1857 ਦੇ ਗਦਰ ਦੌਰਾਨ ਕਿਵੇਂ ਰੋਟੀਆਂ ਬਰਤਾਨਵੀਂ ਰਾਜ ਲਈ ਰਹੱਸਮਈ ਸਿਰਦਰਦ ਬਣੀਆਂ ਸਨ

    • ਲੇਖਕ, ਮਿਹਰ ਮਿਰਜ਼ਾ
    • ਰੋਲ, ਬੀਬੀਸੀ ਫਿਊਚਰ

ਸਾਲ 1857 ਦੌਰਾਨ ਭਾਰਤ ਵਿੱਚ ਕੁਝ ਅਜਿਹਾ ਹੋਣ ਲੱਗਿਆ ਜਿਸ ਤੋਂ ਸਾਰੇ ਹੈਰਾਨ ਸਨ। ਅਚਾਨਕ ਰੋਟੀਆਂ/ਚਪਾਤੀਆਂ ਪਿੰਡ-ਪਿੰਡ ਘੁੰਮਣ ਲੱਗੀਆਂ।

ਕੋਈ ਵਿਅਕਤੀ ਕਿਸੇ ਪਿੰਡ ਆਉਂਦਾ। ਪਿੰਡ ਦੇ ਮੁਖੀਏ ਨੂੰ ਰੋਟੀ ਫੜਾਉਂਦਾ ਅਤੇ ਉਹ ਜਵਾਬ ਵਿੱਚ ਤਾਜ਼ੀਆਂ ਰੋਟੀਆਂ ਅਗਲੇ ਪਿੰਡ ਤੋਰ ਦਿੰਦਾ। ਇਹ ਸਿਲਸਿਲਾ ਚਲਦਾ ਰਿਹਾ ਅਤੇ ਲੋਕ ਪਿੰਡ-ਪਿੰਡ,ਸ਼ਹਿਰ-ਸ਼ਹਿਰ ਰੋਟੀਆਂ ਵਟਾਉਂਦੇ-ਵੰਡਦੇ ਰਹੇ।

ਇਸੇ ਤਰ੍ਹਾਂ ਰੋਟੀ ਇਹ ਅਦਭੁਤ ਸਫ਼ਰ ਤੈਅ ਕਰਦੀ ਲਗਭਗ ਪੂਰੇ ਉੱਤਰੀ ਭਾਰਤ ਵਿੱਚ ਫੈਲ ਗਈ।

ਇਸੇ ਤਰ੍ਹਾਂ ਇਹ ਰੋਟੀ ਰੋਹਿਲਖੰਡ ਜਿਸ ਨੂੰ ਹੁਣ ਉੱਤਰ ਪ੍ਰਦੇਸ਼ ਕਿਹਾ ਜਾਂਦਾ ਹੈ ਪਹੁੰਚੀ। ਬ੍ਰਿਟਿਸ਼ ਮਿਲਟਰੀ ਅਫ਼ਸਰਾਂ ਦਾ ਕਿਆਸ ਸੀ ਕਿ ਇਹ ਰੋਟੀਆਂ ਰਾਤੋ-ਰਾਤ ਕੋਈ 160-200 ਮੀਲ ਦਾ ਸਫ਼ਰ ਤੈਅ ਕਰ ਰਹੀਆਂ ਸਨ। ਇਹ ਗਤੀ ਤਤਕਾਲੀ ਡਾਕ ਨਾਲੋਂ ਵੀ ਜ਼ਿਆਦਾ ਸੀ।

ਕਈ ਵਾਰ ਇਨ੍ਹਾਂ ਰੋਟੀਆਂ ਨਾਲ ਕਮਲ ਦਾ ਫੁੱਲ ਵੀ ਹੁੰਦਾ ਸੀ। ਕਦੇ ਬੱਕਰੀ ਦਾ ਮਾਸ ਪਰ ਜ਼ਿਆਦਾਤਰ ਸਿਰਫ਼ ਇਕੱਲੀ ਰੋਟੀ ਹੀ ਹੁੰਦੀ ਸੀ।

ਇਹ ਵੀ ਪੜ੍ਹੋ:

