ਕੀ ਲਸਣ ਤੇ ਚਿਕਨ ਸੂਪ ਤੁਹਾਡਾ ਸਰਦੀ-ਜ਼ੁਕਾਮ ਦੂਰ ਕਰ ਸਕਦਾ ਹੈ

    • ਲੇਖਕ, ਡੂਆਨੇ ਮੈਲੋਰ ਅਤੇ ਜੇਮਜ਼ ਬਰਾਊਨ
    • ਰੋਲ, ਦਿ ਕਨਵਰਸੇਸ਼ਨ

ਲੌਕਡਾਊਨ ਤੋਂ ਬਾਅਦ ਇੱਕ ਵਾਰ ਫਿਰ ਸਰਦੀ ਸ਼ੁਰੂ ਹੋ ਗਈ ਹੈ ਅਤੇ ਸਰਦੀ-ਜ਼ੁਕਾਮ ਵੀ ਪਹਿਲਾਂ ਵਾਂਗ ਆਮ ਹੁੰਦਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਉੱਪਰ ਲੋਕ ਸਲਾਹਾਂ ਦੇ ਰਹੇ ਹਨ ਕਿ ਕਿਵੇਂ ਨੱਕ ਦੇ ਨੇੜੇ ਲਸਣ ਰੱਖਣ ਨਾਲ ਜ਼ੁਕਾਮ ਦਾ ਇਲਾਜ ਹੋ ਸਕਦਾ ਹੈ।

ਅਸੀਂ ਜ਼ੁਕਾਮ ਅਤੇ ਇਸ ਦੇ ਇਲਾਜ ਬਾਰੇ ਪ੍ਰਚਲਿਤ ਛੇ ਧਾਰਨਾਵਾਂ ਬਾਰੇ ਵਿਸਥਾਰ ਵਿੱਚ ਜਾਣਨ ਲਈ ਮਾਹਰਾਂ ਨਾਲ ਗੱਲਬਾਤ ਕੀਤੀ।

1. ਕੀ ਤੁਹਾਨੂੰ ਠੰਡੇ ਹੋਣ ਕਾਰਨ ਜੁ਼ਖਾਮ ਹੋ ਸਕਦਾ ਹੈ?

ਸਾਹ ਪ੍ਰਣਾਲੀ ਦੇ ਉੱਪਰਲੇ ਹਿੱਸੇ ਜਿਸ ਵਿੱਚ ਨੱਕ, ਗਲ਼ਾ ਅਤੇ ਸਾਹ ਨਲੀ ਸ਼ਾਮਲ ਹਨ। ਵਾਇਰਸ ਦੀ ਵਜ੍ਹਾ ਕਾਰਨ ਹੋਈ ਇਨਫੈਕ਼ਸ਼ਨ ਕਾਰਨ, ਜ਼ੁਕਾਮ ਸਰਦੀਆਂ ਵਿੱਚ ਜ਼ਿਆਦਾ ਹੁੰਦਾ ਹੈ।

ਇਸ ਵਿੱਚ ਕੁਝ ਸਚਾਈ ਹੋ ਸਕਦੀ ਹੈ ਕਿ ਠੰਡ ਕਾਰਨ ਜ਼ੁਕਾਮ ਹੁੰਦਾ ਹੈ ਕਿਉਂਕਿ ਤਾਪਮਾਨ ਵਿੱਚ ਹੋਈ ਤਬਦੀਲੀ ਕਾਰਨ ਸਾਡੇ ਗਲੇ ਅਤੇ ਸਾਹ ਨਲੀ ਦੀ ਪਰਤ (ਲਾਈਨਿੰਗ) ਵਿੱਚ ਵੀ ਬਦਲਾਅ ਆਉਂਦੇ ਹਨ। ਇਸ ਵਜ੍ਹਾ ਕਾਰਨ ਵਾਇਰਸ ਦੀ ਲਾਗ ਦੀ ਸੰਭਾਵਨਾ ਵਧ ਜਾਂਦੀ ਹੈ।

