'ਮੇਰਾ ਪਤੀ ਮੇਰਾ ਫਰਿਸ਼ਤਾ ਸੀ, ਫਿਰ ਉਸ ਨੇ ਮੇਰਾ ਬਲਾਤਕਾਰ ਕੀਤਾ'

    • ਲੇਖਕ, ਵਾਇਲ ਹੁਸੈਨ
    • ਰੋਲ, ਬੀਬੀਸੀ ਨਿਊਜ਼, ਮਿਸਰ

ਮਿਸਰ ਦੀਆਂ ਔਰਤਾਂ ਸਰੀਰਕ ਹਿੰਸਾ ਦੇ ਆਲੇ ਦੁਆਲੇ ਖੜ੍ਹੀ ਚੁੱਪੀ ਦੀ ਕੰਧ ਨੂੰ ਤੋੜ ਰਹੀਆਂ ਹਨ ਅਤੇ ਵਿਆਹੁਤਾ ਜੀਵਨ ਵਿੱਚ ਬਲਾਤਕਾਰ ਉਪਰ ਖੁੱਲ੍ਹ ਕੇ ਗੱਲ ਕਰ ਰਹੀਆਂ ਹਨ। ਇਹ ਇੱਕ ਅਜਿਹਾ ਮੁੱਦਾ ਹੈ ਜਿਸ ਬਾਰੇ ਮਿਸਰ ਵਿੱਚ ਘੱਟ ਹੀ ਗੱਲ ਕੀਤੀ ਜਾਂਦੀ ਹੈ।

ਚਿਤਾਵਨੀ: ਇਸ ਲੇਖ ਵਿੱਚ ਯੌਨ ਹਿੰਸਾ ਬਾਰੇ ਗੱਲ ਕੀਤੀ ਗਈ ਹੈ।

34 ਸਾਲ ਦੀ ਸਾਫ਼ਾ ਦੇ ਸੁਹਾਗ ਰਾਤ ਮੌਕੇ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ। ਇਸ ਯੌਨ ਹਮਲੇ ਵਿੱਚ ਉਨ੍ਹਾਂ ਦੇ ਗੁਪਤ ਅੰਗ, ਮੂੰਹ ਅਤੇ ਗੁੱਟ ਉੱਪਰ ਸੱਟਾਂ ਵੱਜੀਆਂ ਹਨ।

ਇਹ ਵੀ ਪੜ੍ਹੋ :

ਸਾਫ਼ਾ ਨੇ ਦੱਸਿਆ, 'ਮੇਰੇ ਪੀਰੀਅਡ ਚੱਲ ਰਹੇ ਸੀ ਅਤੇ ਮੈਂ ਸੈਕਸ ਲਈ ਤਿਆਰ ਨਹੀਂ ਸੀ। ਮੇਰੇ ਪਤੀ ਨੂੰ ਲੱਗਿਆ ਕਿ ਮੈਂ ਉਨ੍ਹਾਂ ਨਾਲ ਰਿਸ਼ਤਾ ਬਣਾਉਣ ਤੋਂ ਬਚ ਰਹੀ ਹਾਂ। ਉਨ੍ਹਾਂ ਨੇ ਮੈਨੂੰ ਮਾਰਿਆ ਮੇਰੇ ਹੱਥ ਬੰਨ੍ਹ ਦਿੱਤੇ, ਮੇਰਾ ਮੂੰਹ ਦੱਬਿਆ ਤੇ ਬਲਾਤਕਾਰ ਕੀਤਾ।'