ਰੋਟੀਆਂ ਦੇ ਇਸ ਘਟਨਾਕ੍ਰਮ ਤੋਂ ਲਗਭਗ ਸੌ ਸਾਲ ਪਹਿਲਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਫ਼ੌਜੀਆਂ ਨੇ ਬੰਗਾਲ ਦੇ ਨਵਾਬ ਅਤੇ ਨਵਾਬ ਦੇ ਫਰਾਂਸੀਸੀ ਸਾਥੀਆਂ ਦਾ ਪਲਾਸੀ ਦੇ ਮੈਦਾਨ ਵਿੱਚ ਮੁਕਾਬਲਾ ਕੀਤਾ ਸੀ। ਇਸ ਲੜਾਈ ਵਿੱਚ ਬ੍ਰਿਟਿਸ਼ ਫ਼ੌਜ ਦੀ ਜਿੱਤ ਹੋਈ ਸੀ।

ਇਸ ਜਿੱਤ ਦਾ ਮਤਲਬ ਸੀ ਕਿ ਈਸਟ ਇੰਡੀਆ ਕੰਪਨੀ ਮੁਗਲ ਇਲਾਕਿਆਂ ਵਿੱਚੋਂ ਵੀ ਖਿਰਾਜ ਉਗਰਾਹ ਸਕੇਗੀ। ਇਸ ਜਿੱਤ ਨੇ ਭਾਰਤ ਵਿੱਚ ਫਿਰਹੰਗੀ ਰਾਜ ਦੀ ਨੀਂਹ ਰੱਖੀ।

ਉਸ ਤੋਂ ਇਕ ਸਦੀ ਬਾਅਦ ਭਾਰਤ ਇੱਕ ਵਾਰ ਫਿਰ ਅੰਗੜਾਈ ਲੈ ਰਿਹਾ ਸੀ।

ਇੰਦੌਰ ਵਿੱਚ ਕੌਲਰਾ ਫੈਲਿਆ ਹੋਇਆ ਸੀ। ਉਸ ਤੋਂ ਪਿਛਲੇ ਸਾਲ 1856 ਵਿੱਚ ਅੰਗਰੇਜ਼ਾਂ ਨੇ ਅਵਧ ਦੇ ਨਵਾਬ ਨੂੰ ਸ਼ਿਕਸਤ ਦੇਕੇ ਅਤੇ ਜਲਾਵਤਨ ਕਰਕੇ ਕਲੱਕਤੇ ਭੇਜ ਦਿੱਤਾ ਸੀ।

ਉਸ ਸਮੇਂ ਲੋਕਾਂ ਵਿੱਚ ਅਫ਼ਵਾਹ ਉੱਡੀ ਹੋਈ ਸੀ ਕਿ ਬ੍ਰਿਟਿਸ਼ਰਜ਼ ਆਟੇ ਵਿੱਚ ਗਾਵਾਂ ਤੇ ਸੂਰਾਂ ਦੀਆਂ ਹੱਡੀਆਂ ਦਾ ਚੂਰਾ ਮਿਲਾ ਰਹੇ ਹਨ। ਕੁਝ ਲੋਕ ਕਹਿ ਰਹੇ ਸਨ ਕਿ ਉਹ ਦਵਾਈਆਂ ਵਿੱਚ ਥੁੱਕ ਰਹੇ ਸਨ।

ਅੰਗਰੇਜ਼ ਅਫ਼ਸਰਾਂ ਦੀ ਹੈਰਾਨੀ ਤੇ ਪਰੇਸ਼ਾਨੀ

ਦਿੱਲੀ ਯੂਨੀਵਰਸਿਟੀ ਵਿੱਚ ਇਤਿਹਾਸ ਦੀ ਗੈਸਟ ਲੈਕਚਰਾਰ, ਹਿਨਾ ਅਨਸਾਰੀ ਦੱਸਦੇ ਹਨ ਕਿ 'ਇੱਕ ਸਥਾਨਕ ਉਰਦੂ ਅਖ਼ਬਾਰ ਤਲਿਸਮੇ-ਲਖਨਊ ਨੇ ਇੱਕ ਵਾਕਿਆ ਜ਼ਾਹਿਰ ਕੀਤਾ ਕਿ ਜਿੱਥੇ ਇੱਕ ਹਸਪਤਾਲ ਵਿੱਚ ਦਵਾਈ ਲੈਣ ਤੋਂ ਲੋਕਾਂ ਨੇ ਇਨਕਾਰ ਕਰ ਦਿੱਤਾ ਸੀ। ਵਜ੍ਹਾ ਸੀ ਕਿ ਦਵਾਈ ਵਿੱਚ ਬ੍ਰਿਟਿਸ਼ ਡਾਕਟਰਾਂ ਨੇ ਥੁੱਕਣ ਦੀ ਅਫ਼ਵਾਹ ਸੀ।'

