ਅਫ਼ਗਾਨਿਸਤਾਨ˸ 'ਅਫ਼ਗਾਨ ਸੈਨਿਕਾਂ ਦੇ ਹੱਥ 'ਚ ਕੋੜੇ ਵਰਗੀ ਚੀਜ਼ ਸੀ, ਉਨ੍ਹਾਂ ਨੇ ਸਾਨੂੰ ਦੋ ਵਾਰ ਮਾਰਿਆ ਵੀ'

- ਲੇਖਕ, ਮੁਦੱਸਿਰ ਮਲਿਕ
- ਰੋਲ, ਬੀਬੀਸੀ ਕਾਬੁਲ
ਕਾਬੁਲ ਵਿੱਚ ਅੱਜ ਦਾ ਦਿਨ ਵੀ ਕਾਫੀ ਮਸਰੂਫ਼ ਸੀ। ਹੋਟਲ ਉਨ੍ਹਾਂ ਯਾਤਰੀਆਂ ਨਾਲ ਭਰਿਆ ਹੋਇਆ ਸੀ ਜੋ ਇੱਥੋਂ ਕਤਰ ਜਾਣ ਦੀ ਤਿਆਰੀ ਵਿੱਚ ਸਨ।
ਪਰ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਪੱਤਰਕਾਰ ਅੱਜ ਇੱਥੇ ਪਹੁੰਚਦੇ ਹੋਏ ਵੀ ਵੇਖੇ ਗਏ।
ਇਹ ਦ੍ਰਿਸ਼ ਕੁਝ ਇਸ ਤਰ੍ਹਾਂ ਹਨ ਜਿਵੇਂ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਹੋਵੇ ਜਦਕਿ ਵਿਦੇਸ਼ੀ ਪੱਤਰਕਾਰ ਹੁਣ ਦੇਸ਼ ਛੱਡਣ ਦੀ ਕਗਾਰ 'ਤੇ ਹਨ।
ਅੱਜ ਮੈਨੂੰ ਹੋਟਲ ਦੇ ਭੋਜਨ ਵਾਲੇ ਕਮਰੇ ਵਿੱਚ ਆਪਣੇ ਲਈ ਇੱਕ ਖਾਲੀ ਕੁਰਸੀ ਲੱਭਣ ਲਈ ਮਸ਼ੱਕਤ ਕਰਨੀ ਪਈ। ਹੋਟਲ ਦੇ ਕਰਮਚਾਰੀਆਂ ਨੇ ਕਿਹਾ ਕਿ ਨਾਸ਼ਤੇ ਦੀਆਂ ਚੀਜ਼ਾਂ ਲਗਭਗ ਖ਼ਤਮ ਹੋ ਗਈਆਂ ਸਨ।
ਨਾਸ਼ਤੇ ਦੀ ਮੇਜ 'ਤੇ ਜਾਂ ਜਿੱਥੇ ਵੀ ਅਸੀਂ ਕੁਝ ਦੇਰ ਬੈਠੇ, ਸਾਡੀ ਗੱਲਬਾਤ ਦਾ ਕੇਂਦਰ ਜ਼ਿਆਦਾਤਰ ਹਵਾਈ ਅੱਡੇ ਦੇ ਦਰਵਾਜ਼ੇ ਹੀ ਰਹੇ। ਇਹ ਉੱਤਰੀ ਦਰਵਾਜ਼ਾ ਹੈ, ਇਹ ਪੂਰਵੀ ਹੈ, ਇਹ ਦੱਖਣੀ ਦਰਵਾਜ਼ਾ ਹੈ।
ਇਹ ਵੀ ਪੜ੍ਹੋ-
ਉਸ ਦਿਨ ਮੈਂ ਹੋਟਲ ਤੋਂ ਦੁਬਾਰਾ ਹਵਾਈ ਅੱਡੇ 'ਤੇ ਜਾਣਾ ਸੀ ਪਰ ਉਸ ਤੋਂ ਪਹਿਲਾਂ ਅਸੀਂ ਮੇਅਰ ਦੇ ਦਫ਼ਤਰ ਗਏ ਜਿਸ ਨੂੰ ਕਿ ਸਿਟੀ ਹਾਲ ਕਿਹਾ ਜਾਂਦਾ ਸੀ।
ਉੱਥੇ ਪਹੁੰਚਣ 'ਤੇ ਸਾਨੂੰ ਪਤਾ ਲੱਗਾ ਕਿ ਕੰਮ ਤਾਂ ਸ਼ੁਰੂ ਹੋ ਗਿਆ ਸੀ ਪਰ 70% ਕਰਮਚਾਰੀ ਅਜੇ ਵੀ ਕੰਮ 'ਤੇ ਵਾਪਸ ਨਹੀਂ ਆਏ ਸਨ।
ਉੱਥੇ ਕੁਝ ਔਰਤਾਂ ਮੌਜੂਦ ਸਨ, ਪਰ ਉਨ੍ਹਾਂ ਵਿੱਚੋਂ ਕਿਸੇ ਨਾਲ ਵੀ ਗੱਲ ਕਰਨਾ ਜਾਂ ਇੰਟਰਵਿਊ ਲੈਣਾ ਸੰਭਵ ਨਹੀਂ ਸੀ।

