ਾ ਬੋਲਦੇ ਹਨ ਅਤੇ ਆਪਣੇ-ਆਪ ਨੂੰ ਰੂਸੀ ਨਸਲ ਦੇ ਮੰਨਦੇ ਹਨ।
ਜਦੋਂ ਯੂਕਰੇਨ ਦੀਆਂ ਫ਼ੌਜਾਂ ਕ੍ਰੀਮੀਆ ਤੋਂ ਹਟੀਆਂ ਤਾਂ ਰੂਸੀ ਫ਼ੌਜਾਂ ਡੋਨੇਤਸਕ ਤੇ ਲੁਹਾਂਸਕ ਦੇ ਲਾਗਲੇ ਇਲਾਕਿਆਂ ਵਿੱਚ ਇਕੱਠੀਆਂ ਹੋਈਆਂ।
7 ਅਪ੍ਰੈਲ, 2014 ਨੂੰ ਰੂਸੀ ਪੱਖੀ ਮੁਜ਼ਾਹਰਾਕਾਰੀਆਂ ਨੇ ਡੋਨੇਤਸਕ ਤੇ ਲੁਹਾਂਸਕ ਅਤੇ ਖਰਕੀਵ ਦੀਆਂ ਸਰਕਾਰੀ ਇਮਾਰਤਾਂ ਉੱਪਰ ਅਧਿਕਾਰ ਕਰ ਲਿਆ।
ਹਾਲਾਂਕਿ ਖਰਕੀਵ ਨੂੰ ਯੂਕਰੇਨ ਨੇ ਮੁੜ ਹਾਸਲ ਕਰ ਲਿਆ ਪਰ ਰੂਸੀ ਪੱਖੀ ਵੱਖਵਾਦੀ ਲੀਡਰਾਂ ਨੇ ਐਲਾਨ ਕਰ ਦਿੱਤਾ ਕਿ ਪੂਰਬੀ ਇਲਾਕਿਆਂ ਨੂੰ ਵਧੇਰੇ ਖ਼ਦਮੁਖਤਾਰੀ ਦੇਣ ਲਈ ਰਾਇਸ਼ੁਮਾਰੀ ਕੀਤੀ ਜਾਵੇਗੀ।
11 ਮਈ, 2014 ਨੂੰ ਰੂਸੀ-ਪੱਖੀ ਵੱਖਵਾਦੀਆਂ ਨੇ ਡੋਨੇਤਸਕ ਤੇ ਲੁਹਾਂਸਕ ਦੀ ਅਜ਼ਾਦੀ ਅਤੇ ''ਪੀਪੀਲਜ਼ ਰਿਪਬਲਿਕ'' ਹੋਣ ਦਾ ਐਲਾਨ ਕਰ ਦਿੱਤਾ।
ਹਾਲਾਂਕਿ ਯੂਕਰੇਨ ਸਰਕਾਰ ਨੇ ਬਾਗੀਆਂ ਤੋਂ ਕਈ ਇਲਾਕੇ ਵਾਪਸ ਲੈ ਲਏ ਸਨ ਪਰ ਅਗਸਤ 2014 ਦੇ ਆਉਂਦਿਆਂ ਬਾਗੀਆਂ ਨੇ ਨਵਾਂ ਮੁਹਾਜ ਖੋਲ੍ਹ ਲਿਆ ਅਤੇ ਨੋਵਾਕੋਸਕ ਸ਼ਿਹਰ ਉੱਪਰ ਅਧਿਕਾਰ ਕਰ ਲਿਆ।
ਇਨ੍ਹਾਂ ਕਥਿਤ ਰਿਪਬਲਿਕਾਂ ਨੂੰ ਨਾ ਤਾਂ ਯੂਕਰੇਨ ਨੇ ਮਾਨਤਾ ਦਿੱਤੀ ਅਤੇ ਨਾ ਹੀ ਪੱਛਮੀ ਦੇਸਾਂ ਨੇ।
ਉਸ ਸਮੇਂ ਤੋਂ ਹੀ ਰੂਸੀ ਫ਼ੌਜਾਂ ਡੋਨੇਤਸਕ ਤੇ ਲੁਹਾਂਸਕ ਦੀ ਸਰਹੱਦ 'ਤੇ ਬੈਠੀਆਂ ਹਨ ਅਤੇ ਡਰ ਬਣਿਆ ਹੋਇਆ ਸੀ ਕਿ ਕ੍ਰੀਮੀਆ ਤੋਂ ਬਾਅਦ ਇੱਕ ਹੋਰ ਕਬਜ਼ਾ ਹੋ ਸਕਦਾ ਹੈ।
ਪੁਤਿਨ ਕੀ ਚਾਹੁੰਦੇ ਹਨ?