ਇੱਕ ਹੋਰ ਇਤਿਹਾਸਕ ਤਰਜਮਾਕਾਰ ਰਾਣਾ ਸਫ਼ੀ ਕਹਿੰਦੇ ਹਨ ਕਿ ਇਸ ਦੀ ਇੱਕ ਹੋਰ ਵੀ ਵਿਆਖਿਆ ਹੋ ਸਕਦੀ ਹੈ। ਉਹ ਇਹ ਕਿ ''ਅਜਿਹੀ ਅਫ਼ਵਾਹ ਸੀ ਕਿ ਪਲਾਸੀ ਦੀ ਲੜਾਈ ਤੋਂ 100 ਸਾਲ ਬਾਅਦ ਦੇਸ਼ ਵਿੱਚ ਵਿਦੇਸ਼ੀ ਰਾਜ ਦਾ ਅੰਤ ਹੋ ਜਾਵੇਗਾ।''

ਇਸ ਸਭ ਦੇ ਦਰਮਿਆਨ ਹੀ ਰੋਟੀਆਂ ਘੁੰਮਣੀਆਂ ਸ਼ੁਰੂ ਹੋ ਗਈਆਂ ਅਤੇ ਬ੍ਰਿਟਿਸ਼ ਸਰਕਾਰ ਪੂਰੀ ਤਰ੍ਹਾਂ ਭੰਬਲਭੂਸੇ ਵਿੱਚ ਪੈ ਗਈ।

ਹੈਰਾਨ-ਪਰੇਸ਼ਾਨ ਬ੍ਰਿਟਿਸ਼ ਅਫ਼ਸਰਾਂ ਨੂੰ ਇਸ ਵਰਤਾਰੇ ਦੀ ਰਮਜ ਸਮਝ ਨਹੀਂ ਆ ਰਹੀ ਸੀ ਅਤੇ ਉਹ ਆਪਣੇ ਖ਼ਤੋ-ਖਿਤਾਬਤ ਵਿੱਚ ਲਿਖ ਰਹੇ ਸਨ ਕਿ ਪੂਰੇ ਭਾਰਤ ਵਿੱਚ ਇੱਕ ਰਹਿਸਮਈ ਵਰਤਾਰਾ ਚੱਲ ਰਿਹਾ ਹੈ।''

ਮਾਰਚ 1857 ਵਿੱਚ ਈਸਟ ਇੰਡੀਆ ਕੰਪਨੀ ਦੇ ਇੱਕ ਆਰਮੀ ਸਰਜਨ ਨੇ ਪਿੱਛੇ ਬ੍ਰਿਟੇਨ ਵਿੱਚ ਆਪਣੀ ਭੈਣ ਨੂੰ ਚਿੱਠੀ ਵਿੱਚ ਲਿਖਿਆ, “ਲਗਦਾ ਹੈ ਕਿਸੇ ਨੂੰ ਵੀ ਇਸ ਦਾ ਅਰਥ ਨਹੀਂ ਪਤਾ... ਪਤਾ ਨਹੀਂ ਇਹ ਕਿੱਥੋਂ ਸ਼ੁਰੂ ਹੋਇਆ, ਕਿਸ ਨੇ ਕੀਤਾ ਅਤੇ ਕਿਉਂ ਕੀਤਾ। ਕੀ ਇਸ ਦਾ ਸੰਬੰਧ ਕਿਸੇ ਧਾਰਮਿਕ ਰਸਮ ਨਾਲ ਹੈ ਜਾਂ ਕਿਸੇ ਖੂਫ਼ੀਆ ਸਮਾਜ ਨਾਲ। ਭਾਰਤੀ ਅਖ਼ਬਾਰ ਰੋਟੀ ਲਹਿਰ ਬਾਰੇ ਖ਼ਬਰਾਂ ਨਾਲ ਭਰੇ ਪਏ ਹਨ।''