ਫਿਰ ਵੀ ਸਰਦੀਆਂ ਵਿੱਚ ਜ਼ੁਕਾਮ ਹੋਣ ਦੀ ਇੱਕ ਮੁੱਖ ਵਜ੍ਹਾ ਇਹ ਹੈ ਕਿ ਅਸੀਂ ਆਪਣਾ ਜ਼ਿਆਦਾਤਰ ਸਮਾਂ ਅੰਦਰ, ਲੋਕਾਂ ਦੇ ਨਜ਼ਦੀਕ ਰਹਿ ਕੇ ਬਿਤਾਉਂਦੇ ਹਾਂ।

ਕੋਰੋਨਾਵਇਰਸ ਬਾਰੇ ਜੋ ਤੁਸੀਂ ਪੜ੍ਹਦੇ ਰਹੇ ਹੋਵੇਗੇ ਤਾਂ ਜਾਣਦੇ ਹੋਵੇਗੇ ਕਿ ਇਹ ਵਾਇਰਸ ਦੇ ਫ਼ੈਲਣ ਲਈ ਇਹ ਸਭ ਤੋਂ ਸਾਜ਼ਗਾਰ ਮਹੌਲ ਹੈ।

2. ਨੱਕ ਵਿੱਚ ਲਸਣ ਪਾਉਣ ਨਾਲ ਮਦਦ ਮਿਲਦੀ ਹੈ?

ਅਕਸਰ ਕਿਹਾ ਜਾਂਦਾ ਹੈ ਕਿ ਨੱਕ ਵਿੱਚ ਲਸਣ ਦੀਆਂ ਤੁਰੀਆਂ ਰੱਖਣ ਨਾਲ ਜ਼ੁਕਾਮ ਵਿੱਚ ਰਾਹਤ ਮਿਲਦੀ ਹੈ।

ਜਦੋਂ ਤੁਸੀਂ ਨਾਸਾਂ ਵਿੱਚ ਕੁਝ ਰੱਖਦੇ ਹੋ ਤਾਂ ਇਸ ਨਾਲ ਨੱਕ ਬੰਦ ਹੋ ਜਾਂਦਾ ਹੈ ਅਤੇ ਸੀਂਢ ਬਾਹਰ ਆਓਣੋਂ ਰੁਕ ਜਾਂਦਾ ਹੈ।

ਹਾਲਾਂਕਿ ਜਿਵੇਂ ਹੀ ਤੁਸੀਂ ਨੱਕ ਵਿੱਚੋਂ ਲਸਣ ਦੀ ਤੁਰੀ ਕੱਢਦੇ ਹੋ ਨੱਕ ਮੁੜ ਤੋਂ ਵਗਣਾ ਸ਼ੁਰੂ ਹੋ ਜਾਂਦਾ ਹੈ।

ਸੀਂਢ ਦੇਖਿਆ ਜਾਵੇ ਤਾਂ ਇੱਕ ਕੜਿੱਕੀ ਵਰਗਾ ਹੈ ਜਿਸ ਵਿੱਚ ਬਿਮਾਰੀ ਜਨਕ ਜੀਵਾਣੂ/ਵਿਸ਼ਾਣੂ ਫਸ ਜਾਂਦੇ ਹਨ ਅਤੇ ਉਨ੍ਹਾਂ ਤੋਂ ਸਰੀਰ ਵਿੱਚ ਅੱਗੇ ਦਾਖ਼ਲ ਨਹੀਂ ਹੋਇਆ ਜਾਂਦਾ।

ਇਹ ਵੀ ਪੜ੍ਹੋ:

ਇਸ ਲਈ ਜੁਖਾਮ ਦੌਰਾਨ ਨੱਕ ਵਿੱਚ ਕੁਝ ਵੀ ਪਾਉਣਾ ਇੱਕ ਚੰਗਾ ਵਿਚਾਰ ਨਹੀਂ ਹੈ।

ਲਸਣ ਵਿੱਚ ਕੁਝ ਅਜਿਹੇ ਤੱਤ ਵੀ ਪਾਏ ਜਾਂਦੇ ਹਨ ਜਿਨ੍ਹਾਂ ਕਾਰਨ ਤੁਹਾਡੇ ਨੱਕ ਵਿੱਚ ਖੁਰਕ ਹੋ ਸਕਦੀ ਹੈ।

