ਕੋਰੋਨਾ ਵੈਕਸੀਨ: ਆਕਸਫੋਰਡ 'ਚ ਹੋ ਰਹੇ ਟ੍ਰਾਇਲ ਟੀਮ ਦੀ ਅਗਵਾਈ ਕਰਨ ਵਾਲੀ ਸਾਰਾ ਗਿਲਬਰਟ ਨੂੰ ਜਾਣੋ

    • ਲੇਖਕ, ਟੀਮ ਬੀਬੀਸੀ
    • ਰੋਲ, ਦਿੱਲੀ

ਕੋਰੋਨਾ ਵੈਕਸੀਨ ਬਣਾਉਣ ਲਈ ਕਈ ਕੰਪਨੀਆਂ ਕੰਮ ਕਰ ਰਹੀਆਂ ਹਨ। ਕਈ ਦੇਸ ਜੁਟੇ ਹੋਏ ਹਨ। ਪਰ ਇਸ ਵਿਚਾਲੇ ਆਕਸਫੋਰਡ ਯੂਨੀਵਰਸਿਟੀ ਦੇ ਵੈਕਸੀਨ ਟੈਸਟ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ।

ਦਾਅਵਾ ਹੈ ਕਿ ਆਕਸਫੋਰਡ ਦੀ ਵੈਕਸੀਨ ਦਾ ਪਹਿਲਾ ਹਿਊਮਨ ਟ੍ਰਾਇਲ ਕਾਮਯਾਬ ਰਿਹਾ ਹੈ। ਜੇਕਰ ਅੱਗੇ ਵੀ ਸਭ ਕੁਝ ਠੀਕ ਰਹਿੰਦਾ ਹੈ, ਤਾਂ ਸੰਭਵ ਹੈ ਕਿ ਬਹੁਤ ਛੇਤੀ ਹੀ ਕੋਰੋਨਾਵਾਇਰਸ ਦੀ ਇੱਕ ਕਾਰਗਰ ਵੈਕਸੀਨ ਤਿਆਰ ਕਰ ਲਈ ਜਾਵੇਗੀ।

ਆਕਸਫੋਰਡ ਯੂਨੀਵਰਸਿਟੀ, ਐਸਟ੍ਰਾਜ਼ੇਨੇਕਾ ਦਵਾਈ ਕੰਪਨੀ ਦੇ ਨਾਲ ਮਿਲ ਕੇ ਇਹ ਵੈਕਸੀਨ ਬਣਾਉਣ ਲਈ ਕੰਮ ਕਰ ਰਹੀ ਹੈ।

ਆਕਸਫੋਰਡ ਯੂਨੀਵਰਸਿਟੀ ਦੀ ਇੱਕ ਟੀਮ ਸਾਰਾ ਗਿਲਬਰਟ ਦੀ ਅਗਵਾਈ ਵਿੱਚ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦਾ ਕੰਮ ਕਰ ਰਹੀ ਹੈ।

ਕੌਣ ਹੈ ਸਾਰਾ ਗਿਲਬਰਟ?

ਸਾਰਾ ਆਕਸਫੋਰਡ ਦੀ ਉਸ ਟੀਮ ਦੀ ਅਗਵਾਈ ਕਰ ਰਹੀ ਹੈ ਜੋ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਲਈ ਸਭ ਤੋਂ ਅੱਗੇ ਮੰਨੀ ਜਾ ਰਹੀ ਹੈ।

ਪ੍ਰੋਫੈਸਰ ਸਾਰਾ ਗਿਲਬਰਟ ਨੂੰ ਹਮੇਸ਼ਾ ਤੋਂ ਆਪਣੇ ਬਾਰੇ ਪਤਾ ਸੀ ਕਿ ਉਨ੍ਹਾਂ ਨੇ ਅੱਗੇ ਜਾ ਕੇ ਮੈਡੀਕਲ ਰਿਸਰਚਰ ਬਣਨਾ ਹੈ ਪਰ 17 ਸਾਲ ਦੀ ਉਮਰ ਵਿੱਚ ਸਾਰਾ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਨੇ ਸ਼ੁਰੂਆਤ ਕਿੱਥੋਂ ਕਰਨੀ ਹੈ।

ਯੂਨੀਵਰਸਿਟੀ ਆਫ ਐਂਜਲੀਆ ਤੋਂ ਜੀਵ-ਵਿਗਿਆਨ ਵਿੱਚ ਡਿਗਰੀ ਹਾਸਲ ਕਰਨ ਤੋਂ ਬਾਅਦ ਸਾਰਾ ਨੇ ਬਾਇਓ ਕੈਮਿਸਟਰੀ ਵਿੱਚ ਪੀਐਚਡੀ ਕੀਤੀ।

ਉਨ੍ਹਾਂ ਨੇ ਆਪਣੀ ਸ਼ੁਰੂਆਤ ਬਰੁਇੰਗ ਰਿਸਰਚ ਫਾਊਂਡੇਸ਼ਨ ਦੇ ਨਾਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਕੰਪਨੀਆਂ ਵਿੱਚ ਵੀ ਕੰਮ ਕੀਤਾ ਅਤੇ ਡਰੱਗ ਮੈਨੂਫੈਕਚਰਿੰਗ ਬਾਰੇ ਸਿੱਖਿਆ।