ਜਦੋਂ ਮੈਂ ਉਨ੍ਹਾਂ ਵਿੱਚੋਂ ਇੱਕ ਔਰਤ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਆਪਣੀ ਨੌਕਰੀ ਕਾਰਨ ਉਨ੍ਹਾਂ ਨੂੰ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ, ਪਰ ਉਨ੍ਹਾਂ ਨੂੰ ਹਾਲੇ ਤੱਕ ਕੋਈ ਸਮੱਸਿਆ ਪੇਸ਼ ਨਹੀਂ ਆਈ ਸੀ।
ਹਾਲਾਂਕਿ, ਇੱਕ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਸੀ।
ਸਥਿਤੀ ਨੂੰ ਸੁਭਾਵਿਕ ਬਣਾਉਣ ਦੀ ਕੋਸ਼ਿਸ਼
ਅੱਜ, ਕਾਬੁਲ ਵਿੱਚ ਸੜਕਾਂ ਦੀ ਰੋਜ਼ਾਨਾ ਹੋਣ ਵਾਲੀ ਸਾਫ਼-ਸਫਾਈ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ।
ਤਾਲਿਬਾਨ ਨੇ ਇੱਥੇ ਇੱਕ ਵੱਖਰੇ ਮੇਅਰ ਦੀ ਨਿਯੁਕਤੀ ਕੀਤੀ ਹੈ, ਪਰ ਸਾਬਕਾ ਮੇਅਰ ਵੀ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਹਨ।
ਇੱਥੋਂ ਅਸੀਂ ਕਾਬੁਲ ਹਵਾਈ ਅੱਡੇ ਦੇ ਉੱਤਰੀ ਦਰਵਾਜ਼ੇ ਵੱਲ ਵਧੇ। ਵਾਹਨਾਂ ਦੀ ਲੰਮੀ ਕਤਾਰ ਲੱਗੀ ਹੋਈ ਸੀ।
ਲਗਭਗ ਤਿੰਨ ਕਿਲੋਮੀਟਰ ਤੱਕ ਸਿਰਫ਼ ਵਾਹਨ ਹੀ ਵਾਹਨ ਸਨ ਅਤੇ ਹਰ ਕੋਈ ਬੱਸ ਉੱਤਰੀ ਗੇਟ 'ਤੇ ਪਹੁੰਚਣਾ ਚਾਹੁੰਦਾ ਸੀ ਜਿੱਥੇ ਕਿ ਅਫ਼ਗ਼ਾਨ ਫੌਜਾਂ ਤੈਨਾਤ ਹਨ।
ਜਿਵੇਂ ਹੀ ਅਸੀਂ ਹਵਾਈ ਅੱਡੇ ਦੇ ਨੇੜੇ ਪਹੁੰਚੇ, ਗੋਲੀਬਾਰੀ ਦੀਆਂ ਆਵਾਜ਼ਾਂ ਤੇਜ਼ ਹੋ ਗਈਆਂ।
ਜਦੋਂ ਅਸੀਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਫ਼ਗ਼ਾਨ ਸੈਨਿਕਾਂ ਨੇ ਸਖ਼ਤੀ ਨਾਲ ਸਾਨੂੰ ਉੱਥੋਂ ਚਲੇ ਜਾਣ ਲਈ ਕਿਹਾ। ਸਿਪਾਹੀ ਬਹੁਤ ਗੁੱਸੇ ਵਿੱਚ ਸਨ।
ਉਨ੍ਹਾਂ ਦੇ ਹੱਥ ਵਿੱਚ ਕੋੜੇ ਵਰਗੀ ਕੋਈ ਚੀਜ਼ ਸੀ। ਉਨ੍ਹਾਂ ਨੇ ਸਾਨੂੰ ਦੋ ਵਾਰ ਮਾਰਿਆ ਵੀ। ਬਾਅਦ ਵਿੱਚ ਉਨ੍ਹਾਂ ਨੇ ਸਾਡੇ ਕਾਰਡ ਦੇਖੇ ਅਤੇ ਸਾਨੂੰ ਜਾਣ ਦਿੱਤਾ।
ਦਿਨ ਦੀ ਆਖ਼ਰੀ ਖਬਰ, ਤਾਲਿਬਾਨ ਦੀ ਅਗਵਾਈ ਹੇਠ ਆਯੋਜਿਤ ਪਹਿਲਾ ਲੋਯਾ ਜਿਰਗਾ ਸੀ।
ਇਹ ਵੀ ਪੜ੍ਹੋ-
ਇੱਥੇ ਕੁਝ ਪੱਤਰਕਾਰ ਦੋਸਤਾਂ ਨੇ ਦੱਸਿਆ ਕਿ ਜਿਰਗਾ ਵਿੱਚ 500 ਤੋਂ ਵੀ ਵੱਧ ਮੌਲਵੀਆਂ ਨੇ ਸ਼ਮੂਲੀਅਤ ਕੀਤੀ ਅਤੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਭਾਸ਼ਣ ਵੀ ਦਿੱਤਾ।
