ਓਮੀਕਰੋਨ˸ ਅਮਰੀਕਾ ਦੀ ਸਖ਼ਤੀ, ਕੈਨੇਡਾ, ਯੂਕੇ ਸਣੇ ਹੋਰ ਦੇਸਾਂ ਦੀਆਂ ਪਾਬੰਦੀਆਂ, ਭਾਰਤ ਦੇ ਕੀ ਨੇ ਹਾਲਾਤ

ਐਂਥਨੀ ਫਾਊਚੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਾਊਚੀ ਨੇ ਕਿਹਾ, "ਹੁਣ ਇਸ ਵਾਇਰਸ ਨਾਲ ਲਗਭਗ ਦੋ ਸਾਲਾਂ ਦਾ ਤਜਰਬਾ ਹੈ। ਇਹ ਸੱਚਮੁੱਚ ਬਹੁਤ ਅਣ ਕਿਆਸਾ ਹੈ।"

''ਕੋਵਿਡ-19 ਓਮੀਕਰੋਨ ਵੇਰੀਐਂਟ "ਦੁਨੀਆਂ ਭਰ ਵਿੱਚ ਫੈਲ ਰਿਹਾ ਹੈ ਅਤੇ ਰਾਸ਼ਟਰਪਤੀ ਜੋਅ ਬਾਇਡਨ ਟੀਕਾਕਰਨ ਨਾ ਲੁਆਉਣ ਵਾਲੇ ਅਮਰੀਕੀਆਂ ਲਈ "ਸਰਦੀਆਂ ਕਿਵੇਂ ਦੀਆਂ ਦਿਖਾਈ ਦੇਣਗੀਆਂ" ਦੀ ਸਖਤ ਚੇਤਾਵਨੀ ਦੇਣ ਦੀ ਯੋਜਨਾ ਬਣਾ ਰਹੇ ਹਨ।''

ਇਹ ਸ਼ਬਦ ਅਮਰੀਕੀ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਐਂਥਨੀ ਫਾਊਚੀ ਦੇ ਹਨ। ਜੋ ਅਮਰੀਕਾ ਵਿਚ ਓਮੀਕਰੋਨ ਦੇ ਸੰਭਾਵੀ ਖ਼ਤਰੇ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਹਨ।

ਡਾ. ਐਂਥਨੀ ਫਾਊਚੀ ਨੇ ਐੱਨਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਅਮਰੀਕੀ ਸਿਹਤ ਸਿਸਟਮ ਦੀ ਅਸਲ ਸਮੱਸਿਆ ਇਹ ਹੈ ਕਿ ਇਸ ਦੇਸ਼ ਵਿੱਚ ਬਹੁਤ ਸਾਰੇ ਲੋਕ ਹਨ, ਜੋ ਵੈਕਸੀਨੇਸ਼ਨ ਲਈ ਯੋਗ ਹਨ ਜਿਨ੍ਹਾਂ ਨੂੰ ਅਜੇ ਤੱਕ ਟੀਕਾ ਨਹੀਂ ਲੱਗਿਆ।

ਫਾਊਚੀ ਨੇ ਕਿਹਾ, "ਉਮੀਦ ਕਰਨ ਅਤੇ ਕੁਝ ਸਮੇਂ ਬਾਅਦ ਵਾਇਰਸ ਤੋਂ ਸੁਤੰਤਰ ਹੋਣ ਦੀ ਇੱਛਾ ਰੱਖਣ ਬਾਰੇ ਵਿਚਾਰ ਸਮਝਣ ਯੋਗ ਅਤੇ ਵਾਜਬ ਹੈ।"

"ਪਰ ਇਕ ਗੱਲ ਜੋ ਅਸੀਂ ਜਾਣਦੇ ਹਾਂ, ਹੁਣ ਇਸ ਵਾਇਰਸ ਨਾਲ ਲਗਭਗ ਦੋ ਸਾਲਾਂ ਦਾ ਤਜਰਬਾ ਹੈ। ਇਹ ਸੱਚਮੁੱਚ ਬਹੁਤ ਅਣ ਕਿਆਸਾ ਹੈ।"

ਇਸੇ ਦੌਰਾਨ ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿਚ ਓਮੀਕਰੋਨ ਦੇ ਸੋਮਵਾਰ ਸਵੇਰ ਤੱਕ 153 ਕੇਸ ਸਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ 54, ਦੇ ਹਨ। ਦਿੱਲੀ ਵਿਚ 24, ਰਾਜਸਥਾਨ ਵਿਚ 17 ਅਤੇ ਕਰਨਾਟਕ ਵਿਚ 19 ਕੇਸ ਹਨ।

ਇਸੇ ਤਰ੍ਹਾਂ ਤੇਲੰਗਾਨਾ ਵਿਚ 20, ਗੁਜਰਾਤ ਵਿਚ 11, ਕੇਰਲ ਵਿਚ 11, ਆਂਧਰਾ, ਚੰਡੀਗੜ੍ਹ, ਤਾਮਿਲਨਾਡੂ ਅਤੇ ਕਰਨਾਟਕ ਵਿਚ ਇੱਕ-ਇੱਕ ਕੇਸ ਸਾਹਮਣੇ ਆ ਚੁੱਕਾ ਹੈ।

ਇਸੇ ਦੌਰਾਨ ਭਾਰਤ ਸਰਕਾਰ ਨੇ ਮੁਲਕ ਦੇ 6 ਮੁੱਖ ਹਵਾਈ ਅੱਡਿਆ ਰਾਹੀ ਚਾਤਰਾ ਕਰਨ ਵਾਲਿਆਂ ਲਈ ਆਰ-ਟੀ ਪੀਸੀਆਰ ਟੈਸਟ ਦੀ ਐਂਡਵਾਸ ਬੁਕਿੰਗ ਯਕੀਨੀ ਕਰ ਦਿੱਤੀ ਹੈ।

