ਕੀ ਦੰਦਾਂ ਨੂੰ ਬੁਰਸ਼ ਕਰਨ ਲਈ 2 ਮਿੰਟ ਦਾ ਸਮਾਂ ਕਾਫੀ ਹੈ? ਜਾਣੋ ਕੀ ਹੈ ਬੁਰਸ਼ ਕਰਨ ਦਾ ਸਹੀ ਤਰੀਕਾ

    • ਲੇਖਕ, ਜੋਸੇਫਿਨ ਹਰਸ਼ਫ਼ੇਲਡ
    • ਰੋਲ, ਦਿ ਕਾਨਵਰਸੇਸ਼ਨ

ਇਹ ਅਕਸਰ ਹੀ ਸੁਣਨ ਨੂੰ ਮਿਲ ਜਾਂਦਾ ਹੈ ਕਿ ਸਾਨੂੰ ਆਪਣੇ ਦੰਦਾਂ ਨੂੰ ਦਿਨ 'ਚ ਦੋ ਵਾਰ ਤੇ ਘੱਟੋ-ਘੱਟ ਦੋ ਮਿੰਟ ਲਈ ਬੁਰਸ਼ ਕਰਨਾ ਚਾਹੀਦਾ ਹੈ।

ਦੰਦਾਂ ਦੇ ਡਾਕਟਰਾਂ ਨੇ 1970 ਦੇ ਦਹਾਕੇ 'ਚ ਇਹ ਸੁਝਾਅ ਦੇਣਾ ਸ਼ੁਰੂ ਕੀਤਾ ਸੀ ਕਿ ਸਾਨੂੰ ਆਪਣੇ ਦੰਦ ਦੋ ਮਿੰਟ ਲਈ ਸਾਫ਼ ਕਰਨੇ ਚਾਹੀਦੇ ਹਨ। ਬਾਅਦ ਵਿੱਚ ਨਰਮ ਵਾਲਾਂ (ਬ੍ਰਿਸਲਜ਼) ਵਾਲੇ ਬੁਰਸ਼ ਵਰਤਣ ਵਾਲੀ ਸਲਾਹ ਵੀ ਦਿੱਤੀ ਗਈ।

ਉਂਝ ਕੁਝ ਦਾ ਮੰਨਣਾ ਹੈ ਕਿ ਇੱਕ ਮਿੰਟ ਤੱਕ ਦੰਦਾਂ ਨੂੰ ਬੁਰਸ਼ ਕਰਨਾ ਵੀ ਕਾਫ਼ੀ ਹੈ ਤੇ ਜਦਕਿ ਕੁਝ ਹੋਰ ਸਬੂਤਾਂ ਦੇ ਮੁਤਾਬਕ ਇਸਦੇ ਲਈ ਦੋ ਮਿੰਟ ਦਾ ਸਮਾਂ ਵੀ ਘੱਟ ਹੈ।

ਕੁਝ ਨਵੇਂ ਅਧਿਐਨਾਂ ਦੇ ਮੁਤਾਬਕ, ਜੇ ਦੰਦਾਂ ਵਿੱਚੋਂ ਵੱਧ ਤੋਂ ਵੱਧ ਗੰਦਗੀ ਹਟਾਉਣੀ ਹੈ ਤਾਂ ਬੁਰਸ਼ ਵੀ ਜ਼ਿਆਦਾ ਦੇਰ ਤੱਕ ਕਰਨਾ ਪਏਗਾ।

