ਅੱਤਵਾਦੀ ਹਮਲਿਆਂ ਵਿੱਚ ਚਾਰ ਵਾਰ ਜ਼ਿੰਦਾ ਬਚਣ ਵਾਲਾ ਪੱਤਰਕਾਰ- ਮੈਂ ਕੰਬ ਰਿਹਾ ਸੀ ਤੇ ਦਿਲ ਜ਼ੋਰ ਨਾਲ ਧੜਕ ਰਿਹਾ ਸੀ

ਬੀਬੀਸੀ ਦੇ ਸਾਬਕਾ ਪੱਤਰਕਾਰ ਮੁਹੰਮਦ ਮੋਆਲਿਮੂ 16 ਅਗਸਤ ਨੂੰ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ਦੇ ਇੱਕ ਹੋਟਲ 'ਤੇ ਹੋਏ ਹਮਲੇ ਵਿੱਚ ਮੁਸ਼ਕਿਲ ਨਾਲ ਬਚੇ। ਸੱਤ ਸਾਲਾਂ ਵਿੱਚ ਇਹ ਚੌਥੀ ਵਾਰ ਸੀ ਜਦੋਂ ਉਹ ਇਸਲਾਮੀ ਅਲ ਸ਼ਬਾਬ ਦੇ ਅੱਤਵਾਦੀਆਂ ਦੇ ਚੁੰਗਲ ਵਿੱਚ ਫ਼ਸ ਗਏ ਸਨ।

ਮੁਹੰਮਦ ਮੋਆਲਿਮੂ ਹੁਣ ਫ਼ੈਡਰੇਸ਼ਨ ਆਫ਼ ਸੋਮਾਲੀਆ ਜਰਨਲਿਸਟਸ ਦੇ ਪ੍ਰਧਾਨ ਹਨ। ਉਨ੍ਹਾਂ ਨੇ ਬੀਬੀਸੀ ਦੇ ਬੇਸਿਲੀਓ ਮੁਤਾਹੀ ਨੂੰ ਆਪਣੀ ਹੱਡ ਬੀਤੀ ਸੁਣਾਈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਐਲਿਟ ਹੋਟਲ 'ਤੇ ਹੋਏ ਹਮਲੇ ਵਿੱਚ ਉਨ੍ਹਾਂ ਦੇ ਇੱਕ ਦੋਸਤ ਸਣੇ 20 ਲੋਕ ਮਾਰੇ ਗਏ।

ਮੈਂ ਕੰਬ ਰਿਹਾ ਸੀ। ਮੇਰਾ ਦਿਲ ਡਰੱਮ ਦੀ ਤਰ੍ਹਾਂ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੇਰਾ ਸਰੀਰ ਕੰਬ ਰਿਹਾ ਸੀ। ਧੂੰਏ ਦਾ ਗੁਬਾਰ ਉੱਪਰ ਵੱਲ ਜਾ ਰਿਹਾ ਸੀ। ਧੂੰਏਂ ਕਰਕੇ ਪੂਰੇ ਇਲਾਕੇ ਨੂੰ ਦੇਖਣਾ ਔਖਾ ਸੀ।

ਲੋਕ ਚੀਕ ਰਹੇ ਸੀ। ਮੈਂ ਧਮਾਕੇ ਦੇ ਅਸਰ ਨੂੰ ਦੇਖ ਸਕਦਾ ਸੀ। ਕਈ ਲੋਕਾਂ ਨੂੰ ਸ਼ੀਸ਼ੇ ਟੁੱਟਣ ਕਰਕੇ ਸੱਟਾਂ ਲੱਗੀਆਂ ਸਨ।

ਕਈ ਖੂਨ ਨਾਲ ਲਥਪਥ ਹੋਏ ਮਦਦ ਲਈ ਗੁਹਾਰ ਲਾ ਰਹੇ ਸੀ।

ਇਹ ਵੀ ਪੜ੍ਹੋ:

ਮੇਰਾ ਦੋਸਤ ਅਬਦੀਰਜ਼ਾਕ ਅਬਦੀ ਜਲਦੀ ਭੱਜਣਾ ਚਾਹੁੰਦਾ ਸੀ। ਮੈਂ ਉਸ ਨੂੰ ਰੋਕਣਾ ਚਾਹੁੰਦਾ ਸੀ ਕਿਉਂਕਿ ਭਾਰੀ ਗੋਲਾਬਾਰੀ ਹੋ ਰਹੀ ਸੀ ਪਰ ਉਹ ਮੇਰੇ ਤੋਂ ਦੂਰ ਦਰਵਾਜੇ ਵੱਲ ਭੱਜਿਆ।

ਮੈਂ ਉੱਥੇ ਰੁਕਿਆ ਰਿਹਾ, ਜਿਸ ਜਗ੍ਹਾ ਤੋਂ ਮੈਨੂੰ ਇਹ ਸਮਝ ਆ ਰਿਹਾ ਸੀ ਕਿ ਗੋਲੀ ਕਿੱਥੋਂ ਆ ਰਹੀ ਹੈ। ਅਜਿਹੇ ਮਾਹੌਲ ਵਿੱਚ ਕੀ ਕਰਨਾ ਚਾਹੀਦਾ ਹੈ ਮੈਨੂੰ ਇਸ ਦੀ ਟਰੇਨਿੰਗ ਮਿਲੀ ਹੋਈ ਹੈ।

ਮੈਂ ਖੁਦ ਪ੍ਰਤੀ ਬਹੁਤ ਸੁਚੇਤ ਸੀ। ਇਸ ਨੇ ਸੱਚਮੁੱਚ ਮੇਰੀ ਮਦਦ ਕੀਤੀ ਕਿਉਂਕਿ ਮੈਂ ਇਹ ਦੇਖ ਸਕਦਾ ਸੀ ਕਿ ਕੀ ਹੋ ਰਿਹਾ ਹੈ। ਇਸ ਲਈ ਮੈਂ ਬਚ ਗਿਆ।

ਮੈਂ ਜਾਣਦਾ ਸੀ ਕਿ ਕਿੱਧਰ ਭੱਜਣਾ ਹੈ ਅਤੇ ਮੈਂ ਟੇਢੇ-ਮੇਢੇ ਰਸਤਿਆਂ ਤੋਂ ਭੱਜ ਰਿਹਾ ਸੀ। ਹੋਟਲ ਦੀ ਜਿਹੜੀ ਕੰਧ ਤੋਂ ਪਾਰ ਸਮੁੰਦਰ ਸੀ, ਮੈਂ ਉਸ ਕੰਧ ਤੋਂ ਟੱਪ ਗਿਆ।

'ਮੈਂ ਆਪਣੀ ਟੀ-ਸ਼ਰਟ ਉਤਾਰ ਦਿੱਤੀ'

ਮੈਂ ਕੰਧ ਟੱਪਣ ਤੋਂ ਇੱਕ ਦਮ ਬਾਅਦ ਦੌੜ ਨਾ ਸਕਿਆ। ਜਿਹੜੇ ਵੀ ਲੋਕ ਭੱਜਦੇ ਨਜ਼ਰ ਆ ਰਹੇ ਸੀ ਉਹ ਗੋਲੀ ਦਾ ਸ਼ਿਕਾਰ ਹੋ ਰਹੇ ਸੀ।

ਮੈਂ ਜਾਣਦਾ ਸੀ ਕਿ ਜੇ ਤੁਸੀਂ ਕੋਈ ਰੰਗਦਾਰ ਚੀਜ਼ ਜਿਵੇਂ ਕਿ ਟੀ-ਸ਼ਰਟ ਪਾਈ ਹੋਵੇ ਤਾਂ ਹਮਲਾਵਾਰਾਂ ਦਾ ਧਿਆਨ ਫ਼ੌਰਨ ਉਸ ਵੱਲ ਜਾਂਦਾ ਹੈ।

