You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਭਾਰਤ ਤੋਂ ਆਸਟਰੇਲੀਆ ਗਏ ਤਾਂ 5 ਸਾਲ ਜੇਲ੍ਹ ਅਤੇ ਜੁਰਮਾਨਾ ਹੋਵੇਗਾ
ਜਿਹੜੇ ਲੋਕ ਕੋਰੋਨਾਵਾਇਰਸ ਦੀ ਮਾਰ ਝੱਲ ਰਹੇ ਭਾਰਤ ਤੋਂ ਆਸਟਰੇਲੀਆ ਆਉਣਗੇ ਉਨ੍ਹਾਂ ਨੂੰ ਪੰਜ ਸਾਲ ਦੀ ਜੇਲ੍ਹ ਹੋਵੇਗੀ।
ਆਸਟਰੇਲੀਆ ਦੀ ਸਰਕਾਰ ਨੇ ਭਾਰਤ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ ਕਿ ਜੋ ਲੋਕ ਇਸ ਦਰਮਿਆਨ ਭਾਰਤ ਤੋਂ ਆਸਟਰੇਲੀਆ ਆਉਣਗੇ ਉਨ੍ਹਾਂ ਨੂੰ ਜੇਲ੍ਹ ਵਿੱਚ 5 ਸਾਲ ਦੀ ਸਜ਼ਾ ਭੁਗਤਣੀ ਪਵੇਗੀ।
ਕੋਰੋਨਾਵਾਇਰਸ ਦੀ ਲੜੀ ਨੂੰ ਤੋੜਨ ਲਈ ਆਸਟਰੇਲੀਆ ਦੀ ਸਰਕਾਰ ਨੇ ਇਹ ਸਖ਼ਤ ਕਦਮ ਚੁੱਕਿਆ ਹੈ।
ਆਸਟਰੇਲੀਆ ਦੀ ਸਰਕਾਰ ਨੇ ਆਖਿਆ ਹੈ ਕਿ ਲੰਘੇ 14 ਦਿਨਾਂ ਅੰਦਰ ਜੇ ਕਿਸੇ ਮੁਸਾਫ਼ਰ ਨੇ ਭਾਰਤ ਤੋਂ ਆਸਟਰੇਲੀਆ ਦਾ ਸਫ਼ਰ ਕੀਤਾ ਹੈ ਤਾਂ ਉਸ ਨੂੰ ਜੇਲ੍ਹ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ:
ਸਿਡਨੀ ਤੋਂ ਬੀਬੀਸੀ ਪੱਤਰਕਾਰ ਫਰਾਂਸਿਸ ਮਾਓ ਨੇ ਦੱਸਿਆ ਭਾਰਤ ਵਿੱਚ ਫਸੇ ਆਸਟਰੇਲੀਆ ਦਾ ਨਾਗਰਿਕਾਂ ਦਾ ਹਾਲ
ਉਧਰ ਆਸਟਰੇਲੀਅਨ ਨਾਗਰਿਕ ਮਨਦੀਪ ਸ਼ਰਮਾ ਆਪਣੀ ਹੀ ਸਰਕਾਰ ਤੋਂ ਖ਼ਫ਼ਾ ਹਨ।