ਸਮਾਜਕ ਬਦਨਾਮੀ ਦੇ ਡਰ ਕਰਕੇ ਸਾਫ਼ਾ ਨੇ ਆਪਣੇ ਪਤੀ ਖਿਲਾਫ ਮੁਕੱਦਮਾ ਦਰਜ ਨਹੀਂ ਕਰਵਾਇਆ।

ਮਿਸਰ ਦਾ ਸਮਾਜ ਮਰਦ ਪ੍ਰਧਾਨ ਹੈ ਅਤੇ ਪੀੜਿਤ ਔਰਤਾਂ ਉਪਰ ਹੀ ਦੋਸ਼ ਮੜ੍ਹਨ ਦੀ ਸੰਸਕ੍ਰਿਤੀ ਹੈ।

ਸਾਫ਼ਾ ਲਈ ਬਦਲਾਅ ਦਾ ਪਲ ਉਸ ਵੇਲੇ ਆਇਆ ਜਦੋਂ ਉਨ੍ਹਾਂ ਨੇ ਰਮਜ਼ਾਨ ਦੇ ਮਹੀਨੇ ਟੀਵੀ ਉੱਤੇ ਪ੍ਰਸਾਰਿਤ ਨਾਟਕ 'ਨਊਟਨਜ਼ ਕ੍ਰੈਡਲ' ਦਾ ਇੱਕ ਦ੍ਰਿਸ਼ ਵੇਖਿਆ ਜਿਸ ਵਿੱਚ ਪਤੀ ਆਪਣੀ ਪਤਨੀ ਦੇ ਨਾਲ ਬਲਾਤਕਾਰ ਕਰਦਾ ਹੋਇਆ ਦਿਖਾਇਆ ਗਿਆ ਸੀ।

ਇਸ ਦ੍ਰਿਸ਼ ਨੂੰ ਦੇਖ ਕੇ ਕਈ ਔਰਤਾਂ ਦੀਆਂ ਪੁਰਾਣੀਆਂ ਪਰ ਬੁਰੀਆਂ ਯਾਦਾਂ ਤਾਜ਼ਾ ਹੋ ਗਈਆਂ। ਇਸ ਦ੍ਰਿਸ਼ ਨੇ ਇਸ ਬਾਰੇ ਖੁੱਲ੍ਹ ਕੇ ਸੋਸ਼ਲ ਮੀਡੀਆ 'ਤੇ ਗੱਲ ਕਰਨ ਅਤੇ ਆਪਣੇ ਤਜਰਬੇ ਸਾਂਝੇ ਕਰਨ ਦਾ ਮੌਕਾ ਵੀ ਦਿੱਤਾ।

ਕੁਝ ਹਫ਼ਤਿਆਂ ਦੇ ਵਿੱਚ ਹੀ ਸੈਂਕੜੇ ਔਰਤਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਨਾਲ ਹੋਏ ਅੱਤਿਆਚਾਰ ਬਾਰੇ ਲਿਖਿਆ। ਫੇਸਬੁੱਕ ਉੱਪਰ 'ਸਪੀਕ ਅਪ' ਨਾਮ ਦੇ ਬਣਾਏ ਗਏ ਇੱਕ ਪੇਜ ਉੱਪਰ ਸੱਤ ਸੌ ਤੋਂ ਜ਼ਿਆਦਾ ਔਰਤਾਂ ਨੇ ਆਪਣੀ ਗੱਲ ਰੱਖੀ।

ਇਨ੍ਹਾਂ ਵਿੱਚੋਂ ਇੱਕ 27 ਸਾਲ ਦੇ ਸੰਨਾ ਵੀ ਸੀ।

'ਉਹ ਮੇਰੇ ਲਈ ਇੱਕ ਫਰਿਸ਼ਤੇ ਵਰਗੇ ਸਨ। ਵਿਆਹ ਦੇ ਇਕ ਸਾਲ ਬਾਅਦ ਮੈਂ ਗਰਭਵਤੀ ਹੋ ਗਈ ਅਤੇ ਮੇਰੀ ਡਿਲੀਵਰੀ ਹੋਣ ਹੀ ਵਾਲੀ ਸੀ।'

ਇੱਕ ਪ੍ਰਚੱਲਿਤ ਸਮਾਜਿਕ ਬੁਰਾਈ

ਸੰਨਾ ਨੇ ਲਿਖਿਆ, 'ਇਕ ਮਾਮੂਲੀ ਗੱਲ ਕਰਕੇ ਸਾਡੇ ਵਿੱਚ ਲੜਾਈ ਹੋਈ ਅਤੇ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਮੈਨੂੰ ਸਜ਼ਾ ਦੇਣਗੇ। ਉਨ੍ਹਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਅਤੇ ਬਲਾਤਕਾਰ ਕੀਤਾ। ਮੇਰਾ ਗਰਭ ਡਿੱਗ ਗਿਆ।'