ਨੌਟਿੰਘਮ ਯੂਨੀਵਰਸਿਟੀ ਵਿੱਚ ਬ੍ਰਿਟਿਸ਼ ਸਾਮਰਾਜ,ਬਸਤੀਵਾਦ ਅਤੇ ਉੱਤਰ ਬਸਤੀਵਾਦ ਦੇ ਅਸਿਸਟੈਂਟ ਪ੍ਰੋਫ਼ੈਸਰ ਅਰੁਨ ਕੁਮਾਰ ਇਸ 'ਤੇ ਰੌਸ਼ਨੀ ਪਾਉਂਦੇ ਹਨ। ਉਨ੍ਹਾਂ ਮੁਤਾਬਕ ਭਾਰਤ ਵਿੱਚ ਵੰਡੀਆਂ ਜਾ ਰਹੀਆਂ ਰੋਟੀਆਂ ਦੀ ਉਹੀ ਅਹਿਮੀਅਤ ਸੀ ਜੋ ਸਕੌਟਲੈਂਡ ਵਿੱਚ ਫਾਇਰੀ ਕਰਾਸ ਵੰਡੇ ਜਾਣ ਦੀ ਸੀ।

ਆਮ ਵਸਤਾਂ ਦੀ ਸੰਕੇਤਕ ਵਰਤੋਂ ਦੀਆਂ ਮਿਸਾਲਾਂ

ਹਾਲਾਂਕਿ ਕੁਝ ਹੋਰਾਂ ਨੇ ਇਸ ਨੂੰ ਬਿਮਾਰੀ ਭਜਾਉਣ ਦਾ ਟੂਣਾ-ਟੋਟਕਾ ਸਮਝਿਆ। ਫਿਰ ਵੀ ਭਾਰਤੀ ਇਤਿਹਾਸ ਵਿੱਚ ਅਜਿਹੀਆਂ ਲਹਿਰਾਂ ਹੋਈਆਂ ਹਨ ਜਦੋਂ ਕੋਈ ਆਮ ਵਸਤੂ ਕ੍ਰਾਂਤੀ ਦੇ ਵਿਸ਼ੇਸ਼ ਅਰਥਾਂ ਵਿੱਚ ਵੱਡੇ ਪੱਧਰ 'ਤੇ ਲੋਕਾਂ ਵਿੱਚ ਵੰਡੀ ਗਈ।

ਕੁਮਾਰ ਸਮਝਾਉਂਦੇ ਹਨ ਕਿ ਪੂਰਬੀ ਭਾਰਤ ਦੇ ਮੂਲ ਨਿਵਾਸੀਆਂ ਨੇ ਇੱਕ ਕਬੀਲੇ ਵਿੱਚ ਛੋਟਾ ਨਾਗਪੁਰ ਦੇ ਪਠਾਰ ਖੇਤਰ ਵਿੱਚ 1831-32 ਦੌਰਾਨ ਤੀਰ ਵੰਡੇ ਸਨ। ਇਸੇ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਪੂਰਬੀ ਭਾਰਤ ਦੇ ਹੀ ਇੱਕ ਹੋਰ ਕਬੀਲੇ ਨੇ 1857 ਦੇ ਗਦਰ ਤੋਂ ਪਹਿਲਾਂ ਇਕੱਜੁਟ ਕਾਰਵਾਈ ਦੇ ਸੱਦੇ/ਸੰਕੇਤ ਵਜੋਂ ਸਾਲ੍ਹ ਦੇ ਦਰਖ਼ਤ ਦੀਆਂ ਟਾਹਣੀਆਂ ਅਤੇ ਸੰਧੂਰ ਵੰਡਿਆ ਸੀ।

ਹਾਲਾਂਕਿ ਕੁਮਾਰ ਕਹਿੰਦੇ ਹਨ,''ਰੋਟੀ ਲਹਿਰ ਜਿੰਨੇ ਭੂਗੋਲਿਕ ਖੇਤਰ ਵਿੱਚ ਫੈਲੀ ਇਹ ਬਹੁਤ ਸੀਮਤ ਲਹਿਰਾਂ ਸਨ। ਰੋਟੀ ਨਾਲ ਭਾਰਤ ਦਾ ਹਰ ਵਿਅਕਤੀ ਜੁੜ ਸਕਦਾ ਹੈ। ਅੱਗੇ ਜਾ ਕੇ ਗਾਂਧੀ ਨੇ ਵੀ ਲੂਣ ਵਰਗੀ ਆਮ ਵਸਤੂ ਦੀ ਵਰਤੋਂ ਲੋਕਾਂ ਨੂੰ ਇਕਜੁੱਟ ਕਰਨ ਲਈ ਕੀਤੀ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਚਾਰਲਸ ਮੈਟਕਾਫ਼ ਦੀ ਕਿਤਾਬ Two Native Narratives of the Mutiny in Delhi ਵਿੱਚ ਦਿੱਲੀ ਦੇ ਪਹਾੜਗੰਜ ਠਾਣੇ ਦੇ ਉਸ ਸਮੇਂ ਦੇ ਥਾਣੇਦਾਰ ਹਸਨ ਖਾਨ ਦੀ ਗਵਾਹੀ ਹੈ।