ਇਸ ਤੋਂ ਬਾਅਦ ਉਹ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਡ੍ਰੀਅਨ ਹਿਲਜ਼ ਲੈਬ ਆ ਪਹੁੰਚੀ। ਇੱਥੇ ਗਿਲਬਰਟ ਨੇ ਜੈਨੇਟਿਕਸ 'ਤੇ ਕੰਮ ਕਰਕੇ ਸ਼ੁਰੂਆਤ ਕੀਤੀ।

ਇਸ ਤੋਂ ਇਲਾਵਾ ਮਲੇਰੀਆ 'ਤੇ ਵੀ ਸਾਰਾ ਗਿਲਬਰਟ ਨੇ ਕਾਫ਼ੀ ਕੰਮ ਕੀਤਾ। ਇਸ ਤੋਂ ਬਾਅਦ ਉਹ ਵੈਕਸੀਨ ਬਣਾਉਣ ਦੇ ਕੰਮ ਵਿੱਚ ਲੱਗ ਗਈ।

ਇਹ ਵੀ ਪੜ੍ਹੋ-

ਟ੍ਰਾਇਲ ਵਿੱਚ ਬੱਚਿਆਂ ਦੀ ਮਦਦ

ਸਾਰਾ ਤਿੰਨ ਬੱਚਿਆਂ (ਟ੍ਰਿਪਲੇਟਸ) ਦੀ ਮਾਂ ਹੈ। ਬੱਚਿਆਂ ਦੇ ਜਨਮ ਤੋਂ ਇੱਕ ਸਾਲ ਬਾਅਦ ਹੀ ਉਹ ਯੂਨੀਵਰਸਿਟੀ ਵਿੱਚ ਲੈਕਚਰਰ ਬਣ ਗਈ ਅਤੇ ਫਿਰ ਸਾਲ 2004 ਵਿੱਚ ਯੂਨੀਵਰਸਿਟੀ ਰੀਡਰ।

2007 ਵਿੱਚ ਸਾਰਾ ਨੂੰ ਵੈਲਕਮ ਟਰਸਟ ਵੱਲੋਂ ਇੱਕ ਫਲੂ ਵੈਕਸੀਨ ਬਣਾਉਣ ਦਾ ਕੰਮ ਮਿਲਿਆ। ਅਤੇ ਇਸੇ ਤੋਂ ਬਾਅਦ ਸ਼ੁਰੂਆਤ ਹੋਈ ਉਨ੍ਹਾਂ ਦੇ ਆਪਣੇ ਰਿਸਰਚ ਗਰੁੱਪ ਦੀ ਅਗਵਾਈ ਕਰਨ ਦੇ ਸਫ਼ਰ ਨਾਲ।

ਸਾਰਾ ਦੇ ਤਿੰਨੋਂ ਬੱਚੇ ਹੁਣ 21 ਸਾਲ ਦੇ ਹਨ।

ਉਹ ਸਾਰੇ ਵੀ ਬਾਇਓਕੈਮਿਸਟਰੀ ਤੋਂ ਪੜ੍ਹਾਈ ਕਰ ਰਹੇ ਹਨ। ਸਾਰਾ ਦੇ ਤਿੰਨਾਂ ਬੱਚਿਆਂ ਨੇ ਕੋਰੋਨਾਵਾਇਰਸ ਲਈ ਤਿਆਰ ਕੀਤੀ ਗਈ ਇੱਕ ਐਕਸਪੈਰੀਮੈਂਟਲ ਵੈਕਸੀਨ ਦੇ ਟ੍ਰਾਇਲ ਵਿੱਚ ਹਿੱਸਾ ਵੀ ਲਿਆ ਸੀ।

ਬਲੂਮਬਰਗ ਦੀ ਖ਼ਬਰ ਮੁਤਾਬਕ ਇਹ ਟ੍ਰਾਇਲ ਵੈਕਸੀਨ ਉਨ੍ਹਾਂ ਦੀ ਮਾਂ ਯਾਨਿ ਸਾਰਾ ਦੀ ਹੀ ਤਿਆਰ ਕੀਤੀ ਹੋਈ ਸੀ।

ਮੁਸ਼ਕਲ ਸੀ ਸਫ਼ਰ

ਸਾਰਾ ਕਹਿੰਦੀ ਹੈ, "ਕੰਮ ਅਤੇ ਨਿੱਜੀ ਜ਼ਿੰਦਗੀ ਵਿੱਚ ਤਾਲਮੇਲ ਬਿਠਾ ਕੇ ਰੱਖਣਾ ਬਹੁਤ ਮੁਸ਼ਕਲ ਹੁੰਦਾ ਹੈ। ਇਹ ਉਦੋਂ ਨਾਮੁਮਕਿਨ ਲੱਗਣ ਲਗਦਾ ਹੈ ਜਦੋਂ ਤੁਹਾਡੇ ਕੋਲ ਕੋਈ ਸਪੋਰਟ ਨਾ ਹੋਵੇ। ਮੇਰੇ ਤਿੰਨ ਬੱਚੇ ਸਨ। ਨਰਸਰੀ ਦੀ ਫੀਸ ਮੇਰੀ ਤਨਖ਼ਾਹ ਤੋਂ ਜ਼ਿਆਦਾ ਹੁੰਦੀ ਸੀ। ਅਜਿਹੇ ਵਿੱਚ ਮੇਰੇ ਪਾਰਟਨਰ ਨੇ ਆਪਣੀ ਕਰੀਅਰ ਛੱਡ ਕੇ ਬੱਚਿਆਂ ਨੂੰ ਸੰਭਾਲਿਆ।''