ਮਨਦੀਪ ਉਨ੍ਹਾਂ 9000 ਆਸਟਰੇਲੀਅਨ ਨਾਗਰਿਕਾਂ ਵਿੱਚੋਂ ਇੱਕ ਹਨ ਜੋ ਕੈਨਬਰਾ ਵੱਲੋਂ ਇਸ ਹਫ਼ਤੇ ਮਹਾਂਮਾਰੀ ਪ੍ਰਭਾਵਿਤ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਮਈ ਮੱਧ ਤੱਕ ਬੰਦ ਕਰਨ ਦੇ ਐਲਾਨ ਤੋਂ ਬਾਅਦ ਭਾਰਤ ਵਿੱਚ ਫ਼ਸ ਗਏ ਹਨ।
ਉਨ੍ਹਾਂ ਦੀ ਪਤਨੀ ਅਤੇ ਦੋ ਧੀਆਂ ਐਡੀਲੇਡ ਵਿੱਚ ਹਨ ਅਤੇ ਮਨਦੀਪ ਨੂੰ ਡਰ ਹੈ ਕਿ ਪਰਿਵਾਰ ਤੋਂ ਦੂਰ ਰਹਿਣ ਦਾ ਇਹ ਸਮਾਂ ਮਹੀਨਿਆਂ ਲੰਬਾ ਹੋ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਕੋਵਿਡ ਲਾਗ ਲੱਗਣ ਦਾ ਵੀ ਅਸਲ ਖ਼ਤਰਾ ਹੈ।
ਦੇਸ ਵਿੱਚੋਂ ਵਾਇਰਸ ਕੱਢਣ ਦੇ ਉਦੇਸ਼ ਨਾਲ ਉਡਾਨਾਂ 'ਤੇ ਪਾਬੰਦੀ ਲਾਉਣ ਦਾ ਫ਼ੈਸਲਾ ਆਸਟਰੇਲੀਅਨ ਸਰਕਾਰ ਦੀ ਤਾਜ਼ਾ ਸਖ਼ਤ ਕਾਰਵਾਈ ਹੈ।
ਵਿਦੇਸ਼ਾਂ ਤੋਂ ਆਉਣ ਜਾਣ ਵਾਲਿਆਂ 'ਤੇ ਸਖ਼ਤ ਕਾਬੂ ਅਤੇ ਇਕਾਂਤਵਾਸ ਦੇ ਚੰਗੇ ਤਰੀਕਿਆਂ ਸਦਕਾ ਆਸਟਰੇਲੀਆ ਵਿੱਚ ਇਨਫ਼ੈਕਸ਼ਨ ਦੀ ਦਰ ਤਕਰੀਬਨ ਸਿਫ਼ਰ ਹੈ ਅਤੇ ਮੌਤ ਦਰ ਬਾਕੀ ਦੇਸਾਂ ਦੇ ਮੁਕਾਬਲੇ ਬਹੁਤ ਘੱਟ ਰਹੀ ਹੈ। ਇੰਨਾ ਨੀਤੀਆਂ ਦੇ ਚਲਦਿਆਂ ਹਾਲੇ ਵੀ ਬਹੁਤ ਸਾਰੇ ਆਸਟਰੇਲੀਆ ਵਾਸੀ ਦੇਸ ਤੋਂ ਬਾਹਰ ਫ਼ਸੇ ਹੋਏ ਹਨ।
ਭਾਰਤ ਤੋਂ ਆਉਣ ਵਾਲੀਆਂ ਉਡਾਨਾਂ 'ਤੇ ਪਾਬੰਦੀ ਬਹੁਤ ਸਖ਼ਤ ਹੈ। ਇਹ ਪਹਿਲੀ ਵਾਰ ਹੈ ਕਿ ਆਸਟਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਵੀ ਆਪਣੇ ਘਰਾਂ ਨੂੰ ਪਰਤਣ ਦੀ ਇਜ਼ਾਜਤ ਨਹੀਂ ਦਿੱਤੀ।
ਨਾਗਰਿਕ ਆ ਕਿਉਂ ਨਹੀਂ ਸਕਦੇ?
