ਟੀਵੀ 'ਤੇ ਬੋਲ ਰਹੀ ਪੱਤਰਕਾਰ ਨੂੰ ਦਰਸ਼ਕ ਨੇ ਦੱਸਿਆ ਕਿ ਤੈਨੂੰ ਕੈਂਸਰ ਹੈ ਤਾਂ ਬਚ ਗਈ ਜਾਨ

ਕਹਿੰਦੇ ਹਨ ਕਿ ਨਜ਼ਰ-ਨਜ਼ਰ ਦਾ ਖੇਡ ਹੁੰਦਾ ਹੈ, ਕਿਸੇ ਨੂੰ ਬਹੁਤ ਕੁਝ ਦਿਖ ਜਾਂਦਾ ਹੈ ਤੇ ਕਿਸੇ ਨੂੰ ਕੁਝ ਨਹੀਂ ਦਿਖਦਾ।

ਪਰ ਜੇ ਕਿਸੇ ਦੀ ਨਿਗਾਹ ਇਸ ਕਦਰ ਪੈਨੀ ਹੋਵੇ ਕਿ ਉਹ ਸਰੀਰ ਦੇ ਅੰਦਰ ਪੈਦਾ ਹੋ ਰਹੀ ਬਿਮਾਰੀ ਨੂੰ ਪਛਾਣ ਲਏ, ਉਹ ਵੀ ਟੀਵੀ ਵਿੱਚ ਦਿਖ ਰਹੇ ਸ਼ਖ਼ਸ ਦੀ...ਤਾਂ ਤੁਸੀਂ ਇਸ ਨੂੰ ਇੱਕ ਅਜੂਬਾ ਹੀ ਕਹੋਗੇ।

ਅਮਰੀਕਾ ਦੇ ਟੀਵੀ ਚੈਨਲ WFLA 'ਚ ਕੰਮ ਕਰਨ ਵਾਲੀ ਵਿਕਟੋਰੀਆ ਪ੍ਰਾਈਸ ਨੇ ਆਪਣੀ ਇੱਕ ਦਰਸ਼ਕ ਦਾ ਧੰਨਵਾਦ ਕੀਤਾ ਹੈ ਕਿ ਕਿਉਂਕਿ ਉਨ੍ਹਾਂ ਦੀ ਦਰਸ਼ਕ ਨੇ ਉਨ੍ਹਾਂ ਨੂੰ ਡਾਕਟਰੀ ਜਾਂਚ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਸੀ।

ਵਿਕਟੋਰੀਆ ਨੇ ਸੋਸ਼ਲ ਮੀਡੀਆ 'ਤੇ ਦੱਸਿਆ, ''ਇੱਕ ਦਰਸ਼ਕ ਨੇ ਮੈਨੂੰ ਪਿਛਲੇ ਮਹੀਨੇ ਈ-ਮੇਲ ਕੀਤਾ। ਉਨ੍ਹਾਂ ਨੇ ਮੇਰੀ ਗਰਦਨ ਉੱਤੇ ਇੱਕ ਗੰਢ ਦੇਖੀ ਤੇ ਕਿਹਾ ਕਿ ਇਹ ਗੰਢ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਉਨ੍ਹਾਂ ਦੇ ਸੀ।''

''ਉਨ੍ਹਾਂ ਦੀ ਗੰਢ ਕੈਂਸਰ ਦੀ ਸੀ ਤੇ ਪਤਾ ਚੱਲਿਆ ਹੈ ਕਿ ਮੇਰੀ ਗੰਢ ਵੀ ਕੈਂਸਰ ਦੀ ਹੀ ਹੈ।''

ਇਹ ਲਿਖਦੇ ਹੋਏ ਵਿਕਟੋਰੀਆ ਪ੍ਰਾਈਸ ਨੇ ਦੱਸਿਆ ਕਿ ਉਹ ਆਪਣੇ ਇਲਾਜ ਲਈ ਮੈਡੀਕਲ ਲੀਵ ਉੱਤੇ ਜਾ ਰਹੇ ਹਨ।

