ਕੋਵਿਡ-19: ਟੀਕਾ ਨਹੀਂ ਤਾਂ ਨੌਕਰੀ ਨਹੀਂ, ਇਹ ਕਿੰਨਾਂ ਸਹੀ ਹੈ

ਤਸਵੀਰ ਸਰੋਤ, Getty Images
- ਲੇਖਕ, ਪੀਟਰ ਬਾਲ
- ਰੋਲ, ਬੀਬੀਸੀ ਵਰਲਡ ਸਰਵਿਸ
ਅਮਰੀਕਾ ਨੇ ਭਾਵੇਂ ਕੋਰੋਨਾ ਦਾ ਟੀਕਾ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੋਵੇ ਪਰ ਹੁਣ ਦੇਸ਼ ਵਿੱਚ ਇਸ ਦੇ ਇਸਤੇਮਾਲ ਨੂੰ ਲੈ ਕੇ ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਹੈ ਕਿ ਕੀ ਲੋਕਾਂ ਲਈ ਇਹ ਲਾਜ਼ਮੀ ਹੈ?
ਰੈਸਟੋਰੈਂਟਾਂ ਤੇ ਖੇਡ ਸਮਾਗਮਾਂ ਵਿੱਚ ਪਾਬੰਦੀ ਤੋਂ ਲੈ ਕੇ ਨੌਕਰੀਆਂ ਗੁਆਉਣ ਤੱਕ, ਟੀਕਾ ਲਗਵਾਉਣ ਦੀ ਲਾਜ਼ਮੀ ਸ਼ਰਤ ਇੱਕ ਵੱਡਾ ਮੁੱਦਾ ਬਣ ਗਈ ਹੈ, ਖ਼ਾਸ ਕਰਕੇ ਪਿਛਲੇ ਕੁਝ ਹਫਤਿਆਂ ਦੌਰਾਨ ਨਿਊਯਾਰਕ ਵਿੱਚ।
ਜੋ ਕੁਝ ਵੀ ਉੱਥੇ ਵਾਪਰ ਰਿਹਾ ਹੈ ਉਸ ਨਾਲ ਪੂਰੀ ਦੁਨੀਆ 'ਤੇ ਅਸਰ ਹੋ ਸਕਦਾ ਹੈ ਕਿਉਂਕਿ ਟੀਕਾਕਰਨ ਮਹਿੰਗਾ ਹੁੰਦਾ ਜਾ ਰਿਹਾ ਹੈ ਅਤੇ ਵੱਖ-ਵੱਖ ਦੇਸ਼ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਇਸ ਮਹਾਮਾਰੀ ਨਾਲ ਚੰਗੇ ਤੋਂ ਚੰਗੇ ਤਰੀਕੇ ਨਾਲ ਕਿਵੇਂ ਨਿਪਟਿਆ ਜਾਵੇ।
ਟੀਕੇ ਨੂੰ ਲੈ ਕੇ ਹਨ ਚਿੰਤਾਵਾਂ
''ਮੈਂ ਟੀਕੇ ਦੇ ਪੂਰੀ ਤਰ੍ਹਾਂ ਖਿਲਾਫ ਨਹੀਂ ਹਾਂ।''
''ਮੈਂ ਸਿਰਫ ਕਹਿ ਰਹੀ ਹਾਂ ਕਿ ਇਸ ਵੇਲੇ ਨਹੀਂ, ਕਿਉਂਕਿ ਮੇਰੇ ਕੋਲ ਦੁੱਧ ਪੀਂਦਾ ਬੱਚਾ ਹੈ।''
ਇਹ ਕਹਿਣਾ ਹੈ 27 ਸਾਲਾ ਕ੍ਰਿਸਲੇਡੀ ਕਾਸਟੀਲੋ ਦਾ, ਜੋ ਕਿ ਪਿਛਲੇ ਕੁਝ ਹਫਤਿਆਂ ਪਹਿਲਾਂ ਤੱਕ ਨਿਊਯਾਰਕ ਸ਼ਹਿਰ ਦੇ ਇੱਕ ਸਕੂਲ 'ਚ ਵਿਸ਼ੇਸ਼ ਸਿੱਖਿਆ ਅਧਿਆਪਿਕਾ ਵਜੋਂ ਪੜ੍ਹਾ ਰਹੇ ਸਨ।