ਦਿੱਲੀ, ਮੁੰਬਈ,ਕੋਲਕਾਤਾ, ਚਨੇਈ, ਬੰਗਲੂਰੂ ਅਤੇ ਹੈਦਰਾਬਾਦ ਹਵਾਈ ਅੱਡਿਆ ਉੱਤੇ ਇਸ ਨੂੰ ਫਸਟ ਸਟੇਜ ਪ੍ਰੋਟੋਕਾਲ ਵਜੋਂ ਲਾਗੂ ਕੀਤਾ ਜਾ ਰਿਹਾ ਹੈ, ਪਰ ਇਸ ਨਾਲ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਇਸ ਨਾਲ ਯਾਤਰੀਆਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ :

ਦੇਸਾਂ ਵੱਲੋਂ ਯਾਤਰਾ ਸਬੰਧੀ ਪਾਬੰਦੀਆਂ

ਕੋਰੋਨਾਵਾਇਰਸ ਦਾ ਨਵਾਂ ਰੂਪ ਓਮੀਕਰੋਨ ਸਾਹਮਣੇ ਆਉਣ ਤੋਂ ਬਾਅਦ ਕਈ ਮੁਲਕਾਂ ਵੱਲੋਂ ਬਚਾਅ ਲਈ ਯਾਤਰਾ ਸਬੰਧੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।

ਓਮੀਕਰੋਨ ਵੇਰੀਐਂਟ ਦੀ ਪਛਾਣ ਸਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਹੋਈ ਸੀ ਅਤੇ ਇਸ ਨੂੰ ਸ਼ੁਰੂਆਤੀ ਨਾਮ B.1.1.529 ਦਿੱਤਾ ਗਿਆ ਸੀ।

ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਵਧਦੇ ਮਾਮਲੇ ਹੌਲੀ-ਹੌਲੀ ਕਈ ਮੁਲਕਾਂ ਲਈ ਫ਼ਿਕਰ ਵਧਾ ਰਹੇ ਹਨ।

ਭਾਰਤ ਵਿੱਚ ਵੀ ਓਮੀਕਰੋਨ ਦੇ ਮਾਮਲਿਆਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ।

ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲੇ ਇਸ ਵਾਇਰਸ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ ਚਿੰਤਾ ਵਿੱਚ ਹਨ।

ਕਈ ਮੁਲਕਾਂ ਜਿਵੇਂ ਕੈਨੇਡਾ, ਯੂਕੇ, ਅਮਰੀਕਾ, ਭਾਰਤ, ਆਸਟਰੇਲੀਆ, ਨਿਊਜ਼ੀਲੈਂਡ ਨੇ ਇਸ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਯਾਤਰਾ ਸਬੰਧੀ ਪਾਬੰਦੀਆਂ ਲਈ ਵੀ ਕਈ ਫ਼ੈਸਲੇ ਲਏ ਹਨ।

ਇਹ ਪਾਬੰਦੀਆਂ ਕੀ ਹਨ ਅਤੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਕੀ ਅਪੀਲ ਕੀਤੀ ਹੈ, ਆਓ ਜਾਣਦੇ ਹਾਂ...

ਵੀਡੀਓ ਕੈਪਸ਼ਨ, ਕੋਵਿਡ-19 ਦਾ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਵੇਰੀਐਂਟ, ਭਾਰਤ ’ਚ ਵੀ ਅਲਰਟ ਜਾਰੀ

ਯੂਕੇ ਵੱਲੋਂ ਨਵੇਂ ਨਿਯਮ

ਇੰਗਲੈਂਡ ਦੇ ਮੁੱਖ ਮੈਡੀਕਲ ਅਫਸਰ ਕ੍ਰਿਸ ਵਿਟੀ ਨੇ ਕਿਹਾ ਕਿ ਓਮੀਕਰੋਨ ਕੋਰੋਨਾਵਾਇਰਸ ਵੇਰੀਐਂਟ ਸੱਚਮੁੱਚ ਇੱਕ ਗੰਭੀਰ ਖ਼ਤਰਾ ਹੈ।

ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਬਹੁਤ ਕੁਝ ਪਤਾ ਨਹੀਂ ਹੈ ਅਤੇ ਜੋ ਪਤਾ ਹੈ ਉਹ ''ਬੁਰਾ ਹੈ''।

ਇਸ ਦੌਰਾਨ ਉਨ੍ਹਾਂ ਨੇ ਇੱਕ ਪ੍ਰਭਾਵਸ਼ਾਲੀ ਟੀਕੇ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਇਸਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਲੋੜ ਹੈ।

ਇਸ ਤੋਂ ਪਹਿਲਾਂ 4 ਦਸੰਬਰ ਨੂੰ ਬ੍ਰਿਟੇਨ ਦੀ ਸਰਕਾਰ ਨੇ ਓਮੀਕਰੋਨ ਵੇਰੀਐਂਟ ਦੇ ਫੈਲਾਅ ਨੂੰ ਦੇਖਦਿਆਂ ਯਾਤਰਾ ਸਬੰਧੀ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਸੀ।

ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਸੋਮਵਾਰ ਸਵੇਰੇ ਚਾਰ ਵਜੇ (ਲੰਡਨ ਸਮਾਂ) ਤੋਂ ਸਿਰਫ਼ ਯੂਕੇ, ਆਇਰੀਸ਼ ਨਾਗਰਿਕ ਅਤੇ ਵਸਨੀਕ ਜੋ ਨਾਈਜੀਰੀਆ ਤੋਂ ਆ ਰਹੇ ਹਨ, ਉਨ੍ਹਾਂ ਨੂੰ ਐਂਟਰੀ ਦੀ ਇਜਾਜ਼ਤ ਹੋਵੇਗੀ ਅਤੇ ਉਨ੍ਹਾਂ ਨੂੰ ਕੁਆਰੰਟੀਨ ਫੈਸੀਲਿਟੀ ਵਿੱਚ ਏਕਾਂਤਵਾਸ ਲਾਜ਼ਮੀ ਹੋਵੇਗਾ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਆਪਣੇ ਅਗਲੇ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਮੰਗਲਵਾਰ ਸਵੇਰ ਲੰਡਨ ਸਮੇਂ ਮੁਤਾਬਕ ਚਾਰ ਵਜੇ ਤੋਂ ਜੋ ਲੋਕ ਯੂਕੇ ਆ ਰਹੇ ਹਨ ਅਤੇ ਉਹ ਲਾਲ ਸੂਚੀ ਵਾਲੇ ਮੁਲਕਾਂ ਤੋਂ ਨਹੀਂ ਹਨ, ਉਨ੍ਹਾਂ ਨੂੰ ਫਲਾਈਟ ਲੈਣ ਤੋਂ ਪਹਿਲਾਂ ਕੋਵਿਡ-19 ਟੈਸਟ ਕਰਵਾਉਣ ਲਾਜ਼ਮੀ ਹੋਵੇਗਾ, ਭਾਵੇਂ ਉਨ੍ਹਾਂ ਦਾ ਵੈਕਸੀਨੇਸ਼ਨ ਸਟੇਟਸ ਕੁਝ ਵੀ ਹੋਵੇ।

