ਓਮੀਕਰੋਨ˸ ਕੀ ਯਾਤਰਾ ਪਾਬੰਦੀਆਂ ਨਾਲ ਕੋਵਿਡ ਦਾ ਫੈਲਾਅ ਰੁਕਣ 'ਚ ਮਦਦ ਮਿਲੇਗੀ

    • ਲੇਖਕ, ਰਿਐਲਿਟੀ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੇ ਉਨ੍ਹਾਂ ਦੇ ਦੇਸ਼ 'ਤੇ ਲਗਾਈਆਂ ਯਾਤਰਾ ਪਾਬੰਦੀਆਂ ਦੀ ਆਲੋਚਨਾ ਕੀਤੀ ਹੈ ਅਤੇ ਸਵਾਲ ਚੁੱਕਿਆ ਹੈ ਕਿ ਕੀ ਇਹ ਉਨ੍ਹਾਂ ਨਾਲ ਨਿਆਂ ਹੈ?

ਦਰਅਸਲ, ਦੱਖਣੀ ਅਫ਼ਰੀਕਾ ਦੇਸ਼ ਵਿੱਚ ਹੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੋਰੋਨਾ ਦੇ ਨਵਾਂ ਵੇਰੀਐਂਟ ਓਮੀਕਰੋਨ ਮਿਲਿਆ ਸੀ।

ਰਾਸ਼ਟਰਪਤੀ ਸੀਰਲ ਰਾਮਾਫੋਸਾ ਨੇ ਕਿਹਾ, "ਯਾਤਰਾ 'ਤੇ ਪਾਬੰਦੀ ਉਪਾਅ ਵਿਗਿਆਨ ਵੱਲੋਂ ਨਹੀਂ ਸੁਝਾਇਆ ਗਿਆ ਅਤੇ ਨਾ ਹੀ ਇਹ ਵੇਰੀਐਂਟ ਨੂੰ ਰੋਕਣ ਵਿੱਚ ਕਾਰਗਰ ਹੋਵੇਗਾ।"

ਤਾਂ ਫਿਰ ਵਿਗਿਆਨ ਕਹਿੰਦਾ ਕੀ ਹੈ?

ਡਬਲਿਊਐੱਚਓ ਕੀ ਕਹਿੰਦਾ ਹੈ?

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਫਰਵਰੀ 2020 ਵਿੱਚ ਕਿਹਾ ਸੀ ਕਿ ਦੇਸ਼ ਵਿੱਚ ਕੇਸ ਆਉਣ ਤੋਂ ਰੋਕਣ ਲਈ "ਯਾਤਰਾ ਪਾਬੰਦੀਆਂ" ਆਮ ਤੌਰ 'ਤੇ ਅਸਰਦਾਰ ਨਹੀਂ ਹਨ ਅਤੇ ਇਸ ਦਾ ਮਹੱਤਵਪੂਰਨ ਤੌਰ 'ਤੇ ਆਰਥਿਕ ਅਤੇ ਸਮਾਜਿਕ ਆਧਾਰ ਉੱਤੇ ਅਸਰ ਪੈ ਸਕਦਾ ਹੈ।

ਉਸ ਵੇਲੇ ਉਨ੍ਹਾਂ ਨੇ ਇਹ ਵੀ ਕਿਹਾ ਸੀ, "ਕੌਮਾਂਤਰੀ ਆਵਾਜਾਈ ਵਿੱਚ ਮਹੱਤਵਪੂਰਨ ਤੌਰ 'ਤੇ ਬਣਾਏ ਜਾਣ ਵਾਲੇ ਯਾਤਰਾ ਨਿਯਮਾਂ ਨੂੰ ਕੇਵਲ ਮਹਾਮਾਰੀ ਦੇ ਸ਼ੁਰੂਆਤੀ ਦੌਰ ਵਿੱਚ ਹੀ ਉਚਿਤ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਇਸ ਨਾਲ ਦੇਸ਼ਾਂ ਨੂੰ ਲੋੜੀਂਦਾ ਸਮਾਂ ਮਿਲ ਸਕਦਾ ਹੈ।"

