ਕੋਰੋਨਾਵਾਇਰਸ: ਉਹ ਬੱਚੇ ਜੋ ਲਿਖਣਾ-ਪੜ੍ਹਨਾ ਭੁੱਲ ਗਏ, ਕੀ ਹੋਵੇਗਾ ਜਦੋਂ ਸਕੂਲ ਪਰਤਣਗੇ

- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਰਾਧਿਕਾ ਕੁਮਾਰੀ ਆਪਣੇ ਚਾਕ ਨੂੰ ਇੰਨਾ ਕੱਸ ਕੇ ਫੜ੍ਹਦੀ ਹੈ ਕਿ ਉਸ ਦੀਆਂ ਉਂਗਲੀਆਂ ਦੇ ਜ਼ੋਰ ਨਾਲ ਸਾਰੇ ਅੱਖਰ ਦਿਮਾਗ ਤੋਂ ਨਿਕਲ ਕੇ ਫ਼ਟਾਫ਼ਟ ਕਾਲੀ ਸਲੇਟ ਉੱਤੇ ਆ ਜਾਣਗੇ।
ਪਰ ਉਹ ਸ਼ਬਦ ਹੌਲੀ-ਹੌਲੀ ਨਿਕਲਦੇ ਹਨ ਅਤੇ ਉਹ ਇਨ੍ਹਾਂ ਵਿੱਚੋਂ ਕਈ ਅੱਖਰਾਂ ਦੀ ਸਹੀ ਢੰਗ ਨਾਲ ਪਛਾਣ ਨਹੀਂ ਕਰ ਪਾਉਂਦੀ।
ਰਾਧਿਕਾ ਹਿੰਦੀ ਦੀ ਵਰਣਮਾਲਾ ਲਿਖਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਿਸੇ ਦੱਸ ਸਾਲ ਦੇ ਬੱਚੇ ਦੇ ਲਈ ਔਖਾ ਨਹੀਂ ਹੋਣਾ ਚਾਹੀਦਾ।
ਪਰ ਉਸ ਦੇ ਲਈ ਹੈ, ਕਿਉਂਕਿ 17 ਮਹੀਨਿਆਂ ਤੋਂ ਉਹ ਪੜ੍ਹਾਈ ਨਹੀਂ ਕਰ ਸਕੀ। ਨਾ ਆਨਲਾਈਨ ਤੇ ਨਾ ਆਫ਼ਲਾਈਨ।
ਪੂਰੇ ਦੇਸ਼ ਦੇ ਵਾਂਗ ਪਿਛਲੇ ਮਾਰਚ ਤੋਂ ਜਦੋਂ ਕੋਵਿਡ ਨੂੰ ਰੋਕਣ ਲਈ ਪਹਿਲਾ ਲੌਕਡਾਊਨ ਲੱਗਿਆ, ਉਸ ਦੇ ਪਿੰਡ ਦਾ ਪ੍ਰਾਇਮਰੀ ਸਕੂਲ ਵੀ ਬੰਦ ਹੈ।
ਵੱਡੇ ਪ੍ਰਾਈਵੇਟ ਸਕੂਲ ਅਤੇ ਉਨ੍ਹਾਂ 'ਚ ਜਾਣ ਵਾਲੇ ਬੱਚੇ ਤਾਂ ਜਲਦੀ ਹੀ ਆਨਲਾਈਨ ਪੜ੍ਹਾਈ ਕਰਨ ਲੱਗ ਗਏ ਪਰ ਕਈ ਸਰਕਾਰੀ ਸਕੂਲਾਂ ਨੂੰ ਪਰੇਸ਼ਾਨੀ ਆਈ।
ਬਿਨਾਂ ਲੈਪਟੌਪ, ਸਮਾਰਟਫ਼ੋਨ ਅਤੇ ਇੰਟਰਨੈੱਟ ਦੇ ਉਨ੍ਹਾਂ ਦੇ ਵਿਦਿਆਰਥੀ ਪਿੱਛੇ ਰਹਿ ਗਏ।