ਦੂਜਾ, ਨੱਕ ਵਿੱਚ ਕੁਝ ਵੀ ਪਾਉਣਾ ਖ਼ਤਰਨਾਕ ਹੋ ਸਕਦਾ ਹੈ, ਇਹ ਨੱਕ ਵਿੱਚ ਉੱਪਰ ਚੜ੍ਹ ਸਕਦਾ ਹੈ। ਨੱਕ ਦੇ ਅੰਦਰ ਦੀ ਚਮੜੀ ਨੂੰ ਛਿੱਲ ਸਕਦਾ ਹੈ ਅਤੇ ਨਕਸੀਰ ਛੁੱਟਣ ਦੀ ਵਜ੍ਹਾ ਬਣ ਸਕਦਾ ਹੈ।

3.ਕੀ ਜੜੀਆਂ-ਬੂਟੀਆਂ ਮਦਦਗਾਰ ਹੁੰਦੀਆਂ ਹਨ?

ਕਈ ਜੜੀਆਂ-ਬੂਟੀਆਂ ਬਾਰੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਜ਼ੁਕਾਮ ਵਿੱਚ ਲਾਭਦਾਇਕ ਹਨ।

ਹਾਲਾਂਕਿ ਕੁਝ ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ, ਇਹ ਨੁਸਖੇ ਕੁਝ ਕਾਰਗਰ ਵੀ ਹਨ ਪਰ ਇਨ੍ਹਾਂ ਦੇ ਪੱਖ ਵਿੱਚ ਮਿਲੇ ਸਬੂਤ ਇੰਨੇ ਪ੍ਰਭਾਵਸ਼ਾਲੀ ਨਹੀਂ ਹਨ।

ਹਲਦੀ ਬਾਰੇ ਦਾਅਵਿਆਂ ਦੀ ਵੀ ਵਿਗਿਆਨਕ ਅਧਿਐਨ ਪੁਸ਼ਟੀ ਨਹੀਂ ਕਰਦੇ।

4. ਵਿਟਾਮਿਨ-ਸੀ ਮਦਦਗਾਰ ਹੋ ਸਕਦਾ ਹੈ?

ਨੋਬਲ ਪੁਰਸਕਾਰ ਜੇਤੂ ਸਾਇੰਸਦਾਨ ਲੀਨਸ ਪੌਲਿੰਗ ਮੁਤਾਬਕ ਵਿਟਾਮਿਨ-ਸੀ ਦੀ ਉੱਚੀ ਮਾਤਰਾ ਲਾਗ ਤੋਂ ਹੋਣ ਵਾਲੀਆਂ ਕਈ ਬਿਮਾਰੀਆਂ ਵਿੱਚ ਮਦਦਗਾਰ ਹੋ ਸਕਦੀ ਹੈ।

ਹਾਲਾਂਕਿ ਇਸ ਬਾਰੇ ਹੋਏ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵਿਟਾਮਿਨ-ਸੀ ਜੁਖਾਮ ਹੋਣ ਤੋਂ ਨਹੀਂ ਰੋਕ ਸਕਦਾ।

ਹਾਲਾਂਕਿ ਕੁਝ ਮਾਮਲਿਆਂ ਵਿੱਚ ਇਸ ਦੇ ਸਮੇਂ ਨੂੰ ਘੱਟ ਜ਼ਰੂਰ ਕਰ ਸਕਦਾ ਹੈ।

ਹੁਣ ਕਿਉਂਕਿ ਵਿਟਾਮਿਨ-ਸੀ ਦੀ 200 ਮਿਲੀ ਗ੍ਰਾਮ ਮਾਤਰਾ ਨੂੰ ਨੁਕਸਾਨਦੇਹ ਨਹੀਂ ਸਮਝਿਆ ਜਾਂਦਾ ਇਸ ਲਈ ਕਈ ਲੋਕਾਂ ਦੀ ਰਾਇ ਹੈ ਕਿ ਇਹ ਜ਼ੁਕਾਮ ਨੂੰ ਕਮਜ਼ੋਰ ਕਰਨ ਲਈ ਇੱਕ ਕਾਰਗਰ ਪੈਂਤੜਾ ਹੋ ਸਕਦਾ ਹੈ।

5. ਕੀ ਵਿਟਾਮਿਨ-ਡੀ ਜ਼ੁਕਾਮ ਤੋਂ ਬਚਾਅ ਸਕਦਾ ਹੈ?