ਦਰਅਸਲ ਦਰਸ਼ਕ ਨੇ ਈ-ਮੇਲ ਵਿੱਚ ਲਿਖਿਆ ਸੀ, ''ਹੈਲੋ, ਮੈਂ ਹੁਣੇ-ਹੁਣੇ ਤੁਹਾਡੀ ਨਿਊਜ਼ ਰਿਪੋਰਟ ਦੇਖੀ। ਮੈਨੂੰ ਤੁਹਾਡੀ ਗਰਦਨ ਉੱਤੇ ਦਿਖ ਰਹੀ ਗੰਢ ਨੂੰ ਦੇਖ ਕੇ ਫ਼ਿਕਰ ਹੋ ਰਹੀ ਹੈ। ਕਿਰਪਾ ਕਰਕੇ ਆਪਣਾ ਥਾਇਰਡ ਚੈੱਕ ਕਰਵਾਓ। ਇਹ ਦੇਖ ਕੇ ਮੈਨੂੰ ਆਪਣੀ ਗਰਦਨ ਦੀ ਗੰਢ ਚੇਤੇ ਆ ਗਈ। ਮੇਰੀ ਗੰਢ ਕੈਂਸਰ ਵਾਲੀ ਨਿਕਲੀ ਸੀ। ਸਾਵਧਾਨ ਰਹੋ।''

ਵਿਕਟੋਰੀਆ ਨੇ ਆਪਣੇ ਟਵੀਟ ਦੇ ਨਾਲ ਜਿਹੜੀ ਤਸਵੀਰ ਸ਼ੇਅਰ ਕੀਤੀ ਸੀ। ਇੱਕ ਸ਼ਖ਼ਸ ਨੇ ਉਸ ਉੱਤੇ ਕੁਮੈਂਟ ਕੀਤਾ ਕਿ ਉਨ੍ਹਾਂ ਨੂੰ ਤਾਂ ਤਸਵੀਰ ਵਿੱਚ ਕੋਈ ਗੰਢ ਨਹੀਂ ਦਿਖ ਰਹੀ ਅਤੇ ਉਹ ਇਸ ਬਾਰੇ ਥੋੜ੍ਹੀ ਹੋਰ ਜਾਣਕਾਰੀ ਦੇਣ।

ਇਸ 'ਤੇ ਵਿਕਟੋਰੀਆ ਨੇ ਲਿਖਿਆ, ''ਮੈਂ ਸਹਿਮਤ ਹਾਂ। ਇਹ ਇੰਨੀ ਆਸਾਨੀ ਨਾਲ ਨਹੀਂ ਦਿਖ ਰਹੀ ਅਤੇ ਜਦੋਂ ਤੱਕ ਕੋਈ ਧਿਆਨ ਨਾਲ ਨਹੀਂ ਦੇਖਦਾ ਉਦੋਂ ਤੱਕ ਇਹ ਦਿਖਦੀ ਵੀ ਨਹੀਂ। ਇਸ ਸਕਰੀਨਸ਼ੌਟ ਵਿੱਚ ਤੁਸੀਂ ਹੋਰ ਚੰਗੀ ਤਰ੍ਹਾਂ ਦੇਖ ਸਕਦੇ ਹੋ। ਇਸ ਬਾਰੇ ਅਜੇ ਹੋਰ ਪਤਾ ਕਰ ਰਹੀ ਹਾਂ, ਪਰ ਡਾਕਟਰ ਨੇ ਕਿਹਾ ਹੈ ਕਿ ਟਿਊਮਰ ਮੇਰੇ ਥਾਇਰਡ ਦੇ ਵਿਚਾਲੇ ਹੈ। ਇਹ ਗਲੈਂਡਸ ਨੂੰ ਅੱਗੇ ਅਤੇ ਉੱਤੇ ਵੱਲ ਧੱਕ ਰਿਹਾ ਹੈ, ਇਸ ਲਈ ਥੋੜ੍ਹਾ ਬਾਹਰ ਨਿਕਲਿਆ ਹੋਇਆ ਦਿਖ ਰਿਹਾ ਹੈ।''

ਵਿਕਟੋਰੀਆ ਨੇ ਦੱਸਿਆ ਕਿ ਟਿਊਮਰ ਕੱਢਣ ਲਈ ਸੋਮਵਾਰ ਨੂੰ ਉਨ੍ਹਾਂ ਦਾ ਇੱਕ ਆਪਰੇਸ਼ਨ ਹੋਵੇਗਾ।

ਦਰਸ਼ਕ ਦਾ ਧੰਨਵਾਦ ਕੀਤਾ

ਵਿਕਟੋਰੀਆ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਵੀ ਉਸ ਦਰਸ਼ਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ 8 ਵਜੇ ਅਸੀਂ ਤੁਹਾਡੇ ਸਾਹਮਣੇ ਹੁੰਦੇ ਹਾਂ, ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ।