ਇਹ ਵੀ ਪੜ੍ਹੋ:-

ਤਸਵੀਰ ਸਰੋਤ, Getty Images
ਫਿਰ ਸਿੱਖਿਆ ਵਿਭਾਗ ਦੇ ਹੋਰ ਹਜ਼ਾਰਾਂ ਕਰਮਚਾਰੀਆਂ ਸਣੇ ਉਨ੍ਹਾਂ ਨੂੰ ਵੀ ਬਿਨਾਂ ਤਨਖਾਹ ਛੁੱਟੀ 'ਤੇ ਭੇਜ ਦਿੱਤਾ ਗਿਆ ਅਤੇ ਇਸ ਦਾ ਕਾਰਨ ਸੀ, ਕੋਵਿਡ ਟੀਕੇ ਦੀ ਇੱਕ ਵੀ ਖੁਰਾਕ ਨਾ ਲੈਣਾ।
ਜਦੋਂ ਤੋਂ ਟੀਕਾ ਲਗਵਾਉਣਾ ਸ਼ਹਿਰ ਦੇ ਸਾਰੇ ਮਿਉਂਸਿਪਲ ਕਰਮਚਾਰੀਆਂ ਲਈ ਲਾਜ਼ਮੀ ਕੀਤਾ ਗਿਆ ਹੈ ਉਦੋਂ ਤੋਂ ਹੀ ਉਨ੍ਹਾਂ ਨੂੰ ਜਾਂ ਤਾਂ ਟੀਕਾ ਲਗਵਾਉਣਾ ਪੈ ਰਿਹਾ ਹੈ ਜਾਂ ਫਿਰ ਨੌਕਰੀਆਂ ਤੋਂ ਘਰ ਭੇਜਿਆ ਜਾ ਰਿਹਾ ਹੈ।
ਹਾਲਾਂਕਿ ਯੂਐਸ ਵਿੱਚ ਮਨਜ਼ੂਰ ਹੋਏ ਟੀਕਿਆਂ ਨੇ ਸਾਰੇ ਮੈਡੀਕਲ ਟ੍ਰਾਇਲ ਪਾਸ ਕੀਤੇ ਹਨ ਅਤੇ ਦਰਜਨਾਂ ਹੋਰ ਦੇਸ਼ਾਂ ਵਿੱਚ ਵੀ ਇਨ੍ਹਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਫਿਰ ਵੀ ਕ੍ਰਿਸਲੇਡੀ ਕਹਿੰਦੇ ਹਨ, ''ਮੈਨੂੰ ਨਹੀਂ ਲੱਗਦਾ ਕਿ ਇਹ ਸੁਰੱਖਿਅਤ ਹੈ ਕਿਉਂਕਿ ਇਨ੍ਹਾਂ ਬਾਰੇ ਪੂਰੀ ਜਾਂਚ ਨਹੀਂ ਕੀਤੀ ਗਈ ਹੈ।''
ਹੁਣ ਉਨ੍ਹਾਂ ਨੂੰ ਤਨਖਾਹ ਨਹੀਂ ਮਿਲ ਰਹੀ। ਉਹ ਕਹਿੰਦੇ ਹਨ ਕਿ ਜੇਕਰ ਉਹ ਕਿਸੇ ਹੋਰ ਨਿੱਜੀ ਸਕੂਲ ਵਿੱਚ ਨੌਕਰੀ ਲੈਂਦੇ ਹਨ ਤਾਂ ਉਨ੍ਹਾਂ ਨੂੰ ਤਨਖਾਹ 60% ਘੱਟ ਮਿਲੇਗੀ ਅਤੇ ਨਾਲ ਹੀ ਉਨ੍ਹਾਂ ਦਾ ਹੈਲਥ ਇੰਸ਼ੋਰੈਂਸ਼ ਵੀ ਨਹੀਂ ਰਹੇਗਾ, ਜੋ ਕਿ ਉਨ੍ਹਾਂ ਨੂੰ ਆਪਣੀ ਇਸ ਨੌਕਰੀ ਵਿੱਚ ਮਿਲਦਾ ਹੈ।
ਕ੍ਰਿਸਲੇਡੀ ਨੇ ਟੀਕਾ ਨਾ ਲਗਵਾਉਣ ਲਈ ਛੋਟ ਦੀ ਮੰਗ ਕੀਤੀ ਹੈ ਪਰ ਉਨ੍ਹਾਂ ਦੀ ਮੁੱਢਲੀ ਅਰਜ਼ੀ ਅਤੇ ਅਪੀਲ ਖਾਰਜ ਹੋ ਗਈ ਹੈ।
