ਡੂੰਘੇ ਤੋਂ ਡੂੰਘੇ ਗੰਭੀਰ ਡਿਪਰੈਸ਼ਨ ਨੂੰ ਦੂਰ ਕਰ ਸਕਦਾ ਹੈ ਬ੍ਰੇਨ ਇਮਪਲਾਂਟ, ਪਰ ਕਿਵੇਂ

    • ਲੇਖਕ, ਮਿਸ਼ੇਲ ਰੌਬਰਟਸ
    • ਰੋਲ, ਸਿਹਤ ਸੰਪਾਦਕ, ਬੀਬੀਸੀ ਨਿਊਜ਼ ਆਨਲਾਈਨ

ਇੱਕ ਇਲੈਕਟ੍ਰੀਕਲ ਇਮਪਲਾਂਟ ਜੋ ਖੋਪੜੀ ਵਿੱਚ ਫਿੱਟ ਕੀਤਾ ਜਾਂਦਾ ਹੈ ਅਤੇ ਦਿਮਾਗ਼ ਨਾਲ ਜੁੜਿਆ ਹੁੰਦਾ ਹੈ, ਡੂੰਘੇ ਡਿਪਰੈਸ਼ਨ ਦਾ ਪਤਾ ਲਗਾ ਕੇ ਇਸ ਦਾ ਇਲਾਜ ਕਰ ਸਕਦਾ ਹੈ।

ਅਜਿਹਾ ਯੂਐੱਸ ਦੇ ਵਿਗਿਆਨੀਆਂ ਦਾ ਮੰਨਣਾ ਹੈ, ਜਿਨ੍ਹਾਂ ਨੇ ਆਪਣੇ ਪਹਿਲੇ ਅਜਿਹੇ ਮਰੀਜ਼ ਨਾਲ ਸਬੰਧਤ ਚੰਗੇ ਨਤੀਜੇ ਹਾਸਿਲ ਕੀਤੇ ਹਨ।

ਸਾਰਾਹ ਦੀ ਉਮਰ 36 ਸਾਲ ਹੈ। ਉਨ੍ਹਾਂ ਦੇ ਸਿਰ ਵਿੱਚ ਇਸ ਉਪਕਰਣ ਨੂੰ ਫਿੱਟ ਕੀਤਿਆ ਇੱਕ ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਅਤੇ ਉਹ ਕਹਿੰਦੇ ਹਨ ਕਿ ਇਸ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ।

ਉਨ੍ਹਾਂ ਦੇ ਸਿਰ ਵਿੱਚ ਫਿੱਟ ਕੀਤਾ ਗਿਆ ਮਾਚਿਸ ਦੀ ਡੱਬੀ ਦੇ ਆਕਾਰ ਦਾ ਇਹ ਉਪਕਰਨ ਹਮੇਸ਼ਾ "ਚਾਲੂ" ਰਹਿੰਦਾ ਹੈ ਪਰ ਇਹ ਹਰਕਤ ਵਿੱਚ ਸਿਰਫ਼ ਉਸ ਵੇਲੇ ਆਉਂਦਾ ਹੈ ਜਦੋਂ ਇਸ ਨੂੰ ਲੱਗਦਾ ਹੈ ਕਿ ਸਾਰਾਹ ਨੂੰ ਇਸ ਦੀ ਲੋੜ ਹੈ।

ਇਸ ਪ੍ਰਯੋਗਾਤਮਕ ਅਧਿਐਨ ਦਾ ਵਰਣਨ ਨੇਚਰ ਮੈਡੀਸਨ ਜਰਨਲ ਵਿੱਚ ਕੀਤਾ ਗਿਆ ਹੈ।

ਯੂਨੀਵਰਸਿਟੀ ਆਫ ਕੈਲੀਫੋਰਨੀਆ, ਸੈਨ ਫ੍ਰਾਂਸਿਸਕੋ ਦੇ ਖੋਜਕਰਤਾ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਕੀ ਇਹ ਸਾਰਾਹ ਵਰਗੇ ਹੋਰ ਮਰੀਜ਼ਾਂ ਦਾ ਵੀ ਇਲਾਜ ਕਰ ਸਕਦਾ ਹੈ, ਜਿਨ੍ਹਾਂ ਦੇ ਡਿਪਰੈਸ਼ਨ ਦਾ ਇਲਾਜ ਉਂਝ ਬਹੁਤ ਔਖਾ ਹੈ।

