ਟੋਕੀਓ ਓਲੰਪਿਕ 2020: ਪੁਰਾਣੇ ਫੋਨਾਂ ਤੋਂ ਬਣੇ ਮੈਡਲ, ਗੱਤਿਆਂ ਦੇ ਬੈੱਡ, ਇਸ ਵਾਰ ਦੀਆਂ ਖੇਡਾਂ ਇੰਝ ਵੱਖਰੀਆਂ ਹੋਣਗੀਆਂ

ਟੋਕੀਓ ਓਲੰਪਿਕ

ਤਸਵੀਰ ਸਰੋਤ, Getty Images

ਖੇਡਾਂ ਦਾ ਮਹਾਂ ਕੁੰਭ, ਓਲੰਪਿਕ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਸ਼ੁਰੂ ਹੋ ਗਿਆ ਹੈ।

ਇਸ ਵਾਰ ਭਾਰਤੀ ਦਲ ਦੀ ਅਗਵਾਈ ਮੁੱਕੇਬਾਜ਼ ਮੈਰੀ ਕੌਮ ਅਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕੀਤੀ।

ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਕਿ ਕੋਰੋਨਾ ਮਹਾਮਾਰੀ ਕਾਰਨ ਲਗਭਗ ਖਾਲੀ ਸਟੇਡੀਅਮ ਵਿੱਚ ਖੇਡਾਂ ਸ਼ੁਰੂ ਹੋਈਆਂ।

ਵੈਸੇ ਤਾਂ ਇਸ ਵਾਰ ਟੋਕੀਓ ਵਿੱਚ ਹੋ ਰਹੀਆਂ ਓਲੰਪਿਕ ਅਤੇ ਪੈਰਾ-ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਾਸ ਬਣ ਗਈਆਂ ਸੀ।

ਪਹਿਲੀ ਵਜ੍ਹਾ ਤਾਂ ਸੀ, ਤੁਹਾਨੂੰ ਪਤਾ ਹੀ ਹੈ, ਕੋਵਿਡ-19 ਮਹਾਮਾਰੀ ਜਿਸ ਕਾਰਨ ਇਨ੍ਹਾਂ ਨੂੰ ਇੱਕ ਸਾਲ ਲਈ ਮੁਲਤਵੀ ਕਰਨਾ ਪਿਆ।

ਇਹ ਵੀ ਪੜ੍ਹੋ:

ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸਿਰਫ਼ ਤਿੰਨ ਮੌਕਿਆਂ 'ਤੇ ਹੀ, ਇਨ੍ਹਾਂ ਖੇਡਾਂ ਨੂੰ ਟਾਲਣ ਜਾਂ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ-

  • ਪਹਿਲੀ ਵਾਰ 1916 ਵਿੱਚ ਜਦੋਂ ਇਹ ਖੇਡਾਂ ਬਰਲਿਨ ਵਿੱਚ ਹੋਣੀਆਂ ਸਨ ਅਤੇ ਪਹਿਲੇ ਵਿਸ਼ਵ ਯੁੱਧ ਕਾਰਨ ਰੱਦ ਕੀਤੀਆਂ ਗਈਆਂ।
  • ਉਸ ਤੋਂ ਬਾਅਦ 1940 ਵਿੱਚ ਓਲੰਪਿਕ ਖੇਡਾਂ ਦੂਜੇ ਵਿਸ਼ਵ ਯੁੱਧ ਦੌਰਾਨ ਮੁਲਤਵੀ ਕੀਤੀਆਂ ਗਈਆਂ ਪਰ ਇਹ 1948 ਵਿੱਚ ਲੰਡਨ ਵਿੱਚ ਹੀ ਵਾਪਸੀ ਕਰ ਸਕੀਆਂ।
  • ਉਸ ਤੋਂ ਬਾਅਦ ਹੁਣ, ਕੋਰੋਨਾਵਇਰਸ ਕਾਰਨ, ਪਹਿਲਾਂ ਖੇਡਾਂ ਨੂੰ ਰੱਦ ਕਰਨ ਬਾਰੇ ਚਰਚਾ ਕੀਤੀ ਗਈ ਪਰ ਬਾਅਦ ਵਿੱਚ ਮੁਲਤਵੀ ਕਰਨ ਉੱਪਰ ਸਹਿਮਤੀ ਬਣੀ ਜੋ ਕਿ ਆਪਣੇ ਆਪ ਵਿੱਚ ਇੱਕ ਇਤਿਹਾਸਕ ਫ਼ੈਸਲਾ ਸੀ।
ਟੋਕੀਓ ਓਲੰਪਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਰ ਕੌਮਾਂਤਰੀ ਓਲੰਪਿਕ ਕਮੇਟੀ ਨੇ ਫ਼ੈਸਲਾ ਕਿ 2021 ਵਿੱਚ ਹੋਣ ਵਾਲੀਆਂ ਇਨ੍ਹਾਂ ਖੇਡਾਂ ਨੂੰ "ਟੋਕੀਓ 2020 ਓਲੰਪਿਕ ਅਤੇ ਪੈਰਾ ਓਲੰਪਿਕ" ਹੀ ਕਿਹਾ ਜਾਵੇਗਾ।