ਅਜਿਹੀ ਛੋਟ ਸਿਰਫ ਉਨ੍ਹਾਂ ਮਾਮਲਿਆਂ ਵਿੱਚ ਹੈ ਜਿਨ੍ਹਾਂ ਨੂੰ ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੁਆਰਾ ਸੂਚੀਬੱਧ ਕੀਤਾ ਗਿਆ ਹੈ।

ਤਸਵੀਰ ਸਰੋਤ, Criseidly Costello
ਇਸ ਅਨੁਸਾਰ, ਦੁੱਧ ਪਿਆਉਣ ਵਾਲੀਆਂ ਮਾਵਾਂ ਲਈ ਟੀਕਾ ਲੈਣਾ ਜ਼ਰੂਰੀ ਹੈ ਅਤੇ ਅਜਿਹਾ ਕੋਈ ਮੈਡੀਕਲ ਅਧਾਰਿਤ ਸਬੂਤ ਨਹੀਂ ਹੈ ਜੋ ਇਸ ਨੂੰ ਅਸੁਰੱਖਿਅਤ ਦੱਸਦਾ ਹੋਵੇ।
ਪਰ ਕ੍ਰਿਸਲੇਡੀ ਇਸ ਵੇਲੇ ਟੀਕਾ ਲੈਣ ਲਈ ਤਿਆਰ ਨਹੀਂ ਹਨ, ''ਸਾਫ ਤੌਰ 'ਤੇ ਮੈਨੂੰ ਮੇਰੇ ਇੱਕ ਨਿੱਜੀ ਫੈਸਲੇ ਲਈ ਸਜ਼ਾ ਦਿੱਤੀ ਜਾ ਰਹੀ ਹੈ, ਮੈਂ ਸੁਆਰਥੀ ਨਹੀਂ ਹਾਂ ਮੈਂ ਸਿਰਫ ਆਪਣੀ ਬੱਚੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੀ ਹਾਂ।''
ਸਿੱਖਿਆ ਵਿਭਾਗ ਦਾ ਕਹਿਣਾ ਹੈ, ''ਕੋਵਿਡ-19 ਦੇ ਖਿਲਾਫ਼ ਜੰਗ ਵਿੱਚ ਟੀਕਾ ਸਾਡਾ ਸਭ ਤੋਂ ਵੱਡਾ ਹਥਿਆਰ ਹੈ। ਇਹ ਨਿਯਮ ਕਾਨੂੰਨ ਦੇ ਅਨੁਸਾਰ ਸਹੀ ਹੈ ਅਤੇ ਸਾਡੇ ਸਟਾਫ ਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖੇਗਾ।''
ਟੀਕੇ ਨੂੰ ਲਾਜ਼ਮੀ ਕਰਨ ਦੇ ਮਾਮਲੇ ਵਿੱਚ ਸਿੱਖਿਆ ਵਿਭਾਗ ਦੇ ਵਕੀਲਾਂ ਨੇ ਸ਼ਹਿਰ ਲਈ ਤੈਅ ਕੀਤਾ ਕਿ ਲੋਕਾਂ ਨੂੰ ਅਧਿਕਾਰ ਨਹੀਂ ਹੈ ਕਿ ਉਹ ''ਇੱਕ ਖਤਰਨਾਕ ਲਾਗ ਦੀ ਬਿਮਾਰੀ ਖਿਲਾਫ ਟੀਕਾ ਲਗਵਾਏ ਬਿਨਾਂ ਬੱਚਿਆਂ ਨੂੰ ਪੜ੍ਹਾਉਣ।
ਟੀਕੇ ਦਾ ਲਾਜ਼ਮੀ ਹੋਣਾ ਲੋਕਾਂ ਦੀ ਸਿਹਤ ਲਈ ਨਾ ਸਿਰਫ ਸਹੀ ਹੈ ਬਲਕਿ ਜ਼ਰੂਰੀ ਵੀ ਹੈ।
ਇਹ ਵੀ ਪੜ੍ਹੋ-
ਕੀ ਨੀਤੀ ਪ੍ਰਭਾਵਸ਼ਾਲੀ ਹੈ?