ਇਸ ਦੇ ਨਾਲ ਹੀ ਬ੍ਰਿਟੇਨ ਸਰਕਾਰ ਦੇ ਪ੍ਰੈੱਸ ਰਿਲੀਜ਼ ਮੁਤਾਬਕ ਨਾਈਜੀਰੀਆ ਨੂੰ ਲਾਲ ਸੂਚੀ ਵਾਲੇ ਮੁਲਕਾਂ ਵਿੱਚ 6 ਦਸੰਬਰ ਤੋਂ ਸ਼ਾਮਲ ਕੀਤਾ ਜਾਵੇਗਾ। ਅਜਿਹਾ ਓਮੀਕਰੋਨ ਦੇ 21 ਕੇਸਾਂ ਦੇ ਇੰਗਲੈਂਡ ਵਿੱਚ ਰਿਪੋਰਟ ਹੋਣ ਤੋਂ ਬਾਅਦ ਕੀਤਾ ਗਿਆ ਹੈ।

ਵੀਰਵਾਰ ਤੱਕ ਯੂਕੇ ਵਿੱਚ ਓਮੀਕਰੋਨ ਦੇ 11,708 ਮਾਮਲੇ ਦਰਜ ਹੋ ਚੁੱਕੇ ਹਨ।

ਅਮਰੀਕਾ ਨੇ ਕੀ ਨਿਯਮ ਬਣਾਏ

ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਦੁਨੀਆਂ ਭਰ ਵਿੱਚ ਵੱਧ ਰਹੇ ਫੈਲਾਅ ਨੂੰ ਦੇਖਦਿਆਂ ਅਮਰੀਕਾ ਨੇ ਵੀ ਇੰਟਰਨੈਸ਼ਨਲ ਯਾਤਰੀਆਂ ਲਈ ਕੁਝ ਨਵੇਂ ਨਿਯਮ ਐਲਾਨੇ ਹਨ।

3 ਦਸੰਬਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਟਵੀਟ ਵਿੱਚ ਕਿਹਾ ਕਿ, ''ਮੈਂ ਅੱਜ ਐਲਾਨ ਕਰ ਰਿਹਾ ਹਾਂ ਕਿ ਕੌਮਾਂਤਰੀ ਯਾਤਰੀਆਂ ਨੂੰ ਰਵਾਨਗੀ ਦੇ ਇੱਕ ਦਿਨ ਦੇ ਅੰਦਰ ਟੈਸਟ ਕਰਵਾਉਣਾ ਚਾਹੀਦਾ ਹੈ - ਵੈਕਸੀਨੇਸ਼ਨ ਜਾਂ ਕੌਮੀਅਤ ਦੀ ਪਰਵਾਹ ਕੀਤੇ ਬਿਨਾਂ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

''ਇਹ ਸਖ਼ਤ ਟੈਸਟਿੰਗ ਸਮਾਂ-ਰੇਖਾ ਸੁਰੱਖਿਆ ਦੀ ਵਾਧੂ ਡਿਗਰੀ ਦਿੰਦੀ ਹੈ ਕਿਉਂਕਿ ਵਿਗਿਆਨੀ ਓਮੀਕਰੋਨ ਵੇਰੀਐਂਟ ਦਾ ਅਧਿਐਨ ਜਾਰੀ ਰੱਖਦੇ ਹਨ।''

ਲੰਘੇ ਵੀਰਵਾਰ ਨੂੰ ਇੱਕ ਵਾਰ ਫਿਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਚੇਤਾਵਨੀ ਦਿੱਤੀ ਕਿ ਕੋਰੋਨਾਵਾਇਰਸ ਦਾ ਓਮੀਕਰੋਨ ਰੂਪ ਸੰਯੁਕਤ ਰਾਜ ਵਿੱਚ ਹੋਰ ਤੇਜ਼ੀ ਨਾਲ ਫੈਲਣ ਵਾਲਾ ਹੈ।

ਉਨ੍ਹਾਂ ਕਿਹਾ ਕਿ ਠੰਢ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੇ ਨਾਲ ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਬਹੁਤ ਖਤਰਾ ਹੈ ਅਤੇ ਅਜਿਹੀ ਸਥਿਤੀ ਵਿੱਚ ਮੌਤਾਂ ਦਾ ਅੰਕੜਾ ਵੀ ਵਧ ਸਕਦਾ ਹੈ।

ਇਸਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਲੋਕਾਂ ਲਈ ਬੂਸਟਰ ਡੋਜ਼ ਲੈਣ ਦਾ ਸਮਾਂ ਹੈ।

ਕੈਨੇਡਾ ਨੇ ਇਹ ਫ਼ੈਸਲੇ ਲਏ

ਉੱਧਰ ਕੈਨੇਡਾ ਸਰਕਾਰ ਨੇ ਵੀ ਓਮੀਕਰੋਨ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਕਈ ਫ਼ੈਸਲੇ ਲਏ ਹਨ।

ਕੈਨੇਡਾ ਸਰਕਾਰ ਦੇ ਮੰਤਰੀ ਮਾਰਕੋ ਨੇ ਵਾਇਰਸ ਦੇ ਫੈਲਾਅ ਨੂੰ ਘਟਾਉਣ ਦੇ ਮਕਸਦ ਨਾਲ ਇੰਟਰਨੈਸ਼ਨਲ ਟਰੈਵਲ ਬਾਬਤ ਫੈਸਲੇ ਲਏ ਹਨ।

ਕੋਵਿਡ, ਹਵਾਈ ਅੱਡਾ, ਯਾਤਰੀ

ਤਸਵੀਰ ਸਰੋਤ, Getty Images

ਸਰਕਾਰ ਨੇ ਕਈ ਮੁਲਕਾਂ ਤੋਂ ਕੈਨੇਡਾ ਵੱਲ ਐਂਟਰੀ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਮੁਲਕਾਂ ਵਿੱਚ ਮਿਸਰ, ਨਾਈਜੀਰੀਆ, ਮਲਾਵੀ, ਬੋਤਸਵਾਨਾ, ਇਸਵਾਤਿਨੀ, ਦੱਖਣੀ ਅਫ਼ਰੀਕਾ, ਜ਼ਿਮਬਾਬਵੇ ਸਣੇ ਕਈ ਮੁਲਕ ਸ਼ਾਮਲ ਹਨ। ਇਸ ਲਿਸਟ ਵਿੱਚ ਭਾਰਤ ਦਾ ਨਾਂ ਨਹੀਂ ਹੈ।

ਕੈਨੇਡਾ ਦੇ ਨਾਗਰਿਕ, ਪੱਕੇ ਵਸਨੀਕ ਜੇ ਇਨ੍ਹਾਂ 10 ਮੁਲਕਾਂ ਵਿੱਚ ਲੰਘੇ 14 ਦਿਨਾਂ 'ਚ ਗਏ ਹਨ ਤਾਂ ਉਨ੍ਹਾਂ ਨੂੰ ਵਾਪਸ ਆਉਣ 'ਤੇ ਟੈਸਟਿੰਗ, ਸਕ੍ਰੀਨਿੰਗ ਅਤੇ ਕੁਅੰਰਟੀਨ ਕਰਨਾ ਹੋਵੇਗਾ।

ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਨੂੰ ਛੱਡ ਕੇ ਬਾਕੀ ਮੁਲਕਾਂ ਤੋਂ ਆਉਣ ਵਾਲੇ ਫੁੱਲੀ ਵੈਕਸੀਨੇਟਿਡ ਯਾਤਰੀਆਂ ਦਾ ਕੈਨੇਡਾ ਪਹੁੰਚਣ ਉੱਤੇ ਟੈਸਟ ਕੀਤਾ ਜਾਵੇਗਾ।

ਹਾਲ ਹੀ ਵਿੱਚ ਕੈਨੇਡਾ ਦੇ ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ, "ਮੈਂ ਬਹੁਤ ਸਪੱਸ਼ਟ ਤੌਰ 'ਤੇ ਕਹਿੰਦਾ ਹਾਂ, ਹੁਣ ਯਾਤਰਾ ਕਰਨ ਦਾ ਸਮਾਂ ਨਹੀਂ ਹੈ।" ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਕੈਨੇਡਾ ਵਿੱਚ ਓਮੀਕਰੋਨ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਸਮਝਦਾ ਹਾਂ ਕਿ ਇਹ ਪਰੇਸ਼ਾਨ ਕਰਨ ਵਾਲਾ ਹੈ।" ਇਸ ਦੌਰਾਨ ਟਰੂਡੋ ਨੇ ਕੈਨੇਡਾ ਦੇ ਲੋਕਾਂ ਨੂੰ ਜਨਤਕ ਸਿਹਤ ਸਲਾਹ ਦੀ ਪਾਲਣਾ ਕਰਨ ਅਤੇ "ਛੁੱਟੀਆਂ ਦੇ ਇਸ ਸਮੇਂ ਦੌਰਾਨ ਸਾਵਧਾਨ ਰਹਿਣ'' ਦੀ ਅਪੀਲ ਕੀਤੀ।

ਉਨ੍ਹਾਂ ਨੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਕੋਰੋਨਵਾਇਰਸ ਤੋਂ ਸੁਰੱਖਿਆ ਲਈ ਉਹ ਆਪਣੇ ਬੱਚਿਆਂ ਨੂੰ ਟੀਕੇ ਲਗਵਾ ਲੈਣ।

ਆਸਟਰੇਲੀਆ ਵੱਲੋਂ ਕੀ ਕਦਮ ਚੁੱਕੇ ਗਏ

ਆਸਟਰੇਲੀਆ ਵਿੱਚ ਐਂਟਰੀ ਲਈ ਉੱਥੋਂ ਦੀ ਸਰਕਾਰ ਵੱਲੋਂ ਕੁਝ ਨਿਯਮ ਤੈਅ ਕੀਤੇ ਗਏ ਹਨ।

ਜੋ ਲੋਕ ਪਿਛਲੇ 14 ਦਿਨਾਂ ਵਿੱਚ ਦੱਖਣੀ ਅਫ਼ਰੀਕਾ, ਨਾਮੀਬੀਆ, ਬੋਤਸਵਾਨਾ, ਜ਼ਿਮਬਾਬਵੇ, ਮੋਜ਼ਾਂਬਿੰਕ ਵਰਗੇ ਮੁਲਕਾਂ ਵਿੱਚ ਰਹੇ ਹਨ ਤਾਂ ਉਹ ਆਸਟਰੇਲੀਆ ਦਾਖਲ ਨਹੀਂ ਹੋ ਸਕਦੇ।

ਇਸ ਤੋਂ ਇਲਾਵਾ ਜਿਹੜੇ ਆਸਟੇਰੀਆਈ ਨਾਗਰਿਕ, ਪਰਮਾਨੈਂਟ ਰੈਜ਼ੀਡੈਂਟਸ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਲੰਘੇ 10 ਦਿਨਾਂ ਵਿੱਚ ਇਨ੍ਹਾਂ ਮੁਲਕਾਂ ਤੋਂ ਆਏ ਹਨ ਤਾਂ ਉਨ੍ਹਾਂ ਲਈ 14 ਦਿਨਾਂ ਦਾ ਕੁਅਰੰਟੀਨ ਲਾਜ਼ਮੀ ਹੈ, ਭਾਵੇਂ ਉਨ੍ਹਾਂ ਦਾ ਟੀਕਾਕਰਨ ਸਟੇਟਸ ਕੁਝ ਵੀ ਹੋਵੇ।

ਭਾਰਤ ਵੱਲੋਂ ਕੀ ਨਿਯਮ

ਭਾਰਤ ਸਰਕਾਰ ਨੇ ਵੀ ਕੁਝ ਨਵੇਂ ਨਿਯਮ ਓਮੀਕਰੋਨ ਨੂੰ ਦੇਖਦਿਆਂ ਅਮਲ ਵਿੱਚ ਲਿਆਉਣ ਦਾ ਫੈਸਲਾ ਲਿਆ ਹੈ।

ਭਾਰਤ ਆਉਣ ਵਾਲਿਆਂ ਲਈ ਸਰਕਾਰ ਨੇ ਸੈਲਫ ਡੈਕਲਾਰੇਸ਼ਨ ਫਾਰਮ ਭਰਨਾ ਜ਼ਰੂਰੀ ਕੀਤਾ ਹੈ ਜਿਸ ਵਿੱਚ ਯਾਤਰੀ ਦੀਆਂ ਪਿਛਲੇ 14 ਦਿਨਾਂ ਦੀਆਂ ਯਾਤਰਾ ਸਬੰਧੀ ਜਾਣਕਾਰੀ ਦਾ ਵੇਰਵਾ ਹੋਣਾ ਲਾਜ਼ਮੀ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦਾ ਹੁਣ ਇੱਕ ਹੋਰ ਖ਼ਤਰਨਾਕ ਰੂਪ ਓਮੀਕਰੋਨ ਵੇਰੀਐਂਟ ਵਜੋਂ ਸਾਹਮਣੇ ਆਇਆ ਹੈ

ਕੋਵਿਡ-19 ਦੀ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਅਪਲੋਡ ਕਰਨੀ ਲਾਜ਼ਮੀ ਹੋਵੇਗੀ।

ਜੇ ਅਪਲੋਡ ਕੀਤੀ ਗਈ ਜਾਣਕਾਰੀ ਝੂਠੀ ਨਿਕਲਦੀ ਹੈ ਤਾਂ ਅਪਰਾਧਿਕ ਮਾਮਲਾ ਦਰਜ ਹੋ ਸਕਦਾ ਹੈ।

ਸਰਕਾਰ ਨੇ 'ਰਿਸਕ' ਵਾਲੇ ਮੁਲਕਾਂ ਤੋਂ ਕੌਮਾਂਤਰੀ ਯਾਤਰੀਆਂ ਦੇ ਭਾਰਤ ਆਉਣ ਉੱਤੇ ਯਾਤਰੀਆਂ ਬਾਰੇ ਜਾਣਕਾਰੀ ਏਅਰਲਾਈਨ ਨੂੰ ਪਹਿਲਾਂ ਹੀ ਭਾਰਤ ਸਰਕਾਰ ਨੂੰ ਦੇਣੀ ਹੋਵੇਗੀ।

ਏਅਰਲਾਈਜ਼ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਹੀ ਐਂਟਰੀ ਦੇਣਗੀਆਂ ਜੋ ਸੈਲਫ ਡੈਕਲਾਰੇਸ਼ਨ ਫਾਰਮ ਭਰਨਗੇ, ਨੈਗੇਟਿਵ ਰਿਪੋਰਟ ਅਪਲੋਡ ਕਰਨਗੇ।

ਓਮੀਕਰੋਨ ਦੀ ਲਾਗ ਦਾ ਪਤਾ ਕਿਵੇਂ ਲੱਗੇ

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਓਮੀਕਰੋਨ ਦੇ ਨਾਲ ਇਹ ਚੰਗੀ ਗੱਲ ਹੈ ਕਿ ਇਸ ਦਾ ਪਤਾ ਕੁਝ ਆਰਟੀ-ਪੀਸੀਆਰ ਟੈਸਟ ਤੋਂ ਪਤਾ ਚੱਲ ਸਕਦਾ ਹੈ।

ਇਸ ਨਾਲ ਇਸ ਦਾ ਪਤਾ ਲਗਾਉਣ ਵਿੱਚ ਅਤੇ ਫ਼ੈਲਣ ਤੋਂ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਕਈ ਦੂਜੇ ਵੇਰੀਐਂਟ ਦਾ ਪਤਾ ਲਗਾਉਣ ਲਈ ਜੈਨੇਟਿਕ ਸਿਕਵੈਂਸਿੰਗ ਦਾ ਸਹਾਰਾ ਲੈਣਾ ਪੈਂਦਾ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਆਰਟੀ-ਪੀਸੀਆਰ ਟੈਸਟ ਤੋਂ ਸਿਰਫ਼ ਇਹ ਪਤਾ ਲਗਦਾ ਹੈ ਕਿ ਕੋਈ ਵਿਅਕਤੀ ਕੋਰੋਨਾ ਪੀੜਤ ਹੈ ਜਾਂ ਨਹੀਂ, ਨਾ ਕਿ ਵੇਰੀਐਂਟ ਬਾਰੇ ਪਤਾ ਲੱਗਦਾ ਹੈ।

ਉਹ ਅੱਗੇ ਕਹਿੰਦੇ ਹਨ ਕਿ ਜੀਨੋਮ ਸਿਕਵੈਂਸਿੰਗ ਸਟਡੀ ਜ਼ਰੂਰੀ ਹੋ ਜਾਂਦੀ ਹੈ, ਪਰ ਸਾਰੇ ਲਾਗ ਵਾਲੇ ਸੈਂਪਲ ਨੂੰ ਜੀਨੋਮ ਸਿਕਵੈਂਸਿੰਗ ਲਈ ਨਹੀਂ ਭੇਜਿਆ ਜਾ ਸਕਦਾ।

ਓਮੀਕਰੋਨ ਮਿਊਟੇਸ਼ਨ ਨਾਲ ਜੁੜਿਆ ਹੈ, ਜੋ ਕਿ ਵਾਇਰਸ ਦਾ ਇੱਕ ਅਜਿਹਾ ਹਿੱਸਾ ਹੁੰਦਾ ਹੈ ਜੋ ਕਿ ਵਾਰ-ਵਾਰ ਬਦਲਦਾ ਹੈ ਤਾਂ ਜੋ ਉਹ ਖ਼ੁਦ ਨੰ ਦਵਾਈਆਂ ਅਤੇ ਰੋਗ-ਪ੍ਰਤਿਰੋਧ ਕੋਸ਼ਿਕਾਵਾਂ ਤੋਂ ਬਚਾ ਸਕੇ।

ਕਈ ਲੈਬਸ ਵਿੱਚ ਵੇਰੀਐਂਟਸ ਦਾ ਪਤਾ ਲਗਾਉਣ ਦੀ ਵੀ ਸੁਵਿਧਾ ਉਪਲਬਧ ਹੁੰਦੀ ਹੈ ਅਤੇ ਇਸ ਲਈ ਇਹ ਨਿਰਭਰ ਕਰਦਾ ਹੈ ਸੈਂਪਲ ਕਿੱਥੇ ਭੇਜਿਆ ਗਿਆ ਹੈ।

ਇਸ ਤੋਂ ਇਲਾਵਾ ਰੇਪਿਡ ਫਲੋਅ ਟੈਸਟ, ਜਿਸ ਨੂੰ ਘਰ ਵਿੱਚ ਵੀ ਕੀਤਾ ਜਾ ਸਕਦਾ ਹੈ, ਉਸ ਤੋਂ ਇਹ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਤੁਸੀਂ ਕਿਹੜੇ ਵੇਰੀਐਂਟ ਨਾਲ ਪੀੜਤ ਹੋ।

ਪਰ ਇਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਲਾਗ ਨਾਲ ਪੀੜਤ ਹੋ ਜਾਂ ਨਹੀਂ।

ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਕਿ ਲੋਕ ਕੋਰੋਨਾ ਨਾਲ ਪੀੜਤ ਹਨ ਜਾਂ ਨਹੀਂ ਪੀਸੀਆਰ ਟੈਸਟ ਰਾਹੀਂ ਸਵੈਬ ਲੈ ਕੇ ਉਸ ਨੂੰ ਲੈਬ ਵਿੱਚ ਭੇਜਿਆ ਜਾਂਦਾ ਹੈ।

ਕਿਵੇਂ ਹੋ ਸਕਦਾ ਹੈ ਬਚਾਅ

ਬ੍ਰਾਇਨਟ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਇਨੇਟ ਇਮਿਊਨਿਟੀ ਦੇ ਪ੍ਰੋਫੈਸਰ ਕਲੇਰ ਕਹਿੰਦੇ ਹਨ ਕਿ ਨਿਯਮਤ ਅੰਤਰਾਲ 'ਤੇ ਟੀਕਾ ਲੈਣ ਨਾਲ ਇਸ ਵਿੱਚ ਮਦਦ ਮਿਲ ਸਕਦੀ ਹੈ। ਬਹੁਤ ਸਾਰੇ ਦੇਸ਼ ਫਲੂ ਵਾਇਰਸ ਨਾਲ ਨਜਿੱਠਣ ਲਈ ਅਜਿਹੀਆਂ ਰਣਨੀਤੀਆਂ ਅਪਣਾਉਂਦੇ ਹਨ।

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਹੈਦਰਾਬਾਦ ਦੇ ਕਾਰਜਕਾਰੀ ਨਿਰਦੇਸ਼ਕ ਡਾ. ਵਿਕਾਸ ਭਾਟੀਆ ਦਾ ਕਹਿਣਾ ਹੈ ਕਿ ਜਿੱਥੇ ਹੁਣ ਤੱਕ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ, ਉੱਥੇ ਇਸ ਕਾਰਨ ਮੌਤ ਦਰ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਆਇਆ ਹੈ। ਪਰ ਵਾਇਰਸ ਲਗਾਤਾਰ ਬਦਲ ਰਿਹਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਲਾਪਰਵਾਹ ਨਾ ਰਹੀਏ।

ਉਹ ਕਹਿੰਦੇ ਹਨ, "ਹੋ ਸਕਦਾ ਹੈ ਕਿ ਇਹ ਇੱਕ ਪਾਸੇ ਕੋਵਿਡ ਮਹਾਂਮਾਰੀ ਦੇ ਅੰਤ ਦੀ ਸ਼ੁਰੂਆਤ ਹੋਵੇ। ਇਹ ਇੱਕ ਸ਼ੁਰੂਆਤ ਹੋ ਸਕਦੀ ਹੈ, ਬਸ਼ਰਤੇ ਇਸ ਵਿਚਕਾਰ ਕੋਈ ਅਜਿਹਾ ਮਿਊਟੇਸ਼ਨ ਨਾ ਆ ਜਾਵੇ ਜੋ ਬਹੁਤ ਖ਼ਤਰਨਾਕ ਹੋਵੇ। ਸਾਨੂੰ ਅਜੇ ਇਹ ਦੇਖਣਾ ਪਏਗਾ।"

ਉਹ ਕਹਿੰਦੇ ਹਨ ਕਿ ਸਾਨੂੰ ਇਸ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਦੁਸ਼ਮਣ ਆਪਣਾ ਸੁਭਾਅ ਕਿਵੇਂ ਬਦਲ ਸਕਦਾ ਹੈ। ਵਾਇਰਸ ਵਿੱਚ ਲਗਾਤਾਰ ਪਰਿਵਰਤਨ ਹੁੰਦਾ ਹੈ, ਫਿਰ ਪਰਿਵਰਤਨ ਹੋਵੇਗਾ ਅਤੇ ਨਵਾਂ ਵਾਇਰਸ ਆਵੇਗਾ ਅਤੇ ਇਸ ਦੀ ਵੀ ਚਿੰਤਾ ਹੋਵੇਗੀ।