ਸੰਨਾ ਨੇ ਤਲਾਕ ਦੀ ਲੜਾਈ ਇਕੱਲੇ ਹੀ ਲੜੀ। ਹੁਣ ਉਹ ਆਪਣੇ ਪਤੀ ਤੋਂ ਵੱਖ ਹੈ ਅਤੇ ਅੱਜ ਵੀ ਆਪਣੇ ਬੱਚੇ ਨੂੰ ਯਾਦ ਕਰ ਕੇ ਅੱਖਾਂ ਭਰ ਆਉਂਦੀਆਂ ਹਨ ।

ਮਿਸਰ ਦੇ ਕਈ ਇਲਾਕਿਆਂ ਵਿੱਚ ਪਤਨੀ ਨਾਲ ਜ਼ਬਰਦਸਤੀ ਸੈਕਸ ਕਰਨਾ, ਖ਼ਾਸ ਤੌਰ 'ਤੇ ਸੁਹਾਗ ਰਾਤ ਦੇ ਦਿਨ, ਇੱਕ ਪ੍ਰਚੱਲਿਤ ਸਮਾਜਿਕ ਬੁਰਾਈ ਹੈ।

ਇਸ ਮੁੱਦੇ ਉੱਤੇ ਬਹਿਸ ਉਸ ਵੇਲੇ ਹੋਰ ਤੇਜ਼ ਹੋ ਗਈ ਜਦੋਂ ਇੱਕ ਪ੍ਰਸਿੱਧ ਗਾਇਕ ਦੀ ਸਾਬਕਾ ਪਤਨੀ ਨੇ ਇੰਸਟਾਗ੍ਰਾਮ ਰਾਹੀਂ ਆਪਣੇ ਤਜਰਬੇ ਸਾਂਝੇ ਕੀਤੇ।

ਪਤੀ ਨੇ ਇਸਦੇ ਜਵਾਬ ਵਿੱਚ ਇੰਸਟਾਗ੍ਰਾਮ ਰਾਹੀਂ ਹੀ ਇੱਕ ਵੀਡੀਓ ਪੋਸਟ ਕਰਕੇ ਸਾਰੇ ਆਰੋਪਾਂ ਨੂੰ ਆਧਾਰਹੀਣ ਦੱਸਦੇ ਹੋਏ ਖ਼ਾਰਜ ਕਰ ਦਿੱਤਾ।

ਉਨ੍ਹਾਂ ਦੀ ਪਤਨੀ ਨੇ ਇਸ ਨੂੰ ਅਪਰਾਧ ਘੋਸ਼ਿਤ ਕਰਨ ਲਈ ਕਾਨੂੰਨ ਵਿੱਚ ਬਦਲਾਅ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:

ਔਰਤ ਦੀ ਨਾ - ਇੱਕ ਪਾਪ?

ਮਿਸਰ ਦੀ ਸਰਕਾਰੀ ਸੰਸਥਾ ਨੈਸ਼ਨਲ ਕੌਂਸਲਿੰਗ ਫਾਰ ਵਿਮੈਨ (ਰਾਸ਼ਟਰੀ ਮਹਿਲਾ ਪਰੀਸ਼ਦ ) ਮੁਤਾਬਕ ਵਿਆਹੁਤਾ ਜੀਵਨ ਵਿੱਚ ਬਲਾਤਕਾਰ, ਜ਼ਬਰਦਸਤੀ ਸੈਕਸ ਕੀਤੇ ਜਾਣ ਅਤੇ ਯੌਨ ਉਤਪੀੜਨ ਦੇ ਸਾਲਾਨਾ 6500 ਮਾਮਲੇ ਸਾਹਮਣੇ ਆਉਂਦੇ ਹਨ।

ਮਹਿਲਾਵਾਂ ਲਈ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਵਾਲੀ ਸੰਸਥਾ ਵਿੱਚ ਕੰਮ ਕਰਨ ਵਾਲੀ ਰੈਦਾ ਦਾਨਬੂਕੀ ਅਨੁਸਾਰ, 'ਮਿਸਰ ਵਿੱਚ ਔਰਤਾਂ ਨੂੰ ਸੈਕਸ ਲਈ ਚੌਵੀ ਘੰਟੇ ਉਪਲੱਬਧ ਮੰਨਣਾ ਸਾਧਾਰਨ ਸੰਸਕ੍ਰਿਤੀ ਹੈ। ਵਿਆਹ ਤੋਂ ਬਾਅਦ ਬਲਾਤਕਾਰ ਲਈ ਇਹੀ ਧਾਰਨਾ ਜ਼ਿੰਮੇਵਾਰ ਹੈ।'

ਉਹ ਦੱਸਦੇ ਹਨ, 'ਮਿਸਰ ਵਿੱਚ ਆਮ ਧਾਰਮਿਕ ਮਾਨਤਾ ਹੈ ਕਿ ਜੇਕਰ ਕੋਈ ਔਰਤ ਆਪਣੇ ਪਤੀ ਦੇ ਨਾਲ ਸੈਕਸ ਕਰਨ ਤੋਂ ਇਨਕਾਰ ਕਰਦੀ ਹੈ ਤਾਂ ਉਹ ਪਾਪ ਕਰਦੀ ਹੈ ਅਤੇ ਸਾਰੀ ਰਾਤ ਫ਼ਰਿਸ਼ਤੇ ਉਸ ਨੂੰ ਵਧਵਾ ਦਿੰਦੇ ਰਹਿੰਦੇ ਹਨ।'

ਇਸ ਮੁੱਦੇ ਉਪਰ ਬਹਿਸ ਦਾ ਹੱਲ ਕੱਢਣ ਲਈ ਮਿਸਰ ਵਿੱਚ ਧਾਰਮਿਕ ਮਾਮਲਿਆਂ ਦੀ ਸਭ ਤੋਂ ਵੱਡੀ ਸੰਸਥਾ ਦਾਰੁਲ ਇਫਤਾ ਨੇ ਕਿਹਾ ਹੈ, "ਜੇਕਰ ਕੋਈ ਆਦਮੀ ਆਪਣੀ ਪਤਨੀ ਨੂੰ ਆਪਣੇ ਨਾਲ ਸੈਕਸ ਕਰਨ ਲਈ ਮਜਬੂਰ ਕਰਨ ਵਾਸਤੇ ਹਿੰਸਾ ਦਾ ਇਸਤੇਮਾਲ ਕਰਦਾ ਹੈ ਤਾਂ ਉਹ ਗੁਨਾਹਗਾਰ ਹੈ ਅਤੇ ਔਰਤ ਉਸ ਦੇ ਖਿਲਾਫ ਅਦਾਲਤ ਜਾ ਸਕਦੀ ਹੈ ਅਤੇ ਉਸ ਨੂੰ ਸਜ਼ਾ ਕਰਵਾ ਸਕਦੀ ਹੈ।"

ਦਾਨਬੂਕੀ ਨੇ ਅੱਗੇ ਕਿਹਾ, "ਵਿਮੈਨ ਸੈਂਟਰ ਫਾਰ ਗਾਈਡੈਂਸ ਐਂਡ ਲੀਗਲ ਅਵੇਅਰਨੈੱਸ ਨੇ ਪਿਛਲੇ ਦੋ ਸਾਲਾਂ ਵਿੱਚ ਵਿਆਹੁਤਾ ਜੀਵਨ ਵਿੱਚ ਬਲਾਤਕਾਰ ਦੇ 200 ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੁਹਾਗ ਰਾਤ ਨੂੰ ਹੋਏ। ਇਸ ਦੀ ਵਜ੍ਹਾ ਸੈਕਸ ਦੇ ਪ੍ਰਤੀ ਡਰ ਸੀ।"