ਇਸਦੇ ਲਈ ਘੱਟੋ-ਘੱਟ 3-4 ਮਿੰਟ ਦੇ ਸਮੇਂ ਦਾ ਸੁਝਾਅ ਦਿੱਤਾ ਗਿਆ ਹੈ।

ਕਰੇੜਾ ਹਟਾਉਣ ਵਿੱਚ ਮਦਦਗਾਰ

ਪਰ ਹੁਣ ਇਸਨੂੰ ਲੈ ਕੇ ਜੋ ਇੱਕ-ਮਤ ਬਣਿਆ ਹੈ, ਉਹ ਮੁੱਖ ਰੂਪ ਨਾਲ 1990 ਦੇ ਦਹਾਕੇ ਵਿੱਚ ਛਪੀ ਇੱਕ ਰਿਪੋਰਟ 'ਤੇ ਅਧਾਰਿਤ ਹੈ। ਜਿਸ ਵਿੱਚ ਬੁਰਸ਼ ਕਰਨ ਦੇ ਸਮੇਂ, ਉਸਦੀ ਵਿਧੀ ਅਤੇ ਬੁਰਸ਼ ਦੀਆਂ ਭਿੰਨ-ਭਿੰਨ ਪ੍ਰਕਾਰਾਂ ਬਾਰੇ ਦੱਸਿਆ ਗਿਆ ਹੈ।

ਇਨ੍ਹਾਂ ਅਧਿਐਨਾਂ ਵਿੱਚ ਸਾਹਮਣੇ ਆਇਆ ਹੈ ਕਿ ਦੋ ਮਿੰਟ ਤੱਕ ਬੁਰਸ਼ ਕਰਨਾ ਕਰੇੜਾ (ਪਲੈਕ) ਹਟਾਉਣ ਵਿੱਚ ਮਦਦਗਾਰ ਤਾਂ ਹੈ ਪਰ ਚੰਗੀ ਤਰ੍ਹਾਂ ਨਹੀਂ।

ਇਸ ਤੋਂ ਇਲਾਵਾ ਜਦੋਂ ਬੁਰਸ਼ ਦੋ ਮਿੰਟ ਤੋਂ ਜ਼ਿਆਦਾ ਸਮੇਂ ਤੱਕ ਕੀਤਾ ਗਿਆ ਤਾਂ ਉਸਤੋਂ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਕਰੇੜਾ ਸਾਫ਼ ਹੋਇਆ ਪਰ ਇਸਦੇ ਬਾਵਜੂਦ ਵੀ ਇਹ ਅਧਿਐਨ ਹਾਲੇ ਤੱਕ ਨਹੀਂ ਕੀਤਾ ਗਿਆ ਕਿ ਦੋ ਮਿੰਟ ਤੋਂ ਵੱਧ ਸਮੇਂ ਤੱਕ ਬੁਰਸ਼ ਕਰਨ ਨਾਲ ਕੀ ਸਾਡੇ ਦੰਦ ਜ਼ਿਆਦਾ ਲੰਮੇਂ ਸਮੇਂ ਤੱਕ ਤੰਦਰੁਸਤ ਰਹਿਣਗੇ।

ਹਾਲਾਂਕਿ ਕਰੇੜਾ ਜ਼ਿਆਦਾ ਜੰਮਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਅਸੀਂ ਜਾਣਦੇ ਹਾਂ ਅਤੇ ਇਸ ਆਧਾਰ 'ਤੇ ਹਰ ਵਾਰ ਬੁਰਸ਼ ਕਰਨ ਨਾਲ ਹਟਣ ਵਾਲਾ ਕਰੇੜਾ ਸਾਡੇ ਮੂੰਹ ਦੀ ਸਿਹਤ ਨੂੰ ਬਿਹਤਰ ਹੀ ਬਣਾਉਂਦਾ ਹੈ।

ਇਹ ਵੀ ਪੜ੍ਹੋ:

ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ

ਦੰਦਾਂ ਨੂੰ ਬੁਰਸ਼ ਕਰਨਾ ਪਿੱਛੇ ਸਾਡਾ ਮੁੱਖ ਉਦੇਸ਼ ਕੀਟਾਣੂਆਂ ਨੂੰ ਹਟਾਉਣਾ ਹੁੰਦਾ ਹੈ। ਇਨ੍ਹਾਂ ਨੂੰ ਡੈਂਟਲ ਪਲੈਕ ਕਹਿੰਦੇ ਹਨ। ਇਹ ਪਲੈਕ ਬੈਕਟੀਰੀਆ, ਵਾਇਰਸ ਅਤੇ ਫੰਗਸ ਦੇ ਰੂਪ 'ਚ ਇੱਕ ਸਮੂਹ ਬਣਾ ਕੇ ਤੇ ਇਕੱਠੇ ਹੋ ਕੇ ਉੱਥੇ ਰਹਿੰਦੇ ਹਨ, ਜਿਸਨੂੰ ਮਾਇਕ੍ਰੋਬੀਅਲ ਬਾਇਓਫਿਲਮ (ਕਰੇੜਾ ਜੋ ਕਿ ਜੀਵਾਣੂਆਂ ਦੀ ਇੱਕ ਜੈਵਿਕ ਪਰਤ ਹੁੰਦੀ ਹੈ) ਕਿਹਾ ਜਾਂਦਾ ਹੈ।

ਇਹ ਕਰੇੜਾ ਬਹੁਤ ਚਿਪਚਿਪਾ ਹੁੰਦਾ ਹੈ ਤੇ ਸਿਰਫ਼ ਬੁਰਸ਼ ਦੀ ਮਦਦ ਨਾਲ ਹੀ ਹਟਾਇਆ ਜਾ ਸਕਦਾ ਹੈ। ਕਈ ਕਾਰਨਾਂ ਕਰਕੇ ਇਹ ਰੋਗਾਣੂ ਬਹੁਤ ਆਸਾਨੀ ਨਾਲ ਵਧਦੇ ਰਹਿੰਦੇ ਹਨ।

ਇਸ ਵਿੱਚ ਦੰਦਾਂ ਦੀ ਸਤਹਿ 'ਤੇ ਖੁਰਦਰਾਪਣ ਪੈਦਾ ਹੋਣਾ, ਬੁਰਸ਼ ਦਾ ਮਸੂੜ੍ਹਿਆਂ ਦੇ ਕੁਝ ਹਿੱਸਿਆਂ ਤੱਕ ਨਾ ਪਹੁੰਚ ਸਕਣ ਵਰਗੀਆਂ ਚੀਜ਼ਾਂ ਸ਼ਾਮਲ ਹਨ।

ਦਰਅਸਲ, ਸਾਫ਼ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਇਹ ਬਾਇਓਫਿਲਮ ਸਾਡੇ ਦੰਦਾਂ 'ਤੇ ਦੁਬਾਰਾ ਤਿਆਰ ਹੋਣ ਦੀ ਸਮਰੱਥਾ ਰੱਖਦੀਆਂ ਹਨ। ਇਸੇ ਕਾਰਨ ਦਿਨ ਵਿੱਚ ਦੋ ਵਾਰ ਬੁਰਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਜੇਕਰ ਦੰਦਾਂ ਨੂੰ ਲੰਮੇਂ ਸਮੇਂ ਤੱਕ ਬੁਰਸ਼ ਨਾ ਕੀਤਾ ਜਾਵੇ ਅਤੇ ਸਹੀ ਤਰੀਕੇ ਨਾਲ ਇਨ੍ਹਾਂ ਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਇਨ੍ਹਾਂ 'ਤੇ ਬਹੁਤ ਜ਼ਿਆਦਾ ਕਰੇੜਾ ਜੰਮ ਜਾਏਗਾ। ਅਜਿਹੀ ਸਥਿਤੀ ਵਿੱਚ ਸਾਡੀ ਪ੍ਰਤੀਰੱਖਿਆ ਪ੍ਰਣਾਲੀ ਸਰਗਰਮ ਹੋ ਸਕਦੀ ਹੈ ਅਤੇ ਮਸੂੜ੍ਹਿਆਂ ਵਿੱਚ ਸੋਜ ਆ ਸਕਦੀ ਹੈ ਤੇ ਦਰਦ ਹੋ ਸਕਦਾ ਹੈ।