ਮਹਾਂਮਾਰੀ ਤੋਂ ਪਹਿਲਾਂ ਅੰਦਾਜ਼ਾ ਸੀ ਕਿ 10 ਲੱਖ ਆਸਟਰੇਲੀਅਨ ਨਾਗਰਿਕ ਵਿਦੇਸ਼ਾਂ ਵਿੱਚ ਰਹਿੰਦੇ ਹਨ। ਬਹੁਤ ਸਾਰੇ ਪਿਛਲੇ ਸਾਲ ਆਪਣੇ ਘਰਾਂ ਨੂੰ ਪਰਤ ਆਏ ਤੇ ਬਹੁਤੇ ਲੋਕ ਹਾਲੇ ਵੀ ਮੁੜਨ ਲਈ ਜੱਦੋ-ਜਹਿਦ ਕਰ ਰਹੇ ਹਨ।
ਮੌਜੂਦਾ ਸਮੇਂ ਵਿੱਚ ਕਰੀਬ 36,000 ਨਾਗਰਿਕਾਂ ਨੇ ਸਰਕਾਰ ਕੋਲ ਆਸਟਰੇਲੀਆ ਵਾਪਸ ਆਉਣ ਲਈ ਰਜਿਸਟਰੇਸ਼ਨ ਕਰਵਾਈ ਹੈ, ਪਰ ਅੰਦਾਜ਼ਾ ਹੈ ਕਿ ਜੋ ਵਾਪਸ ਆਉਣਾ ਚਾਹੁੰਦੇ ਹਨ ਉਨ੍ਹਾਂ ਦੀ ਅਸਲ ਗਿਣਤੀ ਕਿਤੇ ਵੱਧ ਹੈ।
ਆਸਟਰੇਲੀਆ ਨੇ ਮਾਰਚ 2020 ਵਿੱਚ ਬਾਹਰਲੇ ਦੇਸਾਂ ਤੋਂ ਆਉਣ ਵਾਲੀਆਂ ਉਡਾਨਾਂ ਬੰਦ ਕਰਕੇ ਅਜਿਹਾ ਕਰਨ ਵਾਲਾ ਪਹਿਲਾ ਦੇਸ ਬਣਿਆ ਸੀ। ਮਹਿਜ਼ ਆਸਟਰੇਲੀਅਨ ਨਾਗਰਿਕਾਂ ਅਤੇ ਵਸਨੀਕਾਂ ਨੂੰ ਹੀ ਵਾਪਸ ਆਉਣ ਦੀ ਆਗਿਆ ਸੀ।
ਕੁਝ ਇੱਕ ਖ਼ਾਸ ਰਿਆਇਤਾਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਸੈਲੇਬਰਿਟੀ, ਖੇਡ ਸਿਤਾਰੇ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਾਮੇ ਸ਼ਾਮਿਲ ਸਨ। ਅਪ੍ਰੈਲ ਤੋਂ ਬਾਅਦ ਆਸਟਰੇਲਈਆ ਨੇ ਵਾਇਰਸ ਮੁਕਤ ਨਿਊਜ਼ੀਲੈਂਡ ਤੋਂ ਯਾਤਰੀਆਂ ਨੂੰ ਆਉਣ ਦੀ ਆਗਿਆ ਦਿੱਤੀ ਸੀ।
ਉਹ ਜੋ ਵਾਪਸ ਆਏ ਉਨ੍ਹਾਂ ਨੂੰ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਹੀ ਹੋਟਲਾਂ ਵਿੱਚ ਦੋ ਹਫ਼ਤਿਆਂ ਤੱਕ ਇਕਾਂਤਵਾਸ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ।
ਮਹਾਂਮਾਰੀ ਦੇ ਸ਼ੁਰੂਆਤ ਵਿੱਚ, ਸੂਬਾ ਸਰਕਾਰਾਂ ਨੇ ਰਾਸ਼ਟਰੀ ਸੁਵਿਧਾਵਾਂ ਦੀ ਘਾਟ ਦੇ ਚਲਦਿਆਂ ਫੈਡਰਲ ਸਰਕਾਰ ਦੀ ਬਜਾਇ ਇਕਾਂਤਵਾਸ ਦੇ ਪ੍ਰਬੰਧਾਂ ਦਾ ਬੋਝ ਚੁੱਕਣ ਲਈ ਸਹਿਮਤੀ ਦਿੱਤੀ।
