ਕਿਸਾਨ ਅੰਦੋਲਨ: ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, 'ਅਸੀਂ ਜਿੱਤ ਕੇ ਜਾਵਾਂਗੇ, ਤੁਹਾਡੇ ਨਾਲ ਵਾਅਦਾ ਕਰਦੇ ਹਾਂ'

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜੋਗਿੰਦਰ ਸਿੰਘ ਉਗਰਾਹਾਂ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲ ਕਰਦਿਆਂ ਦੱਸਿਆ ਕਿ ਸਰਕਾਰ ਘੋਲ ਦੇ ਦਬਾਅ ਹੇਠ ਹੈ ਕਿਉਂਕਿ ਘੋਲ ਬਹੁਤ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ।

ਉਨ੍ਹਾਂ ਨੇ ਕਿਹਾ, "ਸ਼ਾਂਤਮਈ ਹੋਣ ਕਰ ਕੇ ਇਸ ਨੂੰ ਸਮਰਥਨ ਕਾਫੀ ਮਿਲ ਰਿਹਾ ਹੈ। ਹਰਿਆਣਾ, ਪੰਜਾਬ, ਯੂਪੀ, ਰਾਜਸਥਾਨ, ਕਰਨਾਟਕ, ਮਹਾਰਾਸ਼ਟਰ, ਆਦਿ ਦੇ ਕਿਸਾਨ ਜੁੜ ਰਹੇ ਹਨ। ਅੰਦੋਲਨ ਵੱਧ ਰਿਹਾ ਹੈ।"

"ਪਰ ਦਬਾਅ ਹੋਣ ਦੇ ਬਾਵਜੂਦ ਵੀ ਸਰਕਾਰ ਆਪਣੀ ਜ਼ਿੱਦ 'ਤੇ ਅੜੀ ਹੋਈ ਹੈ ਕਿ ਇਹ ਕਾਨੂੰਨ ਰੱਦ ਨਹੀਂ ਹੋਣੇ ਇਸ ਵਿੱਚ ਸੋਧਾਂ ਜਿੰਨੀਆਂ ਮਰਜ਼ੀ ਕਰਵਾ ਲਓ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਵੀ ਕਹਿ ਰਹੀ ਹੈ ਵੱਡੀ ਗਿਣਤੀ ਵਿੱਚ ਕਿਸਾਨ ਆ ਕੇ ਕਹਿ ਰਹੇ ਹਨ ਕਾਨੂੰਨ ਬਹੁਤ ਵਧੀਆ ਹਨ।

"ਇੱਥੇ ਸਾਡਾ ਸਰਕਾਰ ਨੂੰ ਸਵਾਲ ਇਹ ਹੈ ਕਿ ਜੇਕਰ ਸਰਕਾਰ ਕਾਨੂੰਨਾਂ ਵਿੱਚ ਸੋਧਾਂ ਕਰਦੀ ਹੈ ਤਾਂ ਉਹ ਵੱਡੀ ਗਿਣਤੀ ਨੂੰ ਇਤਰਾਜ਼ ਨਹੀਂ ਹੋਵੇਗਾ?"

ਉਨ੍ਹਾਂ ਨੇ ਅੱਗੇ ਆਖਿਆ, "ਅੰਦੋਲਨ ਨੂੰ ਕਦੇ ਖ਼ਾਲਿਸਤਾਨ ਦਾ ਰੰਗ ਦੇਣਾ, ਕਦੇ ਨਕਸਲਵਾਦ, ਕਦੇ ਖੱਬੇਪੱਖੀਆਂ ਦਾ ਕਹਿਣਾ ਤੇ ਕਦੇ ਪਾਕਿਸਤਾਨ ਸਮਰਥਨ ਦੀ ਗੱਲ ਕਰਨਾ, ਇਸ ਨਾਲ ਵੀ ਭਾਜਪਾ ਦੇ ਅਕਸ 'ਤੇ ਹੀ ਸਵਾਲ ਉੱਠਦੇ ਹਨ ਕਿਉਂਕਿ ਭਾਜਪਾ ਨੇ ਹੁਣ ਤੱਕ ਜਦੋਂ ਵੀ ਕਿਸੇ 'ਤੇ ਜ਼ੁਲਮ ਕੀਤਾ ਹੈ ਤਾਂ ਉਹ ਧਰਮ ਜਾਂ ਜਾਤ ਦੇ ਨਾਂ 'ਤੇ ਕੀਤਾ ਹੈ। ਉਹ ਜਾਤਾਂ-ਧਰਮਾਂ ਦੇ ਨਾਮ 'ਤੇ ਉਸ ਘੋਲ ਨੂੰ ਫਸਾਉਣਾ ਚਾਹੁੰਦੇ ਹਨ।"