ਆਮ ਤੌਰ 'ਤੇ ਸੋਜ ਦੀ ਸਥਿਤੀ ਵਿੱਚ ਦਰਦ ਨਹੀਂ ਹੁੰਦਾ ਪਰ ਇਸ ਸਮੇਂ ਦੰਦਾਂ ਨੂੰ ਬੁਰਸ਼ ਕਰਨ ਵੇਲੇ ਖੂਨ ਨਿੱਕਲਣ ਦੀ ਸ਼ਿਆਕਿਤ ਹੋ ਜਾਂਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਤਾਂ ਸਾਹ ਵਿੱਚੋਂ ਬਦਬੂ ਵੀ ਆਉਂਦੀ ਹੈ। ਇਹ ਬਾਇਓਫਿਲਮ ਕੈਵਿਟੀ ਦਾ ਕਾਰਨ ਵੀ ਬਣ ਸਕਦੇ ਹਨ।

ਕੀ ਹੈ ਬੁਰਸ਼ ਕਰਨ ਦਾ ਸਹੀ ਤਰੀਕਾ?

ਅਸੀਂ ਆਪਣੇ ਹਰੇਕ ਦੰਦ 'ਚੋਂ ਜ਼ਿਆਦਾ ਤੋਂ ਜ਼ਿਆਦਾ ਪਲੈਕ ਨੂੰ ਹਟਾਉਣ ਲਈ ਬੁਰਸ਼ ਕਰਦੇ ਹਾਂ। ਤਾਜ਼ਾ ਤੱਥ ਦਰਸਾਉਂਦੇ ਹਨ ਕਿ ਹਰ ਵਾਰ ਦੰਦਾਂ ਨੂੰ ਬੁਰਸ਼ ਕਰਨ ਵਿੱਚ ਲਗਾਇਆ ਗਿਆ ਵੱਧ ਤੋਂ ਵੱਧ ਸਮਾਂ (ਹਰ ਵਾਰ ਚਾਰ ਮਿੰਟ ਤੱਕ ) ਇਨ੍ਹਾਂ ਨੂੰ ਸਾਫ਼ ਕਰਨ ਵਿੱਚ ਮਦਦਗਾਰ ਹੁੰਦਾ ਹੈ।

ਲੰਮੇਂ ਸਮੇਂ ਤੱਕ ਬੁਰਸ਼ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੇ ਦੰਦਾਂ ਨੂੰ ਵੱਧ ਤੋਂ ਵੱਧ ਸਾਫ ਕਰ ਸਕਦੇ ਹਾਂ, ਖਾਸ ਕਰਕੇ ਉਨ੍ਹਾਂ ਥਾਵਾਂ 'ਤੇ ਵੀ ਜਿੱਥੇ ਬੁਰਸ਼ ਆਸਾਨੀ ਨਾਲ ਨਹੀਂ ਪਹੁੰਚਦਾ ਅਤੇ ਘੱਟ ਸਮੇਂ ਤੱਕ ਸਫਾਈ ਕਰਨ ਵੇਲੇ ਅਜਿਹੀਆਂ ਥਾਵਾਂ ਸਾਫ ਹੋਣ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ।

ਇਸ ਗੱਲ ਬਾਰੇ ਵੀ ਸਾਵਧਾਨ ਰਹੋ ਕਿ ਦੰਦਾਂ ਨੂੰ ਵਾਰ-ਵਾਰ ਬੁਰਸ਼ ਨਾ ਕੀਤਾ ਜਾਵੇ (ਮਿਸਾਲ ਵਜੋਂ - ਦਿਨ ਵਿੱਚ ਦੋ ਵਾਰ ਤੋਂ ਜ਼ਿਆਦਾ) ਅਤੇ ਦੰਦਾਂ ਨੂੰ ਜ਼ੋਰ-ਜ਼ੋਰ ਨਾਲ ਵੀ ਨਹੀਂ ਰਗੜਨਾ ਚਾਹੀਦਾ।