ਪਰ ਫਿਰ ਵੀ ਉਨ੍ਹਾਂ ਨੂੰ ਇਸ ਸਬੰਧੀ ਆਸ ਹੈ ਅਤੇ ਉਹ ਹੋਰ ਅਜ਼ਮਾਇਸ਼ਾਂ ਦੀ ਯੋਜਨਾ ਬਣਾ ਰਹੇ ਹਨ।

ਡਿਪਰੈਸ਼ਨ ਸਰਕਟ

ਇਹ ਪ੍ਰਯੋਗਾਤਮਕ ਥੈਰੇਪੀ ਲੈਣ ਵਾਲੇ ਸਾਰਾਹ ਪਹਿਲੇ ਹਨ।

ਉਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਐਂਟੀ-ਡਿਪ੍ਰੈਸੈਂਟਸ (ਤਣਾਅ ਦੇ ਇਲਾਜ ਲਈ ਦਵਾਈਆਂ) ਅਤੇ ਇਲੈਕਟ੍ਰੋਕੋਨਵਲਸਿਵ ਥੈਰੇਪੀ ਸਣੇ ਕਈ ਅਸਫ਼ਲ ਇਲਾਜ ਕਰਵਾਏ ਹਨ।

ਭਾਵੇਂ ਸਰਜਰੀ ਨੂੰ ਲੈ ਕੇ ਇੱਕ ਡਰ ਸੀ, ਪਰ ਸਾਰਾਹ ਕਹਿੰਦੇ ਹਨ, "ਕਿਸੇ ਵੀ ਤਰ੍ਹਾਂ ਦੀ ਰਾਹਤ" ਹਾਸਿਲ ਕਰਨ ਦੀ ਸੰਭਾਵਨਾ ਉਸ ਹਨੇਰੇ ਨਾਲੋਂ ਕਿਤੇ ਬਿਹਤਰ ਸੀ ਜਿਸ ਦਾ ਉਹ ਅਨੁਭਵ ਕਰ ਰਹੇ ਸਨ।

"ਮੈਂ ਇਲਾਜ ਦੇ ਸਾਰੇ ਸੰਭਵ ਬਦਲਾਂ ਤੋਂ ਥੱਕ ਚੁੱਕੀ ਸੀ।"

"ਮੇਰੀ ਰੋਜ਼ਾਨਾ ਜ਼ਿੰਦਗੀ ਬਹੁਤ ਸੀਮਤ ਹੋ ਗਈ ਸੀ। ਮੈਨੂੰ ਹਰ ਰੋਜ਼ ਮਹਿਸੂਸ ਹੁੰਦਾ ਸੀ ਕਿ ਮੇਰੇ 'ਤੇ ਜ਼ੁਲਮ ਹੋ ਰਿਹਾ ਹੈ। ਮੈਂ ਮੁਸ਼ਕਿਲ ਨਾਲ ਹਿੱਲਦੀ ਸੀ ਜਾਂ ਕੁਝ ਕਰਦੀ ਸੀ।"

ਇਸ ਸਰਜਰੀ ਵਿੱਚ, ਉਨ੍ਹਾਂ ਦੀ ਖੋਪੜੀ ਵਿੱਚ ਤਾਰਾਂ ਨੂੰ ਫਿੱਟ ਕਰਨ ਲਈ ਛੋਟੇ-ਛੋਟੇ ਛੇਦ ਕਰਨਾ ਵੀ ਸ਼ਾਮਲ ਸੀ, ਜਿਸ ਲਈ ਡ੍ਰਿਲ ਕਰਨ ਦੀ ਲੋੜ ਸੀ।

ਇਨ੍ਹਾਂ ਤਾਰਾਂ ਦੀ ਮਦਦ ਨਾਲ ਉਨ੍ਹਾਂ ਦੇ ਦਿਮਾਗ਼ ਦੀ ਨਿਗਰਾਨੀ ਅਤੇ ਉਤੇਜਨਾ ਪੈਦਾ ਕਰਨ ਦਾ ਕੰਮ ਹੁੰਦਾ ਹੈ।

ਬੈਟਰੀ ਅਤੇ ਪਲਸ ਜਨਰੇਟਰ ਵਾਲਾ ਡੱਬਾ, ਉਨ੍ਹਾਂ ਦੀ ਖੋਪੜੀ ਅਤੇ ਵਾਲਾਂ ਹੇਠਾਂ, ਹੱਡੀ ਵਿੱਚ ਫਿੱਟ ਕੀਤਾ ਗਿਆ।

ਇਸ ਵਿਧੀ ਵਿੱਚ ਇੱਕ ਕੰਮਕਾਜੀ ਦਿਨ ਜਿੰਨਾ ਸਮਾਂ ਲੱਗਾ ਅਤੇ ਇਸ ਦੇ ਲਈ ਸਾਰਾਹ ਨੂੰ ਆਮ ਅਨਸਥੀਸੀਆ (ਬੇਹੋਸ਼ ਕਰਨ ਦੀ ਦਵਾਈ) ਦਿੱਤੀ ਗਈ ਸੀ, ਜਿਸ ਦਾ ਮਤਲਬ ਹੈ ਕਿ ਪੂਰੀ ਵਿਧੀ ਦੌਰਾਨ ਉਨ੍ਹਾਂ ਨੂੰ ਕੋਈ ਹੋਸ਼ ਨਹੀਂ ਸੀ।

ਇਹ ਵੀ ਪੜ੍ਹੋ-

ਸਾਰਾਹ ਕਹਿੰਦੇ ਹਨ ਕਿ ਜਦੋਂ ਉਹ ਉੱਠੇ, ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ।

"ਜਦੋਂ ਇਮਪਲਾਂਟ ਨੂੰ ਪਹਿਲੀ ਵਾਰ ਚਾਲੂ ਕੀਤਾ ਗਿਆ, ਤੁਰੰਤ ਮੇਰੀ ਜ਼ਿੰਦਗੀ ਨੇ ਇੱਕ ਮੋੜ ਲਿਆ। ਮੇਰਾ ਜੀਵਨ ਦੁਬਾਰਾ ਖੁਸ਼ਨੁਮਾ ਹੋ ਗਿਆ ਸੀ।"

"ਕੁਝ ਹਫ਼ਤਿਆਂ ਵਿੱਚ ਹੀ ਮੇਰੇ ਅੰਦਰੋਂ ਆਤਮ ਹੱਤਿਆ ਦੇ ਵਿਚਾਰ ਗਾਇਬ ਹੋ ਗਏ।"

"ਜਦੋਂ ਮੈਂ ਡਿਪਰੈਸ਼ਨ ਵਿੱਚ ਡੁੱਬੀ ਹੋਈ ਸੀ ਤਾਂ ਮੈਂ ਮੈਨੂੰ ਸਭ ਕੁਝ ਬੁਰਾ ਹੀ ਨਜ਼ਰ ਆਉਂਦਾ ਸੀ।"

ਇੱਕ ਸਾਲ ਬਾਅਦ, ਸਾਰਾਹ ਠੀਕ ਹਨ ਅਤੇ ਉਨ੍ਹਾਂ 'ਤੇ ਕੋਈ ਮਾੜੇ-ਪ੍ਰਭਾਵ ਵੀ ਨਹੀਂ ਹੋਏ ਹਨ।

ਉਹ ਕਹਿੰਦੇ ਹਨ, "ਇਸ ਉਪਕਰਨ ਨੇ ਮੇਰੇ ਤਣਾਅ ਨੂੰ ਇੱਕ ਪਾਸੇ ਕਰ ਦਿੱਤਾ ਹੈ, ਜਿਸ ਨਾਲ ਮੈਨੂੰ ਆਪਣੇ ਆਪ ਨੂੰ ਦੁਬਾਰਾ ਬਿਹਤਰ ਬਣਾਉਣ ਅਤੇ ਇੱਕ ਚੰਗੇ ਜੀਵਨ ਵੱਲ ਵਧਣ ਵਿੱਚ ਮਦਦ ਮਿਲੀ ਹੈ।"

ਉਹ ਇਸ ਉਪਕਰਨ ਨਾਲ ਪੈਦਾ ਹੋਣ ਵਾਲੀਆਂ ਚੰਗਿਆੜੀਆਂ (ਅੱਗ) ਨੂੰ ਮਹਿਸੂਸ ਨਹੀਂ ਕਰ ਸਕਦੇ, ਪਰ ਕਹਿੰਦੇ ਹਨ: "ਸੁਚੇਤਤਾ ਦੀ ਭਾਵਨਾ, ਊਰਜਾ ਜਾਂ ਸਕਾਰਾਤਮਕਤਾ ਜੋ ਮੈਂ ਮਹਿਸੂਸ ਕਰਦੀ ਹਾਂ, ਉਸ ਕਾਰਨ ਸ਼ਾਇਦ ਮੈਂ 15 ਮਿੰਟਾਂ ਦੇ ਅੰਦਰ ਤੁਹਾਨੂੰ ਦੱਸ ਸਕਦੀ ਹਾਂ ਕਿ ਇਹ ਬੰਦ ਹੋ ਗਿਆ ਹੈ।"

ਇਹ ਕਿਵੇਂ ਕੰਮ ਕਰਦਾ ਹੈ

ਖੋਜਕਾਰ ਡਾ. ਕੈਥਰੀਨ ਸਕੈਂਗੋਸ, ਯੂਨੀਵਰਸਿਟੀ ਵਿੱਚ ਮਨੋਵਿਗਿਆਨੀ ਹਨ। ਉਨ੍ਹਾਂ ਨੇ ਕਿਹਾ ਕਿ ਇਹ ਖੋਜ ਸਾਰਾਹ ਦੇ ਦਿਮਾਗ਼ ਵਿੱਚ "ਡਿਪਰੈਸ਼ਨ ਸਰਕਟਾਂ" ਨੂੰ ਲੱਭਣ ਨਾਲ ਸੰਭਵ ਹੋਈ ਹੈ।

"ਸਾਨੂੰ ਇੱਕ ਸਥਾਨ ਮਿਲਿਆ, ਜਿਸ ਨੂੰ ਵੈਂਟ੍ਰਲ ਸਟ੍ਰੈਟਮ ਕਿਹਾ ਜਾਂਦਾ ਹੈ, ਜਿੱਥੇ ਉਤਸ਼ਾਹ ਨੇ ਨਿਰੰਤਰ ਉਨ੍ਹਾਂ ਦੀਆਂ ਤਣਾਅ ਵਾਲੀਆਂ ਭਾਵਨਾਵਾਂ ਨੂੰ ਖ਼ਤਮ ਕੀਤਾ।"

"ਅਤੇ ਸਾਨੂੰ ਐਮੀਗਡਾਲਾ ਵਿੱਚ ਦਿਮਾਗੀ ਗਤੀਵਿਧੀ ਦਾ ਇੱਕ ਖੇਤਰ ਵੀ ਮਿਲਿਆ ਜੋ ਦੱਸ ਸਕਦਾ ਸੀ ਕਿ ਉਨ੍ਹਾਂ ਦੇ ਲੱਛਣ ਸਭ ਤੋਂ ਗੰਭੀਰ ਕਦੋਂ ਸਨ।"