ਮਿਸਰ ਦੇ ਕਾਨੂੰਨ ਅਨੁਸਾਰ ਵਿਵਾਹਿਕ ਬਲਾਤਕਾਰ ਅਪਰਾਧ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਨੇ ਇਹਨੂੰ ਯੌਨ ਹਿੰਸਾ ਦਾ ਹੀ ਇੱਕ ਰੂਪ ਮੰਨਿਆ ਹੈ। ਅਦਾਲਤਾਂ ਵਿੱਚ ਇਸ ਅਪਰਾਧ ਨੂੰ ਸਾਬਿਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਮਿਸਰ ਵਿੱਚ ਵਿਵਾਹਿਕ ਬਲਾਤਕਾਰ ਦੇ ਜ਼ਿਆਦਾਤਰ ਮਾਮਲੇ ਜੋ ਅਦਾਲਤ ਵਿੱਚ ਜਾਂਦੇ ਹਨ, ਉਨ੍ਹਾਂ ਵਿੱਚ ਸਜ਼ਾ ਨਹੀਂ ਹੋ ਪਾਉਂਦੀ।

ਇਸ ਦਾ ਕਾਰਨ ਮਿਸਰ ਦੇ ਦੰਡ ਵਿਧਾਨ ਦੀ ਧਾਰਾ 60 ਹੈ। ਇਸ ਦੇ ਮੁਤਾਬਿਕ 'ਦੰਡ ਸੰਹਿਤਾ ਉਨ੍ਹਾਂ ਮਾਮਲਿਆਂ ਉੱਤੇ ਲਾਗੂ ਨਹੀਂ ਹੋਵੇਗੀ ਜੋ ਚੰਗੀ ਨੀਅਤ ਨਾਲ ਕੀਤੇ ਗਏ ਹਨ ਅਤੇ ਜੋ ਸ਼ਰਿਆ ਦੇ ਕਾਨੂੰਨ ਦੇ ਤਹਿਤ ਸਹੀ ਹਨ।'

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪਰ ਦਾਨਾਬੂਕੀ ਦੱਸਦੇ ਹਨ ਕਿ ਮਹਿਲਾ ਦੇ ਸਰੀਰਕ ਪ੍ਰੀਖਣ ਤੋਂ ਬਾਅਦ ਵਿਵਾਹਿਕ ਬਲਾਤਕਾਰ ਨੂੰ ਸਾਬਿਤ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ, "ਔਰਤ ਦੇ ਪੂਰੇ ਸਰੀਰ ਦਾ ਪਰੀਖਣ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਉੱਤੇ ਖਰੋਚਾਂ ਅਤੇ ਬਾਹਰੀ ਸੱਟਾਂ ਨੂੰ ਦੇਖਿਆ ਜਾਣਾ ਚਾਹੀਦਾ ਹੈ। ਗੁੱਟ, ਮੂੰਹ ਉਤੇ ਸੱਟਾਂ ਨੂੰ ਵੀ ਦੇਖਿਆ ਜਾਣਾ ਚਾਹੀਦਾ ਹੈ।"

ਮਿਸਰ ਵਿੱਚ ਆਮ ਤੌਰ 'ਤੇ ਬਦਲਾਅ ਬਹੁਤ ਹੌਲੀ- ਹੌਲੀ ਆਉਂਦਾ ਹੈ। ਇੱਥੇ ਅੱਜ ਵੀ ਪਰੰਪਰਾਵਾਂ ਅਤੇ ਰੂੜੀਵਾਦੀ ਵਿਚਾਰ ਹਾਵੀ ਹਨ ਪਰ ਵਿਵਾਹਿਕ ਬਲਾਤਕਾਰ ਦੀਆਂ ਪੀੜਤ ਔਰਤਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ।

(ਸਾਫ਼ਾ ਅਤੇ ਸੰਨਾ ਬਦਲੇ ਹੋਏ ਨਾਮ ਹਨ।ਉਨ੍ਹਾਂ ਦੀ ਪਹਿਚਾਣ ਗੁਪਤ ਰੱਖਣ ਲਈ ਅਸਲੀ ਨਾਮ ਪ੍ਰਕਾਸ਼ਿਤ ਨਹੀਂ ਕੀਤੇ ਗਏ।)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)