ਉਹ ਕਹਿੰਦੀ ਹੈ, "ਸਾਲ 1998 ਵਿੱਚ ਬੱਚੇ ਹੋਏ ਅਤੇ ਉਸ ਸਮੇਂ ਮੈਨੂੰ ਸਿਰਫ਼ 18 ਹਫ਼ਤੇ ਦੀ ਮੈਟਰਨਿਟੀ ਲੀਵ ਮਿਲੀ ਸੀ। ਇਹ ਕਾਫ਼ੀ ਪ੍ਰੇਸ਼ਾਨੀ ਵਾਲਾ ਸਮਾਂ ਸੀ ਕਿਉਂਕਿ ਮੇਰੇ ਕੋਲ ਤਿੰਨ ਪ੍ਰੀਮੈਚਿਓਰ ਬੱਚੇ ਸਨ ਜਿਨ੍ਹਾਂ ਦੀ ਮੈਂ ਦੇਖਭਾਲ ਕਰਨੀ ਸੀ। ਹੁਣ ਭਾਵੇਂ ਹੀ ਮੈਂ ਇੱਕ ਲੈਬ ਹੈੱਡ ਹਾਂ, ਪਰ ਮੈਂ ਸਿੱਕੇ ਦਾ ਦੂਜਾ ਪਹਿਲੂ ਵੀ ਵੇਖਿਆ ਹੈ।''

ਉਹ ਕਹਿੰਦੀ ਹੈ ਕਿ ਵਿਗਿਆਨੀ ਹੋਣ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਹਾਡੇ ਲਈ ਕੰਮ ਦੇ ਘੰਟੇ ਤੈਅ ਨਹੀਂ ਹੁੰਦੇ। ਅਜਿਹੇ ਵਿੱਚ ਇੱਕ ਮਾਂ ਲਈ ਕੰਮ ਕਰਨਾ ਸੌਖਾ ਹੋ ਜਾਂਦਾ ਹੈ।

ਪਰ ਸਾਰਾ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰਦੀ ਕਿ ਕਈ ਵਾਰ ਅਜਿਹੇ ਵੀ ਹਾਲਾਤ ਬਣ ਜਾਂਦੇ ਹਨ ਜਦੋਂ ਸਭ ਕੁਝ ਉਲਝ ਜਾਂਦਾ ਹੈ ਅਤੇ ਤੁਹਾਨੂੰ ਤਿਆਗ ਕਰਨੇ ਪੈਂਦੇ ਹਨ।

ਜਿਹੜੀਆਂ ਔਰਤਾਂ ਵਿਗਿਆਨ ਦੇ ਖੇਤਰ ਵਿੱਚ ਭਵਿੱਖ ਬਣਾਉਣਾ ਚਾਹੁੰਦੀਆਂ ਹਨ ਅਤੇ ਉਹ ਵੀ ਪਰਿਵਾਰ ਦੇ ਨਾਲ ਰਹਿੰਦੇ ਹੋਏ, ਤਾਂ ਅਜਿਹੀਆਂ ਔਰਤਾਂ ਨੂੰ ਸਾਰਾ ਸਲਾਹ ਦਿੰਦੀ ਹੈ,''ਪਹਿਲੀ ਗੱਲ ਜੋ ਤੁਹਾਡੇ ਜ਼ਹਿਨ ਵਿੱਚ ਹੋਣੀ ਚਾਹੀਦੀ ਹੈ ਉਹ ਇਹ ਕਿ ਇਹ ਬਹੁਤ ਹੀ ਮੁਸ਼ਕਿਲ ਭਰੀ ਚੁਣੌਤੀ ਹੈ। ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਹਾਡੇ ਕੋਲ ਹਰ ਚੀਜ਼ ਦੀ ਯੋਜਨਾ ਹੋਵੇ। ਨਾਲ ਹੀ ਇਹ ਵੀ ਤੈਅ ਕਰਨਾ ਜ਼ਰੂਰੀ ਹੈ ਕਿ ਤੁਹਾਡੇ ਨਾਲ ਕੋਈ ਅਜਿਹਾ ਹੋਵੇ ਜੋ ਉਸ ਵੇਲੇ ਘਰ ਦਾ ਧਿਆਨ ਰੱਖ ਸਕੇ, ਜਿਸ ਸਮੇਂ ਤੁਸੀਂ ਕੰਮ 'ਤੇ ਹੋ।''

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)