ਵਿਟਾਮਿਨ-ਡੀ ਨੂੰ ਮਜ਼ਬੂਤ ਹੱਡੀਆਂ ਲਈ ਲਾਹੇਵੰਦ ਹੋਣ ਤੋਂ ਲੈ ਕੇ, ਦਿੱਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਵਾਇਰਸਾਂ ਖ਼ਿਲਾਫ਼ ਵੀ ਇੱਕ ਸ਼ਕਤੀਸ਼ਾਲੀ ਹਥਿਆਰ ਸਮਝਿਆ ਜਾਂਦਾ ਹੈ।

ਵਿਟਾਮਿਨ-ਡੀ ਨੂੰ ਫਲੂ ਵਿੱਚ ਤਾਂ ਕਾਰਗਰ ਮੰਨਿਆ ਹੀ ਜਾਂਦਾ ਸੀ ਹਾਲ ਹੀ ਵਿੱਚ ਤਾਂ ਕੋਵਿਡ-19 ਵਿੱਚ ਵੀ ਇਸ ਨੂੰ ਪ੍ਰਭਾਵੀ ਦੱਸਿਆ ਗਿਆ ਹੈ।

ਪ੍ਰਯੋਗਸ਼ਾਲਾ ਵਿੱਚ ਕੀਤੇ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਵਿਟਾਮਿਨ-ਡੀ ਬਿਮਾਰੀਆਂ ਨਾਲ ਲੜਨ ਦੀ ਸਾਡੀ ਸਮਰੱਥਾ ਨੂੰ ਵਧਾਉਣ ਲਈ ਮਹੱਤਵਪੂਰਨ ਹੈ।

ਸਮੱਸਿਆ ਇਹ ਵੀ ਹੈ ਕਿ ਕੁਝ ਲੋਕਾਂ ਵਿੱਚ ਵਿਟਾਮਿਨ-ਡੀ ਦੀ ਕਮੀ ਹੋ ਸਕਦੀ ਹੈ।

ਧੁੱਪ ਵਿੱਚ ਸਾਡਾ ਸਰੀਰ ਆਪਣੇ-ਆਪ ਵਿਟਾਮਿਨ-ਡੀ ਤਿਆਰ ਕਰ ਸਕਦਾ ਹੈ ਪਰ ਸਰਦੀਆਂ ਵਿੱਚ ਧੁੱਪ ਦੀ ਮਾਤਰਾ ਘੱਟ ਜਾਂਦੀ ਹੈ।

ਇਸ ਲਈ ਸਰਦੀਆਂ ਵਿੱਚ ਵਿਟਾਮਿਨ-ਡੀ ਦੀਆਂ ਗੋਲੀਆਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ, ਇਸ ਨਾਲ ਸੰਭਵ ਹੈ ਕਿ ਤੁਸੀਂ ਜ਼ੁਕਾਮ ਤੋਂ ਬਚ ਜਾਓਂ

6. ਮੁਰਗੇ ਦਾ ਸੂਪ?