ਨਿਊਯਾਰਕ ਸ਼ਹਿਰ ਵਿੱਚ ਲਗਭਗ 10 ਹਜ਼ਾਰ ਅਜਿਹੇ ਲੋਕ ਹਨ ਜੋ ਕ੍ਰਿਸਲੇਡੀ ਵਰਗੀ ਸਥਿਤੀ ਵਿੱਚ ਹਨ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕੇ ਦੇ ਲਾਜ਼ਮੀ ਹੋਣ ਦੇ ਨਿਯਮ ਨੂੰ ਦੇਖਦਿਆਂ, ਕਰਮਚਾਰੀਆਂ ਦੇ ਇੱਕ ਵੱਡੇ ਸਮੂਹ ਨੇ ਟੀਕਾਕਰਨ ਕਰਵਾ ਲਿਆ ਹੈ।
ਨਿਯਮ ਵਿੱਚ ਬਦਲਾਅ ਤੋਂ ਬਾਅਦ, ਟੀਕਾ ਲੈਣ ਵਾਲੇ ਐਮਰਜੈਂਸੀ ਮੈਡੀਕਲ ਕਰਮਚਾਰੀਆਂ ਦਾ ਅੰਕੜਾ 74% ਤੋਂ ਵਧ ਕੇ 87% ਹੋ ਗਿਆ ਹੈ। ਜਦਕਿ ਅਗਨੀ ਵਿਭਾਗ ਵਿੱਚ ਇਹ 64% ਤੋਂ 77% ਹੋ ਗਿਆ ਹੈ।
ਯੂਨੀਅਨਾਂ ਚਿਤਾਵਨੀ ਦੇ ਰਹੀਆਂ ਹਨ ਕਿ ਬਿਨਾਂ ਟੀਕਾਕਰਨ ਵਾਲੇ ਲੋਕਾਂ ਨੂੰ ਬਿਨਾਂ ਤਨਖਾਹ ਛੁੱਟੀ 'ਤੇ ਭੇਜਣ ਨਾਲ ਸਟਾਫ ਦੀ ਕਮੀ ਝੱਲਣੀ ਪੈ ਸਕਦੀ ਹੈ।

ਤਸਵੀਰ ਸਰੋਤ, Getty Images
ਪਰ ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸਿਓ ਨੇ ਕਿਹਾ ਹੈ ਸ਼ਹਿਰ ਦੀਆਂ ਸੇਵਾਵਾਂ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।
''ਮੇਰਾ ਸੰਦੇਸ਼ ਹੈ, ਅਮਰੀਕਾ ਦੇ ਹਰੇਕ ਮੇਅਰ, ਅਮਰੀਕਾ ਦੇ ਹਰੇਕ ਗਵਰਨਰ (ਰਾਜਪਾਲ), ਅਮਰੀਕਾ ਵਿੱਚ ਕਾਰੋਬਾਰ ਕਰਨ ਵਾਲੇ ਹਰੇਕ ਸੀਈਓ, ਟੀਕੇ ਨੂੰ ਲਾਜ਼ਮੀ ਕਰ ਦਿਓ ਅਤੇ ਇਸ ਨਾਲ ਤੁਸੀਂ ਸਾਨੂੰ ਸਾਰਿਆਂ ਨੂੰ ਸੁਰੱਖਿਅਤ ਕਰ ਦੇਵੋਗੇ ਅਤੇ ਸਾਨੂੰ ਕੋਵਿਡ ਦੇ ਇਸ ਯੁੱਗ ਨੂੰ ਇੱਕੋ ਵਾਰ ਤੇ ਸਦਾ ਲਈ ਖਤਮ ਕਰਨ ਵਿੱਚ ਮਦਦ ਕਰੋਗੇ।''
ਲੋਕਾਂ ਨੂੰ ਧਾਰਮਿਕ ਇਤਰਾਜ਼ ਵੀ ਹਨ
ਡਗਲਸ ਕਰੀਮਨ ਵੀ ਟੀਕਾ ਨਹੀਂ ਲਗਵਾਉਣਾ ਚਾਹੁੰਦੇ।
ਨਿਊਯਾਰਕ ਸਟੇਟ ਅਧਿਕਾਰੀਆਂ ਦੁਆਰਾ ਸਾਰੇ ਮੈਡੀਕਲ ਕਰਮਚਾਰੀਆਂ ਲਈ ਟੀਕੇ ਨੂੰ ਲਾਜ਼ਮੀ ਕੀਤੇ ਜਾਣ ਦੇ ਫੈਸਲੇ ਦਾ ਪ੍ਰਭਾਵ ਉਨ੍ਹਾਂ 'ਤੇ ਵੀ ਪਿਆ ਹੈ।
ਉਹ ਕਹਿੰਦੇ ਹਨ, ''ਮੈਂ ਉਨ੍ਹਾਂ ਵਿੱਚੋਂ ਨਹੀਂ ਹਾਂ ਜੋ ਟੀਕਿਆਂ ਦਾ ਵਿਰੋਧ ਕਰਦੇ ਹਨ, ਮੈਂ ਹਰੇਕ ਟੀਕੇ ਦੇ ਖਿਲਾਫ਼ ਨਹੀਂ ਹਾਂ।''
''ਮੈਂ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹਾਂ ਜੋ ਕਹਿੰਦੇ ਹਨ ਕਿ ਵਾਇਰਸ ਸਿਰਫ ਇੱਕ ਝੂਠ ਹੈ, ਮੈਂ ਇਹ ਆਪ ਵੇਖਿਆ ਹੈ, ਮੈਂ ਲੋਕਾਂ ਨੂੰ ਮਰਦੇ ਵੇਖਿਆ ਹੈ।''
ਡਗਲਸ, ਨਿਊਯਾਰਕ ਸਟੇਟ ਦੇ ਪੱਛਮ ਵਿੱਚ ਲੈਨਕੈਸਟਰ ਵਿੱਚ ਰਹਿੰਦੇ ਹਨ ਅਤੇ ਇੱਕ ਸਥਾਨਕ ਗੰਭੀਰ ਦੇਖਭਾਲ ਯੂਨਿਟ (ਇੰਟੈਂਸਿਵ ਕੇਅਰ ਯੂਨਿਟ) ਵਿੱਚ ਕੰਮ ਕਰਦੇ ਹਨ।
ਉਨ੍ਹਾਂ ਦੀ ਨੌਕਰੀ ਵੀ ਖਤਰੇ ਵਿੱਚ ਹੈ। ਉਨ੍ਹਾਂ ਦੇ ਹੋਰ ਸਾਥੀ ਮੈਡੀਕਲ ਕਰਮਚਾਰੀਆਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਟੀਕੇ ਦੇ ਲਾਜ਼ਮੀ ਹੋਣ ਦੇ ਮਾਮਲੇ ਵਿੱਚ ਕੁਝ ਧਾਰਮਿਕ ਛੋਟ ਦਿੱਤੀ ਜਾਵੇ ਅਤੇ ਜੱਜ ਇਸ ਮਾਮਲੇ 'ਤੇ ਵਿਚਾਰ ਕਰ ਰਹੇ ਹਨ।
ਉਹ ਕਹਿੰਦੇ ਹਨ, ''ਮੇਰਾ ਕਹਿਣਾ ਹੈ ਕਿ ਤੁਸੀਂ ਮੇਰੇ ਅੰਦਰ ਕੁਝ ਪਾ ਰਹੇ ਹੋ, ਹੁਣ ਤੁਸੀਂ ਮੇਰੇ ਅੰਦਰ ਜ਼ਬਰਦਸਤੀ ਕੁਝ ਪਾ ਰਹੇ ਹੋ।''
''ਉਨ੍ਹਾਂ ਨੇ ਇਸ ਬਾਰੇ ਜਿੰਨੀ ਵੀ ਖੋਜ ਕੀਤੀ ਹੈ ਮੈਨੂੰ ਉਸ 'ਤੇ ਯਕੀਨ ਹੈ। ਪਰ ਇਸ 'ਤੇ ਜ਼ਿਆਦਾ ਲੰਮੀ ਖੋਜ ਨਹੀਂ ਕੀਤੀ ਗਈ।''
ਡਗਲਸ ਇੱਕ ਬੈਪਟਿਸਟ ਇਸਾਈ ਹਨ। ਇਸ ਲਈ ਇਨ੍ਹਾਂ ਨਵੇਂ ਟੀਕਿਆਂ ਨੂੰ ਲੈ ਕੇ ਚਿੰਤਤ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਅਜਿਹੇ ਟੀਕਿਆਂ ਨੂੰ ਲੈ ਕੇ ਧਾਰਮਿਕ ਇਤਰਾਜ਼ ਵੀ ਹਨ ਜਿਨ੍ਹਾਂ ਨੂੰ ਤਿਆਰ ਕਰਨ ਵਿੱਚ ਭਰੂਣ ਕੋਸ਼ਿਕਾਵਾਂ (ਫੀਟਲ ਸੈੱਲਾਂ) ਦਾ ਇਸਤੇਮਾਲ ਕੀਤਾ ਗਿਆ ਹੈ।