ਹਸਨ ਖਾਨ ਕਹਿੰਦੇ ਹਨ, “ਇਕ ਸਵੇਰ ਇੰਦਰਾਪੁਤ ਦਾ ਚੌਕੀਦਾਰ ਮੇਰੇ ਕੋਲ ਆਇਆ ਤੇ ਦੱਸਿਆ ਕਿ ਸਰਾਏ ਦਾ ਚੌਕੀਦਾਰ ਇੱਕ ਰੋਟੀ ਲੈ ਕੇ ਆਇਆ ਹੈ।''

ਉਸ ਨੇ ਕਿਹਾ ਕਿ ਉਸ ਨੂੰ ਉਸੇ ਤਰ੍ਹਾਂ ਦੀਆਂ ਪੰਜ ਹੋਰ ਰੋਟੀਆਂ ਪਕਾ ਕੇ ਗੁਆਂਢੀ ਪਿੰਡਾਂ ਵਿੱਚ ਭੇਜਣ ਨੂੰ ਕਿਹਾ ਗਿਆ ਸੀ। ਫਿਰ ਹਾਸਲ ਕਰਨ ਵਾਲੇ ਪਿੰਡ ਨੇ ਪੰਜ ਚਪਾਤੀਆਂ ਬਣਾ ਕੇ ਅੱਗੇ ਵੰਡਣੀਆਂ ਸਨ। ਇਹ ਇੱਕ ਤਰ੍ਹਾਂ ਦੀ ਰਿਲੇ ਦੌੜ ਸੀ।

''ਹਰ ਚਪਾਤੀ ਕਣਕ ਤੇ ਜੌਂਆਂ ਦੇ ਮਿੱਸੇ ਆਟੇ ਦੀ ਮਨੁੱਖੀ ਹਥੇਲੀ ਦੇ ਅਕਾਰ ਦੀ ਬਣਾਈ ਜਾਂਦੀ ਸੀ ਅਤੇ ਇਸ ਦਾ ਭਾਰ ਲਗਭਗ ਵੀਹ ਗਰਾਮ ਹੁੰਦਾ ਸੀ।

“ਮੈਂ ਹੈਰਾਨ ਸੀ ਪਰ ਮੈਨੂੰ ਲੱਗਿਆ ਕਿ ਚੌਕੀਦਾਰ ਦੀ ਗੱਲ ਸੱਚੀ ਹੈ ਅਤੇ ਇਸ ਘਟਨਾ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਮਹਾਨ ਚੇਤਨਾ ਪੈਦਾ ਕੀਤੀ ਸੀ।”

ਵੀਰ ਸਾਵਰਕਰ ਆਪਣੀ ਕਿਤਾਬ ਇੰਡੀਅਨ ਵਾਰ ਆਫ਼ ਇੰਡੀਪੈਂਡੇਂਸ 1857 ਵਿੱਚ ਲਿਖਦੇ ਹਨ ਕਿ ਰੋਟੀਆਂ ਕ੍ਰਾਂਤੀ ਦਾ ਪ੍ਰਤੀਕ ਸਨ ਅਤੇ ਇਹ ਬ੍ਰਿਟਿਸ਼ ਰਾਜ ਤੋਂ ਹਤਾਸ਼ ਲੋਕਾਂ ਦਾ ਪ੍ਰਗਟਾਵਾ ਸੀ।