ਇੱਥੇ ਹੀ ਬਸ ਨਹੀਂ ਜਪਾਨ ਦੇ ਜ਼ਿਆਦਾਤਰ ਹਿੱਸੇ ਵਿੱਚ ਇਸ ਸਮੇਂ ਅਪਾਤਕਾਲ ਲੱਗਿਆ ਹੋਇਆ। ਇਹ ਪਹਿਲੀ ਵਾਰ ਹੈ ਕਿ ਓਲੰਪਿਕ ਵਿੱਚ ਵਿਦੇਸ਼ੀ ਦਰਸ਼ਕ ਨਹੀਂ ਪਹੁੰਚ ਰਹੇ ਹਨ।

ਇਹ ਵੀ ਸੰਭਾਵਨਾ ਹੈ ਕਿ ਕਈ ਮੁਕਾਬਲੇ ਅਜਿਹੇ ਵੀ ਹੋਣਗੇ ਜਿਨ੍ਹਾਂ ਵਿੱਚ ਸ਼ਾਇਦ ਇੱਕ ਵੀ ਦਰਸ਼ਕ ਨਾ ਹੋਵੇ।

ਜੇ ਤੁਹਾਨੂੰ ਹੈਰਾਨ ਕਰਨ ਲਈ ਇੰਨਾ ਕਾਫ਼ੀ ਨਹੀਂ ਹੈ, ਤਾਂ ਬੀਬੀਸੀ ਦੀ ਮੁੰਡੋ ਸੇਵਾ ਨੇ 4 ਹੋਰ ਕਾਰਨ ਲੱਭੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਸ਼ਾਇਦ ਤੁਸੀਂ ਹੈਰਾਨ ਹੋ ਜਾਓ-

ਰੈਂਕਿੰਗ

1.ਰਿਕਾਰਡ

ਇਸ ਵਾਰ 50 ਖੇਡ ਅਨੁਸ਼ਾਸ਼ਨਾਂ ਦੀਆਂ 33 ਖੇਡਾਂ ਵਿੱਚ ਮੁਕਾਬਲੇ ਹੋਣਗੇ।

11,000 ਖਿਡਾਰੀ 339 ਸੋਨ ਤਗਮਿਆਂ ਲਈ ਭਿੜ ਰਹੇ ਹਨ। ਬੇਸ਼ੱਕ ਇਸ ਦੇ ਨਾਲ ਚਾਂਦੀ ਅਤੇ ਤਾਂਬੇ ਦੇ ਮੈਡਲ ਵੀ ਹਨ।

ਟੋਕੀਓ ਓਲੰਪਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਕਾਰਨ ਟੋਕੀਓ ਓਲੰਪਿਕ ਹੁਣ ਤੱਕ ਦੀਆਂ ਸਭ ਤੋਂ ਮਹਿੰਗੀਆਂ ਖੇਡਾਂ ਹੋਣਗੀਆਂ