ਵਿਗਿਆਨੀ ਕਹਿੰਦੇ ਹਨ ਕਿ ਇਸ ਪ੍ਰਯੋਗਾਤਮਕ ਥੈਰੇਪੀ ਬਾਰੇ ਹੋਰ ਵਧੇਰੇ ਖੋਜ ਕਰਨ ਦੀ ਲੋੜ ਹੈ ਤਾਂ ਜੋ ਇਸ ਨੂੰ ਜ਼ਿਆਦਾ ਟੈਸਟ ਕੀਤਾ ਜਾ ਸਕੇ ਅਤੇ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਕੀ ਇਹ ਗੰਭੀਰ ਤਣਾਅ ਜਾਂ ਹੋਰ ਸਥਿਤੀਆਂ ਵਾਲੇ ਹੋਰ ਲੋਕਾਂ ਲਈ ਵੀ ਫਾਇਦੇਮੰਦ ਹੋ ਸਕਦੀ ਹੈ।

ਵਿਅਕਤੀਗਤ ਇਲਾਜ

ਡਾ. ਸਕੈਂਗੋਸ ਨੇ ਦੋ ਹੋਰ ਮਰੀਜ਼ਾਂ ਨੂੰ ਇਸ ਟ੍ਰਾਇਲ ਲਈ ਦਾਖਲ ਕੀਤਾ ਹੈ ਅਤੇ ਨੌਂ ਹੋਰਾਂ ਦੇ ਦਾਖਲ ਹੋਣ ਦੀ ਉਮੀਦ ਹੈ।

ਉਨ੍ਹਾਂ ਨੇ ਕਿਹਾ, "ਸਾਨੂੰ ਇਹ ਵੇਖਣ ਅਤੇ ਇਸ ਕੰਮ ਨੂੰ ਕਈ ਵਾਰ ਦੁਹਰਾਉਣ ਦੀ ਜ਼ਰੂਰਤ ਹੈ ਕਿ ਇਹ ਸਰਕਟ ਮਰੀਜ਼ਾਂ ਵਿੱਚ ਕਿਵੇਂ ਭਿੰਨ ਹੁੰਦੇ ਹਨ?"

"ਅਤੇ ਸਾਨੂੰ ਇਹ ਵੀ ਵੇਖਣ ਦੀ ਲੋੜ ਹੈ ਕਿ ਕੀ ਇਲਾਜ ਦੇ ਜਾਰੀ ਰਹਿਣ ਨਾਲ ਕਿਸੇ ਵਿਅਕਤੀ ਦੇ ਬਾਇਓਮਾਰਕਰ ਜਾਂ ਦਿਮਾਗ ਦੇ ਸਰਕਟ ਵਿੱਚ ਬਦਲਾਅ ਆਉਂਦਾ ਹੈ।"

"ਸਾਨੂੰ ਨਹੀਂ ਪਤਾ ਸੀ ਕਿ ਕੀ ਅਸੀਂ ਉਸ ਦੇ ਤਣਾਅ ਦਾ ਪੂਰੀ ਤਰ੍ਹਾਂ ਇਲਾਜ ਕਰ ਸਕਾਂਗੇ, ਕਿਉਂਕਿ ਇਹ ਬਹੁਤ ਗੰਭੀਰ ਸੀ।"

"ਇਸ ਲਈ ਅਸੀਂ ਇਸ ਬਾਰੇ ਵਾਕਈ ਬਹੁਤ ਉਤਸ਼ਾਹਿਤ ਹਾਂ। ਇਸ ਵੇਲੇ ਇਸ ਖੇਤਰ ਵਿੱਚ ਇਸ ਦੀ ਬਹੁਤ ਜ਼ਰੂਰਤ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਉਪਕਰਣ ਨੂੰ ਫਿੱਟ ਕਰਨ ਵਾਲੇ ਨਿਊਰੋਸਰਜਨ ਡਾ. ਐਡਵਰਡ ਚੈਂਗ ਦਾ ਕਹਿਣਾ ਹੈ, "ਸਪੱਸ਼ਟ ਕਹੀਏ ਤਾਂ, ਇਹ ਇਸ ਦ੍ਰਿਸ਼ਟੀਕੋਣ ਦੀ ਪ੍ਰਭਾਵਸ਼ੀਲਤਾ ਦਾ ਪ੍ਰਦਰਸ਼ਨ ਨਹੀਂ ਹੈ।"

"ਇਹ ਅਸਲ ਵਿੱਚ, ਕਿਸੇ (ਵਿਅਕਤੀ) ਵਿੱਚ ਇਸ ਦੇ ਕੰਮ ਕਰਨ ਦਾ ਸਿਰਫ਼ ਪਹਿਲਾ ਪ੍ਰਦਰਸ਼ਨ ਹੈ, ਇਨ੍ਹਾਂ ਨਤੀਜਿਆਂ ਦੀ ਤਸਦੀਕ ਕਰਨ ਲਈ ਅਤੇ ਇਹ ਵੇਖਣ ਲਈ ਕਿ ਕੀ ਅਸਲ ਵਿੱਚ ਇਹ ਇੱਕ ਅਜਿਹੀ ਚੀਜ਼ ਹੈ ਜੋ ਕਿ ਇਲਾਜ ਦਾ ਸਥਾਈ ਬਦਲ ਹੋ ਸਕਦੀ ਹੈ।"

ਯੂਕੇ ਵਿੱਚ ਯੂਨੀਵਰਸਿਟੀ ਕਾਲਜ ਲੰਡਨ ਦੇ ਇੱਕ ਨਿਊਰੋਸਾਇੰਸ ਮਾਹਰ ਪ੍ਰੋਫੈਸਰ ਜੋਨਾਥਨ ਰੋਇਜ਼ਰ ਦਾ ਕਹਿਣਾ ਹੈ, "ਹਾਲਾਂਕਿ, ਇਸ ਕਿਸਮ ਦੀ ਬਹੁਤ ਜ਼ਿਆਦਾ ਇਨਵੈਸਿਵ (ਜਿਸ ਵਿੱਚ ਬਹੁਤ ਜ਼ਿਆਦਾ ਚੀਰ-ਫਾੜ ਹੋਵੇ) ਸਰਜੀਕਲ ਪ੍ਰਕਿਰਿਆ ਸ਼ਾਇਦ ਸਿਰਫ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਲਈ ਹੀ ਵਰਤੀ ਜਾਏਗੀ।"

"ਪਰ ਉਤੇਜਨਾ ਦੀ ਪ੍ਰਕਿਰਤੀ ਨੂੰ ਸਮਝਣ ਦੇ ਮਾਮਲੇ ਵਿੱਚ ਅੱਗੇ ਵਧਣ ਦਾ ਇਹ ਇੱਕ ਉਤਸ਼ਾਹਿਤ ਕਦਮ ਹੈ।"

"ਸੰਭਵ ਹੈ ਕਿ ਜੇ ਦੂਜੇ ਮਰੀਜ਼ਾਂ ਵਿੱਚ ਅਜ਼ਮਾਇਸ਼ ਕੀਤੀ ਜਾਂਦੀ ਹੈ, ਤਾਂ ਵੱਖੋ-ਵੱਖਰੀ ਰਿਕਾਰਡਿੰਗ ਅਤੇ ਉਤੇਜਨਾ ਸਾਈਟਾਂ ਦੀ ਜ਼ਰੂਰਤ ਹੋਏਗੀ, ਕਿਉਂਕਿ ਦਿਮਾਗ ਦੇ ਸੂਖਮ ਸਰਕਟ ਦੇ ਅੰਦਰਲੇ ਲੱਛਣ ਸ਼ਾਇਦ ਵਿਅਕਤੀਆਂ ਵਿੱਚ ਭਿੰਨ-ਭਿੰਨ ਹੁੰਦੇ ਹਨ।"

"ਕਿਉਂਕਿ ਇੱਥੇ ਸਿਰਫ ਇੱਕੋ ਮਰੀਜ਼ ਸੀ ਅਤੇ ਕਾਬੂ ਕਰਨ ਦੀ ਕੋਈ ਸਥਿਤੀ ਨਹੀਂ ਸੀ, ਇਹ ਵੇਖਣਾ ਅਜੇ ਬਾਕੀ ਹੈ ਕਿ ਕੀ ਇਹ ਨਤੀਜੇ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਵੀ ਇਸੇ ਤਰ੍ਹਾਂ ਨਜ਼ਰ ਆਉਂਦੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)