ਜਿਵੇਂ ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਦੇ ਦਲਿਤ-ਆਦਿਵਾਸੀ ਪਿੰਡ ਡੁੰਬੀ ਵਿੱਚ ਰਹਿਣ ਵਾਲੀ ਰਾਧਿਕਾ। ਪੜ੍ਹਾਈ ਦਾ ਇਹ ਪਾੜਾ ਉਸ ਦੇ ਪਿੰਡ ਵਿੱਚ ਬਹੁਤ ਡੂੰਘਾ ਦਿਖਦਾ ਹੈ। ਡੁੰਬੀ ਪਿੰਡ ਵਿੱਚ ਇੰਟਰਨੈੱਟ ਨਹੀਂ ਹੈ।
ਕੇਂਦਰ ਸਰਕਾਰ ਨੇ ਦੂਰਦਰਸ਼ਨ ਚੈਨਲ ਰਾਹੀਂ ਅਤੇ ਸੂਬਾ ਸਰਕਾਰਾਂ ਨੇ ਆਪਣੇ ਪੱਧਰ 'ਤੇ ਸਿੱਖਿਆ ਦੇ ਪ੍ਰੋਗਰਾਮ ਪ੍ਰਸਾਰਿਤ ਕਰਨੇ ਸ਼ੁਰੂ ਕੀਤੇ ਹਨ, ਪਰ ਇਸ ਪਿੰਡ ਦੇ ਜ਼ਿਆਦਾਤਰ ਘਰਾਂ 'ਚ ਟੈਲੀਵੀਜ਼ਨ ਹੀ ਨਹੀਂ ਹੈ।
ਹੁਣ ਜਦੋਂ ਕੁਝ ਸੂਬਿਆਂ ਵਿੱਚ ਸਕੂਲ ਖੁੱਲ੍ਹਣੇ ਸ਼ੁਰੂ ਹੋਏ ਹਨ, ਅਰਥਸ਼ਾਸਤਰੀ ਜ਼ਯਾਂ ਡ੍ਰੇਜ਼ ਨੇ ਰਾਧਿਕਾ ਦੇ ਪਿੰਡ ਦੇ 36 ਬੱਚਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਵਰਗੇ ਪੱਛੜੇ ਲੋਕਾਂ ਵਿੱਚ ਮਹਾਂਮਾਰੀ ਦੌਰਾਨ ਆਈ ਸਿੱਖਿਆ ਦੀ ਕਮੀ ਦੇ ਅਸਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ:
ਸਰਵੇਖਣ ਵਿੱਚ ਬੱਚਿਆਂ ਨੂੰ ਪੜ੍ਹਾਈ ਲਈ ਸਕੂਲ ਤੋਂ ਮਿਲਣ ਵਾਲੀ ਮਦਦ, ਅਧਿਆਪਕ ਦਾ ਘਰ ਆ ਕੇ ਬੱਚੇ ਨੂੰ ਮਿਲਣਾ, ਆਨਲਾਈਨ ਕਲਾਸ, ਨਿੱਜੀ ਪੱਧਰ 'ਤੇ ਕੀਤੀ ਜਾ ਰਹੀ ਟਿਊਸ਼ਨ ਅਤੇ ਮਾਂ-ਬਾਪ ਦੀ ਸਾਖਰਤਾ ਦਰ ਆਦਿ ਦੀ ਜਾਣਕਾਰੀ ਇਕੱਠੀ ਕੀਤੀ ਗਈ।
ਡ੍ਰੇਜ਼ ਮੁਤਾਬਕ, ਸਰਵੇਖਣ ਵਿੱਚ ਇਹ ਸਾਹਮਣੇ ਆਇਆ ਕਿ ਜ਼ਿਆਦਾਤਰ ਪ੍ਰਾਇਮਰੀ ਸਕੂਲ ਦੇ ਬੱਚੇ ਪੜ੍ਹਣ-ਲਿਖਣ 'ਚ ਪਛੜ ਗਏ ਹਨ ਅਤੇ ਪਿਛਲੇ ਡੇਢ ਸਾਲ ਵਿੱਚ ਉਨ੍ਹਾਂ ਨੂੰ ਪੜ੍ਹਾਈ ਦੇ ਲਈ ਨਾ ਦੇ ਬਰਾਬਰ ਮਦਦ ਮਿਲੀ ਸੀ।