ਕਰੀਬ ਇੱਕ ਮਹੀਨੇ ਵਿੱਚ ਸਮੱਸਿਆ ਸਾਹਮਣੇ ਆਉਣ ਲੱਗੀ। ਨਿਊਜ਼ੀਲੈਂਡ, ਅਮਰੀਕਾ ਅਤੇ ਯੂਕੇ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਸਿਸਟਮ 'ਤੇ ਭਾਰ ਪਾਉਣ ਲੱਗੀ। ਉੱਥੇ ਸਿਰਫ਼ ਕੁਝ ਹੀ ਹੋਟਲ ਸਨ ਜਿਨ੍ਹਾਂ ਕੋਲ ਕਮਰੇ ਉਪਲਬਧ ਸਨ।
ਪਰ ਬਜਾਇ ਇਸ ਦੇ ਕੇ ਸਰਕਾਰ ਢਾਂਚੇ ਦਾ ਵਿਸਥਾਰ ਕਰਦੀ, ਜਿਵੇਂ ਕਿ ਇਕਾਂਤਵਾਸ ਕੇਂਦਰ ਬਣਵਾਉਂਦੀ, ਸਰਕਾਰ ਨੇ ਹਰ ਹਫ਼ਤੇ ਆਉਣ ਵਾਲੀਆਂ ਉਡਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਕਰ ਦਿੱਤੀ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁਰੂਆਤ ਵਿੱਚ ਟਰੈਵਲ ਕੈਪ (ਯਾਤਰੀਆਂ ਦੀ ਗਿਣਤੀ 'ਤੇ ਪਾਬੰਦੀ) ਨੂੰ ਅਸਥਾਈ ਦੱਸਿਆ ਪਰ ਬਾਅਦ ਵਿੱਚ ਇਹ ਸਥਾਈ ਹੀ ਰਹੀ।
ਮੌਜੂਦਾ ਸਮੇਂ ਵਿੱਚ ਪ੍ਰਤੀ ਹਫ਼ਤਾ ਕਰੀਬ 7000 ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ। ਪਰ ਇਹ ਗਿਣਤੀ ਕਿਸੇ ਵੀ ਸਮੇਂ ਘਟਾਈ ਜਾ ਸਕਦੀ ਹੈ, ਜਿਸ ਨਾਲ ਉਡਾਨਾਂ ਰੱਦ ਕੀਤੀਆਂ ਜਾ ਸਕਦੀਆਂ ਹਨ ਅਤੇ ਰੂਟ ਵਿੱਚ ਬਦਲਾਅ ਵੀ ਹੋ ਸਕਦਾ ਹੈ।
ਕਮਿਊਨਿਟੀ ਲੈਵਲ 'ਤੇ ਫ਼ੈਲਾਅ ਅਤੇ ਵਾਇਰਸ ਵਿੱਚ ਮਿਊਟੇਸ਼ਨ ਕਾਰਨ ਜਨਵਰੀ ਵਿੱਚ ਰੋਕ ਲਗਾਈ ਗਈ ਸੀ।
ਬਹੁਤ ਸਾਰੇ ਆਸਟਰੇਲੀਆ ਵਾਸੀਆਂ ਦਾ ਕਹਿਣਾ ਹੈ ਕਿ ਉਹ ਖ਼ੁਸ਼ ਮਹਿਸੂਸ ਕਰਨਗੇ ਜੇ ਉਨ੍ਹਾਂ ਨੂੰ ਘਰ ਜਾਣ ਲਈ ਇੱਕ ਕਤਾਰ ਵਿੱਚ ਸਹੀ ਤਰੀਕੇ ਨਾਲ ਲੱਗਣਾ ਪਵੇਗਾ।