ਚਰਬੀ ਵਾਲੇ ਕਾਰਤੂਸਾਂ ਦਾ ਮਸਲਾ

ਇਸ ਦੇ ਨਾਲ ਹੀ ਇੱਕ ਹੋਰ ਅਫ਼ਵਾਹ ਫੈਲ ਗਈ ਕਿ ਬ੍ਰਿਟਿਸ਼ ਫੌਜ ਵਿੱਚ ਜੋ ਕਾਰਤੂਸ ਦਿੱਤੇ ਜਾ ਰਹੇ ਹਨ ਉਨ੍ਹਾਂ ਉੱਪਰ ਗਾਂ ਅਤੇ ਸੂਰ ਦੀ ਚਰਬੀ ਮਲੀ ਹੋਈ ਹੈ। ਇਹ ਕਾਰਤੂਸ ਬੰਦੂਕ ਵਿੱਚ ਪਾਉਣ ਤੋਂ ਪਹਿਲਾਂ ਮੂੰਹ ਨਾਲ ਛਿੱਲਣੇ ਪੈਂਦੇ ਸਨ। ਇਹ ਹਿੰਦੂ ਅਤੇ ਮੁਸਲਿਮ ਫ਼ੌਜੀਆਂ ਦੇ ਧਰਮਿਕ ਸਿਧਾਂਤਾਂ ਦੇ ਉਲਟ ਸੀ।

ਆਪਣੇ ਧਰਮ ਨੂੰ ਖ਼ਤਰਾ ਸਮਝਦਿਆਂ ਹੋਇਆ ਹਿੰਦੂ ਅਤੇ ਮੁਸਲਿਮ ਫੌਜੀਆਂ ਨੇ ਇਨ੍ਹਾਂ ਕਾਰਤੂਸਾਂ ਨੂੰ ਵਰਤਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਇਨਕਾਰ ਨੇ ਚਿੰਗਾਰੀ ਦਾ ਕੰਮ ਕੀਤਾ ਅਤੇ ਵਿਦਰੋਹ ਦੀ ਜਵਾਲਾ ਨੂੰ ਹੋਰ ਭੜਕਾ ਦਿੱਤਾ।

ਹੁਣ ਇਹ ਸਿਰਫ਼ ਫ਼ੌਜੀਆਂ ਦੀ ਬਗਾਵਤ ਨਹੀਂ ਸੀ ਸਗੋਂ ਇਸ ਵਿੱਚ ਆਗੂ ਵੀ ਸ਼ਾਮਲ ਹੋ ਰਹੇ ਸਨ। ਇਨ੍ਹਾਂ ਆਗੂਆਂ ਵਿੱਚ, ਦਿੱਲੀ ਦੇ ਬਹਾਦਰਸ਼ਾਹ, ਕਾਨਪੁਰ ਵਿੱਚ ਨਾਨਾ ਸਾਹਿਬ, ਝਾਂਸੀ ਦੀ ਰਾਣੀ ਲਕਸ਼ਮੀਬਾਈ ਆਦਿ ਸ਼ਾਮਲ ਸਨ।

ਮਈ ਤੋਂ ਸਤੰਬਰ ਦੇ ਮਹੀਨਿਆਂ ਦੌਰਾਨ ਭਾਰਤੀਆਂ ਅਤੇ ਅੰਗਰੇਜ਼ਾਂ ਦੀਆਂ ਕਈ ਥਾਂ ਖ਼ਤਰਨਾਕ ਝੜਪਾਂ ਹੋਈਆਂ ਅਤੇ ਆਖ਼ਰ ਦਿੱਲੀ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ ਦਾ ਕਤਲੇਆਮ ਕੀਤਾ ਗਿਆ।

ਕੀ ਇਸ ਸਭ ਕਾਸੇ ਵਿੱਚ ਜੌਂਅ ਅਤੇ ਕਣਕ ਦੀ ਮਿੱਸੀ ਰੋਟੀ ਦਾ ਕੋਈ ਯੋਗਦਾਨ ਹੋ ਸਕਦਾ ਹੈ?

ਹਾਲੀਆ ਦਹਾਕਿਆਂ ਦੌਰਾਨ ਹੋਈ ਇਤਿਹਾਸਕ ਖੋਜ ਨੇ ਉਸ ਸਾਲ (1857) ਦੇ ਘਟਨਾਕ੍ਰਮ ਦੀ ਕਾਫ਼ੀ ਗੁੰਝਲਦਾਰ ਤਸਵੀਰ ਉਲੀਕੀ ਹੈ। ਕਈ ਇਤਿਹਾਸਰਕਾਰਾਂ ਮੁਤਾਬਕ ਤਾਂ ਵਿਦਰੋਹ ਦੀ ਹਵਾ ਲੋਕ ਮਨੋਰੰਜਨ ਦੇ ਸਾਧਨਾਂ ਜਿਵੇਂ ਨਾਟਕਾਂ/ਤਮਾਸ਼ਿਆਂ ਤੋਂ ਫੈਲੀ ਅਤੇ ਇਸ ਵਿੱਚ ਚਿੱਠੀਆਂ ਵਰਗੇ ਸਾਧਨਾਂ ਦੀ ਵੀ ਵਰਤੋਂ ਹੋਈ।