ਹਾਲਾਂਕਿ, ਇਸ ਦੀ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਲੋਚਨਾ ਕੀਤੀ ਸੀ।

ਉਨ੍ਹਾਂ ਨੇ ਇਸ (ਡਬਲਿਊਐੱਚਓ) 'ਤੇ ਚੀਨ ਅਤੇ ਯੂਰਪ ਤੋਂ ਅਮਰੀਕਾ ਲਈ ਉਡਾਣਾਂ ਰੋਕਣ ਦੇ ਆਪਣੇ ਫ਼ੈਸਲੇ ਦਾ ਸਮਰਥਨ ਕਰਨ ਵਿੱਚ ਅਸਫ਼ਲ ਰਹਿਣ ਦਾ ਇਲਜ਼ਾਮ ਲਗਾਇਆ।

ਇਸ ਦੇ ਨਾਲ ਹੀ ਸਿੰਗਾਪੁਰ ਅਤੇ ਤਾਇਵਾਨ ਵਰਗੇ ਏਸ਼ੀਆਈ ਦੇਸ਼ਾਂ ਨੇ ਇਸ ਸਲਾਹ ਨੂੰ ਨਜ਼ਰਅੰਦਾਜ਼ ਕੀਤਾ ਅਤੇ ਚੀਨ 'ਤੇ ਛੇਤੀ ਹੀ ਪਾਬੰਦੀ ਲਗਾ ਦਿੱਤੀ।

ਹਾਲਾਂਕਿ, ਇਸ ਤੋਂ ਬਾਅਦ ਦੁਨੀਆਂ ਦੇ ਕਈ ਹੋਰ ਦੇਸ਼ਾਂ ਨੇ ਵੀ ਅਜਿਹੇ ਹੀ ਕਦਮ ਚੁੱਕੇ ਹਨ।

ਇਸ ਵਿੱਚ ਕਿਹਾ ਗਿਆ ਦੇਸ਼ਾਂ ਨੂੰ ਟੀਕਾਕਰਨ ਜਾਂ ਕੁਦਰਤੀ ਲਾਗ ਨਾਲ ਪ੍ਰਤੀਰੱਖਿਆ ਦੇ ਵਧਦੇ ਪੱਧਰ, ਵੇਰੀਐਂਟ ਦੇ ਫੈਲਾਅ ਅਤੇ ਕੌਮਾਂਤਰੀ ਯਾਤਰਾ 'ਤੇ ਪਾਬੰਦੀ ਲਗਾਉਣ ਵੇਲੇ ਟੈਸਟਿੰਗ ਅਤੇ ਕੁਆਰੰਟੀਨ ਵਰਗੇ ਉਪਾਅ ਕਿੰਨੇ ਕੁ ਅਸਰਦਾਰ ਹਨ, ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਇਸ ਵਿੱਚ ਅੱਗੇ ਇਹ ਵੀ ਕਿਹਾ ਗਿਆ, "ਅਜਿਹੇ ਦੇਸ਼ ਜੋ ਚਿੰਤਤ ਹਨ ਕਿ ਵਾਇਰਸ ਹੋਰਨਾਂ ਲਈ ਵੀ ਜੋਖ਼ਮ ਪੈਦਾ ਕਰ ਸਕਦਾ ਹੈ, ਉਨ੍ਹਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਸਮੇਂ-ਸੀਮਾ ਦੇ ਨਾਲ ਸਖ਼ਤ ਯਾਤਰਾ ਪਾਬੰਦੀਆਂ ਨੂੰ ਲਾਗੂ ਕਰਨਾ ਚਾਹੀਦਾ ਹੈ।"

ਡਬਲਿਊਐੱਚਓ ਨੇ ਕਿਹਾ ਕਿ ਇਹ ਉਪਾਅ "ਤੁਲਵਾਂ ਅਨੁਰੂਪ" ਹੈ।

ਵਿਗਿਆਨ ਸਬੂਤ ਕੀ ਹਨ

ਪਿਛਲੇ ਸਾਲ ਮਹਾਮਾਰੀ ਦੇ ਸ਼ੁਰੂਆਤੀ ਵੇਲੇ ਦਾ ਅਧਿਐਨ ਸੁਝਾਉਂਦਾ ਹੈ ਕਿ ਯਾਤਰਾ ਪਾਬੰਦੀਆਂ ਸ਼ੁਰੂਆਤੀ ਵੇਲੇ ਵਿੱਚ ਘੱਟੋ-ਘੱਟ ਵਾਇਰਸ ਦੇ ਫੈਲਣ ਦੀ ਰਫ਼ਤਾਰ ਨੂੰ ਹੌਲੀ ਕਰ ਸਕਦੀਆਂ ਹਨ।

ਦਸੰਬਰ 2020 ਵਿੱਚ ਨੇਚਰ ਜਰਨਲ ਵਿੱਚ ਛਪੀ ਖੋਜ ਮੁਤਾਬਕ, ਇਹ ਬੇਹੱਦ ਸ਼ੁਰੂਆਤੀ ਵਿੱਚ ਕੰਮ ਕਰਦੀਆਂ ਹਨ ਪਰ ਬਾਅਦ ਵਿੱਚ ਇਨ੍ਹਾਂ ਦਾ ਅਸਰ ਘੱਟ ਹੋ ਸਕਦਾ ਹੈ।

ਇਹ ਵੀ ਪੜ੍ਹੋ-

ਜਰਮਨੀ ਦੇ ਡਬਲਿਊਜ਼ੈੱਡਬੀ ਸੋਸ਼ਲ ਸਾਇੰਸ ਸੈਂਟਰ ਵੱਲੋਂ ਪਿਛਲੇ ਅਕਤੂਬਰ ਵਿੱਚ 180 ਤੋਂ ਵੱਧ ਦੇਸ਼ਾਂ ਵਿੱਚ ਯਾਤਰਾ ਪਾਬੰਦੀਆਂ ਅਤੇ ਮੌਤ ਦਰ ਨੂੰ ਦੇਖਦਿਆਂ ਹੋਇਆ ਇੱਕ ਅਧਿਐਨ ਇਸੇ ਤਰ੍ਹਾਂ ਦੇ ਸਿੱਟੇ 'ਤੇ ਪਹੁੰਚਿਆ, ਜਿਸ ਵਿੱਚ ਕਿਹਾ ਗਿਆ-

  • ਸਭ ਤੋਂ ਵੱਡਾ ਅਸਰ ਉਦੋਂ ਪਿਆ ਜਦੋਂ 10 ਜਾਂ ਵਧੇਰੇ ਮੌਤਾਂ ਨੂੰ ਦਰਜ ਕਰਨ ਤੋਂ ਪਹਿਲਾਂ ਪਾਬੰਧੀ ਲਗਾ ਦਿੱਤੀ
  • ਸਾਰੇ ਯਾਤਰੀਆਂ ਲਈ ਲਾਜ਼ਮੀ ਕੁਆਰੰਟੀਨ ਪ੍ਰਵੇਸ਼ ਪਾਬੰਦੀ ਨਾਲੋਂ ਵਧੇਰੇ ਅਸਰਦਾਰ ਸੀ (ਜਿਸ ਵਿੱਚ ਕੁਝ ਮਾਮਲਿਆਂ ਵਿੱਚ ਵਾਪਸ ਪਰਤਣ ਵਾਲੇ ਨਾਗਰਿਕਾਂ ਨੂੰ ਛੋਟ ਦਿੱਤੀ ਗਈ ਹੈ)
  • ਵਿਸ਼ੇਸ਼ ਦੇਸ਼ਾਂ 'ਤੇ ਪਾਬੰਦੀਆਂ ਦਾ ਸਾਰੇ ਵਿਦੇਸ਼ੀ ਯਾਤਰੀਆਂ 'ਤੇ ਪਾਬੰਦੀਆਂ ਨਾਲੋਂ ਜ਼ਿਆਦਾ ਪ੍ਰਭਾਵ ਪਵੇਗਾ

ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਯੂਕੇ ਵਿੱਚ ਹੋਈ ਖੋਜ ਮੁਤਾਬਕ ਜਦੋਂ ਯਾਤਰਾ ਪਾਬੰਦੀਆਂ ਸਨ ਤਾਂ ਦੇਖਿਆ ਗਿਆ ਕਿ ਵਾਇਰਸ ਇੱਕ ਹਜ਼ਾਰ ਤੋਂ ਵੱਧ ਵਾਰ ਸਾਹਮਣੇ ਆਇਆ ਸੀ, ਮੁੱਖ ਤੌਰ 'ਤੇ ਯੂਰਪ ਦੇ ਹੋਰਨਾਂ ਦੇਸ਼ਾਂ ਨਾਲੋਂ।

ਇਹ ਨਵਾਂ ਵੇਰੀਐਂਟ ਹੁਣ ਤੱਕ ਦਰਜਨ ਭਰ ਦੇਸ਼ਾਂ ਵਿੱਚ ਸਾਹਮਣੇ ਆ ਗਿਆ ਹੈ ਅਤੇ ਇਹ ਸੂਚੀ ਵਧ ਰਹੀ ਹੈ।

ਲੰਡਨ ਵਿੱਚ ਕੁਈਨ ਮੇਰੀ ਯੂਨੀਵਰਸਿਟੀ ਵਿੱਚ ਮਹਾਮਾਰੀ ਮਾਹਰ ਡਾ. ਦਿਪਤੀ ਗੁਰਦਾਸਨੀ ਨੇ ਬੀਬੀਸੀ ਨੂੰ ਦੱਸਿਆ ਕਿ ਯਾਤਰਾ ਪਾਬੰਦੀ ਇਸ ਦੀ ਫੈਲਣ ਦੀ ਰਫ਼ਤਾਰ ਨੂੰ ਘਟਾ ਸਕਦੀਆਂ ਹਨ ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਇਹ ਪਹਿਲਾਂ ਹੀ ਫੈਲ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ, "ਯਾਤਰਾ ਪਾਬੰਦੀਆਂ ਦੀ ਬਜਾਇ ਉਚਿਤ ਸਕ੍ਰੀਨਿੰਗ ਅਤੇ ਆਈਸੋਲੇਸ਼ਨ ਦੀਆਂ ਨੀਤੀਆਂ ਹੋਣੀਆਂ ਚਾਹੀਦੀਆਂ ਹਨ, ਜੋ ਇਸ ਦੇ ਫੈਲਾ ਨੂੰ ਘਟਾ ਸਕਣ।"

ਮਹਾਮਾਰੀ ਦੇ ਪਹਿਲੇ ਗੇੜ ਨਾਲੋਂ ਇੱਕ ਮਹੱਤਵਪੂਰਨ ਅੰਤਰ ਇਹ ਹੈ ਕਿ ਹੁਣ ਦੁਨੀਆਂ ਭਰ ਵਿੱਚ ਟੀਕੇ ਲਗਾਏ ਜਾ ਰਹੇ ਹਨ।

ਹਾਲਾਂਕਿ, ਟੀਕਾਕਰਨ ਦੀ ਗਤੀ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਪਰਿਵਰਤਨਸ਼ੀਲ ਹੈ ਅਤੇ ਓਮੀਕਰੋਨ ਵੇਰੀਐਂਟ ਦੇ ਵਿਰੁੱਧ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਅਨਿਸ਼ਚਿਤ ਹੈ।

ਮਿਸਾਲ ਵਜੋਂ, ਸੈਰ-ਸਪਾਟੇ 'ਤੇ ਜ਼ਿਆਦਾ ਨਿਰਭਰ ਦੇਸ਼ਾਂ ਵਿੱਚ ਯਾਤਰਾ ਨੂੰ ਸੀਮਤ ਕਰਨ ਨਾਲ ਉਨ੍ਹਾਂ ਦੀਆਂ ਆਰਥਿਕਤਾਵਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਵੀ ਤੋਲਣਾ ਪੈਂਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਭ ਤੋਂ ਸਖ਼ਤ ਯਾਤਰਾ ਪਾਬੰਦੀ ਕਿਸ ਨੇ ਲਗਾਈ ਹੈ