ਪਰ ਸਿਸਟਮ ਉਲਝਿਆ ਹੋਇਆ ਹੈ ਅਤੇ ਗ਼ਲਤ ਤਰੀਕੇ ਨਾਲ ਕੰਮ ਕਰਦਾ ਸਾਬਤ ਹੋਇਆ ਹੈ। ਕੋਈ ਤਰੀਕਾ ਨਹੀਂ ਜਿਸ ਨਾਲ ਜਿਨ੍ਹਾਂ ਨੂੰ ਵੱਧ ਲੋੜ ਹੈ ਉਨ੍ਹਾਂ ਨੂੰ ਤਰਜ਼ੀਹ ਦਿੱਤੀ ਜਾ ਸਕੇ।
ਇਸ ਦਾ ਅਰਥ ਹੈ ਜਿਸ ਨੇ ਜ਼ਰੂਰੀ ਤੌਰ 'ਤੇ ਘਰ ਜਾਣਾ ਹੈ ਉਹ ਕਮਰਸ਼ੀਅਲ ਏਅਰਲਾਈਨਜ਼ 'ਤੇ ਆ ਜਾਂਦਾ ਹੈ। ਆਸਟਰੇਲੀਆ ਨੂੰ ਆਉਣ ਵਾਲੀਆਂ ਉਡਾਨਾਂ 'ਤੇ ਪਾਬੰਦੀ ਨਾਲ ਹਵਾਈ ਟਿਕਟਾਂ ਦੀਆਂ ਕੀਮਤਾਂ ਵੱਧ ਗਈਆਂ ਹਨ ਅਤੇ ਇਹ ਬਹੁਤ ਸਾਰੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ।
ਇਸ ਨਾਲ ਮੌਜੂਦਾ ਸਥਿਤੀ ਬਣੀ ਹੈ, ਜਿਸ ਵਿੱਚ ਫ਼ਰਵਰੀ ਮਹੀਨੇ ਆਸਟਰੇਲੀਆ ਆਉਣ ਵਾਲਿਆਂ ਵਿੱਚ ਅੱਧ ਤੋਂ ਘੱਟ ਨਾਗਰਿਕ ਸਨ।
ਸਰਕਾਰ ਨੇ ਬਹੁਤ ਸਾਰੀਆਂ ਵਾਪਸੀ ਉਡਾਨਾਂ ਦਾ ਪ੍ਰਬੰਧ ਕੀਤਾ ਹੈ, ਪਰ ਇੰਨਾਂ ਵਿੱਚ ਸੀਟ ਹਾਸਲ ਕਰਨਾ ਵੀ ਔਖਾ ਹੈ। ਇਹ ਵੀ ਮੁਫ਼ਤ ਨਹੀਂ ਹਨ।
ਕੀ ਹੋਟਲ ਇਕਾਂਤਵਾਸ ਕਾਫ਼ੀ ਹੈ?
ਬਹੁਤਾ ਕਰਕੇ ਨਹੀਂ, ਜਦੋਂ ਤੋਂ ਵਧੇਰੇ ਇਨਫ਼ੈਕਸ਼ਨ ਵਾਲਾ ਯੂਕੇ ਵੇਰੀਐਂਟ ਆਸਟਰੇਲੀਆ ਵਿੱਚ ਆਇਆ ਹੈ, ਇਸ ਨੇ ਇਕਾਂਤਵਾਸ ਪ੍ਰਣਾਲੀ ਨੂੰ ਵੀ ਪਰਖ਼ ਵਿੱਚ ਪਾ ਦਿੱਤਾ।
ਇੱਕ ਹੋਟਲ ਵਿੱਚੋਂ ਵਾਇਰਸ ਦਾ ਮਾਮਲਾ ਬਾਹਰ ਜਾਣ ਤੋਂ ਬਾਅਦ ਪਰਥ ਵਿੱਚ ਲੌਕਡਾਊਨ ਲਗਾਇਆ ਗਿਆ। ਇਹ ਨਵੰਬਰ ਮਹੀਨੇ ਤੋਂ ਹੁਣ ਤੱਕ ਸੱਤਵੀਂ ਵਾਰ ਹੋਇਆ ਕਿ ਕਿਸੇ ਆਸਟਰੇਲੀਅਨ ਸ਼ਹਿਰ ਨੇ ਵਾਇਰਸ ਦੇ ਬਾਹਰ ਜਾਣ ਤੋਂ ਬਾਅਦ ਤਾਲਾਬੰਦੀ ਕੀਤੀ ਹੋਵੇ।