"ਸਰਕਾਰ ਮੀਟਿੰਗਾਂ ਨਹੀਂ ਕਰ ਰਹੀ ਉਹ ਤਾਂ ਚਾਹੁੰਦੀ ਹੈ ਕਿ ਕਿਸਾਨ ਮੀਟਿੰਗਾਂ ਦਾ ਬਾਇਕਾਟ ਕਰ ਦੇਣ ਤਾਂ ਜੋ ਲੋਕ ਕਹਿਣ ਕਿ ਸਰਕਾਰ ਤਾਂ ਕਿਸਾਨਾਂ ਨੂੰ ਮੀਟਿੰਗਾਂ ਲਈ ਸੱਦ ਰਹੀ ਸੀ ਪਰ ਕਿਸਾਨਾਂ ਦੀ ਆਕੜ ਹੈ ਕਿ ਇਹ ਜਾ ਨਹੀਂ ਰਹੇ। ਸਾਨੂੰ ਉਨ੍ਹਾਂ ਦੀ ਇਹ ਗੱਲ ਬੁਝ ਰਹੇ।

ਸਰਕਾਰ ਮੀਟਿੰਗਾਂ ਕਰੀ ਜਾਊ ਅਸੀਂ ਜਾਈ ਜਾਂਦੇ, ਅਪਣੀ ਰਣਨੀਤੀ ਤਿਆਰ ਕਰੀ ਜਾਂਦੇ ਹਾਂ, ਸਾਨੂੰ ਲੋਕਾਂ ਦੇ ਸਰਮਥਨ ਮਿਲੀ ਜਾਂਦਾ ਹੈ ਪਰ ਅਸੀਂ ਜਿੱਤ ਕੇ ਜਾਵਾਂਗੇ, ਤੁਹਾਡੇ ਨਾਲ ਦਾਅਵਾ ਕਰਦੇ ਹਾਂ।

ਉਗਰਾਹਾਂ ਨੇ ਕਿਹਾ, "ਸਾਡਾ ਤਾਂ ਇਤਿਹਾਸ ਹੈ। ਦੱਸ ਗੁਰੂਆਂ ਨੇ ਕੀ ਕੀਤਾ। ਕੋਈ ਤੱਤੀ ਤਵੀ ਤੇ ਚਾੜ੍ਹਤਾ, ਕਿਸੇ ਦਾ ਸਿਰ ਕਲਮ ਕਰਤਾ। ਇਹੀ ਸਭ ਹੀ ਹੋਇਆ ਪਹਿਲਾਂ। ਸਦੀਆਂ ਇਦਾਂ ਚੱਲਿਆ ਹੈ। ਇਹ ਤਾਂ ਮਹੀਨੇ ਹਨ। ਇਹ ਅੰਦੋਲਨ ਤਾਂ ਸਦੀਆਂ ਚੱਲੇਗਾ।"

26 ਜਨਵਰੀ ਦਾ ਪ੍ਰੋਗਰਾਮ ਤਾਂ ਹੈ ਕਿ ਟਰੈਕਟਰ ਮਾਰਚ ਕੱਢਣਾ ਪਰ ਉਸ ਦੀ ਪੂਰੀ ਰਣਨੀਤੀ ਮੀਟਿੰਗ ਕਰਕੇ ਤੈਅ ਕਰਾਂਗੇ।"

ਇਹ ਵੀ ਪੜ੍ਹੋ:-

ਕਿਸਾਨਾਂ ਦੇ ਧਰਨੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਦਾਇਰ ਹਲਫ਼ਨਾਮਾ