ਉਨ੍ਹਾਂ ਮੁਤਾਬਕ, ਇੱਕ ਗੱਲ ਇਹ ਵੀ ਹੈ ਕਿ ਇਸ ਤੋਂ ਬਚਣ ਦਾ ਸਭ ਤੋਂ ਆਸਾਨ ਅਤੇ ਭਰੋਸੇਮੰਦ ਹਥਿਆਰ ਮਾਸਕ ਹੈ ਅਤੇ ਹਰ ਕਿਸੇ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ ਕਿਉਂਕਿ ਟੀਕੇ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਹੋਣ ਦੀ ਦਰ ਘਟ ਸਕਦੀ ਹੈ।

ਡਾਕਟਰ ਵਿਕਾਸ ਦਾ ਕਹਿਣਾ ਹੈ ਕਿ ਵੱਖ-ਵੱਖ ਸਰਵੇਖਣਾਂ ਵਿੱਚ ਇਹ ਪਾਇਆ ਗਿਆ ਹੈ ਕਿ ਭਾਰਤ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਜਾਂ ਤਾਂ ਵਾਇਰਸ ਦੇ ਸੰਪਰਕ ਵਿੱਚ ਆ ਚੁੱਕਿਆ ਹੈ ਜਾਂ ਇਸ ਦੀ ਲਾਗ ਤੋਂ ਠੀਕ ਹੋ ਚੁੱਕਿਆ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੇ ਸਰੀਰ ਵਿੱਚ ਕੁਝ ਪ੍ਰਤੀਰੋਧਕ ਸ਼ਕਤੀ ਹੁੰਦੀ ਹੈ ਅਤੇ ਫਿਰ ਟੀਕੇ ਨਾਲ ਵੀ ਕੁਝ ਮਦਦ ਮਿਲ ਸਕਦੀ ਹੈ।

ਪਰ ਉਹਨਾਂ ਬਾਰੇ ਕੀ ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਹੈ, ਜਿਵੇਂ ਕਿ ਬੱਚੇ। ਕੀ ਉਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੋ ਸਕਦਾ ਹੈ?

ਇਸ ਬਾਰੇ ਡਾਕਟਰ ਵਿਕਾਸ ਕਹਿੰਦੇ ਹਨ, "ਅੱਜ ਕੱਲ੍ਹ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਕੁਝ ਮਾਮਲੇ ਜ਼ਿਆਦਾ ਸੁਣਨ ਨੂੰ ਮਿਲ ਰਹੇ ਹਨ ਕਿਉਂਕਿ ਵੱਡਿਆਂ ਵਿੱਚ ਵੈਕਸੀਨ ਅਤੇ ਹਾਈਬ੍ਰਿਡ ਇਮਿਊਨਿਟੀ ਆ ਗਈ ਹੈ, ਪਰ ਚੰਗੀ ਗੱਲ ਇਹ ਹੈ ਕਿ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਚਿੰਤਾ ਵਾਲੀ ਗੱਲ ਨਹੀਂ ਆਈ ਕਿਉਂਕਿ ਉਨ੍ਹਾਂ ਵਿੱਚ ਨਾ ਦੇ ਬਰਾਬਰ ਮੌਤਾਂ ਹੋਈਆਂ ਹਨ ਅਤੇ ਹਸਪਤਾਲਾਂ ਵਿੱਚ ਜਾਣ ਦੇ ਅਜਿਹੇ ਕੋਈ ਕੇਸ ਵੀ ਨਹੀਂ ਆ ਰਹੇ ਹਨ ਜਿਸ ਬਾਰੇ ਸਾਨੂੰ ਚਿੰਤਾ ਕਰਨੀ ਪਏ। ਪਰ ਸਾਨੂੰ ਇਹ ਸਮਝਣਾ ਪਏਗਾ ਕਿ ਲਾਗ ਅਤੇ ਬਿਮਾਰੀ ਵਿੱਚ ਫਰਕ ਹੈ, ਲਾਗ ਹਰ ਕਿਸੇ ਨੂੰ ਹੋ ਸਕਦੀ ਹੈ, ਜ਼ਰੂਰੀ ਨਹੀਂ ਕਿ ਬਿਮਾਰੀ ਹੋਵੇ।''

ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਕਾਰਨ ਦੁਨੀਆਂ ਭਰ ਵਿੱਚ ਲਾਗ ਵਧਣ ਦਾ ਕਾਫੀ ਜ਼ਿਆਦਾ ਖ਼ਤਰਾ ਪੈਦਾ ਹੋ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਦੁਨੀਆਂ ਦੇ ਕੁਝ ਇਲਾਕਿਆਂ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹੈ।

ਡਬਲਿਊਐੱਚਓ ਦੇ ਮੁਖੀ ਡਾ. ਟੈਡ੍ਰੋਸ ਨੇ ਇੱਕ ਵਾਰ ਫਿਰ ਅਮੀਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਰੀਬ ਦੇਸ਼ਾਂ ਨੂੰ ਟੀਕਾ ਮੁਹੱਈਆ ਕਰਵਾਉਣ। ਉਨ੍ਹਾਂ ਚਿਤਾਇਆ ਹੈ ਕਿ ਕੋਵਿਡ-19 ਦਾ ਖ਼ਤਰਾ ਅਜੇ ਟਲਿਆ ਨਹੀਂ ਹੈ।

60 ਤੋਂ ਵੱਧ ਉਮਰ ਵਾਲੇ ਯਾਤਰਾ ਨਾ ਕਰਨ- ਡਬਲਿਊਐੱਚਓ

ਡਬਲਿਊਐੱਚਓ ਨੇ ਕਿਹਾ ਹੈ ਕਿ ਜਿਹੜੇ ਲੋਕ ਸਿਹਤਮੰਦ ਨਹੀਂ ਹਨ ਅਤੇ ਜਿਨ੍ਹਾਂ ਦਾ ਮੁਕੰਮਲ ਟੀਕਾਕਰਨ ਨਹੀਂ ਹੋਇਆ ਹੈ, ਉਨ੍ਹਾਂ ਨੂੰ ਅਜੇ ਯਾਤਰਾ ਨਹੀਂ ਕਰਨੀ ਚਾਹੀਦੀ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਡਬਲਿਊਐੱਚਓ ਨੇ ਯਾਤਰਾ ਬਾਰੇ ਬਿਆਨ ਵਿੱਚ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਨੇ ਅਜਿਹੀ ਸ਼੍ਰੇਣੀ ਵਿੱਚ 60 ਤੋਂ ਵੱਧ ਉਮਰ ਦੇ ਲੋਕ ਅਤੇ ਜਿਨ੍ਹਾਂ ਨੂੰ ਦਿਲ ਸਬੰਧੀ ਬਿਮਾਰੀਆਂ, ਕੈਂਸਰ ਜਾਂ ਸ਼ੂਗਰ ਹਨ, ਉਨ੍ਹਾਂ ਨੂੰ ਸ਼ਾਮਿਲ ਕੀਤਾ ਹੈ।