ਪਹਿਲਾ, ਰੂਸ ਕਾਨੂੰਨੀ ਗਰੰਟੀ ਚਾਹੁੰਦਾ ਹੈ ਕਿ ਨਾਟੋ ਦਾ ਹੋਰ ਵਿਸਥਾਰ ਨਹੀਂ ਕੀਤਾ ਜਾਵੇਗਾ/ਯੂਕਰੇਨ ਨੂੰ ਉਸ ਵਿੱਚ ਕਦੇ ਵੀ ਸ਼ਾਮਲ ਨਹੀਂ ਕੀਤਾ ਜਾਵੇਗਾ।
ਪੁਤਿਨ ਨੇ ਕਿਹਾ ਹੈ ਕਿ ਰੂਸ ਕੋਲ ''ਪਿੱਛੇ ਮੁੜਨ ਦਾ ਕੋਈ ਰਾਹ ਨਹੀਂ ਬਚਿਆ ਹੈ ਤੇ ਕੀ ਉਹ ਸੋਚਦੇ ਹਨ ਅਸੀਂ ਚੁੱਪਚਾਪ ਬੈਠੇ ਰਹਾਂਗੇ?''
ਦੂਜਾ ਰਾਸ਼ਟਰਪਤੀ ਪੁਤਿਨ ਦਾ ਤਰਕ ਹੈ ਕਿ ਜੇ ਯੂਕਰੇਨ ਨਾਟੋ ਵਿੱਚ ਸ਼ਾਮਲ ਹੋਇਆ ਤਾਂ ਇਹ ਕ੍ਰੀਮੀਆ ਉੱਪਰ ਅਧਿਕਾਰ ਕਰਨ ਦੀ ਕੋਸ਼ਿਸ਼ ਕਰੇਗਾ।
ਤੀਜਾ ਕਿ ਨਾਟੋ ਰੂਸ ਦੀਆਂ ਸਰਹੱਦਾਂ ਕੋਲ ਹਮਲਾਵਰ ਹਥਿਆਰ ਤਾਇਨਾਤ ਨਹੀਂ ਕਰੇਗਾ। ਨਾਟੋ ਉਨ੍ਹਾਂ ਦੇਸਾਂ ਵਿੱਚੋਂ ਆਪਣੀਆਂ ਫ਼ੌਜਾਂ ਹਟਾਅ ਲਵੇਗਾ ਜੋ 1997 ਤੋਂ ਬਾਅਦ ਸੰਗਠਨ ਦੇ ਮੈਂਬਰ ਬਣੇ ਹਨ।
ਇਸ ਦਾ ਮਤਲਬ ਹੈ ਕਿ ਨਾਟੋ ਨੂੰ ਕੇਂਦਰੀ ਯੂਰਪ, ਪੂਰਬੀ ਯੂਰਪ ਅਤੇ ਬਾਲਟਿਕਸ ਵਿੱਚੋਂ ਬਾਹਰ ਜਾਣਾ ਪਵੇਗਾ। ਸੌਖੇ ਸ਼ਬਦਾਂ ਵਿੱਚ ਰੂਸ ਚਾਹੁੰਦਾ ਹੈ ਕਿ ਨਾਟੋ ਆਪਣੀ ਉਸੇ ਸਥਿਤੀ ਵਿੱਚ ਵਾਪਸ ਚਲਿਆ ਜਾਵੇ ਜਿੱਥੇ ਉਹ 1997 ਤੋਂ ਪਹਿਲਾਂ ਸੀ।

ਤਸਵੀਰ ਸਰੋਤ, EPA
ਯੂਕਰੇਨ ਦੇ ਡੋਨਬਾਸ ਖੇਤਰ ਵਿੱਚ ਵਿਸ਼ੇਸ਼ ਫੌਜੀ ਕਾਰਵਾਈ ਦੀ ਘੋਸ਼ਣਾ ਕਰਨ ਸਮੇਂ ਰਾਸ਼ਟਰਪਤੀ ਪੁਤਿਨ ਨੇ ਤਲਖ ਲਹਿਜ਼ੇ ਵਿੱਚ ਕੌਮੀ ਟੈਲੀਵਿਜ਼ਨ ਤੋਂ ਸੰਬੋਧਨ ਕੀਤਾ।
ਉਨ੍ਹਾਂ ਨੇ ਕਿਹਾ, "ਡੋਨਬਾਸ ਵਾਸੀਆਂ ਨੇ ਰੂਸ ਤੋਂ ਮਦਦ ਦੀ ਗੁਹਾਰ ਲਗਾਈ ਸੀ।" (ਡੋਨੇਤਸਕ ਤੇ ਲੁਹਾਂਸਕ ਨੂੰ ਸਮੁੱਚੇ ਰੂਪ ਵਿੱਚ ਡੋਨਬਾਸ ਕਿਹਾ ਜਾਂਦਾ ਹੈ।)
''ਇਸ ਲਈ ਡੋਨੇਤਸਕ ਤੇ ਲੁਹਾਂਸਕ ਦੇ ਲੋਕਾਂ ਪ੍ਰਤੀ ਮਿੱਤਰਤਾ ਅਤੇ ਆਪਸੀ ਸਹਿਯੋਗ ਲਈ ਮੈਂ ਵਿਸ਼ੇਸ਼ ਫ਼ੌਜੀ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ।''
ਇਸ ਦੇ ਨਾਲ ਹੀ ਉਨ੍ਹਾਂ ਨੇ ਤਰਕ ਦਿੱਤਾ ਕਿ ਕਿਵੇਂ ਉਨ੍ਹਾਂ ਦੀ ਕਾਰਵਾਈ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਮੁਤਾਬਕ ਹੈ ਕਿਉਂਕਿ ਉਹ ਲੋਕਾਂ ਦੀ ਮਦਦ ਲਈ ਇਹ ਕਦਮ ਚੁੱਕ ਰਹੇ ਹਨ।
ਉਨ੍ਹਾਂ ਨੇ ਕਿਹਾ, "ਇਸਦਾ ਮਕਸਦ ਉਨ੍ਹਾਂ ਲੋਕਾਂ ਦੀ ਰੱਖਿਆ ਕਰਨਾ ਹੈ ਜਿਨ੍ਹਾਂ ਉੱਪਰ ਕੀਵ ਵੱਲੋਂ ਪਿਛਲੇ ਅੱਠ ਸਾਲਾਂ ਤੋਂ ਅਤਿਆਚਾਰ ਕੀਤੇ ਗਏ ਤੇ ਜਿਨ੍ਹਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਰਹੀ ਹੈ।"
ਇਸ ਕਾਰਵਾਈ ਤੋਂ ਉਹ ਕੀ ਹਾਸਲ ਕਰਨਾ ਚਾਹੁੰਦੇ ਹਨ? ਉਨ੍ਹਾਂ ਨੇ ਅੱਗੇ ਕਿਹਾ,''ਇਸ ਲਈ ਸਾਡਾ ਨਿਸ਼ਾਨਾ ਹੋਵੇਗਾ ਯੂਕਰੇਨ ਦਾ ਨਿਰ-ਫ਼ੌਜੀ-ਕਰਨ ਕਰਨਾ ਅਤੇ ਉੱਥੋਂ ਨਾਜ਼ੀਰਾਜ ਨੂੰ ਖ਼ਤਮ ਕਰਨਾ। ਅਤੇ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗੇ ਜਿਨ੍ਹਾਂ ਨੇ ਸਮੇਤ ਰੂਸੀ ਨਾਗਰਿਕਾਂ ਦੇ ਅਣਗਿਣਤ ਕਤਲੇਆਮ ਕੀਤੇ ਹਨ।''
ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ 1920 ਤੱਕ ਜਰਮਨੀ ਅਤੇ ਰੂਸ ਦੇ ਨਿੱਘੇ ਸੰਬੰਧ ਸਨ ਜੋ ਬਾਅਦ ਵਿੱਚ ਖ਼ਰਾਬ ਹੋ ਗਏ। ਜਰਮਨੀ ਹੁਣ ਨਾਟੋ ਦਾ ਮੈਂਬਰ ਹੈ। ਯੂਕਰੇਨ ਸਾਬਕਾ ਸੋਵੀਅਤ ਸੰਘ ਦਾ ਹਿੱਸਾ ਸੀ, 1991 ਵਿੱਚ ਉਸ ਤੋਂ ਵੱਖ ਹੋਇਆ ਤੇ ਪਿਛਲੇ ਸਮੇਂ ਦੌਰਾਨ ਉਸ ਦਾ ਝੁਕਾਅ ਨਾਟੋ ਵੱਲ ਵਧਦਾ ਰਿਹਾ ਹੈ।

ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