ਆਸਟਰੇਲੀਆ ਨੇ ਨਵੰਬਰ ਵਿੱਚ ਪਹਿਲੀ ਵਾਰ ਆਪਣੀਆਂ ਕੌਮਾਂਤਰੀ ਸਰਹੱਦਾਂ ਨੂੰ ਮੁੜ ਖੋਲ੍ਹਿਆ, 18 ਮਹੀਨਿਆਂ ਤੱਕ ਉਸ ਨੇ ਆਪਣੇ ਨਾਗਰਿਕਾਂ ਨੂੰ ਦੇਸ਼ ਛੱਡਣ ਜਾਂ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਸੀ, ਉਹ ਵੀ ਜੇ ਉਨ੍ਹਾਂ ਕੋਲ ਵਿਸ਼ੇਸ਼ ਇਜਾਜ਼ਤ ਸੀ।

ਇਸ ਨੇ ਵੀ ਹੁਣ ਵਿਦੇਸ਼ੀ ਵਿਦਿਆਰਥੀਆਂ ਅਤੇ ਹੁਨਰਮੰਦ ਪਰਵਾਸੀਆਂ ਨੂੰ ਦਾਖ਼ਲ ਹੋਣ ਦੇਣ ਦੀਆਂ ਯੋਜਨਾਵਾਂ 'ਤੇ ਰੋਕ ਲਗਾ ਦਿੱਤੀ ਹੈ।

ਨਿਊਜ਼ੀਲੈਂਡ ਨੇ ਪਿਛਲੇ ਸਾਲ ਤੋਂ ਆਪਣੀਆਂ ਸਰਹੱਦਾਂ ਨੂੰ ਬੰਦ ਰੱਖਿਆ ਹੈ।

ਹਾਲਾਂਕਿ, ਇੱਥੋਂ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਨਵੇਂ ਸਾਲ ਤੋਂ ਆਪਣੇ ਨਾਗਰਿਕਾਂ ਲਈ ਅਤੇ ਆਸਟਰੇਲੀਆ ਤੋਂ ਵੀਜ਼ਾ ਧਾਰਕਾਂ ਲਈ ਅਤੇ ਟੀਕਾਕਰਨ ਲਗਵਾ ਚੁੱਕੇ ਮਹਿਮਾਨਾਂ ਲਈ, ਅਪ੍ਰੈਲ ਤੋਂ ਮੁੜ ਸਰਹੱਦ ਖੋਲ੍ਹਣਗੇ।

ਵੀਅਤਨਾਮ ਨੇ ਵੀ ਇਸ ਮਹੀਨੇ ਪਹਿਲੀ ਵਾਰ ਲੰਬੇ ਸਮੇਂ ਤੋਂ ਬਾਅਦ ਆਪਣੀਆਂ ਸਰਹੱਦਾਂ ਖੋਲ੍ਹਣੀਆਂ ਸੀ।

ਇਸ ਸਾਲ ਜੁਲਾਈ ਵਿੱਚ ਜਦੋਂ ਭਾਰਤ ਵਿੱਚ ਪਹਿਲੀ ਵਾਰ ਡੇਲਟਾ ਵੇਰੀਐਂਟ ਸਾਹਮਣੇ ਆਇਆ ਤਾਂ ਇਨ੍ਹਾਂ ਦੇਸ਼ਾਂ ਵਿੱਚ ਹੋਰਨਾਂ ਦੇ ਮੁਕਾਬਲੇ ਘੱਟ ਕੇਸ ਸਨ।

ਪਰ ਲੌਕਡਾਊਨ, ਵਿਆਪਕ ਟੈਸਟਿੰਗ ਅਤੇ ਸੁਰੱਖਿਆ ਉਪਾਅ, ਜਿਵੇਂ ਮਾਸਕ ਪਹਿਨਣਾ ਓਨਾਂ ਹੀ ਮਹੱਤਵਪੂਰਨ ਹੋ ਸਕਦਾ ਹੈ, ਜਿਨ੍ਹਾਂ ਕਿ ਮਹਾਮਾਰੀ ਦੇ ਪਹਿਲੇ ਗੇੜ ਵਿੱਚ ਲਾਗ ਨੂੰ ਘੱਟ ਰੱਖਣ ਲਈ ਯਾਤਰਾ ਪਾਬੰਦੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)