ਪੜ੍ਹੇ ਨਹੀਂ ਪਰ ਪਾਸ ਹੋ ਗਏ
ਰਾਧਿਕਾ ਕਹਿੰਦੀ ਹੈ, ''ਸਕੂਲ 'ਚ ਹਿੰਦੀ ਅਤੇ ਅੰਗਰੇਜ਼ੀ ਮੇਰੇ ਪਸੰਦੀਦਾ ਵਿਸ਼ੇ ਸਨ।'' ਪਰ ਰਾਧਿਕਾ ਨੂੰ ਦੋਵਾਂ ਭਾਸ਼ਾਵਾਂ 'ਚ ਹੀ ਹੁਣ ਕੁਝ ਖ਼ਾਸ ਚੇਤੇ ਨਹੀਂ ਹੈ।
ਉਹ ਆਪਣੇ ਸਥਾਨਕ ਪ੍ਰਾਇਮਰੀ ਸਕੂਲ ਦੀ ਦੂਜੀ ਕਲਾਸ ਦੀ ਪੜ੍ਹਾਈ ਪੂਰੀ ਕਰ ਰਹੀ ਸੀ ਜਦੋਂ ਕੋਵਿਡ ਮਹਾਂਮਾਰੀ ਫ਼ੈਲਣ ਲੱਗੀ।

ਹੁਣ ਉਸ ਨੂੰ ਅੱਗੇ ਚੌਥੀ ਕਲਾਸ ਵਿੱਚ ਭੇਜ ਦਿੱਤਾ ਗਿਆ ਹੈ ਜਦਕਿ ਪਿਛਲੇ ਡੇਢ ਸਾਲ ਵਿੱਚ ਉਸ ਦੇ ਕੋਲ ਪੜ੍ਹਾਈ ਜਾਰੀ ਰੱਖਣ ਦੇ ਕੋਈ ਸਾਧਨ ਨਹੀਂ ਸੀ।
ਭਾਰਤ ਵਿੱਚ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਪੰਜਵੀਂ ਕਲਾਸ ਤੱਕ ਸਕੂਲ ਕਿਸੇ ਵਿਦਿਆਰਥੀ ਨੂੰ ਫੇਲ੍ਹ ਨਹੀਂ ਕਰ ਸਕਦੇ। ਇਸ ਦਾ ਮਕਸਦ ਬੱਚਿਆਂ ਨੂੰ ਸਿੱਖਣ ਦਾ ਚੰਗਾ ਮਾਹੌਲ ਦੇਣਾ ਅਤੇ ਉਨ੍ਹਾਂ 'ਤੇ ਨੰਬਰ ਲਿਆਉਣ ਦਾ ਦਬਾਅ ਘੱਟ ਕਰਨਾ ਹੈ।
ਪਰ ਸਕੂਲ ਨੇ ਇਸ ਨਿਯਮ ਦਾ ਪਾਲਣ ਮਹਾਂਮਾਰੀ ਦੌਰਾਨ ਵੀ ਕੀਤਾ ਜਦੋਂ ਕਈ ਬੱਚੇ ਇਸ ਸਮੇਂ ਦੌਰਾਨ ਪੜ੍ਹਾਈ ਤੋਂ ਬਿਲਕੁਲ ਵਾਂਝੇ ਰਹੇ।
ਰਾਧਿਕਾ ਦੀ ਗੁਆਂਢਣ, ਸੱਤ ਸਾਲ ਦੀ ਵਿਨੀਤਾ ਕੁਮਾਰੀ ਦਾ ਵੀ ਇਹੀ ਹਾਲ ਹੈ। ਉਹ ਪੜ੍ਹ-ਲਿਖ ਨਹੀਂ ਪਾਉਂਦੀ ਤਾਂ ਉਸ ਦੇ ਪਿਤਾ ਮਦਨ ਸਿੰਘ ਨਾਰਾਜ਼ ਹੋ ਜਾਂਦੇ ਹਨ। ਪਰ ਇੱਕ ਸਾਲ ਤੋਂ ਬਿਨਾਂ ਕਿਸੇ ਅਧਿਆਪਕ ਦੀ ਮਦਦ ਦੇ ਉਸ ਦੇ ਲ਼ਈ ਇਹ ਖ਼ੁਦ ਕਰ ਪਾਉਣਾ ਬਹੁਤ ਔਖਾ ਹੈ।