ਇਸ ਤੋਂ ਇਲਾਵਾ ਇਸ ਗੱਲ 'ਤੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਸਖਤ ਬ੍ਰਿਸਲਜ਼ ਵਾਲੇ ਬੁਰਸ਼ ਤੇ ਖੁਰਦਰੇ ਟੂਥਪੇਸਟ ਜਾਂ ਪਾਊਡਰ ਦੀ ਵਰਤੋਂ ਤਾਂ ਬਿਲਕੁਲ ਵੀ ਨਾ ਕਰੋ ਕਿਉਂਕਿ ਇਸ ਨਾਲ ਦੰਦਾਂ 'ਤੇ ਜ਼ਿਆਦਾ ਰਗੜ ਹੁੰਦੀ ਹੈ ਅਤੇ ਇਨ੍ਹਾਂ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।

ਬੁਰਸ਼ ਕਰਨ ਦੇ ਕਈ ਵੱਖ-ਵੱਖ ਤਰੀਕ ਹੁੰਦੇ ਹਨ ਜਿਨ੍ਹਾਂ ਰਾਹੀਂ ਤੁਸੀਂ ਆਪਣੇ ਦੰਦਾਂ ਨੂੰ ਸਹੀ ਤਰੀਕੇ ਨਾਲ ਸਾਫ਼ ਕਰ ਸਕਦੇ ਹੋ।

ਇਨ੍ਹਾਂ ਵਿੱਚੋਂ ਇੱਕ ਹੈ ਬਾਸ ਤਕਨੀਕ। ਇਸ ਵਿੱਚ ਦੰਦਾਂ ਦੇ ਨਾਲ-ਨਾਲ ਮਸੂੜ੍ਹਿਆਂ ਦੀ ਵੀ ਚੰਗੀ ਤਰ੍ਹਾਂ ਸਫ਼ਾਈ ਹੁੰਦੀ ਹੈ। ਇਸ ਵਿਧੀ ਵਿੱਚ ਮਸੂੜ੍ਹਿਆਂ ਦੇ ਨਿਚਲੇ ਹਿੱਸੇ ਨੂੰ ਵੀ ਸਾਫ ਕੀਤਾ ਜਾਂਦਾ ਹੈ ਜਿੱਥੇ ਪਲੈਕ ਸਭ ਤੋਂ ਪਹਿਲਾਂ ਜੰਮਦੇ ਹਨ ਤੇ ਸੋਜ ਦਾ ਕਾਰਨ ਬਣਦੇ ਹਨ।

ਆਪਣੇ ਦੰਦਾਂ ਨੂੰ ਹਲਕੇ ਹੱਥ ਨਾਲ ਭਾਵ ਬਿਨਾਂ ਜ਼ਿਆਦਾ ਜ਼ੋਰ ਲਗਾਏ ਬੁਰਸ਼ ਕਰੋ। ਹਾਲਾਂਕਿ, ਇਸ ਗੱਲ ਲਈ ਕਿਸੇ ਇੱਕ-ਮਤ 'ਤੇ ਸਭ ਦੀ ਸਹਿਮਤੀ ਦੇ ਸਬੂਤ ਨਹੀਂ ਹਨ ਕਿ ਇਹ ਤਾਕਤ ਕਿੰਨੀ ਹੋਣੀ ਚਾਹੀਦੀ ਹੈ। ਸਾਡੇ ਮੂੰਹ ਦੇ ਅੰਦਰ ਸਖਤ ਅਤੇ ਨਰਮ ਦੋਵੇਂ ਤਰ੍ਹਾਂ ਦੇ ਟਿਸ਼ੂ (ਸੈੱਲ) ਹੁੰਦੇ ਹਨ ਅਤੇ ਘੱਟ ਜਾਂ ਹਲਕੀ ਤਾਕਤ ਨਾਲ ਬੁਰਸ਼ ਕਰਨ 'ਤੇ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਦਾ।

