ਪੰਡਿਤ ਜਸਰਾਜ ਦਾ ਦੇਹਾਂਤ: ਜਲੰਧਰ 'ਚ ਜਦੋਂ ਤੜਕੇ 4 ਵਜੇ ਤੱਕ ਸਰੋਤੇ ਸੁਣਦੇ ਰਹੇ

ਮਸ਼ਹੂਰ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਦੇਹਾਂਤ

ਤਸਵੀਰ ਸਰੋਤ, THE INDIA TODAY GROUP

ਮਸ਼ਹੂਰ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ ਵਿੱਚ ਸੋਮਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 90 ਸਾਲ ਦੇ ਸਨ।

ਪੰਡਿਤ ਜਸਰਾਜ ਦੀ ਪੋਤਰੀ ਮਿਨਾਕਸ਼ੀ ਨੇ ਬੀਬੀਸੀ ਸਹਿਯੋਗੀ ਮਧੂ ਪਾਲ ਨਾਲ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਮਰੀਕਾ ਦੇ ਨਿਊ ਜਰਸੀ ਵਿੱਚ ਆਪਣੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦੇਹਾਂਤ ਸਥਾਨਕ ਸਮੇਂ ਮੁਤਾਬਕ ਸਵੇਰੇ 5.15 ਵਜੇ ਹੋਇਆ।

ਪੰਡਿਤ ਜਸਰਾਜ ਦਾ ਜਨਮ ਸੰਗੀਤਕਾਰਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਸੰਗੀਤ ਨਾਲ ਉਨ੍ਹਾਂ ਦੀ ਪਛਾਣ ਉਨ੍ਹਾਂ ਪਿਤਾ ਪੰਡਿਤ ਮੋਤੀਰਾਮ ਨੇ ਕਰਵਾਈ ਸੀ।

ਉਨ੍ਹਾਂ ਦਾ ਜਨਮ ਫਤਿਹਾਬਾਦ ਦੇ ਪੀਲੀ ਮੰਡੋਰੀ ਪਿੰਡ ‘ਚ ਹੋਇਆ ਸੀ। ਅੱਜ ਵੀ ਉਸ ਪਿੰਡ ‘ਚ ਪੰਡਿਤ ਜਸਰਾਜ ਦੇ ਨਾਮ ‘ਤੇ ਪਾਰਕ ਹੈ।

ਜਦੋਂ ਜਸਰਾਜ ਕੇਵਲ ਚਾਰ ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਦੇ ਭਰਾ ਅਤੇ ਗੁਰੂ ਪੰਡਿਤ ਮਣੀਰਾਮ ਨੇ ਉਨ੍ਹਾਂ ਸੰਗੀਤ ਦੀ ਸਿੱਖਿਆ ਸ਼ੁਰੂ ਕੀਤੀ।

ਪੰਡਿਤ ਜਸਰਾਜ ਦਾ ਨਾਤਾ ਸੰਗੀਤ ਦੇ ਮੇਵਾਤੀ ਘਰਾਨੇ ਨਾਲ ਰਿਹਾ ਸੀ। ਜਿਸ ਦੀ ਸ਼ੁਰੂਆਤ ਜੋਧਪੁਰ ਦੇ ਪੰਡਿਤ ਘੱਗੇ ਨਜ਼ੀਰ ਖ਼ਾਨ ਨੇ ਕੀਤੀ ਸੀ। ਉਨ੍ਹਾਂ ਦੇ ਚੇਲੇ ਪੰਡਿਤ ਨੱਥੂਲਾਲ ਕੋਲੋਂ ਪੰਡਿਤ ਜਸਰਾਜ ਦੇ ਪਿਤਾ ਨੇ ਸੰਗੀਤ ਲਈ ਸੀ।

ਪੰਡਿਤ ਜਸਰਾਜ

ਤਸਵੀਰ ਸਰੋਤ, Twitter/congress

ਤਸਵੀਰ ਕੈਪਸ਼ਨ, ਪੰਡਿਤ ਜਸਰਾਜ ਦਾ ਜਨਮ ਸੰਗੀਤਕਾਰਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਸੰਗੀਤ ਨਾਲ ਉਨ੍ਹਾਂ ਦੀ ਪਛਾਣ ਉਨ੍ਹਾਂ ਪਿਤਾ ਪੰਡਿਤ ਮੋਤੀਰਾਮ ਨੇ ਕਰਵਾਈ ਸੀ।