ਪਿਛਲੇ ਛੇ ਮਹੀਨਿਆਂ ਵਿੱਚ, ਆਸਟਰੇਲੀਆ ਨੇ ਨਵਾਂ ਸਟ੍ਰੇਨ ਆਉਣ ਤੋਂ ਬਾਅਦ 16 ਵਾਰ ਹੋਟਲ ਇਕਾਂਤਵਾਸ ਪ੍ਰਣਾਲੀ ਦੀ ਉਲੰਘਣਾ ਦੇ ਮਾਮਲੇ ਦੇਖੇ। ਇੰਨਾਂ ਵਿੱਚ ਦੋ ਵੱਖ-ਵੱਖ ਕਮਰਿਆਂ ਵਿੱਚ ਰਹਿੰਦੇ ਯਾਤਰੀਆਂ ਵਿੱਚ ਲਾਗ਼ ਲੱਗਣਾ ਅਤੇ ਕਾਮਿਆਂ ਤੱਕ ਇਨਫ਼ੈਕਸ਼ਨ ਦਾ ਪਹੁੰਚਣਾ ਸ਼ਾਮਿਲ ਹੈ।
ਹੋਟਲ ਇਕਾਂਤਵਾਸ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਅਤੇ ਹਵਾ ਦੇ ਨਿਕਾਸ ਦੇ ਤਰੀਕਿਆਂ ਵਿੱਚ ਸੁਧਾਰ ਕਰਨ ਅਤੇ ਸੁਰੱਖਿਆ ਪ੍ਰੋਟੋਕੌਲ ਲਾਗੂ ਕਰਨ ਤੋਂ ਬਾਅਦ ਵੀ ਵਾਇਰਸ ਹੋਟਲਾਂ ਤੋਂ ਬਾਹਰ ਜਾ ਰਿਹਾ ਹੈ।
ਹਾਲੇ ਵੀ ਉਲੰਘਣਾ ਦੇ 16 ਮਾਮਲੇ ਪ੍ਰਣਾਲੀ ਦੀ ਕੁੱਲ ਕਾਮਯਾਬੀ ਦੇ ਮੁਕਾਬਲੇ ਬਹੁਤ ਘੱਟ ਹਨ। ਪ੍ਰਧਾਨ ਮੰਤਰੀ ਮੌਰੀਸਨ ਮੁਤਾਬਕ ਦੱਸ ਲੱਖ ਤੋਂ ਵੱਧ ਲੋਕਾਂ ਨੂੰ ਹੋਟਲ ਇਕਾਂਤਵਾਸ ਪ੍ਰਣਾਲੀ ਜ਼ਰੀਏ ਆਪਣੇ ਘਰਾਂ ਤੱਕ ਪਹੁੰਚਿਆ ਗਿਆ ਹੈ।
ਪਰ ਹਰ ਇੱਕ ਉਲੰਘਣਾ ਕਮਿਊਨਿਟੀ ਲਈ ਖ਼ਤਰਾ ਹੈ ਅਤੇ ਹਾਲ ਦੀਆਂ ਉਦਾਹਰਨਾਂ ਨੇ ਸ਼ਹਿਰਾਂ ਵਿੱਚ ਲੋਕਾਂ ਨੂੰ ਕੁਆਰਨਟੀਨ ਕਰਨ ਦੀ ਯੋਗਤਾ ਬਾਰੇ ਸ਼ੰਕੇ ਖੜੇ ਕੀਤੇ ਹਨ।
ਇਕਾਂਤਵਾਸ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ?
ਆਲੋਚਕਾਂ ਵੱਲੋਂ ਇੱਕ ਅਜਿਹੇ ਸਿਸਟਮ ਦੀ ਮੰਗ ਕੀਤੀ ਜਾ ਰਹੀ ਹੈ ਜੋ ਆਸਟਰੇਲੀਅਨ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਪਰਤਣ ਦੀ ਇਜਾਜ਼ਤ ਦੇਵੇ।
ਸੂਬਾ ਸਰਕਾਰਾਂ, ਸ਼ਹਿਰਾਂ ਵਿੱਚ ਤਾਲਾਬੰਦੀ ਕਰਵਾ ਕੇ ਥੱਕ ਚੁੱਕੀਆਂ ਹਨ, ਉਨ੍ਹਾਂ ਨੇ ਢੁੱਕਵੀਆਂ ਸੁਵਿਧਾਵਾਂ ਤਿਆਰ ਕਰਨ ਲਈ ਫ਼ੈਡਰਲ ਸਰਕਾਰ ਨੂੰ ਮਦਦ ਲਈ ਕਿਹਾ ਹੈ।