ਚਿਕਨ ਸੂਪ ਸ਼ਹਿਦ ਵਾਂਗ ਸਦੀਆਂ ਤੋਂ ਜੁਖਾਮ ਦੇ ਇਲਾਜ ਲਈ ਵਰਤਿਆਂ ਜਾ ਰਿਹਾ ਹੈ।

ਇਹ ਵੀ ਹੋ ਸਕਦਾ ਹੈ ਕਿ ਇਸ ਵਿੱਚ ਲੱਛਣਾਂ ਨੂੰ ਕਾਬੂ ਕਰਨ ਵਿੱਚ ਕੁਝ ਯੋਗਦਾਨ ਹੋਵੇ।

(ਪਰ) ਲਾਗ ਨੂੰ ਖ਼ਤਮ ਕਰਨ ਵਿੱਚ ਇਸ ਦੀ ਕੋਈ ਭੂਮਿਕਾ ਹੋਵੇ, ਅਜਿਹਾ ਨਹੀਂ ਹੈ। ਸੂਪ ਦਾ ਪਾਣੀ ਤੁਹਾਡੇ ਵਿੱਚ ਪਾਣੀ ਦੀ ਪੂਰਤੀ ਕਰ ਸਕਦਾ ਹੈ, ਜਿਸ ਦੀ ਜ਼ੁਕਾਮ ਦੌਰਾਨ ਕਮੀ ਹੋ ਜਾਂਦੀ ਹੈ।

ਹੋਰ ਗਰਮ ਤਰਲ ਪਦਾਰਥਾਂ ਵਾਂਗ ਇਸ ਸਾਇਨਸ ਦੇ ਦਰਦ ਵਿੱਚ ਮਦਦਗਾਰ ਹੋ ਸਕਦਾ ਹੈ।

ਚਿਕਨ ਸੂਪ ਦੇ ਸਾਡੇ ਸਰੀਰ ਦੇ ਸੈਲਾਂ ਉੱਪਰ ਪੈਣ ਵਾਲੇ ਅਸਰ ਬਾਰੇ ਅਧਿਐਨ ਹੋਏ ਹਨ ਪਰ ਉਨ੍ਹਾਂ ਦਾ ਕੋਈ ਸਾਰਥਕ ਸਿੱਟਾ ਨਹੀਂ ਨਿਕਲ ਸਕਿਆ ਹੈ।

ਬਦਕਿਸਤਮੀ ਨਾਲ ਸਧਾਰਨ ਜ਼ੁਕਾਮ ਦੀ ਕੋਈ ਚਮਤਕਾਰੀ ਦਵਾਈ ਨਹੀਂ ਹੈ।

ਕੁਝ ਨੁਸਖੇ ਅਤੇ ਸੁਝਾਅ ਮਦਦਗਾਰ ਹੋ ਸਕਦੇ ਹਨ ਅਤੇ ਆਮ ਤੌਰ 'ਤੇ ਨੁਕਾਸਨਦੇਹ ਵੀ ਨਹੀਂ ਹਨ। ਜਿਵੇਂ- ਵਿਟਾਮਿਨ-ਸੀ ਅਤੇ ਡੀ ਦੀ ਵਰਤੋਂ ਕਰਨਾ

ਜਦਕਿ ਦੂਜਿਆਂ ਨੂੰ ਅਜ਼ਮਾਉਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਫ਼ਾਇਦੇ ਨਾਲ਼ੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ।

ਸਭ ਤੋਂ ਵਧੀਆ ਤਾਂ ਇਹ ਹੈ ਕਿ ਭਰਭੂਰ ਅਰਾਮ ਕਰੋ ਅਤੇ ਜਿੰਨਾ ਹੋ ਸਕੇ ਤਰਲਾਂ ਦਾ ਸੇਵਨ ਕਰੋ।

ਡੂਆਨੇ ਮੈਲੋਰ, ਐਸਟਨ ਯੂਨੀਵਰਸਿਟੀ, ਯੂਕੇ ਦੇ ਸੈਟਨ ਸਕੂਲ ਆਫ਼ ਮੈਡੀਸਨ ਵਿੱਚ ਪੋਸ਼ਣ ਬਾਰੇ ਵਿਗਿਆਨੀ ਹਨ। ਅਤੇ ਜੇਮਜ਼ ਬਰਾਊਨ ਉਸੇ ਯੂਨੀਵਰਸਿਟੀ ਵਿੱਚ ਬਾਈਓਲੌਜੀ ਅਤੇ ਬਾਇਓਮੈਡੀਕਲ ਸਾਇੰਸਿਜ਼ ਦੇ ਪ੍ਰੋਫ਼ੈਸਰ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)