ਪੀਐੱਮ ਮੋਦੀ ਨੇ ਜਤਾਇਆ ਦੁਖ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ ਅਤੇ ਕਿਹਾ, "ਉਨ੍ਹਾਂ ਦੀ ਮੌਤ ਨਾਲ ਭਾਰਤੀ ਸ਼ਾਸਤਰੀ ਸੰਗੀਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਉਨ੍ਹਾਂ ਦਾ ਸੰਗੀਤ ਆਪਣੇ ਆਪ ਵਿਚ ਉੱਤਮ ਸੀ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀਆਂ ਸੰਵੇਦਨਾਵਾਂ ਹਨ।"

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ 'ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਹੈ ਕਿ "ਪੰਡਿਤ ਜਸਰਾਜ ਲਗਭਗ ਅੱਠ ਦਹਾਕਿਆਂ ਤੋਂ ਗਾਇਕੀ ਕਰਦੇ ਰਹੇ ਹਨ।"

ਹਰਿਵੱਲਭ ਸੰਮੇਲਨ ਦੀ ਪ੍ਰੇਜ਼ੀਡੇਂਟ ਪੂਰਨੀਮਾ ਬੇਰੀ

ਤਸਵੀਰ ਸਰੋਤ, deepak bali

ਤਸਵੀਰ ਕੈਪਸ਼ਨ, ਹਰਿਵੱਲਭ ਸੰਮੇਲਨ ਦੀ ਪ੍ਰੇਜ਼ੀਡੇਂਟ ਪੂਰਨੀਮਾ ਬੇਰੀ

'ਉਨ੍ਹਾਂ ਦੇ ਸੰਗੀਤ ‘ਚ ਜਿਵੇਂ ਭਗਵਾਨ ਖੁ਼ਦ ਨਜ਼ਰ ਆਉਂਦੇ ਸਨ'

ਹਰਿਵੱਲਭ ਸੰਮੇਲਨ ਦੀ ਪ੍ਰੇਜ਼ੀਡੇਂਟ ਪੂਰਨੀਮਾ ਬੇਰੀ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਸੁਨੀਲ ਕਟਾਰੀਆ ਨੂੰ ਦੱਸਿਆ ਕਿ ਉਹ ਕਈ ਵਾਰ ਜਲੰਧਰ ‘ਚ ਹਰਿਵੱਲਭ ਸੰਗੀਤ ਸੰਮੇਲਨ ਲਈ ਆਏ। ਉਨ੍ਹਾਂ ਨੇ 2019 ‘ਚ ਵੀ ਆਉਣਾ ਸੀ, ਪਰ ਆਖ਼ਰੀ ਵਕਤ ‘ਤੇ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ।

ਪੂਰਨੀਮਾ ਨੇ ਅੱਗੇ ਕਿਹਾ, “ਪੰਡਿਤ ਜੀ ਕਹਿੰਦੇ ਸੀ ਕਿ ਮੈਂ ਹਰ ਸਾਲ ਇਸ ਸੰਮੇਲਨ ਲਈ ਆਵਾਂਗਾ। ਸਾਨੂੰ ਹਮੇਸ਼ਾ ਉਨ੍ਹਾਂ ਦਾ ਇੰਤਜ਼ਾਰ ਹੁੰਦਾ ਸੀ।”

ਉਨ੍ਹਾਂ ਕਿਹਾ, “ਪੰਡਿਤ ਜੀ ਬਹੁਤ ਨਿਮਰਤਾ ਵਾਲੇ ਸੀ। ਉਨ੍ਹਾਂ ਦੇ ਸੰਗੀਤ ‘ਚ ਜਿਵੇਂ ਭਗਵਾਨ ਖੁ਼ਦ ਨਜ਼ਰ ਆਉਂਦੇ ਸਨ।”