ਮਾਹਰਾਂ ਨੇ ਲਗਾਤਾਰ ਕਿਹਾ ਹੈ ਕਿ ਯਾਤਰੀਆਂ ਨੂੰ ਸ਼ਹਿਰਾਂ ਦੇ ਹੋਟਲਾਂ ਤੋਂ ਦੂਰ ਦਰਾਡੇ ਦੇ ਇਲਾਕਿਆਂ ਵਿੱਚ ਉਚੇਚੇ ਇਸ ਟੀਚੇ ਨਾਲ ਬਣਾਏ ਗਏ ਕੇਂਦਰਾਂ ਵਿੱਚ ਰੱਖਿਆ ਜਾਵੇ।
ਬਹੁਤ ਸਾਰੇ ਡਾਰਵਿਨ ਨੇੜੇ ਇੱਕ ਮਾਈਨਿੰਗ ਕੈਂਪ ਵਿੱਚ ਹੌਵਰਡ ਸਪਰਿੰਗ ਸੈਂਟਰ ਦੀ ਕਾਮਯਾਬੀ ਵੱਲ ਇਸ਼ਾਰਾ ਕਰਦੇ ਹਨ।
ਲੋਕਾਂ ਨੂੰ ਸਾਂਝੇ ਵਰਾਂਡਿਆਂ ਅਤੇ ਬੰਦ ਕਮਰਿਆਂ ਵਾਲੇ ਹੋਟਲਾਂ ਵਿੱਚ ਇਕਾਂਤਵਾਸ ਕਰਨ ਦੀ ਥਾਂ ਉਨ੍ਹਾਂ ਨੂੰ ਬਾਹਰ ਖਾਲ੍ਹੀ ਥਾਵਾਂ ਵਾਲੇ ਸਿੰਗਲ ਯੂਨਿਟ ਘਰਾਂ ਵਿੱਚ ਰੱਖਦੇ ਹਨ। ਕੇਂਦਰ ਦੀ ਸਮਰੱਥਾ ਅਗਲੇ ਹਫ਼ਤੇ 800 ਬੈੱਡਾਂ ਤੋਂ ਵਧਕੇ 2000 ਬੈੱਡ ਕਰ ਦਿੱਤੀ ਜਾਵੇਗੀ।
ਵੀਰਵਾਰ ਨੂੰ ਵਿਕਟੋਰੀਆ ਸੂਬੇ ਨੇ ਇੱਕ ਅਜਿਹੀ ਹੀ ਸੁਵਿਧਾ ਬਣਾਉਣ ਦਾ ਐਲਾਨ ਕੀਤਾ, "ਸਾਨੂੰ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਵਿਕਲਪਾਂ ਦੀ ਲੋੜ ਹੈ, ਜਿੰਨਾਂ ਨੂੰ ਅਸੀਂ ਅਪਣਾ ਸਕੀਏ।"
ਕਾਰਜਕਾਰੀ ਪ੍ਰਾਈਮਰ ਨੇ ਜੇਮਸ ਮਰਲੀਨੋ ਨੇ ਆਸਟਰੇਲੀਆ ਵਿੱਚ ਟੀਕਾਕਰਨ ਵਿੱਚ ਦੇਰੀ ਬਾਰੇ ਜ਼ਿਕਰ ਕਰਦਿਆਂ ਕਿਹਾ, "ਇਹ ਸਪੱਸ਼ਟ ਹੈ ਕਿ ਕੁਝ ਸਮੇਂ ਲਈ ਵਾਇਰਸ ਸਾਡੇ ਨਾਲ ਰਹਿਣ ਵਾਲਾ ਹੈ।"
ਪਰ ਨਵੇਂ ਇਕਾਂਤਵਾਸ ਕੇਂਦਰ ਨੂੰ ਫ਼ੈਡਰਲ ਵਿੱਤੀ ਸਹਾਇਤਾ ਦੀ ਲੋੜ ਹੈ। ਉਨ੍ਹਾਂ ਨੇ ਕੈਨਬੇਰਾ ਨੂੰ ਇਸ ਸਾਲ ਦੇ ਅੰਤ ਤੱਕ ਨਿਵੇਸ਼ ਲਈ 10 ਕਰੋੜ ਆਸਟਰੇਲੀਅਨ ਡਾਲਰਾਂ ਦੀ ਮਦਦ ਦੀ ਲੋੜ ਬਾਰੇ ਕਿਹਾ ਹੈ।
ਮਾਹਰਾਂ ਨੇ ਘਰਾਂ ਵਿੱਚ ਇਕਾਂਤਵਾਸ ਦੇ ਬਦਲ ਦੀ ਸਲਾਹ ਦਿੱਤੀ ਹੈ, ਜੋ ਕਿ ਨਿਊਜ਼ੀਲੈਂਡ ਅਤੇ ਤਾਇਵਾਨ ਵਿੱਚ ਕਾਮਯਾਬ ਰਿਹਾ ਹੈ।
ਕੀ ਸਿਸਟਮ ਬਦਲੇਗਾ?