ਪਰ ਇਹ ਰੋਲ ਉਸ ਸਮੇਂ ਬਦਲ ਗਿਆ ਜਦੋਂ ਇੱਕ ਦਰਸ਼ਕ ਨੇ ਮੈਨੂੰ ਇਹ ਸਭ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਇਸ ਲਈ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਨ।

ਰਿਪੋਰਟਰ ਨੇ ਦੱਸਿਆ ਕਿ ਕੋਰੋਨਾਵਾਇਰਸ ਮਹਾਂਮਾਰੀ ਨੂੰ ਕਵਰ ਕਰਨ 'ਚ ਉਹ ਕਿੰਨੀ ਮਸਰੂਫ਼ ਹੋ ਗਈ ਕਿ ਉਨ੍ਹਾਂ ਨੇ ਆਪਣੀ ਹੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਉਨ੍ਹਾਂ ਨੇ ਕਿਹਾ, ''ਇੱਕ ਪੱਤਰਕਾਰ ਦੇ ਤੌਰ 'ਤੇ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਮੈਂ ਬਿਨਾਂ ਰੁਕੇ ਕੰਮ ਕੀਤਾ। ਲਗਾਤਾਰ ਆ ਰਹੀ ਜਾਣਕਾਰੀ ਦੇ ਲਈ ਲਗਾਤਾਰ ਸ਼ਿਫ਼ਟ ਕੀਤੀ।''

ਵਿਕਟੋਰੀਆ ਨੇ ਇੱਕ ਆਰਟੀਕਲ ਵਿੱਚ ਲਿਖਿਆ, ''ਡਾਕਟਰਾਂ ਨੇ ਦੱਸਿਆ ਕਿ ਟਿਊਮਰ ਉਨ੍ਹਾਂ ਦੀ ਗਰਦਨ ਦੇ ਵਿਚਾਲੇ ਦੇ ਹਿੱਸੇ ਤੋਂ ਦੂਜੇ ਵੱਲ ਫ਼ੈਲ ਰਿਹਾ ਹੈ ਅਤੇ ਥਾਇਰਡ ਦੇ ਕੋਲੋਂ ਇਸ ਨੂੰ ਸਰਜਰੀ ਰਾਹੀਂ ਕੱਢਣ ਦੀ ਲੋੜ ਹੈ।''

ਉਨ੍ਹਾਂ ਇੱਕ ਪੋਸਟ ਪਾਈ, ''ਜੇ ਮੈਨੂੰ ਕਦੇ ਉਹ ਈ-ਮੇਲ ਨਾ ਮਿਲਦਾ, ਤਾਂ ਮੈਂ ਡਾਕਟਰ ਕੋਲ ਨਾ ਜਾਂਦੀ। ਕੈਂਸਰ ਸ਼ਾਇਦ ਫ਼ੈਲਦਾ ਰਹਿੰਦਾ। ਇਹ ਹਿਲਾ ਦੇਣ ਵਾਲਾ ਖ਼ਿਆਲ ਹੈ।''

''ਮੈਂ ਹਮੇਸ਼ਾ ਉਸ ਔਰਤ ਦੀ ਸ਼ੁਕਰਗੁਜ਼ਾਰ ਰਹਾਂਗੀ, ਜਿਨ੍ਹਾਂ ਨੇ ਮੈਨੂੰ ਲਿਖਣ ਦਾ ਜ਼ਹਿਮਤ ਚੁੱਕੀ। ਉਹ ਮੈਨੂੰ ਨਿੱਜੀ ਤੌਰ ਉੱਤੇ ਬਿਲਕੁਲ ਨਹੀਂ ਜਾਣਦੇ ਸੀ। ਉਨ੍ਹਾਂ ਨੇ ਇਹ ਸਭ ਦੱਸਣ ਦੀ ਲੋੜ ਨਹੀਂ ਸੀ, ਪਰ ਫ਼ਿਰ ਵੀ ਉਨ੍ਹਾਂ ਨੇ ਦੱਸਿਆ। ਇਸ ਦਾ ਮਤਲਬ ਹੈ ਕਿਸੇ ਦਾ ਤੁਹਾਡੇ ਨਾਲ ਹੋਣਾ...ਹੈ ਨਾ?''