ਇਹ ਸੈੱਲ, ਸਾਲਾਂ ਪਹਿਲਾਂ ਗਰਭਪਾਤ ਕੀਤੇ ਹੋਏ ਭਰੂਣਾਂ ਤੋਂ ਲਏ ਗਏ ਸਨ।
ਹਾਲਾਂਕਿ, ਕਿਸੇ ਵੀ ਟੀਕੇ ਵਿੱਚ ਫੀਟਸ ਸੈੱਲ ਮੌਜੂਦ ਨਹੀਂ ਹਨ ਅਤੇ ਕੈਥੋਲਿਕ ਚਰਚ ਵਰਗੇ ਕਈ ਵੱਡੇ ਧਾਰਮਿਕ ਸਮੂਹ ਜੋ ਗਰਭਪਾਤ ਦਾ ਵਿਰੋਧ ਕਰਦੇ ਹਨ, ਉਹ ਵੀ ਟੀਕਾ ਲਗਵਾਉਣ ਦੀ ਸਲਾਹ ਦਿੰਦੇ ਹਨ।

ਤਸਵੀਰ ਸਰੋਤ, Douglas Kariman/Hanout
ਜੇ ਧਾਰਮਿਕ ਛੋਟ ਵਾਲਾ ਕਾਨੂੰਨੀ ਕੇਸ ਖਾਰਜ ਹੋ ਜਾਂਦਾ ਹੈ ਤਾਂ ਬਹੁਤ ਸੰਭਵ ਹੈ ਕਿ ਫਿਰ ਡਗਲਸ ਨਿਊਯਾਰਕ ਸਟੇਟ ਵਿੱਚ ਕੰਮ ਨਾ ਕਰ ਸਕਣ।
''ਮੇਰੇ ਨਾਲ ਮੇਰੀ ਪਤਨੀ ਵੀ ਹੈ ਜਿਸ ਨੂੰ ਸਰੀਰਕ ਦਿੱਕਤਾਂ ਹਨ, ਉਹ ਕੰਮ ਨਹੀਂ ਕਰਦੀ, ਇਸ ਲਈ ਸਾਰਾ ਕੁਝ ਮੇਰੇ ਉੱਪਰ ਹੀ ਨਿਰਭਰ ਹੈ।''
''ਜੇ ਮੇਰੀ ਨੌਕਰੀ ਚਲੀ ਗਈ ਤਾਂ ਮੇਰਾ ਸਭ ਕੁਝ ਚਲਾ ਜਾਵੇਗਾ, ਤੁਸੀਂ ਸਮਝ ਸਕਦੇ ਹੋ ਕਿ ਇਹ ਮੇਰੀ ਰੋਜ਼ੀ-ਰੋਟੀ ਹੈ।''
ਉਨ੍ਹਾਂ ਕੋਲ ਇੱਕੋ ਰਸਤਾ ਬਾਕੀ ਹੈ ਕਿ ਉਹ ਰੋਜ਼ਾਨਾ ਡੇਢ ਘੰਟੇ ਦਾ ਸਫ਼ਰ ਕਰਕੇ ਨਾਲ ਲੱਗਦੇ ਸ਼ਹਿਰ ਪੈਂਸਲਵੇਨੀਆ ਜਾਣ ਅਤੇ ਕੰਮ ਕਰਨ।
ਪੈਂਸਲਵੇਨੀਆ ਵਿੱਚ ਅਜੇ ਤੱਕ ਮੈਡੀਕਲ ਕਰਮਚਾਰੀਆਂ ਲਈ ਟੀਕਾ ਲਾਜ਼ਮੀ ਨਹੀਂ ਕੀਤਾ ਗਿਆ ਹੈ।
''ਇਸ ਸਭ ਤੋਂ ਬਾਅਦ ਮੈਂ ਵਾਕਈ ਇੱਥੋਂ ਜਾਣ ਬਾਰੇ ਸੋਚ ਰਿਹਾ ਹਾਂ। ਮੈਨੂੰ ਇਹ ਕਹਿਣਾ ਬੁਰਾ ਲੱਗ ਰਿਹਾ ਹੈ ਕਿਉਂਕਿ ਮੇਰਾ ਪਰਿਵਾਰ ਅਤੇ ਮਾਤਾ-ਪਿਤਾ ਇੱਥੇ ਹੀ ਹਨ, ਪਰ ਤੁਸੀਂ ਹੋਰ ਕਰੋਗੇ ਵੀ ਕੀ?''
ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ, ਟੀਕੇ ਦੇ ਲਾਜ਼ਮੀ ਹੋਣ ਦਾ ਸਮਰਥਨ ਕਰਦੇ ਹਨ ਅਤੇ ਕਹਿੰਦੇ ਹਨ, ''ਸਾਨੂੰ ਯਕੀਨ ਹੈ ਕਿ ਇਸ ਨੇ ਕੰਮ ਕੀਤਾ ਹੈ।"
"ਇਸ ਨੇ ਲੋਕਾਂ ਨੂੰ ਅਤੇ ਖਾਸ ਕਰਕੇ ਮੈਡੀਕਲ ਕਰਮਚਾਰੀਆਂ ਨੂੰ ਸੁਰੱਖਿਅਤ ਕਰਨ ਦੀ ਸਾਡੀ ਯੋਗਤਾ 'ਤੇ ਜ਼ਬਰਦਸਤ ਅਸਰ ਕੀਤਾ ਹੈ।''

ਤਸਵੀਰ ਸਰੋਤ, Dr Calvin Sun/Handout
ਇਸ ਦੇ ਨਾਲ ਹੀ, ਸਟੇਟ ਪੱਖ ਦੇ ਵਕੀਲ ਇਸ ਗੱਲ ਦਾ ਲਗਾਤਾਰ ਵਿਰੋਧ ਕਰ ਰਹੇ ਹਨ ਕਿ ਧਾਰਮਿਕ ਆਧਾਰਾਂ 'ਤੇ ਟੀਕੇ ਲਈ ਕਿਸੇ ਪ੍ਰਕਾਰ ਦੀ ਛੋਟ ਦਿੱਤੀ ਜਾਵੇ।
ਨੀਤੀ ਨੂੰ ਸਮਰਥਨ ਵੀ ਮਿਲ ਰਿਹਾ ਹੈ
ਪਰ ਡਾਕਟਰ ਕਲਾਵਿਨ ਸਨ, ਟੀਕੇ ਅਤੇ ਇਸ ਦੇ ਲਾਜ਼ਮੀ ਹੋਣ ਬਾਰੇ ਵੱਖਰਾ ਸੋਚਦੇ ਹਨ।
ਉਹ ਨਿਊਯਰਕ ਸ਼ਹਿਰ ਵਿੱਚ ਐਮਰਜੈਂਸੀ ਮੈਡੀਸਨ ਵਿੱਚ ਇੱਕ ਅਟੈਂਡਿੰਗ ਫਿਜ਼ਿਸ਼ਿਅਨ ਵਜੋਂ ਕੰਮ ਕਰਦੇ ਹਨ।
ਉਹ ਕਹਿੰਦੇ ਹਨ ਕਿ ਮਹਾਮਾਰੀ ਦੇ ਸਿਖਰ 'ਤੇ ਉਨ੍ਹਾਂ ਨੇ ''ਉਸ ਮਹੀਨੇ ਵਿੱਚ ਬਹੁਤ ਕੁਝ ਵੇਖ ਲਿਆ ਹੈ, ਦੋ ਮਹੀਨੇ ਜੋ ਸਾਰੀ ਜ਼ਿੰਦਗੀ ਤੁਹਾਨੂੰ ਡਰਾਉਂਦੇ ਰਹਿਣਗੇ।''
ਉਹ ਅੱਗੇ ਕਹਿੰਦੇ ਹਨ, ''ਇਹ ਕੁਝ ਅਜਿਹਾ ਹੀ ਸੀ।''
ਉਨ੍ਹਾਂ ਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਹੈ ਕਿ ਟੀਕਾ ਲੈਣ ਨਾਲ ਤੁਸੀਂ ਕੋਵਿਡ ਤੋਂ ਵੀ ਜ਼ਿਆਦਾ ਵੱਡੇ ਕਿਸੇ ਖ਼ਤਰੇ ਵਿੱਚ ਪੈ ਸਕਦੇ ਹੋ।
ਉਹ ਕਹਿੰਦੇ ਹਨ, ''ਟੀਕੇ ਤੋਂ ਹੋਣ ਵਾਲੇ ਫਾਇਦੇ ਖਤਰੇ ਨਾਲੋਂ ਕਿਤੇ ਜ਼ਿਆਦਾ ਹਨ।''
''(ਕੰਮ ਦੌਰਾਨ) ਮੈਂ ਕੋਵਿਡ ਸੰਕਰਮਿਤ ਲੋਕਾਂ ਵਿੱਚ ਜਿੰਨੀਆਂ ਵੀ ਗੰਭੀਰ ਸਮੱਸਿਆਵਾਂ ਵੇਖੀਆਂ, ਉਹ ਸਾਰੀਆਂ ਬਿਨਾਂ ਟੀਕਾ ਲਗਵਾਏ ਲੋਕਾਂ ਵਿੱਚ ਸਨ।''
ਇਸੇ ਕਾਰਨ ਡਾ. ਸਨ ਦਾ ਮੰਨਣਾ ਹੈ ਕਿ, ਟੀਕੇ ਨੂੰ ਲਾਜ਼ਮੀ ਬਣਾਉਣ ਵਿੱਚ ਅਧਿਕਾਰੀ ਸਹੀ ਸਨ।