ਇਸ ਪੰਨੇ ਰਾਹੀਂ ਤੁਹਾਡੇ ਤੱਕ ਅੱਜ ਦਾ ਪ੍ਰਮੁੱਖ ਘਟਨਾਕ੍ਰਮ ਲਿਆਂਦਾ ਜਾ ਰਿਹਾ। ਪਹਿਲੀ ਅਪਡੇਟ ਹੈ ਕਿਸਾਨਾਂ ਦੇ ਧਰਨੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਦਾਇਰ ਹਲਫ਼ਨਾਮੇ ਦੀਆਂ ਮੁੱਖ ਗੱਲਾਂ ਅਤੇ ਅਮਰੀਕਾ ਵਿੱਚ ਹੋ ਰਹੀ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਂਦੋਸ਼ ਲਿਆਉਣ ਦੀ ਤਿਆਰੀ।

ਦਿੱਲੀ ਦੇ ਵੱਖੋ-ਵੱਖ ਬਾਰਡਰਾਂ ਦੇ ਬੈਠੇ ਕਿਸਾਨਾਂ ਦੇ ਖ਼ਿਲਾਫ਼ ਪਾਈ ਗਈ ਇੱਕ ਪਟੀਸ਼ਨ ਉੱਪਰ ਸੁਪਰੀਮ ਕੋਰਟ ਗਿਆਰਾਂ ਤਰੀਕ ਨੂੰ ਸੁਣਵਾਈ ਹੋਣੀ ਹੈ।

ਪਟੀਸ਼ਨਰ ਰਿਸ਼ਭ ਸ਼ਰਮਾ ਨੇ ਕਿਹਾ ਹੈ ਕਿ ਬਾਰਡਰਾਂ ਉੱਪਰ ਕਿਸਾਨਾਂ ਵੱਲੋਂ ਰੋਕੀਆਂ ਗਈਆੰ ਸੜਕਾਂ ਕਾਰਨ ਆਉਣ-ਜਾਣ ਵਾਲਿਆਂ ਨੂੰ ਦਿੱਕਤ ਪੇਸ਼ ਆਉਂਦੀ ਹੈ ਜਿਸ ਦੇ ਮੱਦੇ ਨਜ਼ਰ ਸੁਪਰੀਮ ਕੋਰਟ ਤੁਰੰਤ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਉੱਥੋਂ ਹਟਾਵੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪਟੀਸ਼ਨਰ ਦਾ ਤਰਕ ਹੈ ਕਿ ਕਿਸਾਨਾਂ ਦਾ ਧਰਨਾ ਸੁਪਰੀਮ ਕਰੋਟ ਦੇ ਸ਼ਾਹੀਨ ਬਾਗ਼ ਕੇਸ ਬਾਰੇ ਫ਼ੈਸਲੇ ਦੀ ਉਲੰਘਣਾ ਹੈ। ਪਟੀਸ਼ਨ ਵਿੱਚ ਇਹਵੀ ਕਿਹਾ ਗਿਆ ਹੈ ਕਿ ਲੋਕਾਂ ਦੇ ਇਸ ਇਕੱਠ ਤੋਂ ਕੋਵਿਡ-19 ਮਹਾਮਾਰੀ ਦੇ ਫ਼ੈਲਣ ਦਾ ਵੀ ਡਰ ਬਣਿਆ ਹੋਇਆ ਹੈ।

ਐਫ਼ੀਡੈਵਿਟ ਵਿੱਚ ਕਿਹਾ ਗਿਆ ਹੈ ਕਿ ਕਿਸਾਨਾ ਦੇ ਧਰਨੇ ਨੂੰ ਇੱਕ ਦਿਨ ਵੀ ਹੋਰ ਜਾਰੀ ਨਹੀਂ ਰਹਿਣ ਦੇਣਾ ਚਾਹੀਦਾ ਕਿਉਂਕਿ ਇਸ ਨਾਲ ਆਰਥਚਾਰੇ ਨੂੰ ਰੋਜ਼ਾਨਾ 3500 ਕਰੋੜ ਰੁਪਏ ਦਾ ਨੁਕਾਸਨ ਹੋ ਰਿਹਾ ਹੈ ਅਤੇ ਇੱਕ ਕੌਮੀ ਅਖ਼ਬਾਰ ਦੀ ਚੌਵੀ ਦੰਸਬਰ ਦੀ ਰਿਪੋਰਟ ਮੁਤਾਬਕ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਤੀਹ ਫ਼ੀਸਦੀ ਦਾ ਵਾਧਾ ਹੋ ਚੁੱਕਿਆ ਹੈ।

ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੋਰ ਢਾਹ ਲੱਗੇਗੀ।

ਪਟੀਸ਼ਨਰ ਨੇ ਕਿਹਾ ਹੈ ਕਿ ਧਰਨੇ ਦੀ ਵਜ੍ਹਾਂ ਤੋਂ ਲੱਗ ਰਹੇ ਜਾਮ ਕਾਰਨ ਆਮ ਸ਼ਹਿਰੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਜੋ ਦਿੱਲੀ ਵਿੱਚ ਆਪਣੇ ਕੰਮ ਦੀਆਂ ਥਾਵਾਂ 'ਤੇ ਰੋਜ਼ੀ-ਰੋਟੀ ਕਮਾਉਣ ਨਹੀਂ ਪਹੁੰਚ ਪਾ ਰਹੇ।

ਟਰੰਪ ਖਿਲਾਫ ਮਹਾਂਦੋਸ਼ ਦੀ ਤਿਆਰੀ

ਬੁੱਧਵਾਰ ਨੂੰ ਟਰੰਪ ਪੱਖੀਆਂ ਵੱਲੋਂ ਅਮਰੀਕਾ ਦੀ ਕੈਪੀਟਲ ਹਿਲ ਇਮਾਰਤ ਵਿੱਚ ਵੜ ਕੇ ਕੀਤੀ ਹਿੰਸਾ ਅਤੇ ਹੁੜਦੰਗ ਵਿੱਚ ਟਰੰਪ ਦੀ ਭੂਮਿਕਾ ਨੂੰ ਦੇਖਦਿਆਂ ਵਿਰੋਧੀ ਅਤੇ ਜੋਅ ਬਾਇਡਨ ਦੀ ਪਾਰਟੀ ਵੱਲੋਂ ਉਨ੍ਹਾਂ ਖ਼ਿਲਾਫ਼ ਆਰਟੀਕਲ ਆਫ਼ ਇਮਪੀਚਮੈਂਟ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਕਿ ਜੇ ਟਰੰਪ ਫੌਰਨ ਆਪਣਾ ਅਸਤੀਫ਼ਾ ਨਹੀਂ ਦਿੰਦੇ ਤਾਂ ਉਹ ਉਨ੍ਹਾਂ ਖ਼ਿਲਾਫ਼ ਮਹਾਂਦੋਸ਼ ਦਾ ਮਤਾ ਸਦਨ ਵਿੱਚ ਰੱਖਣਗੇ।

ਇਸ ਮਤੇ ਵਿੱਚ ਡੈਮੋਕਰੇਟਸ ਵੱਲੋਂ ਟਰੰਪ ਉੱਪਰ ਬਗ਼ਾਵਤ ਭੜਕਾਉਣ ਦਾ ਇਲਜ਼ਾਮ ਲਾਇਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਨੇ ਉਹ ਹਿੰਸਾ ਭੜਕਾਈ ਜਿਸ ਵਿੱਚ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ।

ਰਾਸ਼ਟਰਪਤੀ ਚੁਣੇ ਜਾ ਚੁੱਕੇ ਜੋਅ ਬਾਇਡਨ ਨੇ ਹਾਲਾਂਕਿ ਕਿਹਾ ਕਿ ਮਹਾਂਦੋਸ਼ ਬਾਰੇ ਫ਼ੈਸਲਾ ਕਰਨਾ ਸੰਸਦ ਦਾ ਇਖ਼ਤਿਆਰ ਹੈ ਪਰ ਉਹ ਲੰਬੇ ਸਮੇਂ ਤੋਂ ਕਹਿੰਦੇ ਰਹੇ ਨਹ ਕਿ 'ਰਾਸ਼ਟਰਪਤੀ ਟਰੰਪ ਇਸ ਕੰਮ ਦੇ ਯੋਗ ਨਹੀਂ ਹਨ।'