ਇਸ ਤਕਨੀਕ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਕ ਹਨ, ਜਿਵੇਂ ਕਿ ਤੁਸੀਂ ਦੰਦਾਂ ਦਾ ਕਿਹੜਾ ਬੁਰਸ਼, ਟੂਥਪੇਸਟ ਅਤੇ ਜੀਭੀ ਇਸਤੇਮਾਲ ਕਰਦੇ ਹੋ।

ਮਿਸਾਲ ਵਜੋਂ, ਜਿਹੜੇ ਲੋਕ ਬਹੁਤ ਜ਼ਿਆਦਾ ਐਸਿਡ ਵਾਲਾ ਸੋਢਾ ਪੀ ਕੇ ਆਪਣੇ ਦੰਦਾਂ ਦੀ ਸਤਹਿ ਨੂੰ ਨੁਕਸਾਨ ਪਹੁੰਚਾ ਚੁੱਕੇ ਹਨ, ਉਨ੍ਹਾਂ ਦੇ ਦੰਦ ਕਮਜ਼ੋਰ ਹੋ ਸਕਦੇ ਹਨ।

ਇਸਦਾ ਮਤਲਬ ਇਹ ਹੈ ਜੇ ਉਹ ਅਜਿਹੇ ਟੂਥਪੇਸਟ ਜਾਂ ਸਖਤ ਵਾਲਾਂ ਵਾਲੇ ਬੁਰਸ਼ ਦੀ ਵਰਤੋਂ ਕਰਨਗੇ ਜਿਨਾਂ ਨਾਲ ਦੰਦਾਂ 'ਤੇ ਰਗੜ ਹੋਵੇ ਤਾਂ ਉਨ੍ਹਾਂ ਦੇ ਦੰਦਾਂ ਨੂੰ ਹੋਰ ਵੱਧ ਨੁਕਸਾਨ ਪਹੁੰਚੇਗਾ।

ਤੁਹਾਨੂੰ ਆਪਣੇ ਦੰਦਾਂ ਲਈ ਕਿਹੜਾ ਬੁਰਸ਼ ਵਰਤਣਾ ਚਾਹੀਦਾ ਹੈ, ਇਸਦੇ ਲਈ ਤੁਸੀਂ ਦੰਦਾਂ ਦੇ ਡਾਕਟਰ ਦੀ ਸਲਾਹ ਲੈ ਸਕਦੇ ਹੋ।

ਦੰਦਾਂ ਦੇ ਵਿਚਕਾਰ ਸਫ਼ਾਈ

ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ, ਇੰਟਰਡੈਂਟਲ ਸਫਾਈ ਦੰਦਾਂ ਦੇ ਵਿਚਕਾਰ ਸਫਾਈ ਕਰਨ ਦੀ ਇੱਕ ਤਕਨੀਕ ਹੈ। ਇਸ ਨੂੰ 'ਫਲਾਸਿੰਗ ਕੀ' ਕਿਹਾ ਜਾਂਦਾ ਹੈ। ਕਈ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਇਸ ਨਾਲ ਦੰਦਾਂ ਦੀ ਸੜਨ ਅਤੇ ਸੋਜ ਦੋਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਸ ਵਿਧੀ ਵਿੱਚ, ਫਲਾਸ ਜਾਂ ਧਾਗੇ ਦੇ ਦੋਵਾਂ ਸਿਰਿਆਂ ਨੂੰ ਦੋਵੇਂ ਹੱਥਾਂ ਨਾਲ ਫੜ੍ਹ ਕੇ ਦੋ ਦੰਦਾਂ ਦੇ ਵਿਚਕਾਰ ਫਸਾਇਆ ਜਾਂਦਾ ਹੈ ਅਤੇ ਹਲਕੀ ਤਾਕਤ ਲਗਾਉਂਦੇ ਹੋਏ, ਦੰਦਾਂ ਵਿਚਕਾਰ ਉੱਪਰ ਤੋਂ ਹੇਠਾਂ ਅਤੇ ਫਿਰ ਹੇਠਾਂ ਤੋਂ ਉੱਪਰ ਵੱਲ ਨੂੰ ਰਗੜਿਆ ਜਾਂਦਾ ਹੈ।

ਇੰਟਰਡੈਂਟਲ ਬੁਰਸ਼, ਜਿਸ ਨੂੰ ਦੰਦਾਂ ਦੇ ਵਿਚਕਾਰ ਤੱਕ ਪਾਇਆ ਜਾ ਸਕਦਾ ਹੈ, ਉਹ ਵੀ ਪ੍ਰਭਾਵੀ ਹੋ ਸਕਦਾ ਹੈ। ਟੂਥਪਿਕਜ਼, ਵਾਟਰ ਜੇਟਸ ਜਾਂ ਟੰਗ ਕਲੀਨਰ (ਜੀਭੀ) ਵਰਗੇ ਮੂੰਹ ਦੀ ਸਫ਼ਾਈ ਦੇ ਹੋਰ ਤਰੀਕਿਆਂ ਬਾਰੇ ਬਹੁਤ ਘੱਟ ਜਾਣਕਾਰੀ ਉਪਲੱਬਧ ਹੈ।

ਨਿਸ਼ਚਿਤ ਤੌਰ 'ਤੇ ਸਾਨੂੰ ਦਿਨ ਵਿੱਚ ਦੋ ਵਾਰ ਆਪਣੇ ਦੰਦਾਂ ਨੂੰ ਸਾਫ਼ ਕਰਨ ਦੀ ਆਦਤ ਹੈ ਪਰ ਇਸਦੇ ਨਾਲ ਇਹ ਵੀ ਬਹੁਤ ਜ਼ਰੂਰੀ ਹੈ ਕਿ ਦੰਦਾਂ ਦੀ ਸਫਾਈ ਲਈ ਅਸੀਂ ਸਹੀ ਤਰੀਕਾ ਇਸਤੇਮਾਲ ਕਰੀਏ।

ਕੁੱਲ ਮਿਲਾ ਕੇ, ਦੋ ਮਿੰਟ ਤੋਂ ਜ਼ਿਆਦਾ ਸਮੇਂ ਤੱਕ ਬੁਰਸ਼ ਕਰਨ ਨਾਲ ਸਾਨੂੰ ਆਪਣੇ ਦੰਦਾਂ ਤੋਂ ਜ਼ਿਆਦਾ ਪਲੈਕ ਹਟਾਉਣ ਵਿੱਚ ਮਦਦ ਮਿਲ ਸਕਦੀ ਹੈ ਅਤੇ ਇਸਦੇ ਨਤੀਜੇ ਵਜੋਂ ਸਾਡੇ ਦੰਦਾਂ ਅਤੇ ਮਸੂੜ੍ਹਿਆਂ ਦੇ ਤੰਦਰੁਸਤ ਬਣੇ ਰਹਿਣ ਦੀ ਵੀ ਸੰਭਾਵਨਾ ਵਧਦੀ ਹੈ।

(ਜੋਸੇਫਿਨ ਹਰਸ਼ਫ਼ੇਲਡ, ਬ੍ਰਿਟੇਨ ਦੀ ਬਰਮਿੰਘਮ ਯੂਨੀਵਰਸਿਟੀ ਦੀ ਰਿਸਟੋਰੇਟਿਵ ਡੈਂਟਿਸਟਰੀ ਵਿੱਚ ਇੱਕ ਅਕਾਦਮਿਕ ਲੈਕਚਰਾਰ ਹਨ। ਦਿ ਕਾਨਵਰਸੇਸ਼ਨ ਦਾ ਇਹ ਲੇਖ ਬੀਬੀਸੀ ਮੁੰਡੋ 'ਤੇ ਪ੍ਰਕਾਸ਼ਿਤ ਹੋਇਆ ਸੀ।)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)