ਥਾਇਰਡ ਕੈਂਸਰ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਵੱਧ ਹੁੰਦਾ ਹੈ। ਵਿਕਟੋਰੀਆ ਨੇ ਦੱਸਿਆ ਕਿ ਅਮਰੀਕਾ ਵਿੱਚ ਇਸ ਸਾਲ ਇਸ ਤਰ੍ਹਾਂ ਦੇ ਕੈਂਸਰ ਦੇ ਕਰੀਬ 75% ਮਾਮਲੇ ਔਰਤਾਂ ਵਿੱਚ ਦਰਜ ਕੀਤੇ ਗਏ।

ਉਨ੍ਹਾਂ ਨੇ ਔਰਤਾਂ ਨੂੰ ਇਸ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਇੱਕ ਹਫ਼ਤੇ ਅੰਦਰ ਕੰਮ 'ਤੇ ਪਰਤ ਆਉਣਗੇ।

ਸਟਾਰ ਜਿਨ੍ਹਾਂ ਨੂੰ ਦਰਸ਼ਕਾਂ ਨੇ ਬਚਾਇਆ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਪੈਨੀ ਨਜ਼ਰ ਵਾਲੇ ਦਰਸ਼ਕ ਨੇ ਇੱਕ ਟੀਵੀ ਪ੍ਰਜੈਂਟਰ ਨੂੰ ਮਦਦਗਾਰ ਮੈਡੀਕਲ ਸਲਾਹ ਦਿੱਤੀ ਹੋਵੇ।

2018 ਵਿੱਚ ਸਾਬਕਾ ਲਿਵਰਪੂਲ ਡਿਫ਼ੈਂਡਰ ਅਤੇ ਫ਼ੁੱਟਬਾਲ ਕੁਮੈਂਟੇਟਰ ਮਾਰਕ ਲਾਰੇਂਸਨ ਨੇ ਇੱਕ ਡਾਕਟਰ ਦਾ ਸ਼ੁਕਰੀਆ ਅਦਾ ਕੀਤਾ ਸੀ।

ਜਿਨ੍ਹਾਂ ਨੇ ਉਨ੍ਹਾਂ ਨੂੰ ਬੀਬੀਸੀ ਵਨ ਦੇ ਫੁੱਟਬਾਲ ਫੋਕਸ ਸ਼ੋਅ ਉੱਤੇ ਦੇਖਣ ਤੋਂ ਬਾਅਦ ਉਨ੍ਹਾਂ ਦਾ ਕੈਂਸਰ ਡਾਇਗਨੋਸ ਕੀਤਾ।

2013 ਵਿੱਚ ਅਮਰੀਕੀ ਕੇਬਲ ਟੀਵੀ ਨੈੱਟਵਰਕ ਦੇ ਇੱਕ ਹੋਸਟ ਤਾਰੇਕ ਅਲ ਮੂਸਾ ਨੂੰ ਇੱਕ ਨਰਸ ਨੇ ਫਲਿਪ ਓਰ ਫਲੌਪ ਹੋਮ ਰਿਕੰਸਟ੍ਰਕਸ਼ਨ ਪ੍ਰੋਗ੍ਰਾਮ ਵਿੱਚ ਦੇਖਿਆ ਸੀ ਅਤੇ ਉਨ੍ਹਾਂ ਦੀ ਗਰਦਨ ਦੀ ਇੱਕ ਗੰਢ ਨੂੰ ਲੈ ਕੇ ਉਨ੍ਹਾਂ ਨੂੰ ਸਾਵਧਾਨ ਕੀਤਾ ਸੀ।

ਨਰਸ ਰਿਆਨ ਰੀਡ ਨੇ ਐੱਨਬੀਸੀ ਨੂੰ ਕਿਹਾ ਸੀ, ''ਮੈਨੂੰ ਲੱਗਿਆ ਕਿ ਮੈਨੂੰ ਇਸ ਬਾਰੇ ਤੁਹਾਨੂੰ ਦੱਸਣਾ ਚਾਹੀਦਾ ਹੈ।''

ਤਾਰੇਕ ਨੂੰ ਸਟੇਜ 2 ਦਾ ਥਾਇਰਡ ਕੈਂਸਰ ਸੀ ਅਤੇ ਇਲਾਜ ਤੋਂ ਬਾਅਦ ਉਹ ਠੀਕ ਹੋ ਗਏ ਸਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)