ਡਬਲਿਊਐੱਚਓ ਨੇ ਇਸ ਸਮੂਹ ਨੂੰ ਹਰ ਤਰ੍ਹਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਆਮ ਯਾਤਰਾ ਪਾਬੰਦੀਆਂ ਨਾਲ ਓਮੀਕਰੋਨ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੱਖਣੀ ਅਫ਼ਰੀਕਾ ਵਿੱਚ ਇਸ ਨਵੇਂ ਵੇਰੀਐਂਟ ਦਾ ਪਤਾ ਲੱਗਿਆ, ਸ਼ੁਰੂਆਤੀ ਸਬੂਤਾਂ ਦੇ ਆਧਾਰ 'ਤੇ ਪਤਾ ਲੱਗਦਾ ਹੈ ਕਿ ਨਵੇਂ ਵੇਰੀਐਂਟ ਦਾ ਮਿਊਟੇਸ਼ਨ ਕਾਫੀ ਵੱਧ ਹੈ ਤੇ ਲਾਗ ਦਾ ਖ਼ਤਰਾ ਵੀ ਜ਼ਿਆਦਾ ਹੈ।

ਇਸ ਵੇਰੀਐਂਟ ਨੂੰ ਤੁਰੰਤ ਰਿਪੋਰਟ ਕਰਨ ਲਈ ਦੱਖਣੀ ਅਫ਼ਰੀਕਾ ਦੀ ਪ੍ਰਸ਼ੰਸਾ ਕੀਤੀ ਗਈ ਹੈ।

ਡਬਲਿਊਐੱਚਓ ਨੇ ਆਪਣੇ ਬਿਆਨ ਵਿੱਚ ਕਿਹਾ, "ਇਹ ਵੇਰੀਐਂਟ ਕਾਫੀ ਤੇਜ਼ੀ ਨਾਲ ਮਿਊਟੈਂਟ (ਤਬਦੀਲ) ਹੋ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਮਿਊਟੇਸ਼ਨ ਚਿੰਤਾ ਦਾ ਕਾਰਨ ਹਨ।"

ਡਾ. ਟੈਡ੍ਰੋਸ ਨੇ ਕਿਹਾ ਕਿ ਦੁਨੀਆਂ ਦੇ ਵਿਗਿਆਨੀ ਇਹ ਪਤਾ ਲਗਾ ਰਹੇ ਹਨ ਕਿ ਨਵੇਂ ਵੇਰੀਐਂਟ ਦੇ ਟ੍ਰਾਂਸਮਿਸ਼ਨ ਦਾ ਖ਼ਤਰਾ ਕਿੰਨਾ ਵਧਿਆ ਹੈ ਅਤੇ ਵੈਕਸੀਨ 'ਤੇ ਇਹ ਨਵਾਂ ਵੇਰੀਐਂਟ ਕਿਵੇਂ ਪ੍ਰਤੀਕਿਰਿਆ ਕਰਦਾ ਹੈ।

ਉਨ੍ਹਾਂ ਨੇ ਕਿਹਾ, "ਓਮੀਕਰੋਨ ਇੱਕ ਹੋਰ ਐਮਰਜੈਂਸੀ ਹੈ, ਜਿਹੜੇ ਸੋਚਦੇ ਹਨ ਕਿ ਕੋਵਿਡ-19 ਨਾਲ ਅਸੀਂ ਨਜਿੱਠ ਲਿਆ ਹੈ ਪਰ ਅਜਿਹਾ ਨਹੀਂ ਹੈ।"

ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਅਜੇ ਤੱਕ ਇਸ ਵੇਰੀਐਂਟ ਕਾਰਨ ਕੋਈ ਮੌਤ ਦਰਜ ਨਹੀਂ ਹੋਈ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਥਰਮਲ ਸਕ੍ਰੀਨਿੰਗ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਕੋਰੋਨਾ ਵਰਗੇ ਵਿਸ਼ਾਣੂਆਂ ਦੇ ਸੰਕਰਮਣ ਦੀ ਜਾਂਚ ਕੀਤੀ ਜਾਂਦੀ ਹੈ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਿੱਥੇ-ਕਿੱਥੇ ਮਾਮਲੇ ਆਏ ਸਾਹਮਣੇ

ਭਾਰਤ, ਕੈਨੇਡਾ, ਯੂਕੇ, ਪੁਰਤਗਾਲ, ਬੈਲਜੀਅਮ ਅਤੇ ਨੀਦਰਲੈਂਡ ਸਣੇ ਕਈ ਦੇਸ਼ਾਂ ਸਣੇ ਇਹ ਨਵਾਂ ਵੇਰੀਐਂਟ ਹੁਣ ਤੱਕ ਕਈ ਦੇਸ਼ਾਂ ਵਿੱਚ ਸਾਹਮਣੇ ਆ ਗਿਆ ਹੈ ਅਤੇ ਇਹ ਸੂਚੀ ਵਧ ਰਹੀ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਨਵਾਂ ਵੇਰੀਐਂਟ ਯੂਕੇ, ਯੂਰਪ ਅਤੇ ਅਮਰੀਕਾ ਵੱਲੋਂ ਦੱਖਣੀ ਅਫਰੀਕਾ ਦੇ ਦੇਸ਼ਾਂ 'ਤੇ ਯਾਤਰਾ ਪਾਬੰਦੀਆਂ ਦਾ ਸਬੱਬ ਬਣਿਆ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)