ਟਵਿੱਟਰ ਵੱਲੋਂ ਟਰੰਪ ਦਾ ਖਾਤਾ ਸਦਾ ਲਈ ਬੰਦ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਖਾਤਾ ਸਦਾ ਲਈ ਬੰਦ ਕਰ ਦਿੱਤਾ ਹੈ। ਕੰਪਨੀ ਨੇ ਖ਼ਦਸ਼ਾ ਜਤਾਇਆ ਹੈ ਕਿ ਇਸ "ਰਾਹੀਂ ਫਿਰ ਤੋਂ ਹਿੰਸਾ ਭੜਕਾਈ ਜਾ ਸਕਦੀ ਹੈ"।

ਕੰਪਨੀ ਨੇ ਇਹ ਵੀ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਦੇ ਅਕਾਊਂਟ @realDonaldTrump ਤੋਂ ਕੀਤੀਆਂ ਗਈਆਂ ਹਾਲੀਆਂ ਟਵੀਟਾਂ ਦੇ ਗੰਭੀਰ ਰਿਵੀਊ ਤੋਂ ਬਾਅਦ ਲਿਆ ਗਿਆ।

ਅਮਰੀਕਾ ਦੇ ਕਈ ਕਾਨੂੰਨਘਾੜੇ ਪਿਛਲੇ ਕੁਝ ਸਾਲਾਂ ਤੋਂ ਟਰੰਪ ਦਾ ਅਕਾਊਂਟ ਬੰਦ ਕਰਨ ਲਈ ਟਵਿੱਟਰ ਨੂੰ ਅਪੀਲਾਂ ਕਰ ਰਹੇ ਸਨ।

ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਵੀਰਵਾਰ ਨੂੰ ਟਵੀਟ ਕੀਤਾ ਸੀ ਕਿ ਟਵਿੱਟਰ ਨੂੰ ਟਰੰਪ ਨੂੰ ਆਪਣਾ ਅਜਿਹਾ ਵਿਹਾਰ ਜਾਰੀ ਰੱਖਣ ਨਹੀਂ ਦੇਣਾ ਚਾਹੀਦਾ ਅਤੇ ਹਮੇਸ਼ਾ ਲਈ ਕੱਢ ਦੇਣਾ ਚਾਹੀਦਾ ਹੈ।

ਟਰੰਪ ਦੀ ਪ੍ਰਤੀਕਿਰਿਆ

ਜਿਉਂ ਹੀ ਟਰੰਪ ਦਾ ਅਕਾਊਂਟ ਟਵਿੱਟਰ ਵੱਲੋਂ ਬੰਦ ਕੀਤਾ ਗਿਆ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਦੋ ਟਵੀਟ ਕੀ,ਜਿਨ੍ਹਾਂ ਨੂੰ ਟਵਿੱਟਰ ਵੱਲੋਂ ਪੋਸਟ ਹੋਣ ਸਾਰ ਹੀ ਡਿਲੀਟ ਕਰ ਦਿੱਤਾ ਗਿਆ।

ਇਨ੍ਹਾਂ ਟਵੀਟਸ ਵਿੱਚ ਟਰੰਪ ਨੇ ਕਿਹਾ ਸੀ ਕਿ ਟਵਿੱਟਰ ਇੱਕ ਨਿੱਜੀ ਕੰਪਨੀ ਹੈ... ਇਸ ਉੱਪਰ ਫਰੀ ਸਪੀਚ ਲਈ ਕੋਈ ਥਾਂ ਨਹੀਂ ਹੈ... ਇਹ ਲੈਫ਼ਟਿਸਟ ਵਿਚਾਰਾਂ ਨੂੰ ਹੁੰਗਾਰਾ ਦੇਣ ਵਾਲਾ ਪਲੇਟਫਾਰਮ ਬਣ ਗਿਆ ਹੈ...।

ਉਨ੍ਹਾਂ ਨੇ ਇਹ ਵੀ ਕਿਹਾ ਅਸੀਂ ਜਲਦੀ ਹੀ ਆਪਣਾ ਪਲੇਟਫਾਰਮ ਖੜ੍ਹਾ ਕਰਨ ਬਾਰੇ ਵਿਚਾਰ ਕਰ ਰਹੇ ਹਾਂ। ਉਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਦੇਸ਼ ਭਗਤ ਦੱਸਿਆ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)