ਜਿਵੇਂ ਕਿ ਦੇਸ ਤੋਂ ਬਾਹਰ ਬੈਠੇ ਆਸਟਰੇਲੀਅਨ ਵਾਸੀਆਂ ਦੀ ਦੁਰਦਸ਼ਾ ਅਤੇ ਉਨ੍ਹਾਂ ਵੱਲੋਂ ਬਦਲਾਅ ਦੀ ਮੰਗ ਵੱਧ ਰਹੀ ਹੈ, ਪਰ ਬਹੁਤ ਸਾਰੇ ਜੋ ਵਿਦੇਸ਼ਾਂ ਵਿੱਚ ਫ਼ਸੇ ਹੋਏ ਹਨ ਮੰਨਦੇ ਹਨ ਕਿ ਉਨ੍ਹਾਂ ਦੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ।
ਦੇਸ ਵਿੱਚ ਰਹਿੰਦੇ ਆਸਟਰੇਲੀਅਨ ਨਾਗਰਿਕਾਂ ਨੇ ਮੱਤਦਾਨ ਦੌਰਾਨ ਹਮੇਸ਼ਾਂ ਸਰਹੱਦਾਂ ਨੂੰ ਬੰਦ ਰੱਖਣ ਵਿੱਚ ਵਿਆਪਕ ਸਮਰਥਨ ਦਿਖਾਇਆ ਹੈ।
ਇਸ ਦੇ ਨਾਲ ਹੀ ਇਕਾਂਤਵਾਸ ਖ਼ਤਮ ਹੋਣ ਅਤੇ ਤਾਲਾਬੰਦੀ ਦੌਰਾਨ ਕਮਿਊਨਿਟੀ ਟਰਾਂਸਮਿਸ਼ਨ ਦਾ ਡਰ ਸਭ ਤੋਂ ਵੱਧ ਸੀ। ਆਸਟਰੇਲੀਅਨ ਨਾਗਰਿਕਾਂ ਨੂੰ ਦੇਸ ਵਿੱਚ ਮੁੜਨ 'ਤੇ ਪਾਬੰਦੀ ਲਾਉਣ ਬਾਰੇ ਜਨਤਕ ਬਹਿਸਾਂ ਹੋਈਆਂ।
ਉਨ੍ਹਾਂ ਸਮਿਆਂ ਦੌਰਾਨ, ਜਿਵੇਂ ਕਿ ਪੱਛਮੀ ਆਸਟਰੇਲੀਆ ਵਿੱਚ ਤਾਜ਼ਾ ਤਾਲਾਬੰਦੀ ਵਿੱਚ, ਸਿਆਸਤਦਾਨਾਂ ਨੇ ਵੀ ਇਕਾਂਤਵਾਸ ਵਿੱਚ ਗਲਤੀਆਂ ਦਾ ਪਤਾ ਲਾਉਣ ਦੀ ਬਜਾਇ ਲੋਕਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ।
ਮਨਦੀਪ ਸ਼ਰਮਾ ਵਰਗੇ ਲੋਕ ਜੋ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦੇਣ ਭਾਰਤ ਆਏ, ਉਨ੍ਹਾਂ ਲਈ ਹਮਦਰਦੀ ਦੀ ਕਮੀ ਹੈ।
"ਇਹ ਦੇਖਣਾ ਸੱਚੀਂ ਦੁੱਖ ਦੇਣ ਵਾਲਾ ਹੈ ਜਦੋਂ ਸੋਸ਼ਲ ਮੀਡੀਆ 'ਤੇ ਲੋਕ ਕਹਿੰਦੇ ਹਨ: 'ਉਨ੍ਹਾਂ ਨੂੰ ਉੱਥੇ ਹੀ ਰਹਿਣ ਦਿਓ। ਆਪਣੇ ਇੱਕ ਸਾਥੀ ਆਸਟਰੇਲੀਅਨ ਨੂੰ ਅਜਿਹਾ ਕਹਿਣਾ ਕਿਸ ਤਰ੍ਹਾਂ ਦੀ ਚੀਜ਼ ਹੈ?"
ਇਹ ਵੀ ਪੜ੍ਹੋ: