ਰੂਸ ਯੂਕਰੇਨ ਜੰਗ: ਸਿਲੋਵਿਕੀ ਗਰੁੱਪ ਕੀ ਹੈ, ਜਿਸ ਦੀ ਸਲਾਹ ਨਾਲ ਪੁਤਿਨ ਨੇ ਹਮਲਾ ਕੀਤਾ

ਤਸਵੀਰ ਸਰੋਤ, Getty Images
ਰੂਸੀ ਫੌਜਾਂ ਨੇ ਯੂਕਰੇਨ ਉੱਤੇ ਹਮਲਾ ਕਰ ਦਿੱਤਾ ਹੈ। ਯੂਐੱਨਓ, ਨਾਟੋ ਨਾਲ ਸਬੰਧਤ ਮੁਲਕਾਂ ਅਤੇ ਅਮਰੀਕਾ ਸਣੇ ਹੋਰ ਕਈ ਦੇਸਾਂ ਨੇ ਰੂਸ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ।
ਰਾਸ਼ਟਰਪਤੀ ਪੁਤਿਨ ਨੇ ਯੂਰਪ ਅਤੇ ਅਮਰੀਕੀ ਪਾਬੰਦੀਆਂ ਦੀ ਪਰਵਾਹ ਕੀਤੇ ਬਿਨਾਂ ਰੂਸੀ ਫੌਜਾਂ ਨੂੰ ਯੂਕਰੇਨ ਵਿਚ ਦਾਖਲ ਕਰਵਾ ਦਿੱਤਾ।
ਪਿਛਲੇ ਕੁਝ ਦਿਨਾਂ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੁਝ ਅਜਿਹੇ ਅਹਿਮ ਫ਼ੈਸਲੇ ਲਏ ਹਨ, ਜਿਨ੍ਹਾਂ ਦਾ ਅਸਰ ਨਾ ਸਿਰਫ਼ ਯੂਕਰੇਨ ਉੱਪਰ ਪਵੇਗਾ ਸਗੋਂ ਸਮੁੱਚੀ ਦੁਨੀਆਂ ਉੱਪਰ ਵੀ ਪੈਣਾ ਤੈਅ ਹੈ।
ਆਖ਼ਰ ਉਨ੍ਹਾਂ ਨੇ ਇਹ ਫ਼ੈਸਲੇ ਕਿਸ ਦੀ ਸਲਾਹ 'ਤੇ ਲਏ? ਕੁਝ ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਕਿਤੇ ਰੂਸ ਦੀਆਂ ਤਾਜ਼ਾ ਫ਼ੌਜੀ ਸਰਗਰਮੀਆਂ ਰੂਸ ਦੇ ਕੁਝ ਮੰਤਰੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਦੇ ਇੱਕ ਗਰੁੱਪ ਜਿਸ ਨੂੰ ''ਸਿਲੋਵਿਕੀ'' ਕਿਹਾ ਜਾਂਦਾ ਹੈ, ਦੇ ਪ੍ਰਭਾਵ ਦਾ ਨਤੀਜਾ ਤਾਂ ਨਹੀਂ ਹਨ?
ਰੂਸ ਇੱਕ ਅਜਿਹਾ ਗਣਰਾਜ ਹੈ, ਜਿੱਥੇ ਰਾਸ਼ਟਰਪਤੀ ਸਰਵੇ-ਸਰਬਾ ਹਨ। ਰਾਸ਼ਟਰਪਤੀ ਪੁਤਿਨ ਕੋਲ ਸਭ ਤੋਂ ਜ਼ਿਆਦਾ ਤਾਕਤ ਹੈ। ਇਸ ਤਰ੍ਹਾਂ ਰੂਸ ਦਾ ਦਾਰੋਮਦਾਰ ਉਨ੍ਹਾਂ ਦੇ ਮੋਢਿਆਂ ਉੱਪਰ ਹੀ ਹੈ।
ਇੰਨੇ ਬੇਇੰਤਿਹਾ ਤਾਕਤ ਦੇ ਬਾਵਜੂਦ ਉਹ ਆਪਣੇ ਆਲੇ-ਦੁਆਲੇ ਦੇ ਕੁਝ ਲੋਕਾਂ ਦੀ ਸਲਾਹ ਲੈਂਦੇ ਹਨ। ਖ਼ਾਸ ਕਰਕੇ ਉਹ ਲੋਕ ਜੋ ਕਾਫ਼ੀ ਲੰਬੇ ਸਮੇਂ ਤੋਂ ਉਨ੍ਹਾਂ ਦੇ ਸਹਿਕਰਮੀ ਰਹੇ ਹਨ।
ਜਿਨ੍ਹਾਂ ਉੱਪਰ ਉਹ ਸਭ ਤੋਂ ਜ਼ਿਆਦਾ ਭਰੋਸਾ ਕਰਦੇ ਹਨ। ਪੁਤਿਨ ਦੇ ਇਸ ਸਲਾਹਕਾਰੀ ਗਰੁੱਪ ਵਿੱਚ ਸੁਰੱਖਿਆ ਏਜੰਸੀਆਂ ਦੇ ਪਿਛੋਕੜ ਵਾਲੇ ਲੋਕ ਵੀ ਸ਼ਾਮਲ ਹਨ।
ਰੂਸ ਵਿੱਚ ਕਈ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਹਨ ਜਿਨ੍ਹਾਂ ਨੂੰ 'ਸਿਲੋਵਿਕੀ'' ਕਿਹਾ ਜਾਂਦਾ ਹੈ।
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਦੇਸ ਦੀ ਇੱਕ ਕੇਂਦਰੀ ਸੁਰੱਖਿਆ ਸੇਵਾ-ਐਫ਼ਐਸਬੀ ਦੇ ਇੱਕ ਜਸੂਸ ਵਜੋਂ ਕੀਤੀ ਸੀ। ਜਦੋਂ ਤੋਂ ਪੁਤਿਨ ਸੱਤਾ ਵਿੱਚ ਆਏ ਹਨ 'ਸਿਲੋਵਿਕੀ'' ਦਾ ਪ੍ਰਭਾਵ ਉੱਥੋਂ ਦੀ ਸ਼ਾਸਨ ਪ੍ਰਣਾਲੀ ਉੱਪਰ ਵਧਿਆ ਹੈ।
ਸਿਖਰਲੇ ਪੰਜ ਵਿਅਕਤੀ
ਰੂਸ ਦੀ ਗ੍ਰਹਿ ਅਤੇ ਵਿਦੇਸ਼ ਨੀਤੀ ਨਾਲ ਜੁੜੇ ਜ਼ਿਆਦਾਤਰ ਫ਼ੈਸਲੇ ਦੇਸ ਦੀ ਸੁਰੱਖਿਆ ਕੌਂਸਲ ਦੀਆਂ ਬੈਠਕਾਂ ਵਿੱਚ ਲਏ ਜਾਂਦੇ ਹਨ।
ਇਸ ਕੌਂਸਲ ਵਿੱਚ 'ਸਿਲੋਵਿਕੀ'' ਦੇ ਸਿਖਰਲੇ ਅਧਿਕਾਰੀ ਅਤੇ ਐਫ਼ਐਸਬੀ ਅਤੇ ਰੂਸ ਦੀਆਂ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੀਆਂ ਸੂਹੀਆ ਏਜੰਸੀਆਂ ਦੇ ਮੁਖੀ ਸ਼ਾਮਲ ਹੁੰਦੇ ਹਨ।
ਇਸ ਤੋਂ ਇਲਾਵਾ ਦੇਸ ਦੇ ਗ੍ਰਹਿ, ਵਿਦੇਸ਼ ਅਤੇ ਰੱਖਿਆ ਮੰਤਰੀ ਤੋਂ ਇਲਾਵਾ ਪ੍ਰਧਾਨ ਮੰਤਰੀ ਅਤੇ ਦੋਵਾਂ ਸਦਨਾਂ ਦੇ ਸਪੀਕਰ ਸ਼ਾਮਲ ਹੁੰਦੇ ਹਨ। ਕੁੱਲ ਮਿਲਾ ਕੇ 30 ਮੈਂਬਰ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਸੁਰੱਖਿਆ ਕੌਂਸਲ ਦੇ ਸੱਕਤਰ ਨਿਕੋਲੇ ਪਾਤਰੂਸ਼ੇਫ਼, ਜੋ ਕਿ ਰੂਸ ਦੀ ਸਕਿਉਰਿਟੀ ਸਰਵਿਸ (ਐਫ਼.ਐਸ.ਬੀ.) ਦੇ ਮੁਖੀ ਹਨ ਅਤੇ ਰੂਸ ਦੀ ਵਿਦੇਸ਼ੀ ਸੂਹੀਆ ਏਜੰਸੀ ਦੇ ਮੁਖੀ ਸਰਗੇ ਨਰਸ਼ਕਿਨ ਹਨ, ਜੋ ਕਿ ਰਾਸ਼ਟਰਪਤੀ ਪੁਤਿਨ ਦੇ ਕਈ ਦਹਾਕਿਆਂ ਤੋਂ ਜਾਣਕਾਰ ਹਨ।
ਇਨ੍ਹਾਂ ਲੋਕਾਂ ਨੇ ਪੁਤਿਨ ਨਾਲ 1970 ਦੇ ਦਾਹਾਕੇ ਦੌਰਾਨ ਸੇਂਟ ਪੀਟਰਜ਼ਬਰਗ, ਜਿਸ ਨੂੰ ਉਸ ਸਮੇਂ ਲੈਨਿਨਗਾਰਦ ਕਿਹਾ ਜਾਂਦਾ ਸੀ, ਵਿੱਚ ਕੰਮ ਕੀਤਾ ਹੈ।
ਰੱਖਿਆ ਮੰਤਰੀ ਸਰਗੇ ਸ਼ੋਇਗੁ ਅਤੇ ਵਿਦੇਸ਼ ਮੰਤਰੀ ਸਰਗੇ ਲਾਵਰੋਵ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੁਤਿਨ ਦੇ ਕਾਫ਼ੀ ਨਜ਼ਦੀਕੀਆਂ ਵਿੱਚੋਂ ਹਨ।
ਉਹ ਇਨ੍ਹਾਂ ਲੋਕਾਂ ਦੀ ਰਾਇ ਦੀ ਖ਼ਾਸ ਕਰਕੇ ਵਿਦੇਸ਼ ਨੀਤੀ ਦੇ ਸੰਬੰਧ ਵਿੱਚ ਕਦਰ ਕਰਦੇ ਹਨ।
ਨਿਕੋਲੇ ਪਾਤਰੂਸ਼ੇਫ਼ ਸੁਰੱਖਿਆ ਕੌਂਸਲ ਦੇ ਸਕੱਤਰ ਹਨ, ਤੇ ਪੁਤਿਨ ਮੁਖੀ, ਨਿਕੋਲੇ ਪਾਤਰੂਸ਼ੇਫ਼ ਰਾਸ਼ਟਰਪਤੀ ਦੀ ਟੀਮ ਦੇ ਮੁੱਖ ਮੈਂਬਰ ਹਨ।
ਪੁਤਿਨ ਅਤੇ ਨਿਕੋਲੇ ਪਾਤਰੂਸ਼ੇਫ਼ ਨੇ 1970 ਦੇ ਦਹਾਕੇ ਵਿੱਚ ਕੇਜੀਬੀ ਵਿੱਚ ਇਕੱਠਿਆਂ ਕੰਮ ਕੀਤਾ ਹੈ। ਸਾਲ 1999 ਵਿੱਚ ਨਿਕੋਲੇ ਪਾਤਰੂਸ਼ੇਫ਼ ਪੁਤਿਨ ਦੀ ਥਾਂ ਐਫ਼.ਐਸ.ਬੀ. ਦੇ ਮੁਖੀ ਬਣੇ।
ਉਹ ਇਸ ਅਹੁਦੇ ਉੱਪਰ 2008 ਤੱਕ ਬਣੇ ਰਹੇ। ਹੋਰ ਕਿਸੇ ਵੀ ਵਿਅਕਤੀ ਨਾਲੋਂ ਨਿਕੋਲੇ ਪਾਤਰੂਸ਼ੇਫ਼ ਰਾਸ਼ਟਰਪਤੀ ਪੁਤਿਨ ਦੇ ਕਰੀਬੀ ਮੰਨੇ ਜਾਂਦੇ ਹਨ।
ਜਾਂ ਸ਼ਾਇਦ ਨਹੀਂ ਉਨ੍ਹਾਂ ਤੋਂ ਵੀ ਨਜ਼ਦੀਕੀ ਰੂਸ ਦੇ ਰੱਖਿਆ ਮੰਤਰੀ ਸਰਗੇ ਸ਼ੋਇਗੁ, ਉਹ ਰੂਸ ਦੀ ਮਿਲਟਰੀ ਸੂਹੀਆ ਏਜੰਸੀ GRU ਦੇ ਵੀ ਮੁਖੀ ਹਨ।

ਤਸਵੀਰ ਸਰੋਤ, Getty Images
ਜੀਆਰਯੂ ਉਹੀ ਏਜੰਸੀ ਹੈ, ਜਿਸ ਦਾ ਨਾਮ ਸਾਲ 2018 ਵਿੱਚ ਬ੍ਰਿਟੇਨ ਵਿੱਚ ਸਾਬਕਾ ਰੂਸੀ ਜਾਸੂਸ ਸਰਗੇ ਸਕ੍ਰੀਪਾਲ ਅਤੇ ਰੂਸ ਦੇ ਵਿਰੋਧੀ ਧਿਰ ਦੇ ਆਗੂ ਅਲੈਕਸੀ ਨਵੈਲਿਨੀ ਨੂੰ ਜ਼ਹਿਰ ਦੇਣ ਦੇ ਮਾਮਲਿਆਂ ਵਿੱਚ ਨਾਮ ਆਇਆ ਸੀ।
ਸੂਤਰਾਂ ਦਾ ਕਹਿਣਾ ਹੈ ਕਿ 1990 ਦੇ ਦਹਾਕੇ ਵਿੱਚ ਸਰਗੇ ਸ਼ੋਇਗੁ ਦੇ ਰਿਸ਼ਤੇ ਬਹੁਤੇ ਸੁਖਾਵੇਂ ਨਹੀਂ ਸਨ ਪਰ ਅਗਲੇ ਦਹਾਕੇ ਵਿੱਚ ਉਹ ਵਧੀਆ ਮਿੱਤਰ ਬਣ ਗਏ।
ਦੇਵੋਂ ਸਾਈਬੇਰੀਆ ਵਿੱਚ ਛੁੱਟੀਆਂ ਮਨਾਉਣ ਵੀ ਜਾਂਦੇ ਹਨ, ਜਿੱਥੋਂ ਕਿ ਸਰਗੇ ਸ਼ੋਇਗੁ ਸੰਬੰਧਿਤ ਹਨ।
ਐਫ਼.ਐਸ.ਬੀ. ਮੁਖੀ ਐਲਿਗਜ਼ੈਡਰ ਬੌਰਤਨੀਕਾਫ਼ ਨੇ ਵੀ ਪੁਤਿਨ ਨਾਲ ਲੈਨਿਨਗਾਰਦ ਕੇਜੀਬੀ ਵਿੱਚ ਕੰਮ ਕੀਤਾ ਹੈ। ਉਹ ਸਾਲ 2008 ਵਿੱਚ ਐਫ਼.ਐਸ.ਬੀ. ਦੇ ਮੁਖੀ ਬਣੇ ਸਨ।

ਤਸਵੀਰ ਸਰੋਤ, Getty Images
ਮੰਨਿਆਂ ਜਾਂਦਾ ਹੈ ਕਿ ਪੁਤਿਨ ਕਿਸੇ ਵੀ ਹੋਰ ਸਰੋਤ ਦੇ ਮੁਕਾਬਲੇ ਐਫ਼.ਐਸ.ਬੀ. ਤੋਂ ਮਿਲਣ ਵਾਲੀਆਂ ਸੂਹੀਆਂ ਰਿਪੋਰਟਾਂ ਉੱਪਰ ਵਧੇਰੇ ਯਕੀਨ ਕਰਦੇ ਹਨ।
ਐਲਿਗਜ਼ੈਂਡਰ ਬੌਰਤਨੀਕਾਫ਼ ਕੋਲ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਉਹ ਵਿਦੇਸ਼ੀ ਸੂਹੀਆ ਏਜੰਸੀਆਂ ਦੇ ਮੁਕਾਬਲੇ ਵਿੱਚ ਸਰਗਰਮ ਰਹਿੰਦੇ ਹਨ।
ਐਫ਼.ਐਸ.ਬੀ. ਦਾ ਦੇਸ ਦੇ ਹੋਰ ਮੰਤਰਾਲਿਆਂ ਜਿਵੇਂ ਗ੍ਰਹਿ ਅਤੇ ਪ੍ਰੌਸੀਕਿਊਟਰ ਜਨਰਲ ਦੇ ਦਫ਼ਤਰ ਉੱਪਰ ਵੀ ਕਾਫ਼ੀ ਪ੍ਰਭਾਵ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਐਫ਼.ਐਸ.ਬੀ. ਦੀਆਂ ਆਪਣੇ ਵਿਸ਼ੇਸ਼ ਦਸਤੇ ਹਨ, ਜਿਨ੍ਹਾਂ ਵਿੱਚ ''ਅਲਫ਼ਾ'' ਅਤੇ ''ਵੀਮਪਲ ਗਰੁੱਪ'' ਸ਼ਾਮਲ ਹਨ।
ਵਿਦੇਸ਼ ਮਾਮਲਿਆਂ ਦੇ ਮੰਤਰੀ ਸਰਗੇ ਲਾਵਰੋਵ ਰੂਸ ਦੇ ਸਭ ਤੋਂ ਤਜਰਬੇਕਾਰ ਕੂਟਨੀਤਿਕ ਹੈ। ਉਹ ਇਸ ਮੰਤਰਾਲੇ ਦੀ 2004 ਤੋਂ ਅਗਵਾਈ ਕਰ ਰਹੇ ਹਨ- ਲਗਭਗ ਦੋ ਦਹਾਕਿਆਂ ਤੋਂ।
ਹਾਲਾਂਕਿ ਉਨ੍ਹਾਂ ਨੇ ਨਾ ਤਾਂ ਪੁਤਿਨ ਦੇ ਸਹਿਪਾਠੀ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਨਾਲ ਕਦੇ ਕੰਮ ਕੀਤਾ ਹੈ ਪਰ ਕਿਹਾ ਜਾਂਦਾ ਹੈ ਕਿ ਪੁਤਿਨ ਉਨ੍ਹਾਂ ਦਾ ਕਾਫ਼ੀ ਸਤਿਕਾਰ ਕਰਦੇ ਹਨ।

ਤਸਵੀਰ ਸਰੋਤ, Getty Images
ਕਿਹਾ ਜਾਂਦਾ ਹੈ ਕਿ ਉਨ੍ਹਾਂ ਤੋਂ ਇਲਾਵਾ ਪੂਰੇ ਮੰਤਰੀ ਮੰਡਲ ਵਿੱਚ ਕੋਈ ਅਜਿਹਾ ਨਹੀਂ ਹੈ। ਜਿਸ ਨੇ ਆਪਣੀ ਲਗਨ ਤੇ ਪੇਸ਼ੇਵਾਰਾਨਾ ਰਵਈਏ ਕਾਰਨ ਪੁਤਿਨ ਤੋਂ ਸਤਿਕਾਰ ਕਮਾਇਆ ਹੋਵੇ।
ਸਰਗੇ ਲਾਵਰੋਵ ਦੇ ਆਪਣੇ ਕਰੀਅਰ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਤੱਕ ਕਦੇ ਵੀ ਉਕਾਈ ਨਹੀਂ ਖਾਧੀ ਹੈ।
ਬੌਰਤਨੀਕਾਫ਼ ਅਤੇ ਪਾਤਰੂਸ਼ੇਫ਼ ਵਾਂਗ ਹੀ ਵਿਦੇਸ਼-ਸੂਹੀਆ ਸੇਵਾ ਦੇ ਮੁਖੀ ਸਰਗੇ ਨਰਸ਼ਕਿਨ ਨੇ ਵੀ ਲੈਨਿਨਗਾਰਦ ਵਿੱਚ ਪੁਤਿਨ ਨਾਲ ਕੰਮ ਕੀਤਾ ਹੈ।
ਹਾਲਾਂਕਿ ਉਹ ਇੱਕ ਸੂਹੀਆ ਏਜੰਸੀ ਦੇ ਮੁਖੀ ਹਨ ਪਰ ਉਹ ਇੱਕ ਪ੍ਰਸ਼ਾਸਨਿਕ ਅਧਿਕਾਰੀ ਵੀ ਹਨ ਜੋ ਅਕਸਰ ਮੀਡੀਆ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਬੀਬੀਸੀ ਪੱਤਰਕਾਰ ਸਟੀਵ ਰੋਜ਼ਨਬਰਗ ਨਾਲ ਵੀ ਗੱਲਬਾਤ ਕੀਤੀ ਹੈ।
ਸਰਗੇ ਨਰਸ਼ਕਿਨ ਨੂੰ ਨੇੜਿਉਂ ਜਾਨਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਪੁਤਿਨ ਨੂੰ ਸਮਰਪਿਤ ਹਨ ਅਤੇ ਇੱਕ ਅਫ਼ਸਰ ਵਜੋਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਅਤੇ ਪਦ ਚਿੰਨ੍ਹਾਂ 'ਤੇ ਚਲਦੇ ਹਨ।
ਤੀਖਣ ਬੁੱਧੀ ਅਤੇ ਪੇਸ਼ੇਵਰ ਤਜਰਬੇ ਸਦਕਾ ਉਹ ਪੁਤਿਨ ਦੇ ਨਜ਼ਦੀਕੀਆਂ ਵਿੱਚ ਸ਼ਾਮਲ ਹੋ ਗਏ ਹਨ ਅਤੇ ਰਾਸ਼ਟਰਪਤੀ ਉਨ੍ਹਾਂ ਦੀ ਏਜੰਸੀ ਦੀਆਂ ਰਿਪੋਰਟਾਂ ਨੂੰ ਤਵੱਜੋ ਦਿੰਦੇ ਹਨ।

ਤਸਵੀਰ ਸਰੋਤ, Getty Images
ਸੁਰੱਖਿਆ ਕਾਊਂਸਲ: ਨਿਰਨਾਕਾਰੀ ਸ਼ਕਤੀਆਂ ਵਾਲੀ ਇਕਾਈ
ਸੁਰੱਖਿਆ ਕੌਂਸਲ ਦੀ ਤਾਜ਼ਾ ਬੈਠਕ ਜਿਸ ਵਿੱਚ ਪੂਰਬੀ ਯੂਕਰੇਨ ਵਿਚਲੇ ਬਾਗੀਆਂ ਦੇ ਅਧਿਕਾਰ ਵਾਲੇ ਦੋ ਇਲਾਕਿਆਂ ਨੂੰ ਅਜ਼ਾਦ ਮੁਲਕਾਂ ਵਜੋਂ ਮਾਨਤਾ ਦੇਣ ਅਤੇ ਫੇਰ ਫੌਜੀ ਕਾਰਵਾਈ ਦੇ ਫ਼ੈਸਲੇ ਉੱਪਰ ਮੋਹਰ ਲਗਾਈ ਗਈ ਤੋਂ ਕੌਂਸਲ ਦੀ ਕਾਰਜਸ਼ੈਲੀ ਬਾਰੇ ਕੁਝ ਸੰਕੇਤ ਮਿਲਦੇ ਹਨ।
ਪੂਰਬੀ ਯੂਰਪ ਵਿੱਚ ਬੀਬੀਸੀ ਪੱਤਰਕਾਰ ਸਾਰ੍ਹਾ ਰੇਨਸਫੋਰਡ ਨੇ ਇਸ ਨੂੰ ਇੱਕ ਥਿਏਟਰ ਵਰਗਾ ਬਿਆਨ ਕੀਤਾ ਹੈ। ਜਿਸ ਵਿੱਚ ਹਰ ਕਿਸੇ ਕੋਲ ਇੱਕ ਦਿੱਤੀ ਗਈ ਭੂਮਿਕਾ ਅਤੇ ਸੰਵਾਦ ਸਨ।
ਉਨ੍ਹਾਂ ਨੇ ਦੱਸਿਆ,''ਰੂਸ ਦੇ ਸਭ ਤੋਂ ਸੀਨੀਅਰ ਅਧਿਕਾਰੀ ਇੱਕ ਅਰਧ-ਘੇਰੇ ਵਿੱਚ ਵਲਾਦੀਮੀਰ ਪੁਤਿਨ ਦੇ ਸਾਹਮਣੇ ਬੈਠੇ, ਉਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਮਾਈਕ ਉੱਪਰ ਉਹ ਬੋਲਣ ਲਈ ਬੁਲਾਇਆ ਗਿਆ ਜੋ ਪੁਤਿਨ ਸੁਣਨਾ ਚਾਹੁੰਦੇ ਸਨ।''
ਹਾਲਾਂਕਿ ਕੁਝ ਹੋਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੌਂਸਲ ਵਿੱਚ ਵੀ ਅੰਦਰੂਨੀ ਗੁਟਬਾਜ਼ੀ ਚਲਦੀ ਰਹਿੰਦੀ ਹੈ।
ਕੇਰੈਂਜੀ ਮਾਸਕੋ ਸੈਂਟਰ ਦੇ ਐਲਿਗਜ਼ੈਂਡਰ ਬਨੌਵ ਮੁਤਾਬਕ,''ਸਾਨੂੰ ਸਮਝਣਾ ਪਵੇਗਾ ਕਿ ਸੁਰੱਖਿਆ ਕੌਂਸਲ ਉਨ੍ਹਾਂ ਲੋਕਾਂ ਦੀ ਬੈਠਕ ਹੈ, ਜੋ ਇੱਕ ਟੀਮ ਦੇ ਨਹੀਂ ਹਨ। ਸੰਭਾਵਨਾ ਹੈ ਕਿ ਉਨ੍ਹਾਂ ਵਿੱਚ ਇੱਕ-ਦੂਜੇ ਨਾਲ ਟਕਰਾਅ ਹੋਣ।''
ਬੈਠਕ ਵਿੱਚ ਉਨ੍ਹਾਂ ਨੇ ਸਿਰਫ਼ ਉਹੀ ਨਹੀਂ ਕਿਹਾ, ਜੋ ਉਨ੍ਹਾਂ ਨੇ ਮਹਿਸੂਸ ਕੀਤਾ ਸਗੋਂ ਉਸ ਵਿੱਚ ਪੁਤਿਨ ਦੇ ਸਾਹਮਣੇ ਦੂਜਿਆਂ ਤੋਂ ਹਾਰ ਨਾ ਜਾਣ ਦਾ ਯਤਨ ਵੀ ਸੀ। ''
ਬੈਠਕ ਨੇ ਸਿਰਫ਼ ਇਹ ਉਜਾਗਰ ਕੀਤਾ ਕਿ ਸੁਰੱਖਿਆ ਕੌਂਸਲ ਦੇ ਮੈਂਬਰਾਂ ਉੱਪਰ ਪੁਤਿਨ ਦਾ ਕਿੰਨਾ ਰਸੂਖ ਹੈ ਅਤੇ ਉਹ ਕਿਵੇਂ ਸਭ ਦੇ ਸਾਹਮਣੇ ਉਨ੍ਹਾਂ ਨੂੰ ਮੋਹਰਿਆਂ ਵਾਂਗ ਨਚਾ ਸਕਦੇ ਹਨ। ਲੰਬੀ ਦੋਸਤੀ ਵੀ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰਦੀ।
ਸਰਗੇ ਨਰਸ਼ਕਿਨ ਹਾਲਾਂਕਿ ਪੁਤਿਨ ਦੇ ਪੁਰਾਣੇ ਦੋਸਤ ਹਨ ਪਰ ਜਦੋਂ ਉਨ੍ਹਾਂ ਤਜਵੀਜ਼ ਕੀਤਾ ਕਿ ਬਾਗੀ ਇਲਾਕਿਆਂ ਨੂੰ ਮਾਨਤਾ ਦੇਣ ਤੋਂ ਪਹਿਲਾਂ ਪੱਛਮੀ ਸ਼ਕਤੀਆਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਪੁਤਿਨ ਨੇ ਉਨ੍ਹਾਂ ਨੂੰ ਟੋਕਿਆ ਕਿ ਉਹ ''ਸਾਫ਼-ਸਾਫ਼ ਨਹੀਂ ਬੋਲ'' ਰਹੇ।
ਪੁਤਿਨ ਸਰਗੇ ਨਰਸ਼ਕਿਨ ਦੇ ਵਿਚਾਰ ਤੋਂ ਖਫ਼ਾ ਨਜ਼ਰ ਆ ਰਹੇ ਸਨ, ਕਿਉਂਕਿ ਪੁਤਿਨ ਨੂੰ ਉਮੀਦ ਸੀ ਕਿ ਉਹ ਮਾਨਤਾ ਨੂੰ ਮਾਨਤਾ ਦੇਣਗੇ। ਜਦਕਿ ਏਜੰਸੀ ਮੁਖੀ ਨੇ ਇਸ ਤੋਂ ਅਸਹਿਮਤੀ ਜਤਾਈ।
ਰੌਇਲ ਯੂਨਾਇਟਿਡ ਸਰਵਸਿਜ਼ ਇੰਸਟੀਚਿਊਟ ਫਾਰ ਡਿਫ਼ੈਂਸ ਐਂਡ ਸਕਿਊਰਿਟੀ ਸਟਡੀਜ਼ ਦੇ ਮਾਗਰ ਗਲੇਓਤਜ਼ੀ ਨੇ ਟਵੀਟ ਕੀਤਾ ਕਿ ਸਰਗੇ ਨਰਸ਼ਕਿਨ ਨਾਲ ਜੋ ਵਿਹਾਰ ਹੋਇਆ ਉਸ ਤੋਂ ਸਪਸ਼ਟ ਹੋਇਆ,''ਤੁਹਾਡੀ ਪਿਛਲੀ ਸੇਵਾ ਦਾ ਕੋਈ ਸਿਹਰਾ ਨਹੀਂ ਮਿਲਦਾ ਹੈ।''
ਜ਼ਿਕਰਯੋਗ ਹੈ ਕਿ ਸੁਰੱਖਿਆ ਕਾਊਂਸਲ ਦੇ ਹੋਰ ਮੈਂਬਰਾਂ ਨੂੰ ਉਨੀਂ ਗਰਮੀ ਬਰਦਾਸ਼ਤ ਨਹੀਂ ਕਰਨੀ ਪਈ ਜਿੰਨੀ ਕਿ ਸਰਗੇ ਨਰਸ਼ਕਿਨ ਨੇ ਕੀਤੀ।
ਕਾਊਂਸਲ ਦੇ 30 ਮੈਂਬਰਾਂ ਵਿੱਚੋਂ ਬੈਠਕ ਵਿੱਚ ਰੱਖਿਆ ਮੰਤਰੀ, ਵਿਦੇਸ਼ ਮੰਤਰੀ, ਐਫ਼.ਐਸ.ਬੀ. ਮੁਖੀ ਹੀ ਸਨ ਜਿਨ੍ਹਾਂ ਨੂੰ ਦੋ ਵਾਰ ਬੋਲਣ ਲਈ ਕਿਹਾ ਗਿਆ।
ਲਾਵਰੋਵ ਨੇ ਬਾਗੀ ਅਧਿਕਾਰ ਵਾਲੇ ਇਲਾਕਿਆਂ ਨੂੰ ਕੂਟਨੀਤਿਕ ਮਦਦ ਜਾਰੀ ਰੱਖਣ ਦੀ ਵਕਾਲਤ ਕੀਤੀ ਤਾਂ ਦੂਜਿਆਂ ਨੇ ਹੋਰ ਅੱਗੇ ਵਧ ਕੇ ਦੋਵਾਂ ਇਲਾਕਿਆਂ ਨੂੰ ਮਾਨਤਾ ਦੇਣ ਦੀ ਹਾਮੀ ਭਰੀ।
ਇਹ ਬੈਠਕ ਹੋਰ ਵੀ ਖਾਸ ਸੀ ਕਿਉਂਕਿ ਇਸ ਦਾ ਰੂਸ ਦੇ ਸਰਕਾਰੀ ਟੀਵੀ ਚੈਨਲ ਉੱਪਰ ਸਿੱਧਾ ਪ੍ਰਸਾਰਣ ਕੀਤਾ ਗਿਆ। ਆਮ ਤੌਰ ਤੇ ਕੌਂਸਲ ਦੀ ਬੈਠਕ ਲੁਕਵੇਂ ਰੂਪ ਵਿੱਚ ਹੁੰਦੀ ਹੈ।
ਕਿਹਾ ਗਿਆ ਕਿ ਪ੍ਰਸਾਰਣ ਸਿੱਧਾ ਸੀ ਪਰ ਇਸ ਦਾਅਵੇ ਦੀ ਸਚਾਈ ਉੱਪਰ ਸਵਾਲ ਉੱਠੇ ਹਨ। ਕੁਝ ਲੋਕਾਂ ਨੇ ਸਵਾਲ ਚੁੱਕਿਆ ਹੈ ਕਿ ਬੈਠਕ ਵਿੱਚ ਮੌਜੂਦ ਲੋਕਾਂ ਦੀਆਂ ਘੜੀਆਂ ਪ੍ਰਸਾਰਣ ਦੇ ਸਮੇਂ ਨਾਲ ਮੇਲ ਨਹੀਂ ਖਾ ਰਹੀਆਂ ਸਨ।
ਪੁਤਿਨ ਦੀ ਇੱਕ ਹੋਰ ਸਲਾਹਕਾਰ ਮੰਡਲ

ਤਸਵੀਰ ਸਰੋਤ, Getty Images
ਇਹ ਵੀ ਮੰਨਿਆ ਜਾਂਦਾ ਹੈ ਕਿ ਸੁਰੱਖਿਆ ਅਧਿਕਾਰੀਆਂ ਅਤੇ ਵਿਦੇਸ਼ ਮੰਤਰੀ ਤੋਂ ਇਲਾਵ ਪੁਤਿਨ ਰੂਸੀ ਸਰਕਾਰ ਅਤੇ ਇਸ ਤੋਂ ਬਾਗਹਰਲੇ ਵੀ ਕੁਝ ਹੋਰ ਲੋਕਾਂ ਨਾਲ ਵੀ ਸਲਾਹ-ਮਸ਼ਵਰਾ ਕਰਦੇ ਹਨ।
ਵਿਸ਼ਲੇਸ਼ਕ ਈਵਗ-ਨਿਆਮਿਨ-ਸ਼ਿਨਕੋ, ਜਿਨ੍ਹਾਂ ਦਾ ਰੂਸੀ ਮੀਡੀਆ ਅਕਸਰ ਹਵਾਲਾ ਦਿੰਦਾ ਹੈ। ਉਹ ਰੂਸ ਦੇ ਕੁਲੀਨ ਵਰਗ ਦਾ ਲੰਬੇ ਸਮੇਂ ਤੋਂ ਅਧਿਐਨ ਕਰ ਰਹੇ ਹਨ।
ਉਹ ਪੁਤਿਨ ਦੇ ਅੰਦਰੂਨੀ ਘੇਰੇ ਬਾਰੇ ਅਕਸਰ ਲਿਖਦੇ ਰਹਿੰਦੇ ਹਨ। ਇਸ ਘੇਰੇ ਨੂੰ ਉਹ ''ਪੋਲਿਟ ਬਿਊਰੋ 2.0'' ਕਹਿੰਦੇ ਹਨ।
ਪੁਤਿਨ ਦੇ ਇਸ ਅੰਦਰੂਨੀ ਘੇਰੇ ਵਿੱਚ ਸ਼ਾਮਲ ਲੋਕਾਂ ਵਿੱਚ ਮਾਸਕੋ ਦੇ ਮੇਅਰ ਸਰਗਈ ਸੌਬਿਐਨਿਨ ਅਤੇ ਸਰਕਾਰੀ ਤੇਲ ਕੰਪਨੀ ਦੇ ਮੁਖੀ ਇਗੋਰ ਸ਼ਿਚਿਨ ਸ਼ਾਮਲ ਹਨ।
ਖਰਬਪਤੀ ਭਰਾ ਬੋਰਿਸ ਅਤੇ ਆਰਕੇਡੀ ਰੋਟਨਬਰਗ ਵੀ ਪੁਤਿਨ ਦੇ ਨਜ਼ਦੀਕੀ ਤੇ ਭਰੋਸੋਮੰਦ ਲੋਕਾਂ ਅਤੇ ਉਨ੍ਹਾਂ ਦੇ ਬਚਪਨ ਦੇ ਦੋਸਤਾਂ ਵਿੱਚ ਗਿਣੇ ਜਾਂਦੇ ਹਨ।
ਬ੍ਰਿਟੇਨ ਵੱਲੋਂ ਇਸ ਹਫ਼ਤੇ ਜੋ ਪਾਬੰਦੀਆਂ ਲਗਾਈਆਂ ਗਈਆਂ ਹਨ ਉਨ੍ਹਾਂ ਵਿੱਚ ਇਨ੍ਹਾਂ ਦੋਵਾਂ ਦੇ ਨਾਮ ਸ਼ਾਮਲ ਹਨ। ਸਾਲ 2020 ਵਿੱਚ ਫੋਰਬਸ ਮੈਗਜ਼ੀਨ ਨੇ ਦੋਵਾਂ ਨੂੰ ਰੂਸ ਦੇ ਸਭ ਤੋਂ ਅਮੀਰ ਪਰਿਵਾਰ ਕਿਹਾ ਸੀ।

ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