ਮੈਂ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਮੈਂ ਉਸ ਨੂੰ ਲਾਹ ਦਿੱਤਾ ਅਤੇ ਸਮੁੰਦਰ ਕਿਨਾਰੇ ਦੌੜਨਾ ਸ਼ੁਰੂ ਕਰ ਦਿੱਤਾ। ਮੈਂ ਨੰਗੇ ਪੈਰ ਸੀ। ਮੈਂ ਆਪਣੀ ਜੁੱਤੀ ਵੀ ਲਾਹ ਦਿੱਤੀ ਸੀ।

ਗੋਲੀਬਾਰੀ ਹਾਲੇ ਵੀ ਜਾਰੀ ਸੀ। ਪਰ ਮੈਂ ਖੁਸ਼ਕਿਸਮਤ ਸੀ ਕਿ ਮੈਂ ਬਚ ਗਿਆ। ਫ਼ਿਰ ਮੈਂ ਆਪਣੇ ਦੋਸਤ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਲ ਮਿਲ ਨਹੀਂ ਰਹੀ ਸੀ।

ਮੈਂ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਜ਼ਿੰਦਾ ਜਾਂ ਮੁਰਦਾ ਕਿਸੇ ਵੀ ਹਾਲਤ ਵਿੱਚ। ਮੈਂ ਦੇਖਿਆ ਕਿ ਧਮਾਕੇ ਤੋਂ ਬਾਅਦ ਬਹੁਤ ਸਾਰੇ ਲੋਕ ਜਮੀਨ 'ਤੇ ਪਏ ਹੋਏ ਸਨ। ਉਨ੍ਹਾਂ ਵਿੱਚ ਕਈ ਤੜਫ਼ ਰਹੇ ਸੀ। ਇਹ ਬਹੁਤ ਹੀ ਦਰਦਨਾਕ ਦ੍ਰਿਸ਼ ਸੀ।

ਐਮਬੂਲੈਂਸਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਪਰ ਉਦੋਂ ਤੱਕ ਵੀ ਗੋਲੀਬਾਰੀ ਚੱਲ ਰਹੀ ਸੀ। ਕਿਸੇ ਨੇ ਮੈਨੂੰ ਕਿਹਾ ਅਬਦੀਰਜਾਕ ਜਖ਼ਮੀ ਹੈ ਅਤੇ ਉਸ ਨੂੰ ਹਸਪਤਾਲ ਲੈ ਗਏ ਹਨ।

ਬਦਕਿਸਮਤੀ ਨਾਲ ਉਸਦੀ ਛਾਤੀ ਅਤੇ ਪੈਰ ਵਿੱਚ ਗੋਲੀ ਲੱਗੀ ਸੀ।

'ਮੈਂ ਹਸਪਤਾਲ ਵੱਲ ਭੱਜਿਆ'

ਜਦੋਂ ਤੱਕ ਫੌਜ ਦੇ ਜਵਾਨ ਆਉਂਦੇ ਅਤੇ ਹਾਲਾਤ ਕਾਬੂ ਵਿੱਚ ਆਉਂਦੇ ਉਦੋਂ ਤੱਕ ਬਹੁਤ ਗੋਲੀਆਂ ਚੱਲ ਚੁੱਕੀਆਂ ਸਨ।

ਮੇਰਾ ਦੋਸਤ ਅਬਦੀਰਜਾਕ ਜੋ ਕਿ ਸੂਚਨਾ ਵਿਭਾਗ ਵਿੱਚ ਕੰਮ ਕਰਦਾ ਸੀ, ਉਹ ਖੁਦ ਮੈਨੂੰ ਘਰ ਤੋਂ ਲੈ ਕੇ ਹੋਟਲ ਤੱਕ ਗੱਡੀ ਚਲਾਕੇ ਲਿਆਇਆ ਸੀ।

ਕਾਰ ਲੈ ਕੇ ਜਾਣ ਦੀ ਇਜ਼ਾਜਤ ਨਹੀਂ ਸੀ, ਇਸ ਲਈ ਮੈਂ ਉਸਨੂੰ ਦੇਖਣ ਹਸਪਤਾਲ ਵੱਲ ਪੈਦਲ ਹੀ ਭੱਜਿਆ। ਪਰ ਜਦੋਂ ਤੱਕ ਮੈਂ ਉੱਥੇ ਪਹੁੰਚਿਆ ਉਸਨੂੰ ਮ੍ਰਿਤਕ ਕਰਾਰ ਦਿੱਤਾ ਜਾ ਚੁੱਕਾ ਸੀ।

ਉਹ ਇੱਕ ਬਹੁਤ ਹੀ ਭਿਆਨਕ ਦਿਨ ਸੀ ਅਤੇ ਮੋਗਾਦਿਸ਼ੂ ਵਿੱਚ ਚੌਥੀ ਵਾਰ ਮੈਂ ਅਜਿਹੇ ਹਾਲਾਤ ਦਾ ਸਾਹਮਣਾ ਕੀਤਾ ਸੀ।

ਇਹ ਪਹਿਲੀ ਵਾਰ ਸੀ ਜਦੋਂ ਮੈਨੂੰ ਕੋਈ ਸੱਟ ਨਹੀਂ ਲੱਗੀ ਤੇ ਮੈਂ ਜ਼ਖਮੀ ਨਹੀਂ ਹੋਇਆ।

ਪਹਿਲੀ ਵਾਰ ਸਾਲ 2013 ਵਿੱਚ ਮੈਂ ਯੂਐੱਨ ਦੀ ਇਮਾਰਤ ਦੇ ਸਾਹਮਣੇ ਸੀ ਜਦੋਂ ਅਲ ਸ਼ਬਾਬ ਨੇ ਹਮਲਾ ਕੀਤਾ ਸੀ ਅਤੇ ਇੱਕ ਆਤਮਘਾਤੀ ਹਮਲਾਵਰ ਮੇਰੀ ਕਾਰ ਨਾਲ ਟਕਰਾਇਆ ਸੀ।

ਦੂਜੀ ਵਾਰ ਸਾਲ 2016 ਵਿੱਚ ਸਮੁੰਦਰ ਕਿਨਾਰੇ ਲੀਡੋ ਹੋਟਲ 'ਤੇ ਹਮਲਾ ਹੋਇਆ। ਉਦੋਂ ਮੇਰਾ ਚਿਹਰਾ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਸੀ। ਮੈਂ ਦੋ ਘੰਟੇ ਤੱਕ ਖੂਨ ਨਾਲ ਲਥਪਥ ਪਿਆ ਰਿਹਾ ਸੀ। ਨੌਰੋਬੀ ਅਤੇ ਲੰਡਨ ਦੇ ਹਸਪਤਾਲ ਵਿੱਚ ਕਈ ਮਹੀਨੇ ਮੇਰਾ ਇਲਾਜ ਚੱਲਿਆ ਸੀ ਤਾਂ ਕਿਤੇ ਜਾਕੇ ਮੇਰੇ ਜਖ਼ਮ ਠੀਕ ਹੋਏ।

ਤੀਜੀ ਵਾਰ ਪਿਛਲੇ ਸਾਲ ਫ਼ਰਵਰੀ ਵਿੱਚ ਹੋਟਲ ਮਾਕਾ-ਅਲ-ਮੁਕਾਰਾਮਾ ਵਿੱਚ ਧਮਾਕਾ ਹੋਇਆ ਸੀ। ਇਹ ਧਮਾਕਾ ਬਹੁਤ ਹੀ ਭਿਆਨਕ ਸੀ।

ਮੈਨੂੰ ਹਲਕੀ ਸੱਟ ਲੱਗੀ ਅਤੇ ਮੈਂ ਆਤਮਘਾਤੀ ਹਮਲਾਵਰ ਵੱਲੋਂ ਕੰਧ ਵਿੱਚ ਬਣਾਏ ਛੇਕ ਵਿੱਚੋਂ ਨਿਕਲਕੇ ਬਚਣ ਵਿੱਚ ਕਾਮਯਾਬ ਹੋ ਗਿਆ।

ਪਰਿਵਾਰ ਨੂੰ ਮੇਰੇ ਜਿਉਂਦੇ ਹੋਣ ਦਾ ਯਕੀਨ ਨਾ ਹੋਇਆ

ਸੋਚੋ ਕਿ ਥੋੜ੍ਹਾਂ ਸਮਾਂ ਪਹਿਲਾਂ ਤੁਸੀਂ ਜਿਹੜੇ ਦੋਸਤ ਨਾਲ ਬੈਠੇ ਕੌਫ਼ੀ ਪੀ ਰਹੇ ਸੀ, ਉਹ ਅਚਾਨਕ ਹੋਏ ਹਮਲੇ ਵਿੱਚ ਮਾਰਿਆ ਜਾਂਦਾ ਹੈ।

ਤੁਸੀਂ ਸੋਚ ਸਕਦੇ ਹੋ ਕਿ ਇਹ ਕਿੰਨਾ ਤਕਲੀਫ਼ ਦੇਣ ਵਾਲਾ ਹੈ। ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਸੌਂਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੌਂ ਨਾ ਸਕਿਆ। ਇਸ ਦਾ ਮੇਰੇ 'ਤੇ ਬਹੁਤ ਮਾੜਾ ਅਸਰ ਪਿਆ।

ਤਕਰੀਬਨ 20 ਲੋਕ ਇਸ ਹਮਲੇ ਵਿੱਚ ਮਾਰੇ ਗਏ। ਇਸ ਤੋਂ ਇਲਾਵਾ ਚਾਰ ਹਮਲਾਵਰਾਂ ਅਤੇ ਇੱਕ ਆਤਮਘਾਤੀ ਹਮਲਾਵਰ ਦੀ ਮੌਤ ਹੋਈ।

ਮੇਰੇ ਪਰਿਵਾਰ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਮੈਂ ਜਿੰਦਾ ਹਾਂ।ਮੋਗਾਦਿਸ਼ੁ ਵਿੱਚ ਕੰਮ ਕਰਨ ਵਾਲੇ ਲੋਕ ਅਕਸਰ ਦੁਪਿਹਰ ਵੇਲੇ ਚਾਹ ਪੀਂਦੇ ਹਨ।

ਇਹ ਵੀ ਪੜ੍ਹੋ:

ਮੈਂ ਹਮਲੇ ਨੂੰ ਲੈਕੇ ਚਿੰਤਾ ਵਿੱਚ ਹਾਂ। ਮੈਨੂੰ ਉਮੀਦ ਸੀ ਕਿ ਚੀਜ਼ਾਂ ਹੁਣ ਠੀਕ ਹੋ ਜਾਣਗੀਆਂ। ਮੇਰੀ ਪਤਨੀ ਅਤੇ ਮੇਰਾ ਪਰਿਵਾਰ ਹਮੇਸ਼ਾਂ ਮੈਨੂੰ ਸਲਾਹ ਦਿੰਦਾ ਹੈ ਕਿ ਮੈਂ ਰੈਸਟੋਰੈਂਟ ਵਿੱਚ ਨਾ ਜਾਵਾਂ। ਹੁਣ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸਲਾਹ ਸੁਣਨੀ ਚਾਹੀਦੀ ਹੈ ਕਿਉਂਕਿ ਇਹ ਸਭ ਰੁੱਕਣਾ ਨਹੀਂ।

ਇਸ ਵਾਰ ਮੇਰਾ ਪਰਿਵਾਰ ਚਿੰਤਾ ਕਰ ਰਿਹਾ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅਬਦੀਰਜ਼ਾਕ ਦੀ ਮੌਤ ਹੋ ਗਈ ਹੈ। ਜਦੋਂ ਮੈਂ ਹਸਪਤਾਲ ਤੋਂ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਮੈਂ ਜਿੰਦਾ ਹਾਂ। ਜਦੋਂ ਤੱਕ ਉਨ੍ਹਾਂ ਨੇ ਮੈਨੂੰ ਖੁਦ ਨਾ ਦੇਖ ਲਿਆ।

ਮੇਰੇ ਲਈ ਵੀ ਇਹ ਯਕੀਨ ਕਰਨਾ ਔਖਾ ਹੈ ਕਿ ਮੈਂ ਚੌਥੀ ਵਾਰ ਵੀ ਬੱਚ ਗਿਆ।"

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)