ਵਿਨੀਤਾ ਦੀਆਂ ਨਵੀਆਂ ਕਿਤਾਬਾਂ ਨੂੰ ਦਿਖਾਉਂਦੇ ਹੋਏ ਮਦਨ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਕੋਲ ਉਸ ਨੂੰ ਪੜ੍ਹਾਉਣ ਦਾ ਵਕਤ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਰੋਜ਼ੀ-ਰੋਟੀ ਕਮਾਉਣ ਲ਼ਈ ਘਰ ਤੋਂ ਬਾਹਰ ਜਾਣਾ ਪੈਂਦਾ ਹੈ।
ਇਸ ਆਦਿਵਾਸੀ ਪਿੰਡ ਵਿੱਚ ਜ਼ਿਆਦਾਤਰ ਮਾਂ-ਪਿਓ ਅਨਪੜ੍ਹ ਹਨ ਅਤੇ ਪੜ੍ਹਾਈ ਵਿੱਚ ਆਪਣੇ ਛੋਟੇ ਬੱਚਿਆਂ ਦੀ ਮਦਦ ਨਹੀਂ ਕਰ ਪਾਉਂਦੇ, ਯਾਨੀ ਬੱਚਿਆਂ ਦਾ ਸਕੂਲ ਬੰਦ ਤਾਂ ਸਿੱਖਣਾ ਵੀ ਪੂਰੀ ਤਰ੍ਹਾਂ ਬੰਦ।
ਛੋਟੇ ਬੱਚਿਆਂ ਨੂੰ ਮਦਦ ਚਾਹੀਦੀ ਹੈ
ਜ਼ਯਾਂ ਡ੍ਰੇਜ਼ ਮੁਤਾਬਕ, ਇਨ੍ਹਾਂ ਸਭ ਤੋਂ ਛੋਟੇ ਬੱਚਿਆਂ ਦੇ ਸਕੂਲ ਛੱਡਣ ਤੱਕ ਦੀ ਨੌਬਤ ਆ ਸਕਦੀ ਹੈ।

ਉਹ ਕਹਿੰਦੇ ਹਨ, ''ਵੱਡੀ ਕਲਾਸ ਵਿੱਚ ਪਹੁੰਚਣ ਤੱਕ ਤੁਸੀਂ ਪੜ੍ਹਨਾ-ਲਿਖਣਾ ਸਿੱਖ ਚੁੱਕੇ ਹੁੰਦੇ ਹੋ, ਤੁਸੀਂ ਥੋੜ੍ਹਾ ਪਿੱਛੇ ਵੀ ਰਹਿ ਜਾਓ ਤਾਂ ਅੱਗੇ ਵੱਧਣਾ ਜਾਰੀ ਰੱਖ ਸਕਦੇ ਹੋ। ਖ਼ੁਦ ਨੂੰ ਹੋਰ ਸਿੱਖਿਅਤ ਬਣਾ ਸਕਦੇ ਹੋ। ਪਰ ਜੇ ਤੁਸੀਂ ਮੂਲ ਪੜ੍ਹਾਈ ਹੀ ਨਹੀਂ ਕੀਤੀ ਅਤੇ ਤੁਸੀਂ ਪਿੱਛੇ ਰਹਿ ਗਏ ਹੋ, ਪਰ ਤੁਹਾਨੂੰ ਅਗਲੀ ਕਲਾਸ ਵਿੱਚ ਭੇਜ ਦਿੱਤਾ ਜਾਵੇ ਤਾਂ ਤੁਸੀਂ ਬਹੁਤ ਪਿੱਛੇ ਰਹਿ ਜਾਓਗੇ। ਇਹ ਸਕੂਲ ਹੀ ਛੱਡ ਦੇਣ ਦੇ ਹਾਲਾਤ ਪੈਦਾ ਕਰ ਸਕਦਾ ਹੈ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਡ੍ਰੇਜ਼ ਹੁਣ ਕੁਝ ਹੋਰ ਅਰਥ ਸ਼ਾਸਤਰੀਆਂ ਦੀ ਮਦਦ ਦੇ ਨਾਲ ਨੌਂ ਸੂਬਿਆਂ - ਅਸਮ, ਮਹਾਰਾਸ਼ਟਰ, ਓਡਿਸ਼ਾ, ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ 1,500 ਬੱਚਿਆਂ ਦਾ ਸਰਵੇਖਣ ਕਰ ਰਹੇ ਹਨ।
ਉਨ੍ਹਾਂ ਦੇ ਵਾਲੰਟੀਅਰ ਘਰ-ਘਰ ਜਾ ਕੇ ਪੰਜ ਤੋਂ 14 ਸਾਲ ਦੀ ਉਮਰ ਤੱਕ ਦੇ ਬੱਚਿਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਸਾਖਰਤਾ ਦਰ ਨੋਟ ਕਰਨਗੇ ਤਾਂ ਜੋ 2011 ਦੀ ਮਰਦਮਸ਼ੁਮਾਰੀ ਦੀ ਦਰ ਨਾਲ ਉਸ ਦੀ ਤੁਲਨਾ ਕੀਤੀ ਜਾ ਸਕੇ।
ਮੁੰਡਿਆਂ ਲਈ ਟਿਊਸ਼ਨ
ਮਹਾਂਮਾਰੀ ਨੇ ਸਿੱਖਿਆ ਦੇ ਲਈ ਮੁੰਡਿਆਂ ਅਤੇ ਕੁੜੀਆਂ ਨੂੰ ਮਿਲਣ ਵਾਲੀ ਮਦਦ ਦੇ ਫ਼ਰਕ ਨੂੰ ਵੀ ਹੋਰ ਡੂਘਾ ਕਰ ਦਿੱਤਾ ਹੈ।
ਕੁਝ ਪਰਿਵਾਰ ਟਿਊਸ਼ਨ ਦਾ ਖ਼ਰਚਾ ਚੁੱਕ ਸਕਦੇ ਹਨ, ਪਰ ਇਨ੍ਹਾਂ ਵਿੱਚੋਂ ਬਹੁਤੇ ਅਜਿਹਾ ਸਿਰਫ਼ ਪੁੱਤਰਾਂ ਦੇ ਲਈ ਕਰਦੇ ਹਨ।

ਰਾਧਿਕਾ ਦਾ ਭਰਾ ਵਿਸ਼ਣੁ ਉਸ ਤੋਂ ਇੱਕ ਸਾਲ ਛੋਟਾ ਹੈ ਪਰ ਟਿਊਸ਼ਨ ਦੀ ਮਦਦ ਨਾਲ ਪੜ੍ਹਨ-ਲਿਖਣ ਅਤੇ ਸਮਝਣ ਵਿੱਚ ਆਪਣੀ ਭੈਣ ਤੋਂ ਕਿਤੇ ਅੱਗੇ ਹੈ।
ਰਾਧਿਕਾ ਦੀਆਂ ਪੰਜ ਵੱਡੀਆਂ ਭੈਣਾਂ ਵੀ ਸਕੂਲ ਜਾਂਦੀਆਂ ਹਨ ਪਰ ਪਿਛਲੇ ਸਾਲ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕੋਈ ਕਲਾਸ ਨਹੀਂ ਲਗਾਈ - ਨਾ ਆਨਲਾਈਨ, ਨਾ ਆਫ਼ਲਾਈਨ ਜਾਂ ਟਿਊਸ਼ਨ।
ਬੱਚਿਆਂ ਦੀ ਮਾਂ ਕੁੰਤੀ ਦੇਵੀ ਕਹਿੰਦੇ ਹਨ, ''ਵਿਸ਼ਣੁ ਦੀ ਟਿਊਸ਼ਨ 'ਤੇ ਹਰ ਮਹੀਨੇ 250 ਰੁਪਏ ਲੱਗਦੇ ਹਨ, ਹੁਣ ਉਸ ਦੀਆਂ ਛੇ ਭੈਣਾਂ ਨੂੰ ਪੜ੍ਹਾਉਣ ਲਈ ਇੰਨਾ ਪੈਸਾ ਕਿੱਥੋਂ ਲੈ ਕੇ ਆਈਏ।''
ਇਹ ਸਿਰਫ਼ ਰਾਧਿਕਾ ਦੇ ਪਿੰਡ ਦੀ ਗੱਲ ਨਹੀਂ ਹੈ। ਕਈ ਪਰਿਵਾਰ ਮੁੰਡਿਆਂ ਨੂੰ ਬੁਢਾਪੇ ਦਾ ਸਹਾਰਾ ਮੰਨਦੇ ਹੋਏ ਉਨ੍ਹਾਂ 'ਤੇ ਖ਼ਰਕ ਕਰਨਾ ਪਸੰਦ ਕਰਦੇ ਹਨ, ਜਦਕਿ ਮੰਨਿਆਂ ਜਾਂਦਾ ਹੈ ਕਿ ਧੀਆਂ ਵਿਆਹ ਤੋਂ ਬਾਅਦ ਦੂਜੇ ਘਰ ਚਲੀ ਜਾਣਗੀਆਂ।
ਰਿਸਰਚ ਦੱਸਦੀ ਹੈ ਕਿ ਘੱਟ ਸਾਧਨ ਵਾਲੇ ਪਰਿਵਾਰਾਂ ਵਿੱਚ ਜ਼ਿਆਦਾਤਰ ਮਾਂ-ਪਿਓ ਆਪਣੀਆਂ ਧੀਆਂ ਨੂੰ ਮੁਫ਼ਤ ਸਿੱਖਿਆ ਦੇਣ ਵਾਲੇ ਸਰਕਾਰੀ ਸਕੂਲ ਵਿੱਚ ਦਾਖ਼ਲਾ ਦਿਵਾਉਂਦੇ ਹਨ ਤਾਂ ਜੋ ਪੁੱਤਰਾਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜ ਸਕਣ।
ਛੋਟੀ ਬੱਚੀਆਂ 'ਤੇ ਅਸਰ
ਸਮਯੁਕਤਾ ਸੁਬ੍ਰਮਣਿਯਨ ਬਾਲ ਸਿੱਖਿਆ ਦੇ ਖ਼ੇਤਰ ਵਿੱਚ ਭਾਰਤ ਦੀ ਸਭ ਤੋਂ ਵੱਡੀ ਗ਼ੈਰ-ਸਰਕਾਰੀ ਸੰਸਥਾ, 'ਪ੍ਰਥਮ' 'ਚ ਛੋਟੇ ਬੱਚਿਆਂ ਦੇ ਪ੍ਰੋਜੈਕਟਸ ਉੱਤੇ ਕੰਮ ਕਰਦੇ ਹਨ।

ਉਹ ਕਹਿੰਦੇ ਹਨ, ''ਅਣਜਾਣ ਪੁਣੇ 'ਚ ਹੀ ਰਾਧਿਕਾ ਵਰਗੀਆਂ ਕੁੜੀਆਂ ਇਹ ਵਿਸ਼ਵਾਸ ਕਰਨ ਲੱਗਣਗੀਆਂ ਕਿ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਉਸ ਨੂੰ ਚਾਹੀਦੀਆਂ ਹਨ ਪਰ ਉਸ ਦੇ ਛੋਟੇ ਭਰਾ ਨੂੰ ਹੀ ਮਿਲਣਗੀਆਂ। ਇਹ ਉਸ ਦੇ ਮਨ ਵਿੱਚ ਘਰ ਕਰ ਜਾਵੇਗਾ, ਉਸ ਦੇ ਆਤਮ ਵਿਸ਼ਵਾਸ 'ਚੇ ਅਸਰ ਪਵੇਗਾ, ਉਹ ਖ਼ੁਦ ਨੂੰ ਘੱਟ ਸਮਝਣ ਲੱਗ ਸਕਦੀ ਹੈ।''