ਉਹ ਕਹਿੰਦੇ ਹਨ, ''ਇਹ ਦੁਖਦਾਈ ਹੈ ਕਿ ਅਸੀਂ ਉਸ ਮੁਕਾਮ 'ਤੇ ਆ ਗਏ ਹਾਂ ਜਿੱਥੇ ਸਾਨੂੰ ਇਸ ਨੂੰ ਲਾਜ਼ਮੀ ਕਰਨਾ ਪੈ ਰਿਹਾ ਹੈ ਕਿਉਂਕਿ ਡਾਕਟਰੀ ਨਜ਼ਰੀਏ ਵਿੱਚ ਅਸੀਂ ਹਮੇਸ਼ਾ ਮਰੀਜ਼ ਨੂੰ ਸਮਝਾਉਂਦੇ ਹੋਏ ਇਹ ਚੋਣ ਕਰਨ ਦੀ ਆਜ਼ਾਦੀ ਦੇਣਾ ਚਾਹੁੰਦੇ ਹਾਂ।"
"ਉਨ੍ਹਾਂ ਨੂੰ ਅਜਿਹਾ ਆਪਣੇ ਸਮਾਜ ਅਤੇ ਆਪਣੇ ਪਰਿਵਾਰ ਦੀ ਭਲਾਈ ਲਈ ਕਰਨਾ ਚਾਹੀਦਾ ਹੈ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਹੋਰਾਂ ਨੂੰ ਨਿਊਯਾਰਕ ਨੂੰ ਮਿਸਾਲ ਵਜੋਂ ਦੇਖਣਾ ਚਾਹੀਦਾ ਹੈ, ''ਅਸੀਂ ਦੁਨੀਆ ਨੂੰ ਦਿਖਾ ਸਕਦੇ ਹਾਂ ਕਿ ਇਹ (ਲਾਜ਼ਮੀ ਹੋਣਾ) ਇੰਨਾ ਵੀ ਬੁਰਾ ਨਹੀਂ ਹੈ ਜਿੰਨਾ ਲੋਕ ਡਰ ਰਹੇ ਹਨ।''
ਪੂਰੀ ਦੁਨੀਆ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਕੋਵਿਡ ਨੂੰ ਲੈ ਕੇ ਸਖਤ ਨਿਯਮ ਬਣਾਏ ਜਾ ਰਹੇ ਹਨ।
ਯੂਰਪ ਵਿੱਚ, ਲਾਟਵਿਆ ਨੇ ਕੰਪਨੀਆਂ ਨੂੰ ਆਗਿਆ ਦੇ ਦਿੱਤੀ ਹੈ ਕਿ ਉਹ ਅਜਿਹੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਸਕਦੇ ਹਨ ਜੋ ਟੀਕਾ ਲਗਵਾਉਣ ਜਾਂ ਘਰੋਂ ਕੰਮ ਕਰਨ ਤੋਂ ਇਨਕਾਰ ਕਰਦੇ ਹਨ।
ਏਸ਼ੀਆ ਵਿੱਚ, ਇੰਡੋਨੇਸ਼ੀਆ ਦੇ ਕੁਝ ਹਿੱਸਿਆਂ ਵਿੱਚ ਸਾਰੇ ਨਾਗਰਿਕਾਂ ਲਈ ਟੀਕਾ ਲਾਜ਼ਮੀ ਕੀਤਾ ਗਿਆ ਹੈ ਅਤੇ ਕੋਸਟਾ ਰਿਕਾ ਅਜਿਹਾ ਪਹਿਲਾ ਲੈਟਿਨ ਅਮਰੀਕੀ ਦੇਸ਼ ਬਣ ਗਿਆ ਹੈ ਜਿੱਥੇ ਸਰਕਾਰੀ ਕਰਮਚਾਰੀਆਂ ਨੂੰ ਸੁਰੱਖਿਅਤ ਕੀਤਾ ਜਾਣਾ ਜ਼ਰੂਰੀ ਹੈ।
ਜਿੱਥੇ ਦੁਨੀਆ ਭਰ ਵਿੱਚ, ਹਰ ਹਫਤੇ ਕੋਵਿਡ-19 ਦੇ ਕਾਰਨ ਹਜ਼ਾਰਾਂ ਲੋਕ ਮਰ ਰਹੇ ਹਨ, ਬਹੁਤ ਸਾਰੇ ਦੇਸ਼ਾਂ ਨੂੰ ਅਜਿਹੇ ਸਖਤ ਫੈਸਲੇ ਲੈਣ ਦੀ ਲੋੜ ਪਵੇਗੀ ਜਿਸ ਨਾਲ ਲੋਕਾਂ ਵਿੱਚ ਟੀਕੇ ਦੀ ਝਿਜਕ ਨੂੰ ਖਤਮ ਕੀਤਾ ਜਾ ਸਕੇ। ਫਿਰ ਭਾਵੇਂ ਇਸ ਲਈ ਇਹੀ ਕਿਉਂ ਨਾ ਕਹਿਣਾ ਪਵੇ, ''ਟੀਕਾ ਨਹੀਂ ਤਾਂ ਨੌਕਰੀ ਨਹੀਂ।''
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