ਦੱਸਿਆ ਗਿਆ ਕਿ ਉਨ੍ਹਾਂ ਨੇ ਪੜਾਉਣ ਦੇ ਤਰੀਕਿਆਂ ਜਿਵੇਂ ਮਦਰੱਸੇ ਅਤੇ ਸਕੂਲ ਪ੍ਰਣਾਲੀ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਥੇ ਰਹਿਣ ਵਿੱਚ ਕੋਈ ਖ਼ਤਰਾ ਨਹੀਂ ਹੈ, ਬਾਹਰ ਦੇ ਹਾਲਾਤ ਜ਼ਿਆਦਾ ਬੁਰੇ ਹਨ।
ਕੁਝ ਲੋਕ ਅਫ਼ਗ਼ਾਨਿਸਤਾਨ ਛੱਡਣ ਲਈ ਚਿੰਤਤ ਹਨ ਅਤੇ ਕੁਝ ਅਫ਼ਗਾਨਿਸਤਾਨ ਨੂੰ ਛੱਡਦੇ ਹੋਏ ਚਿੰਤਤ ਹਨ।

ਤਸਵੀਰ ਸਰੋਤ, ANAS MALIK
ਅੱਜ, ਚਾਰ ਜਹਾਜ਼ਾਂ ਨੇ ਉਡਾਣ ਭਰੀ ਪਰ ਅਜੇ ਤੱਕ ਇਸ ਗੱਲ ਦਾ ਕੋਈ ਜਵਾਬ ਨਹੀਂ ਮਿਲਿਆ ਹੈ ਕਿ ਪਾਕਿਸਤਾਨ ਦੀ ਪੀਆਈਏ ਨੂੰ ਆਪਣੀ ਉਡਾਣ ਕਿਉਂ ਰੱਦ ਕਰਨੀ ਪਈ।
ਜਦੋਂ ਅਸੀਂ ਹੋਟਲ ਵਾਪਸ ਪਹੁੰਚੇ, ਇੱਥੇ ਇੱਕ ਵਾਰ ਫਿਰ ਵਿਸ਼ੇਸ਼ ਇਮੀਗ੍ਰੇਸ਼ਨ ਵੀਜ਼ਾ ਲਈ ਭੀੜ ਲੱਗੀ ਹੋਈ ਸੀ। ਹੁਣ, ਹੋਟਲ ਦੀ ਸੁਰੱਖਿਆ ਦਾ ਜ਼ਿੰਮਾ ਕਤਰ ਦੇ ਗਾਰਡਾਂ ਕੋਲ ਹੈ।
ਇਹ ਉਹ ਪਰਿਵਾਰ ਹਨ ਜਿਨ੍ਹਾਂ ਨੇ ਖ਼ੁਦ ਆਪ ਜਾਂ ਕਿਸੇ ਪਰਿਵਾਰਿਕ ਵਿਅਕਤੀ ਰਾਹੀਂ ਕਿਸੇ ਵੀ ਤਰ੍ਹਾਂ ਵਿਦੇਸ਼ੀ ਲੋਕਾਂ ਨਾਲ ਮੀਡੀਆ ਵਿੱਚ ਜਾਂ ਦੁਭਾਸ਼ੀਏ ਵਜੋਂ ਕੰਮ ਕੀਤਾ ਹੈ।
ਉਨ੍ਹਾਂ ਦੇ ਚਿਹਰਿਆਂ 'ਤੇ ਉਦਾਸੀ ਛਾਈ ਸੀ ਜਿਵੇਂ ਕਿ ਕੋਈ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਤੋਂ ਜ਼ਬਰਦਸਤੀ ਬਾਹਰ ਕੱਢ ਰਿਹਾ ਹੋਵੇ ਅਤੇ ਉਨ੍ਹਾਂ ਕੋਲ ਕੋਈ ਰਸਤਾ ਨਾ ਬਚਿਆ ਹੋਵੇ।
ਕਮਰੇ 'ਚੋਂ ਬਾਹਰ ਜਾਣ ਤੋਂ ਪਹਿਲਾਂ, ਮੈਂ ਹੋਟਲ ਦੀ ਲਾਬੀ ਵਿੱਚ ਖੜ੍ਹੇ ਦਰਜਨਾਂ ਤਾਲਿਬਾਨਾਂ ਵਿੱਚੋਂ ਇੱਕ ਨਾਲ ਗੱਲ ਕੀਤੀ।
ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਪਾਕਿਸਤਾਨ ਤੋਂ ਹਾਂ, ਤਾਂ ਉਹ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਮੈਨੂੰ ਪੁੱਛਿਆ, "ਹੁਣ ਤੁਸੀਂ ਇੰਨੇ ਸਾਰੇ ਪਾਕਿਸਤਾਨੀ ਅਫ਼ਗਾਨਿਸਤਾਨ ਵਿੱਚ ਕਿਉਂ ਆ ਰਹੇ ਹੋ?"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