ਅਕਤੂਬਰ 2020 ਵਿੱਚ ਪ੍ਰਥਮ ਨੇ ਆਪਣੀ ਸਲਾਨਾ 'ਐਨੁਏਲ ਸਟੇਟ ਆਫ਼ ਏਜੁਕੇਸ਼ਨ ਰਿਪੋਰਟ' ਦੇ ਲਈ ਇੱਕ ਹਫ਼ਤੇ ਦੌਰਾਨ ਫ਼ੋਨ ਰਾਹੀਂ ਦੇਸ਼ ਭਰ ਵਿੱਚ ਸਰਵੇਖਣ ਕੀਤਾ। ਉਨ੍ਹਾਂ ਨੇ ਦੇਖਿਆ ਕਿ ਇਸ ਸਮੇਂ ਦੌਰਾਨ ਦੋ-ਤਿਹਾਈ ਬੱਚਿਆਂ ਨੂੰ ਪੜ੍ਹਾਈ-ਲਿਖਾਈ ਦੇ ਲਈ ਕਿਤੇ ਤਰ੍ਹਾਂ ਦੀ ਸਮੱਗਰੀ ਜਾਂ ਕਲਾਸ ਕਰਨ ਨੂੰ ਨਹੀਂ ਮਿਲੀ।

ਸਮਯੁਕਤਾ ਸੁਬ੍ਰਮਣਿਯਨ ਮੁਤਾਬਕ ਸਕੂਲ ਖੁੱਲ੍ਹਣ ਤੋਂ ਬਾਅਦ, ਅਧਿਆਪਕਾਂ ਨੂੰ ਬੱਚਿਆਂ ਦੇ ਨਾਲ ਖੇਡ ਦੇ ਬਹਾਨੇ ਗਰੁੱਪ ਐਕਟੀਵਿਟੀਜ਼ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ 'ਤੇ ਬਹੁਤ ਦਬਾਅ ਪਾਏ ਬਗੈਰ ਉਨ੍ਹਾਂ ਦੀ ਸਿੱਖਿਆ ਦੇ ਪੱਧਰ ਦਾ ਅੰਦਾਜ਼ਾ ਲਗਾਇਆ ਜਾ ਸਕੇ।
ਉਨ੍ਹਾਂ ਨੇ ਕਿਹਾ, ''ਕਲਾਸ ਰੂਮ ਵਿੱਚ ਹੋਣ ਵਾਲੀ ਪੜ੍ਹਾਈ ਨੂੰ ਹਰ ਬੱਚੇ ਦੀ ਸਿੱਖਣ ਦੀ ਸਮਰੱਥਾ ਦੇ ਮੁਤਾਬਕ ਕਰਨਾ ਹੋਵੇਗਾ, ਨਹੀਂ ਤਾਂ ਬਹੁਤ ਸਾਰੇ ਬੱਚੇ ਜੋ ਪੱਛੜ ਗਏ ਹਨ, ਉਹ ਬਾਕੀ ਬੱਚਿਆਂ ਨਾਲ ਕਦਮ ਨਹੀਂ ਮਿਲਾ ਪਾਉਣਗੇ।''
ਸਕੂਲ ਪਰਤਣ ਦੇ ਜ਼ਿਕਰ ਤੋਂ ਹੀ ਰਾਧਿਕਾ ਮੁਸਰਾਉਣ ਲੱਗਦੀ ਹੈ।
ਉਹ ਕਹਿੰਦੀ ਹੈ ਉਸ ਨੇ ਸਕੂਲ ਵਿੱਚ ਖੇਡਣਾ ਅਤੇ ਪੜ੍ਹਾਈ, ਦੋਵਾਂ ਨੂੰ ਬਹੁਤ ਯਾਦ ਕੀਤਾ ਹੈ।
ਰਾਧਿਕਾ ਨੇ ਕਿਹਾ, ''ਮੈਂ ਉਹ ਤਾਲਵੇ ਵਾਲਾ ਦਰਵਾਜ਼ਾ ਖੋਲ੍ਹ ਕੇ ਆਪਣੇ ਬੈਂਚ 'ਤੇ ਬੈਠਣਾ ਚਾਹੁੰਦੀ ਹਾਂ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