ਇਸ ਵਾਰ ਕੌਮਾਂਤਰੀ ਓਲੰਪਿਕ ਕਮੇਟੀ ਨੇ 5 ਹੋਰ ਖੇਡਾਂ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਹੈ ਜੋ ਕਿ 2016 ਦੀਆਂ ਰੀਓ ਓਲੰਪਿਕ ਵਿੱਚ ਸ਼ਾਮਿਲ ਨਹੀਂ ਸਨ।

ਇਹ ਹਨ- ਕਰਾਟੇ, ਸਰਫਿੰਗ, ਸਪੋਰਟ ਕਲਾਈਂਬਿੰਗ ਅਤੇ ਸਕੇਟਬੋਰਡਿੰਗ। ਇਸ ਵਾਰ 48.8% ਔਰਤਾਂ ਹਿੱਸਾ ਲੈ ਰਹੀਆਂ ਹਨ ਜੋ ਇੱਕ ਰਿਕਾਰਡ ਹੈ।

Please wait...

ਇਹ ਵਿਲੱਖਣ ਇਸ ਲਈ ਹੈ ਕਿਉਂਕਿ ਕਮੇਟੀ ਨੇ ਸਾਲ 2000 ਵਿੱਚ ਫ਼ੈਸਲਾ ਲਿਆ ਸੀ ਕਿ 28 ਖੇਡ ਅਨੁਸ਼ਾਸ਼ਨਾਂ ਤੋਂ ਬਿਨਾਂ ਹੋਰ ਖੇਡਾਂ ਓਲੰਪਿਕ ਵਿੱਚ ਸ਼ਾਮਲ ਨਹੀਂ ਕੀਤੀਆਂ ਜਾਣਗੀਆਂ।

ਇਨ੍ਹਾਂ 5 ਖੇਡਾਂ ਤੋਂ ਇਲਾਵਾ- ਬੇਸਬਾਲ,ਸੋਫ਼ਟਬਾਲ ਜੋ ਕਿ 2008 ਦੀਆਂ ਬੀਜਿੰਗ ਓਲੰਪਿਕ ਤੋਂ ਬਾਅਦ ਓਲੰਪਿਕ ਤੋਂ ਬਾਹਰ ਹੀ ਰਹੀਆਂ ਸਨ, ਮੁੜ ਸ਼ਾਮਲ ਕਰ ਲਈਆਂ ਗਈਆਂ ਹਨ।

ਇਸ ਤੋਂ ਇਲਾਵਾ ਰਵਾਇਤੀ ਬਾਸਕਿਟਬਾਲ ਅਤੇ ਸਾਈਕਲਿੰਗ ਦੀਆਂ ਨਵੀਂ ਵੰਨਗੀਆਂ ਵੀ ਨੂੰ ਵੀ ਥਾਂ ਦਿੱਤੀ ਗਈ ਹੈ।

ਮਿਸਾਲ ਵਜੋਂ ਇਸ ਵਾਰ 3X3 ਬਾਸਕਿਟਬਾਲ ਹੋਵੇਗੀ ਅਤੇ ਸਾਈਕਲਿੰਗ ਵਿੱਚ ਮੈਡੀਸਨ ਟੈਸਟ ਹੋਵੇਗਾ ਜਿਸ ਵਿੱਚ ਦੋ ਖਿਡਾਰੀਆਂ ਦੀਆਂ ਟੀਮਾਂ ਸ਼ਾਮਲ ਹੁੰਦੀਆਂ ਹਨ।

ਟੋਕੀਓ ਓਲੰਪਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਵਾਰ ਸਰਫਿੰਗ ਨੂੰ ਵੀ ਓਲੰਪਿਕ ਵਿੱਚ ਥਾਂ ਦਿੱਤੀ ਗਈ ਹੈ

ਇਸ ਤੋਂ ਇਲਾਵਾ ਰਿਲੇ ਦੌੜਾਂ ਵਿੱਚ ਵੀ ਮਿਕਸਡ ਟੀਮ ਖੇਡਾਂ ਹੋਣਗੀਆਂ- ਜਿਨ੍ਹਾਂ ਵਿੱਚ ਸਪਰਿੰਟਿੰਗ, ਟਰੈਥਲੋਨ, ਤੀਰਅੰਦਾਜ਼ੀ ਅਤੇ ਟੇਬਲ ਟੈਨਿਸ ਸ਼ਾਮਿਲ ਹਨ।

ਹਾਂ, ਕਰਾਟੇ ਇਹ ਅਗਲੀਆਂ 2024 ਦੀਆਂ ਖੇਡਾਂ ਵਿੱਚ ਨਹੀਂ ਰਹੇਗੀ ਅਤੇ ਇਸ ਦੀ ਥਾਂ ਬਰੇਕਡਾਂਸ ਲਵੇਗਾ।

2. ਸਭ ਤੋਂ ਮਹਿੰਗੇ ਓਲੰਪਿਕ

ਇੰਤਜ਼ਾਮੀਆ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ ਟੋਕੀਓ ਓਲੰਪਿਕ ਇਤਿਹਾਸ ਦੀਆਂ ਸਭ ਤੋਂ ਮਹਿੰਗੀਆਂ ਖੇਡਾਂ ਹਨ।

ਪਿਛਲੇ ਸਾਲ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਅੰਦਾਜ਼ਾ ਸੀ ਕਿ ਇਹ 12.6 ਬਿਲੀਅਨ ਡਾਲਰ ਵਿੱਚ ਪੈਣਗੀਆਂ।

ਹਾਲਾਂਕਿ ਹੁਣ ਤੱਕ ਇਸ ਵਿੱਚ 50 ਲੱਖ ਡਾਲਰ ਹੋਰ ਜੁੜ ਚੁੱਕੇ ਹਨ ਪਰ ਫਿਰ ਵੀ ਔਕਸਫੋਰਡ ਯੂਨੀਵਰਸਿਟੀ ਦੇ ਇੱਕ ਅਧਿਐਨ ਮੁਤਾਬਕ ਇਹ ਲੰਡਨ ਓਲੰਪਿਕ ਤੋਂ ਕਿਫ਼ਾਇਤੀ ਹਨ ਜੋ 14.5 ਬਿਲੀਅਨ ਡਾਲਰ ਵਿੱਚ ਪਈਆਂ ਸਨ।

ਟੋਕੀਓ ਓਲੰਪਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਭਾਵਨਾ ਹੈ ਕਿ ਕਈ ਮੁਕਾਬਲੇ ਅਜਿਹੇ ਵੀ ਹੋਣਗੇ ਜਿਨ੍ਹਾਂ ਵਿੱਚ ਸ਼ਾਇਦ ਇੱਕ ਵੀ ਦਰਸ਼ਕ ਨਾ ਹੋਵੇ।

ਮੌਜੂਦਾ ਓਲੰਪਿਕ ਉੱਪਰ ਜਿਹੜੇ ਵਾਧੂ 2.8 ਬਿਲੀਅਨ ਡਾਲਰ ਖ਼ਰਚ ਆਏ ਹਨ ਉਨ੍ਹਾਂ ਦੀ ਵਜ੍ਹਾ ਹੈ, ਕੋਰੋਨਾਵਾਇਰਸ ਮਹਾਮਾਰੀ। ਜਿਸ ਕਾਰਨ ਇਨ੍ਹਾਂ ਨੂੰ ਸਾਲ 2020 ਵਿੱਚ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

ਫਿਰ ਸਟੇਡੀਅਮਾਂ ਨੂੰ ਖਾਲੀ ਰੱਖਣ ਦਾ ਫ਼ੈਸਲਾ ਲਿਆ ਗਿਆ, ਜਿਸ ਨਾਲ ਰਾਜਕੋਸ਼ੀ ਘਾਟਾ ਪਵੇਗਾ।

ਜਦਕਿ ਉਮੀਦ ਸੀ ਕਿ ਟਿਕਟਾਂ ਦੀ ਖ਼ਰੀਦ ਤੋਂ 810 ਮਿਲੀਅਨ ਡਾਲਰ ਦੀ ਕਮਾਈ ਹੋਵੇਗੀ।

ਇਸ ਤੋਂ ਵੀ ਵੱਡਾ ਘਾਟਾ ਸੈਰ-ਸਪਾਟਾ ਸਨਅਤ ਨੂੰ ਪਵੇਗਾ। ਓਲੰਪਿਕ ਦੇਖਣ ਕੋਈ ਛੇ ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ ਸੀ। ਜੋ ਹੁਣ ਕੋਰੋਨਾਵਾਇਰਸ ਕਾਰਨ ਲਾਗੂ ਸਫ਼ਰੀ ਪਾਬੰਦੀਆਂ ਕਾਰਨ ਨਹੀਂ ਪਹੁੰਚ ਸਕਣਗੇ।

ਜਪਾਨ ਦੇ ਆਕਾਦਮਿਕ ਅਦਾਰਿਆਂ ਵੱਲੋਂ ਲਾਏ ਗਏ ਅਨੁਮਾਨਾਂ ਮੁਤਾਬਤ ਲਗਭਗ 23,000 ਮਿਲੀਅਨ ਦਾ ਘਾਟਾ ਪੈਣ ਜਾ ਰਿਹਾ ਹੈ।

3.ਪਹਿਲੀ ਵਾਰ ਟਾਂਕ ਸਾਲ (21) ਵਿੱਚ ਹੋ ਰਹੀਆਂ ਹਨ

ਟੋਕੀਓ ਓਲੰਪਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਹਿਲੀ ਵਾਰ ਕਿਸੇ ਓਲੰਪਿਕ ਲਈ ਵਿਦੇਸ਼ੀ ਸੈਲਾਨੀ ਨਹੀਂ ਪਹੁੰਚ ਰਹੇ

ਕੋਰੋਨਾਵਾਇਰਸ ਮਹਾਮਾਰੀ ਕਾਰਨ ਖੇਡਾਂ ਨੂੰ 2020 ਤੋਂ ਅੱਗੇ ਪਾ ਕੇ 2021 ਵਿੱਚ ਕੀਤਾ ਜਾ ਰਿਹਾ ਹੈ।

ਇਹ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਖੇਡਾਂ ਟਾਂਕ ਅੰਕਾਂ ਵਾਲੇ ਸਾਲ ਵਿੱਚ ਹੋਣ ਜਾ ਰਹੀਆਂ ਹਨ।

ਇਹ ਸੁਣਨ ਵਿੱਚ ਭਾਵੇਂ ਖ਼ਾਸ ਨਾ ਲਗਦਾ ਹੋਵੇ ਪਰ ਇੰਤਜ਼ਾਮੀਆ ਲਈ ਇਹ ਜ਼ਰੂਰ ਗੰਭੀਰ ਸੀ।

ਭਾਵੇਂ ਇਹ ਖੇਡਾਂ 2021 ਵਿੱਚ ਹੋ ਰਹੀਆਂ ਹਨ ਪਰ ਅਧਿਕਾਰਿਤ ਤੌਰ 'ਤੇ ਇਨ੍ਹਾਂ ਨੂੰ 2020 ਦੀਆਂ ਖੇਡਾਂ ਹੀ ਕਿਹਾ ਜਾਵੇਗਾ।

ਜਦੋਂ ਸਾਲ 2020 ਵਿੱਚ ਖੇਡਾਂ ਇੱਕ ਸਾਲ ਅੱਗੇ ਪਾਉਣ ਦੀ ਗੱਲ ਉੱਠੀ ਤਾਂ ਇਨ੍ਹਾਂ ਦਾ ਨਾਂਅ ਵੀ ਟੋਕੀਓ-2021 ਰੱਖਣ ਬਾਰੇ ਵਿਚਾਰ ਹੋਈ।

ਟੋਕੀਓ ਓਲੰਪਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਪਹਿਲੀਆਂ ਖੇਡਾਂ ਹਨ ਜੋ ਮੁਲਤਵੀ ਕੀਤੀਆਂ ਗਈਆਂ

ਫਿਰ ਟੋਕੀਓ ਦੇ ਮੇਅਰ ਨੇ ਐਲਾਨ ਕੀਤਾ ਕਿ ਟਾਂਕ ਨੰਬਰ ਬਾਰੇ ਤਾਂ ਸੋਚਿਆ ਹੀ ਨਹੀਂ ਜਾ ਸਕਦਾ।

ਫਿਰ ਕੌਮਾਂਤਰੀ ਓਲੰਪਿਕ ਕਮੇਟੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਨ੍ਹਾਂ ਖੇਡਾਂ ਨੂੰ "ਟੋਕੀਓ 2020 ਓਲੰਪਿਕ ਅਤੇ ਪੈਰਾ ਓਲੰਪਿਕ" ਹੀ ਕਿਹਾ ਜਾਵੇਗਾ।

ਇਸ ਦੀ ਇੱਕ ਵਜ੍ਹਾ ਕਾਰੋਬਾਰ ਵੀ ਸੀ। ਟੋਕੀਓ-2020 ਦੇ ਚਿੰਨ੍ਹ ਨਾਲ ਕਿੰਨੇ ਉਤਪਾਦ ਤਿਆਰ ਹੋ ਚੁੱਕੇ ਸਨ ਜੋ ਕਿ ਨਾਂਅ ਬਦਲਣ ਦੀ ਸੂਰਤ ਵਿੱਚ ਬਰਬਾਦ ਹੋ ਜਾਣੇ ਸਨ।

4. ਹਰਾ ਮੁਕਾਬਲਾ ਕਰਵਾਉਣ ਲਈ ਕ੍ਰਾਂਤੀਕਾਰੀ ਉਪਰਾਲੇ

ਟੋਕੀਓ ਓਲੰਪਿਕ ਇੰਤਜ਼ਾਮੀਆ ਨੇ ਇਨ੍ਹਾਂ ਖੇਡਾਂ ਨੂੰ ਵਾਤਵਾਰਣ ਅਨੁਕੂਲ ਬਣਾਉਣ ਲਈ ਕਈ ਕਦਮ ਚੁੱਕੇ ਹਨ।

ਮਿਸਾਲ ਵਜੋਂ ਖਿਡਾਰੀਆਂ ਦੇ ਬੈੱਡ- ਗੱਤੇ ਤੋਂ ਬਣਾਏ ਗਏ ਹਨ। ਜਿਨ੍ਹਾਂ ਨੂੰ ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਰੀਸਾਈਕਲ ਕਰ ਦਿੱਤਾ ਜਾਵੇਗਾ।

ਗੱਤੇ ਦੇ ਇਹ ਬੈੱਡ 200 ਕਿੱਲੋ ਭਾਰ ਸਹਿ ਸਕਦੇ ਹਨ।

ਟੋਕੀਓ ਓਲੰਪਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਡਲਾਂ ਲਈ ਧਾਤਾਂ ਰੀਸਾਈਕਲ ਕੀਤੇ ਉਪਕਰਣਾਂ, ਖ਼ਾਸਕਰ ਮੋਬਾਈਲਾਂ ਤੋਂ ਹਾਸਲ ਕੀਤੀਆਂ ਗਈਆਂ ਹਨ

ਮੈਡਲਾਂ ਵਿੱਚ ਵਰਤੀਆਂ ਗਈਆਂ ਧਾਤਾਂ ਰੀਸਾਈਕਲ ਕੀਤੀਆਂ ਗਈਆਂ ਹਨ- ਖ਼ਾਸ ਕਰਕੇ ਪੁਰਾਣੇ ਮੋਬਾਈਲ ਫ਼ੋਨਾਂ ਤੋਂ।

ਪੁਰਾਣੇ ਫ਼ੋਨਾਂ ਵਿੱਚੋਂ 32 ਕਿੱਲੋ ਸੋਨਾ, 35,00 ਕਿੱਲੋ ਚਾਂਦੀ ਅਤੇ 22,00 ਤਾਂਬਾ ਕੱਢਿਆ ਗਿਆ।

ਇਨ੍ਹਾਂ ਧਾਤਾਂ ਨਾਲ 5000 ਮੈਡਲ ਢਾਲੇ ਗਏ ਹਨ, ਜੋ ਓਲੰਪਿਕ ਅਤੇ ਪੈਰਾ ਓਲੰਪਿਕ ਦੌਰਾਨ ਖਿਡਾਰੀਆਂ ਵਿੱਚ ਵੰਡੇ ਜਾਣੇ ਹਨ।

ਸਭ ਤੋਂ ਵੱਡੀ ਵਚਨਬਧਤਾ ਤਾਂ ਕਾਰਬਨ ਉਤਸਰਜਣ ਨੂੰ ਕੰਟਰੋਲ ਵਿੱਚ ਰੱਖਣ ਦੀ ਸੀ। ਅੰਦਾਜ਼ੇ ਮੁਤਾਬਕ ਇਸ ਟੂਰਨਾਮੈਂਟ ਦੌਰਾਨ 2.9 ਮਿਲੀਅਨ ਟਨ ਕਾਰਬਨ ਡਾਇਔਕਸਾਈਡ ਗੈਸ ਵਾਤਾਵਰਣ ਵਿੱਚ ਛੱਡੀ ਜਾਵੇਗੀ।

ਇਹ ਮਾਤਰਾ ਰੀਓ-2016 ( 4.5 ਮਿਲੀਅਨ ਟਨ) ਅਤੇ ਲੰਡਨ-2012 (3.3 ਮਿਲੀਅਨ ਟਨ) ਦੀਆਂ ਓਲੰਪਿਕ ਖੇਡਾਂ ਜਿਨ੍ਹਾਂ ਨੂੰ ਵਾਤਾਵਰਣ ਦੇ ਪੱਖ ਤੋਂ ਹੁਣ ਤੱਕ ਦੀਆਂ ਸਭ ਤੋਂ ਕਿਫ਼ਾਇਤੀ ਖੇਡਾਂ ਮੰਨਿਆ ਜਾਂਦਾ ਹੈ, ਤੋਂ ਘੱਟ ਹੈ।

ਖਿਡਾਰੀਆਂ ਨੂੰ ਲਿਆਉਣ ਅਤੇ ਲਿਜਾਣ ਲਈ ਬਿਜਲਈ ਵਾਹਨ ਵਰਤੇ ਜਾਣਗੇ ਅਤੇ ਟੂਰਨਾਮੈਂਟ ਦੀਆਂ ਊਰਜਾ ਲੋੜਾਂ ਸੂਰਜੀ ਊਰਜਾ ਤੋਂ ਪੂਰੀਆਂ ਕੀਤੀਆਂ ਜਾਣਗੀਆਂ।

ਫਿਰ ਵੀ ਮਾਹਰਾਂ ਦੀ ਰਾਇ ਹੈ ਕਿ ਟੋਕੀਓ ਖੇਡਾਂ ਆਪਣਾ ਟੀਚਾ ਪੂਰਾ ਨਹੀਂ ਕਰ ਸਕਣਗੀਆਂ।

ਕਈਆਂ ਮਾਹਰਾਂ ਦਾ ਮੰਨਣਾ ਹੈ ਕਿ ਭਾਵੇਂ ਇਹ ਖੇਡਾਂ ਹੁਣ ਤੱਕ ਦੀਆਂ ਸਭ ਤੋਂ ਜ਼ਿਆਦਾ ਵਾਤਾਵਰਣ ਪੱਖੀ ਹੋਣ ਜਾ ਰਹੀਆਂ ਹਨ ਪਰ ਇਸ ਦੀ ਇੱਕੋ-ਇੱਕ ਵੱਡੀ ਵਜ੍ਹਾ ਕੋਰੋਨਾਵਾਇਰਸ ਕਾਰਨ ਲਾਗੂ ਪਾਬੰਦੀਆਂ ਹਨ।

ਇਹ ਵੀ ਪੜ੍ਹੋ-

ਇਹ ਵੀ ਵੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)