ਹਾਲਾਂਕਿ ਉਹ ਮੰਨਦੇ ਹਨ ਕਿ ਇਸ ਵਿੱਚ ਤਤਕਾਲੀ ਅਖ਼ਬਾਰਾਂ ਜਿਵੇਂ ਸਾਦਿਕ-ਉਲ-ਅਖ਼ਬਾਰ ਵਰਗਿਆਂ ਦਾ ਵੀ ਯੋਗਦਾਨ ਸੀ।

ਇਨ੍ਹਾਂ ਸਾਰਿਆਂ ਦੀ ਕੋਸ਼ਿਸ਼ ਜਿੱਥੇ ਹਿੰਦੂ-ਮੁਸਲਿਮ ਭਾਈਚਾਰੇ ਨੂੰ ਸੁਰਜੀਤ ਕਰਨਾ ਸੀ ਉੱਥੇ ਮੁਗਲ ਪ੍ਰਭੂਸੱਤਾ ਦੀ ਬਹਾਲੀ ਵੀ ਸੀ। ਇਨ੍ਹਾਂ ਸਾਧਨਾਂ ਨਵੀਨਤਾ ਇਹ ਸੀ ਕਿ ਇਨ੍ਹਾਂ ਨੂੰ ਸਾਮਰਾਜ ਦੁਆਰਾ ਸੌਖਿਆਂ ਹੀ ਦਬਾਇਆ ਨਹੀਂ ਜਾ ਸਕਦਾ ਸੀ।

ਹਿਨਾ ਅਨਸਾਰੀ ਕਹਿੰਦੇ ਹਨ, “ਇਸ ਵਿਚਾਰ ਦੇ ਉਲਟ ਕਿ ਵਿਦਰੋਹੀਆਂ ਨੇ ਮੂੰਹੋਂ-ਤੂੰਹੀਂ ਜਾ ਹੋਰ ਰਵਾਇਤੀ ਜ਼ਰੀਏ ਰਾਹੀਂ ਕ੍ਰਾਂਤੀ ਦਾ ਪੈਗਾਮ ਫੈਲਾਇਆ ਇਸ ਗੱਲ ਦੇ ਬਹੁਤ ਸਾਰੇ ਸਬੂਤ ਹਨ ਕਿ ਉਨ੍ਹਾਂ ਨੇ ਆਧੁਨਿਕ ਤਰੀਕਿਆਂ ਦੀ ਵਰਤੋਂ ਕੀਤੀ। ਭਾਰਤ ਦੇ ਕੌਮੀ ਪੁਰਾਲੇਖ ਸੰਗ੍ਰਹਾਲਿਆ ਵਿੱਚ ਵਿਦਰੋਹ ਦੇ ਆਗੂਆਂ ਵੱਲੋਂ ਜਾਰੀ ਕਈ ਹੁਕਮਨਾਮੇ ਅਤੇ ਘੋਸ਼ਣਾਵਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਦੀ ਬਦਇੰਤਜ਼ਾਮੀ ਨੂੰ ਸੰਭਾਲਣ ਲਈ ਸੰਵਿਧਾਨ ਦਾ ਇਕ ਖਰੜਾ ਬਣਾ ਲਿਆ ਸੀ ਅਤੇ ਅਦਾਲਤ ਵੀ ਕਾਇਮ ਕਰ ਲਈ ਸੀ।”

ਲਿਖਤੀ ਸਬੂਤ ਨਜ਼ਰਅੰਦਾਜ਼ ਕਿਉਂ ਕੀਤੇ ਗਏ?

ਸਈਅਦ ਹੁਸੈਨ ਜਾਫ਼ਰੀ, ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹਨ ਤੇ ਉਨ੍ਹਾਂ ਨੇ 1857 ਦੇ ਵਿਦਰੋਹ ਉੱਪਰ ਬਹੁਤ ਅਧਿਐਨ ਕੀਤਾ ਹੈ। ਉਨ੍ਹਾਂ ਦੀ ਰਾਇ ਹੈ ਕਿ ਬਿਲਕੁਲ, ''ਵਿਦਰੋਹ ਲਿਖਤੀ ਸਮਗੱਰੀ ਰਾਹੀਂ ਫੈਲਿਆ।”