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਹਰਿਵੱਲਭ ਸੰਮੇਲਨ ਦੇ ਜਨਰਲ ਸਕਤੱਰ ਦੀਪਕ ਬਾਲੀ ਨੇ ਕਿਹਾ, "ਪੰਡਿਤ ਜੀ ਜਦੋਂ ਤਿੰਨ ਸਾਲ ਪਹਿਲਾਂ ਜਲੰਧਰ ‘ਚ ਹਰਿਵੱਲਭ ਸੰਗੀਤ ਸੰਮੇਲਨ 'ਚ ਆਏ ਤਾਂ ਤੜਕੇ 4 ਵਜੇ ਤੱਕ ਸਰੋਤਿਆਂ ਦਾ ਟਿਕੇ ਰਹਿਣਾ ਦੱਸ ਰਿਹਾ ਸੀ ਕਿ ਉਸ ਯੁੱਗ ਗਾਇਕ ਨੂੰ ਸੁੰਨਣ ਲਈ ਲੋਕ ਕਿੰਨ੍ਹੇ ਬੇਤਾਬ ਹਨ।"

ਹਰਿਵਲੱਭ ਸੰਮੇਲਨ ਦੇ ਜਨਰਲ ਸਕਤੱਰ ਦੀਪਕ ਬਾਲੀ

ਤਸਵੀਰ ਸਰੋਤ, deepak bali

ਤਸਵੀਰ ਕੈਪਸ਼ਨ, ਹਰਿਵਲੱਭ ਸੰਮੇਲਨ ਦੇ ਜਨਰਲ ਸਕਤੱਰ ਦੀਪਕ ਬਾਲੀ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਚਹਿਰੇ ਦਾ ਨੂਰ ਰੁਹਾਨੀਅਤ ਭਰਿਆ ਸੀ। ਉਨ੍ਹਾਂ ਵਲੋਂ ਗਾਏ ਸ਼ਬਦ ਲਾਜਵਾਬ ਸੀ।

ਉਨ੍ਹਾਂ ਕਿਹਾ, "ਸਾਡੇ ਦਿਲਾਂ 'ਚ ਉਨ੍ਹਾਂ ਦੀਆਂ ਡੂੰਘੀਆਂ ਯਾਦਾਂ ਹਨ।"

'ਮੈਨੂੰ ਨਹੀਂ ਲੱਗਦਾ ਕਿ ਸੰਗੀਤ ਦੇ ਖ਼ੇਤਰ ਵਿਚ ਮੇਰਾ ਕੋਈ ਯੋਗਦਾਨ ਹੈ'

ਪੰਡਿਤ ਜਸਰਾਜ ਨੇ 2005 ਵਿੱਚ ਬੀਬੀਸੀ ਹਿੰਦੀ ਨਾਲ ਗੱਲਬਾਤ ਵਿੱਚ ਕੁਝ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਸਨ।

ਇਸ ਇੰਟਰਵਿਊ ਵਿਚ ਆਪਣੀ ਸੰਗੀਤਕ ਯਾਤਰਾ ਬਾਰੇ, ਪੰਡਿਤ ਜਸਰਾਜ ਨੇ ਕਿਹਾ ਸੀ, "ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਕਿੰਨੇ ਸਾਹ ਲੈਣੇ ਹਨ, ਕਿੰਨੇ ਪ੍ਰੋਗਰਾਮ ਕਰਨੇ ਹਨ। ਮੈਨੂੰ ਨਹੀਂ ਲੱਗਦਾ ਕਿ ਸੰਗੀਤ ਦੇ ਖੇਤਰ ਵਿਚ ਮੇਰਾ ਕੋਈ ਯੋਗਦਾਨ ਹੈ। ਮੈਂ ਕੁਝ ਨਹੀਂ ਕੀਤਾ। ਮੈਂ ਸਿਰਫ ਇਕ ਮਾਧਿਅਮ ਹਾਂ। ਸਭ ਰੱਬ ਦੀ ਕਿਰਪਾ ਹੈ ਅਤੇ ਮੇਰੇ ਭਰਾਵਾਂ ਅਤੇ ਲੋਕਾਂ ਦਾ ਪਿਆਰ ਹੈ।"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)