ਇਤਿਹਾਸਕਾਰਾਂ ਨੇ ਵਿਦਰੋਹੀ ਆਗੂਆਂ ਵੱਲੋਂ ਜਾਰੀ ਕੀਤੇ ਕੋਈ 75 ਦੇ ਕਰੀਬ ਹੁਕਮਨਾਮਿਆਂ ਦੀ ਨਿਸ਼ਾਨਦੇਹੀ ਕੀਤੀ ਹੈ।

ਇਹ ਤਾਂ ਵੀਹਵੀਂ ਸਦੀ ਵਿੱਚ ਸਾਵਰਕਰ ਨੇ ਚਪਾਤੀ ਦੀ ਗੱਲ ਕੀਤੀ ਪਰ ਕਿਸੇ ਇੱਕ ਵੀ ਇਤਿਹਾਸਕ ਸਰੋਤ ਦਾ ਹਵਾਲਾ ਨਹੀਂ ਦਿੱਤਾ।

ਫਿਰ ਵੀ ਇਸ ਘਟਨਾਕ੍ਰਮ ਦੀਆਂ ਬਸਤੀਵਾਦੀ ਵਿਆਖਿਆਵਾਂ ਵਿੱਚ ਲਿਖਤੀ ਸਰੋਤਾਂ ਦੇ ਸਬੂਤਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਅਤੇ ਚਪਾਤੀ/ਰੋਟੀ ਉੱਪਰ ਹੀ ਧਿਆਨ ਕੇਂਦਰਿਤ ਰਿਹਾ।

ਕੁਝ ਇਤਿਹਾਸਕਾਰਾਂ ਮੁਤਾਬਕ ਅਜਿਹਾ ਬਸਤੀਵਾਦੀ ਇਤਿਹਾਸਕਾਰਾਂ ਵੱਲੋਂ ਜਾਣ ਬੁੱਝ ਕੇ ਕੀਤਾ ਗਿਆ। ਉਹ ਚਾਹੁੰਦੇ ਸਨ ਕਿ ਵਿਦਰੋਹੀਆਂ ਦੇ ਸੋਚੇ ਸਮਝੇ ਐਕਸ਼ਨ ਨੂੰ ਮਹਿਜ਼ ਇੱਕ ਸਨਕ ਬਣਾ ਕੇ ਪੇਸ਼ ਕੀਤਾ ਜਾਵੇ।

ਫਿਰ ਵੀ 1857 ਦੇ ਵਿਦਰੋਹ ਦੀਆਂ ਘਟਨਾਵਾਂ ਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਦੀ ਪੱਕੇ ਪੈਰੀ ਸਥਾਪਨਾ ਵਿੱਚ ਯੋਗਦਾਨ ਪਾਇਆ। ਵਿਦੇਸ਼ੀ ਸਰਕਾਰ ਨੇ ਹੋਰ ਦਮਨਕਾਰੀ ਨੀਤੀਆਂ ਅਖ਼ਤਿਆਰ ਕੀਤੀਆਂ। ਭਾਰਤ ਦਾ ਰਾਜ ਈਸਟ ਇੰਡੀਆ ਕੰਪਨੀ ਤੋਂ ਸਿੱਧਾ ਬ੍ਰਿਟੇਨ ਦੀ ਮਹਾਰਾਣੀ ਦੇ ਹੱਥਾਂ ਵਿੱਚ ਦੇ ਦਿੱਤਾ ਗਿਆ।

ਬ੍ਰਿਟਿਸ਼ ਸਰਕਾਰ ਸਥਾਨਕ ਬੋਲੀਆਂ ਦੀ ਪ੍ਰੈੱਸ ਪ੍ਰਤੀ ਦਮਨਕਾਰੀ ਵਰਨੈਕੂਲਰ ਪਰੈਸ ਐਕਟ 1878 ਲੈ ਕੇ ਆਈ।

ਇਸ ਐਕਟ ਦਾ ਮਕਸਦ ਭਾਰਤੀ ਬੋਲੀਆਂ ਵਿੱਚ ਅੰਗਰੇਜ਼ ਸਰਕਾਰ ਪ੍ਰਤੀ ਆਲੋਚਨਾਤਮਿਕ ਲੇਖਣੀ ਛਾਪੇ ਜਾਣ ਤੋਂ ਰੋਕਣਾ ਸੀ। ਇਹ ਐਕਟ ਭਾਰਤ ਦੇ ਮੀਡੀਆ ਉੱਪਰ ਹੀ ਲਾਗੂ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ: