ਕੋਰੋਨਾਵਾਇਰਸ: ਜਪਾਨ ਵਿੱਚ ਬਿਨਾਂ ਸਖ਼ਤ ਲੌਕਡਾਊਨ ਕਰੇ ਵੀ ਮੌਤਾਂ ਘੱਟ ਕਿਉਂ

    • ਲੇਖਕ, ਰੂਪਰਟ ਵਿੰਗਫੀਲਡ-ਹੇਜ਼
    • ਰੋਲ, ਬੀਬੀਸੀ ਪੱਤਰਕਾਰ, ਟੋਕਿਓ

ਜਪਾਨ ਵਿੱਚ ਕੋਵਿਡ-19 ਨਾਲ ਜ਼ਿਆਦਾ ਲੋਕਾਂ ਦੀ ਮੌਤ ਕਿਉਂ ਨਹੀਂ ਹੋਈ? ਇਹ ਇੱਕ ਗੁੰਝਲਦਾਰ ਪ੍ਰਸ਼ਨ ਹੈ ਜਿਸ ਰਾਹੀਂ ਜਪਾਨੀ ਸ਼ਿਸ਼ਟਾਚਾਰ ਤੋਂ ਲੈ ਕੇ ਜਪਾਨੀਆਂ ਦੀ ਬਿਤਹਰ ਪ੍ਰਤੀਰੋਧਕ ਸਮਰੱਥਾ ਤੱਕ ਦਰਜਨਾਂ ਸਿਧਾਂਤਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਖੇਤਰ ਵਿੱਚ ਕੋਵਿਡ-19 ਕਾਰਨ ਜਪਾਨ ਵਿੱਚ ਸਭ ਤੋਂ ਘੱਟ ਮੌਤ ਦਰ ਨਹੀਂ ਹੈ ਸਗੋਂ ਦੱਖਣੀ ਕੋਰੀਆ, ਤਾਇਵਾਨ, ਹਾਂਗਕਾਂਗ ਅਤੇ ਵੀਅਤਨਾਮ ਇਹ ਸਾਰੇ ਘੱਟ ਮੌਤ ਦਰ ਹੋਣ ਦਾ ਦਾਅਵਾ ਕਰ ਸਕਦੇ ਹਨ।

2020 ਦੇ ਸ਼ੁਰੂਆਤ ਵਿੱਚ ਜਪਾਨ ਵਿੱਚ ਔਸਤਨ ਘੱਟ ਮੌਤਾਂ ਹੋਈਆਂ, ਇਸ ਤੱਥ ਤੋਂ ਇਲਾਵਾ ਕਿ ਅਪ੍ਰੈਲ ਵਿੱਚ ਟੋਕਿਓ ਵਿੱਚ ਲਗਭਗ 1,000 ਮੌਤਾਂ ਹੋਈਆਂ। ਇਹ ਮੌਤਾਂ ਸ਼ਾਇਦ ਕੋਵਿਡ-19 ਕਾਰਨ ਹੋਈਆਂ ਹਨ।

ਵਿਸ਼ੇਸ਼ ਤੌਰ 'ਤੇ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਜਪਾਨ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਥਿਤੀਆਂ ਹਨ ਜੋ ਇਸਨੂੰ ਕੋਵਿਡ-19 ਲਈ ਖਤਰਨਾਕ ਬਣਾਉਂਦੀਆਂ ਹਨ।

ਦੂਜੇ ਪਾਸੇ ਜਪਾਨ ਨੇ ਵਾਇਰਸ ਨਾਲ ਨਜਿੱਠਣ ਲਈ ਅਜਿਹੀ ਕੋਈ ਵੀ ਅਸਰਦਾਰ ਤਕਨੀਕ ਦੀ ਵਰਤੋਂ ਜਾਂ ਕੋਸ਼ਿਸ਼ ਨਹੀਂ ਕੀਤੀ ਜੋ ਇਸਦੇ ਗੁਆਂਢੀ ਮੁਲਕਾਂ ਨੇ ਕੀਤੀ।

ਜਪਾਨ ਵਿੱਚ ਕੀ ਹੋਇਆ?

ਫਰਵਰੀ ਵਿੱਚ ਜਦੋਂ ਚੀਨ ਦੇ ਵੂਹਾਨ ਵਿੱਚ ਕੋਰੋਨਾ ਦਾ ਕਹਿਰ ਸਿਖਰਾਂ 'ਤੇ ਸੀ ਅਤੇ ਸ਼ਹਿਰ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਸਨ, ਉਦੋਂ ਦੁਨੀਆ ਭਰ ਦੇ ਮੁਲਕਾਂ ਨੇ ਚੀਨੀ ਯਾਤਰੀਆਂ ਦੀ ਆਮਦ 'ਤੇ ਰੋਕ ਲਗਾ ਦਿੱਤੀ ਸੀ।

ਪਰ ਉਸ ਸਮੇਂ ਵੀ ਜਪਾਨ ਨੇ ਆਪਣੀਆਂ ਸਰਹੱਦਾਂ ਖੁੱਲ੍ਹੀਆਂ ਰੱਖੀਆਂ ਹੋਈਆਂ ਸਨ।

ਜਿਵੇਂ ਜਿਵੇਂ ਇਹ ਵਾਇਰਸ ਫੈਲਦਾ ਗਿਆ, ਇਹ ਜਲਦੀ ਹੀ ਸਪੱਸ਼ਟ ਹੋ ਗਿਆ ਕਿ ਕੋਵਿਡ ਇੱਕ ਅਜਿਹੀ ਬਿਮਾਰੀ ਹੈ ਜੋ ਮੁੱਖ ਰੂਪ ਨਾਲ ਬਜ਼ੁਰਗਾਂ 'ਤੇ ਵਾਰ ਕਰਦੀ ਹੈ ਅਤੇ ਵੱਡੇ ਪੱਧਰ 'ਤੇ ਭੀੜ ਜਾਂ ਨਜ਼ਦੀਕੀ ਸੰਪਰਕ ਰਾਹੀਂ ਵਧਦੀ ਹੈ।

ਪ੍ਰਤੀ ਵਿਅਕਤੀ ਜਪਾਨ ਵਿੱਚ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ।

ਜਪਾਨ ਦੀ ਆਬਾਦੀ ਵੀ ਵੱਡੇ ਸ਼ਹਿਰਾਂ ਵਿੱਚ ਸੰਘਣੀ ਹੈ। ਗ੍ਰੇਟਰ ਟੋਕਿਓ ਵਿੱਚ 3.7 ਕਰੋੜ ਲੋਕ ਹਨ।

ਇੰਨੀ ਵੱਡੀ ਆਬਾਦੀ ਵਿੱਚੋਂ ਜ਼ਿਆਦਾਤਰ ਕੋਲ ਸ਼ਹਿਰ ਦੀਆਂ ਭੀੜ ਨਾਲ ਭਰੀਆਂ ਹੋਈਆਂ ਟਰੇਨਾਂ ਸਫ਼ਰ ਕਰਨ ਲਈ ਬਦਲ ਹਨ।

ਫਿਰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਸਲਾਹ 'ਤੇ ਜਪਾਨ ਨੇ ਕੋਵਿਡ ਲਈ ਟੈਸਟ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

ਹੁਣ ਵੀ ਕੁੱਲ ਪੀਸੀਆਰ ਟੈਸਟ ਜਪਾਨ ਦੀ ਜਨਸੰਖਿਆ ਵਿੱਚੋਂ ਸਿਰਫ਼ 348,000 ਜਾਂ 0.27% ਦਾ ਹੀ ਹੋਇਆ ਹੈ।

ਜਪਾਨ ਨੇ ਯੂਰਪੀਅਨ ਦੇਸ਼ਾਂ ਵਾਂਗ ਵੱਡੇ ਪੈਮਾਨੇ 'ਤੇ ਜਾਂ ਗੰਭੀਰਤਾ ਨਾਲ ਲੌਕਡਾਊਨ ਹੀ ਲਾਗੂ ਕੀਤਾ ਹੈ।

ਅਪ੍ਰੈਲ ਦੀ ਸ਼ੁਰੂਆਤ ਵਿੱਚ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕੀਤਾ, ਪਰ ਘਰ ਵਿੱਚ ਰਹਿਣਾ ਸਵੈਇੱਛਾ ਸੀ।

ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਸੀ, ਪਰ ਨਿਯਮ ਨਾ ਮੰਨਣ ਵਾਲਿਆਂ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ।

ਨਿਊਜ਼ੀਲੈਂਡ ਅਤੇ ਵੀਅਤਨਾਮ ਨੇ ਸਰਹੱਦਾਂ ਸੀਲ ਕਰਨ, ਸਖ਼ਤ ਲੌਕਡਾਊਨ, ਵੱਡੇ ਪੱਧਰ 'ਤੇ ਟੈਸਟ ਕਰਨ ਅਤੇ ਸਖ਼ਤ ਕੁਆਰੰਟੀਨ ਸਮੇਤ ਕਈ ਸਖ਼ਤ ਉਪਾਵਾਂ ਦੀਆਂ ਰਣਨੀਤੀਆਂ ਨੂੰ ਅਪਣਾਇਆ।

ਪਰ ਜਪਾਨ ਨੇ ਇਨ੍ਹਾਂ ਵਿੱਚੋਂ ਕੋਈ ਵੀ ਕਦਮ ਨਹੀਂ ਚੁੱਕਿਆ।

ਜਪਾਨ ਵਿੱਚ ਪਹਿਲਾ ਕੋਵਿਡ ਪੌਜ਼ਿਟਿਵ ਮਾਮਲਾ ਆਉਣ ਤੋਂ ਪੰਜ ਮਹੀਨੇ ਬਾਅਦ ਜਪਾਨ ਵਿੱਚ 20,000 ਤੋਂ ਘੱਟ ਪੁਸ਼ਟ ਕੇਸ ਅਤੇ 1,000 ਤੋਂ ਘੱਟ ਮੌਤਾਂ ਹੋਈਆਂ ਹਨ।

ਐਮਰਜੈਂਸੀ ਚੁੱਕ ਲਈ ਗਈ ਹੈ ਅਤੇ ਜ਼ਿੰਦਗੀ ਤੇਜ਼ੀ ਨਾਲ ਆਮ ਹੋ ਰਹੀ ਹੈ।

ਇਸ ਗੱਲ ਦੇ ਵੀ ਵਿਗਿਆਨਕ ਸਬੂਤ ਵਧ ਰਹੇ ਹਨ ਕਿ ਜਪਾਨ ਨੇ ਹੁਣ ਤੱਕ ਅਸਲ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕ ਦਿੱਤਾ ਹੈ।

ਵੱਡੀ ਟੈਲੀਕਾਮ ਕੰਪਨੀ ਸੌਫਟਬੈਂਕ ਨੇ 40,000 ਕਰਮਚਾਰੀਆਂ 'ਤੇ ਐਂਟੀਬਾਡੀ ਟੈਸਟ ਕੀਤਾ ਜਿਸ ਵਿੱਚ ਪਤਾ ਲੱਗਿਆ ਕਿ ਸਿਰਫ਼ 0.24% ਵਾਇਰਸ ਦੇ ਸੰਪਰਕ ਵਿੱਚ ਆਏ ਸਨ।

ਟੋਕਿਓ ਵਿੱਚ 8,000 ਲੋਕਾਂ ਦਾ ਰੈਂਡਮ ਟੈਸਟ ਅਤੇ ਦੋ ਹੋਰ ਸੂਬਿਆਂ ਨੇ ਵੀ ਲਾਗ ਦੇ ਹੇਠਲੇ ਪੱਧਰ ਨੂੰ ਦਰਸਾਇਆ ਹੈ।

ਟੋਕਿਓ ਵਿੱਚ ਸਿਰਫ਼ 0.1 % ਪੌਜ਼ਿਟਿਵ ਮਾਮਲੇ ਆਏ ਹਨ।

ਜਪਾਨ ਨੇ ਜਿਵੇਂ ਪਿਛਲੇ ਮਹੀਨੇ ਦੇ ਅੰਤ ਵਿੱਚ ਐਮਰਜੈਂਸੀ ਹਟਾਉਣ ਦਾ ਐਲਾਨ ਕੀਤਾ ਸੀ।

ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਮਾਣ ਨਾਲ 'ਜਪਾਨ ਮਾਡਲ' 'ਤੇ ਗੱਲ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਹੋਰ ਦੇਸ਼ਾਂ ਨੂੰ ਜਪਾਨ ਤੋਂ ਸਿੱਖਣਾ ਚਾਹੀਦਾ ਹੈ।

ਕੀ ਜਪਾਨ ਵਿੱਚ ਕੁਝ ਖ਼ਾਸ ਹੈ?

ਜੇਕਰ ਤੁਸੀਂ ਉਪ ਪ੍ਰਧਾਨ ਮੰਤਰੀ ਤਾਰੋ ਅਸੋ ਨੂੰ ਸੁਣੋ ਤਾਂ ਉਹ ਜਪਾਨੀਆਂ ਦੀ 'ਬਿਹਤਰ ਗੁਣਵੱਤਾ' ਬਾਰੇ ਗੱਲ ਕਰਦੇ ਹਨ।

ਆਪਣੀ ਇੱਕ ਖ਼ਾਸ ਟਿੱਪਣੀ ਵਿੱਚ ਉਨ੍ਹਾਂ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਨੇਤਾਵਾਂ ਨੇ ਉਨ੍ਹਾਂ ਤੋਂ ਜਪਾਨ ਦੀ ਸਫਲਤਾ ਬਾਰੇ ਪੁੱਛਿਆ ਹੈ।

ਉਨ੍ਹਾਂ ਨੇ ਕਿਹਾ, ''ਮੈਂ ਇਨ੍ਹਾਂ ਲੋਕਾਂ ਨੂੰ ਕਿਹਾ ਕਿ ਤੁਹਾਡੇ ਦੇਸ਼ ਅਤੇ ਸਾਡੇ ਦੇਸ਼ ਦੇ ਲੋਕਾਂ ਦਾ 'ਮਾਈਂਡੋ' (ਲੋਕਾਂ ਦਾ ਪੱਧਰ) ਅਲੱਗ ਹੈ। ਅਤੇ ਇਸਨੇ ਉਨ੍ਹਾਂ ਨੂੰ ਨਿਸ਼ਬਦ ਅਤੇ ਸ਼ਾਂਤ ਕਰ ਦਿੱਤਾ।''

'ਮਾਈਂਡੋ' ਦਾ ਸ਼ਬਦੀ ਅਰਥ ਹੈ 'ਲੋਕਾਂ ਦਾ ਪੱਧਰ' ਹਾਲਾਂਕਿ ਕੁਝ ਨੇ ਇਸਦਾ ਅਨੁਵਾਦ 'ਸੰਸਕ੍ਰਿਤਕ ਪੱਧਰ' ਦੇ ਰੂਪ ਵਿੱਚ ਕੀਤਾ ਹੈ।

ਇਹ ਇੱਕ ਧਾਰਨਾ ਹੈ ਜੋ ਜਪਾਨ ਦੇ ਸ਼ਾਹੀ ਯੁੱਗ ਵਿੱਚ ਵਾਪਸ ਲੈ ਜਾਂਦੀ ਹੈ ਅਤੇ ਨਸਲੀ ਸ਼੍ਰੇਸ਼ਠਤਾ ਅਤੇ ਸੱਭਿਆਚਾਰਕ ਹੰਕਾਰਵਾਦ ਦੀ ਭਾਵਨਾ ਨੂੰ ਦਰਸਾਉਂਦੀ ਹੈ।

ਇਸ ਸ਼ਬਦ ਦੀ ਵਰਤੋਂ ਕਰਨ ਲਈ ਅਸੋ ਦੀ ਨਿੰਦਾ ਕੀਤੀ ਗਈ।

ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਈ ਜਪਾਨੀ ਅਤੇ ਕੁਝ ਵਿਗਿਆਨਕ ਸੋਚਦੇ ਹਨ ਕਿ ਜਪਾਨ ਵਿੱਚ ਕੁਝ ਅਜਿਹਾ ਹੈ ਜੋ ਅਲੱਗ ਹੈ-ਇੱਕ ਕਥਿਤ 'ਐਕਸ ਫੈਕਟਰ' ਜੋ ਕੋਵਿਡ-19 ਤੋਂ ਉਨ੍ਹਾਂ ਨੂੰ ਸੁਰੱਖਿਅਤ ਰੱਖ ਰਿਹਾ ਹੈ।

ਇਹ ਵੀ ਸੰਭਵ ਹੈ ਕਿ ਜਪਾਨੀ ਗਲ ਲਗਾਉਣ ਅਤੇ ਚੁੰਮਣ ਤੋਂ ਬਚਦੇ ਹਨ, ਮਤਲਬ ਆਪਣੇ ਆਪ ਹੀ ਸਮਾਜਿਕ ਦੂਰੀ ਦੀ ਪਾਲਣਾ, ਪਰ ਕਈ ਲੋਕ ਇਸ ਨੂੰ ਘੱਟ ਕੇਸਾਂ ਦਾ ਕਾਰਨ ਨਹੀਂ ਮੰਨਦੇ।

ਤੁਹਾਡੇ ਆਪਣੇ ਜ਼ਿਲ੍ਹੇ ਵਿੱਚ ਕਿੰਨੇ ਕੇਸ ਹਨ, ਸਰਚ ਕਰੋ ਤੇ ਜਾਣੋ

ਕੀ ਜਪਾਨੀਆਂ ਦੀ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੈ?

ਟੋਕਿਓ ਯੂਨੀਵਰਸਿਟੀ ਦੇ ਪ੍ਰੋਫੈਸਰ ਤਾਤਸੁਹਿਕੋ ਕੋਡਾਮਾ ਜੋ ਇਸ 'ਤੇ ਅਧਿਐਨ ਕਰ ਰਹੇ ਹਨ ਕਿ ਜਪਾਨੀ ਮਰੀਜ਼ ਵਾਇਰਸ 'ਤੇ ਕਿਵੇਂ ਪ੍ਰਤੀਕਿਰਿਆ ਕਰਦੇ ਹਨ-ਦਾ ਮੰਨਣਾ ਹੈ ਕਿ ਜਪਾਨ ਵਿੱਚ ਪਹਿਲਾਂ ਕੋਵਿਡ ਹੋ ਸਕਦਾ ਸੀ ਪਰ ਕੋਵਿਡ-19 ਨਹੀਂ।

ਉਹ ਮੰਨਦੇ ਹਨ ਕਿ 'ਇਤਿਹਾਸਕ ਪ੍ਰਤੀਰੋਧਕ ਸਮਰੱਥਾ' ਵਰਗਾ ਕੁਝ ਤਾਂ ਜ਼ਰੂਰ ਹੈ।

ਉਹ ਇਸਨੂੰ ਇਸ ਤਰ੍ਹਾਂ ਸਮਝਾਉਂਦੇ ਹਨ : ਜਦੋਂ ਕੋਈ ਵਾਇਰਸ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਪ੍ਰਤੀਰੋਧਕ ਸਮਰੱਥਾ ਐਂਟੀਬਾਡੀ ਦਾ ਉਤਪਾਦਨ ਕਰਦੀ ਹੈ ਜੋ ਹਮਲਾਵਰ ਜਰਾਸੀਮਾਂ 'ਤੇ ਹਮਲਾ ਕਰਦੀ ਹੈ।

ਦੋ ਪ੍ਰਕਾਰ ਦੇ ਐਂਟੀਬਾਡੀ ਹਨ-ਆਈਜੀਐੱਮ (IGM) ਅਤੇ ਆਈਜੀਜੀ (IGG)। ਇਹ ਐਂਡੀਬਾਡੀ ਆਪਣੀ ਪ੍ਰਤੀਕਿਰਿਆ ਰਾਹੀਂ ਦਿਖਾ ਦਿੰਦੇ ਹਨ ਕਿ ਕਿਸਨੂੰ ਪਹਿਲਾਂ ਵਾਇਰਸ ਦਾ ਸਾਹਮਣਾ ਕਰਨਾ ਪਿਆ ਸੀ ਜਾਂ ਹਾਲਾਤ ਕੁਝ-ਕੁਝ ਇਸ ਤਰ੍ਹਾਂ ਦੇ ਹੀ ਸੀ।

ਉਨ੍ਹਾਂ ਨੇ ਦੱਸਿਆ, ''ਇੱਕ ਮੁੱਢਲੇ (ਨੋਵਲ) ਵਾਇਰਸ ਸੰਕਰਮਣ ਵਿੱਚ ਆਈਜੀਜੀ ਪ੍ਰਤੀਕਿਰਿਆ ਆਮਤੌਰ 'ਤੇ ਪਹਿਲਾਂ ਹੁੰਦੀ ਹੈ ਅਤੇ ਆਈਜੀਐੱਮ ਪ੍ਰਤੀਕਿਰਿਆ ਬਾਅਦ ਵਿੱਚ ਦਿਖਾਈ ਦਿੰਦੀ ਹੈ।''

ਮਰੀਜ਼ਾਂ ਨਾਲ ਕੀ ਹੋਇਆ?

''ਜਦੋਂ ਅਸੀਂ ਉਨ੍ਹਾਂ ਟੈਸਟਾਂ ਨੂੰ ਦੇਖਿਆ ਤਾਂ ਅਸੀਂ ਹੈਰਾਨ ਰਹਿ ਗਏ…...ਸਾਰੇ ਮਰੀਜ਼ਾਂ ਵਿੱਚ ਆਈਜੀਜੀ ਪ੍ਰਤੀਕਿਰਿਆ ਜਲਦੀ ਆਈ ਅਤੇ ਆਈਜੀਐੱਮ ਪ੍ਰਤੀਕਿਰਿਆ ਬਾਅਦ ਵਿੱਚ ਅਤੇ ਉਹ ਕਮਜ਼ੋਰ ਸੀ। ਅਜਿਹਾ ਲੱਗ ਰਿਹਾ ਸੀ ਕਿ ਉਹ ਪਹਿਲਾਂ ਹੀ ਇਸ ਤਰ੍ਹਾਂ ਦੇ ਵਾਇਰਸ ਦੇ ਸੰਪਰਕ ਵਿੱਚ ਆਏ ਸਨ।''

ਉਹ ਸੋਚਦੇ ਹਨ ਕਿ ਇਹ ਸੰਭਵ ਹੈ ਕਿ ਇੱਕ ਸਾਰਸ-ਵਰਗਾ ਵਾਇਰਸ ਨਾ ਸਿਰਫ ਜਪਾਨ ਬਲਿਕ ਚੀਨ, ਦੱਖਣੀ ਕੋਰੀਆ, ਤਾਇਵਾਨ, ਹਾਂਗਕਾਂਗ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਪਹਿਲਾਂ ਮੌਜੂਦ ਰਿਹਾ ਹੋਵੇ।

'ਐਕਸ ਫੈਕਟਰ' ਉੱਤੇ ਸ਼ੱਕ

ਕਿੰਗਜ ਕਾਲਜ, ਲੰਡਨ ਵਿੱਚ ਪਬਲਿਕ ਹੈਲਥ ਦੇ ਡਾਇਰੈਕਟਰ ਅਤੇ ਸਰਕਾਰ ਦੇ ਇੱਕ ਸੀਨੀਅਰ ਸਲਾਹਕਾਰ ਪ੍ਰੋਫੈਸਰ ਕੇਂਜੀ ਸ਼ਿਬੂਆ ਕਹਿੰਦੇ ਹਨ, ''ਮੈਨੂੰ ਯਕੀਨ ਨਹੀਂ ਹੈ ਕਿ ਇਸ ਤਰ੍ਹਾਂ ਦੇ ਵਾਇਰਸ ਨੂੰ ਏਸ਼ੀਆ ਤੱਕ ਸੀਮਤ ਕਿਵੇਂ ਰੱਖਿਆ ਜਾ ਸਕਦਾ ਹੈ।''

ਪ੍ਰੋਫੈਸਰ ਸ਼ਿਬੂਆ ਕੋਵਿਡ ਲਈ ਪ੍ਰਤੀਰੋਧਕ ਜਾਂ ਵੰਸ਼ਿਕ ਸੰਵੇਦਨਸ਼ੀਲਤਾ ਵਿੱਚ ਖੇਤਰੀ ਅੰਤਰ ਦੀ ਸੰਭਾਵਨਾ ਨੂੰ ਨਹੀਂ ਨਕਾਰਦੇ, ਪਰ ਉਨ੍ਹਾਂ ਨੂੰ 'ਐਕਸ ਫੈਕਟਰ' ਦੇ ਵਿਚਾਰ 'ਤੇ ਸ਼ੱਕ ਹੈ ਜੋ ਮੌਤ ਦਰ ਦੇ ਅੰਤਰ ਨੂੰ ਸਪੱਸ਼ਟ ਕਰਦਾ ਹੈ।

ਜਪਾਨੀ ਲੋਕ 1919 ਫਲੂ ਮਹਾਂਮਾਰੀ ਦੌਰਾਨ 100 ਸਾਲ ਤੋਂ ਵੀ ਜ਼ਿਆਦਾ ਪਹਿਲਾਂ ਤੋਂ ਮਾਸਕ ਪਹਿਨਣੇ ਸ਼ੁਰੂ ਕਰ ਦਿੱਤੇ ਸਨ ਅਤੇ ਫਿਰ ਉਨ੍ਹਾਂ ਨੇ ਇਸ ਆਦਤ ਨੂੰ ਛੱਡਿਆ ਨਹੀਂ।

ਜਪਾਨ ਵਿੱਚ ਜੇਕਰ ਖਾਂਸੀ ਜਾਂ ਜ਼ੁਕਾਮ ਹੋ ਜਾਂਦਾ ਹੈ ਤਾਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ ਦੀ ਸੁਰੱਖਿਆ ਲਈ ਮਾਸਕ ਦੀ ਵਰਤੋਂ ਕਰੋਗੇ।

ਇੱਕ ਇਨਫਲੂਐਂਜ਼ਾ ਮਾਹਿਰ ਅਤੇ ਹਾਂਗਕਾਂਗ ਯੂਨੀਵਰਸਿਟੀ ਵਿੱਚ ਪਬਲਿਕ ਹੈਲਥ ਸਕੂਲ ਦੇ ਡਾਇਰੈਕਟਰ ਕੇਜੀ ਫੁਕੂਦਾ ਕਹਿੰਦੇ ਹਨ, ''ਮੈਨੂੰ ਲੱਗਦਾ ਹੈ ਕਿ ਮਾਸਕ ਇੱਕ ਸਰੀਰਿਕ ਰੁਕਾਵਟ ਤਾਂ ਹੈ, ਪਰ ਇਹ ਹਰ ਕਿਸੇ ਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਸਾਨੂੰ ਅਜੇ ਵੀ ਇੱਕ ਦੂਜੇ ਪ੍ਰਤੀ ਸੁਚੇਤ ਰਹਿਣਾ ਹੋਵੇਗਾ।''

ਜਪਾਨ ਦਾ ਟਰੈਕ ਅਤੇ ਟਰੇਸ ਸਿਸਟਮ ਵੀ 1950ਵਿਆਂ ਦੇ ਦਹਾਕੇ ਵਿੱਚ ਹੋਂਦ ਵਿੱਚ ਆ ਗਿਆ ਸੀ ਜਦੋਂ ਜਦੋਂ ਉਨ੍ਹਾਂ ਨੂੰ ਤਪੇਦਿਕ (Tuberculosis) ਦੇ ਕਹਿਰ ਨਾਲ ਜੂਝਣਾ ਪਿਆ ਸੀ।

ਸਰਕਾਰ ਨੇ ਨਵੇਂ ਕੇਸਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਿਹਤ ਮੰਤਰਾਲੇ ਨੂੰ ਰਿਪੋਰਟ ਕਰਨ ਲਈ ਜਨਤਕ ਸਿਹਤ ਕੇਂਦਰਾਂ ਦਾ ਇੱਕ ਰਾਸ਼ਟਰ ਵਿਆਪੀ ਨੈੱਟਵਰਕ ਸਥਾਪਿਤ ਕੀਤਾ ਹੈ।

ਜੇਕਰ ਕਮਿਊਨਿਟੀ ਟਰਾਂਸਮਿਸ਼ਨ ਦਾ ਸ਼ੱਕ ਹੈ ਤਾਂ ਇੱਕ ਮਾਹਿਰ ਟੀਮ ਨੂੰ ਲਾਗ ਨੂੰ ਟਰੈਕ ਕਰਨ ਲਈ ਭੇਜਿਆ ਜਾਂਦਾ ਹੈ ਜੋ ਮਨੁੱਖੀ ਸੰਪਰਕ ਟਰੇਸਿੰਗ ਅਤੇ ਆਇਸੋਲੇਸ਼ਨ 'ਤੇ ਨਿਰਭਰ ਕਰਦਾ ਹੈ।

ਜਪਾਨ ਨੇ ਜਲਦੀ Three Cs ਦੀ ਖੋਜ ਕੀਤੀ

ਜਪਾਨ ਨੇ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਹੀ ਦੋ ਮਹੱਤਵਪੂਰਨ ਪੈਟਰਨਾਂ ਦੀ ਖੋਜ ਕੀਤੀ ਹੈ।

ਕਿਓਟੋ ਯੂਨੀਵਰਸਿਟੀ ਦੇ ਮੈਡੀਕਲ ਖੋਜਕਰਤਾ ਅਤੇ ਕਲੱਸਟਰ-ਸਪਰੈਸ਼ਨ ਟਾਸਕਫੋਰਸ ਦੇ ਮੈਂਬਰ ਡਾ. ਕਾਜ਼ੂਕੀ ਜਿੰਦਈ ਨੇ ਕਿਹਾ ਕਿ ਅੰਕੜੇ ਦਰਸਾਉਂਦੇ ਹਨ ਕਿ ਲਾਗ ਦੇ ਇੱਕ ਤਿਹਾਈ ਤੋਂ ਜ਼ਿਆਦਾ ਮਾਮਲੇ ਸਮਾਨ ਸਥਾਨਾਂ 'ਤੇ ਪੈਦਾ ਹੋਏ ਹਨ।

''ਸਾਡੇ ਅੰਕੜਿਆਂ...ਤੋਂ ਪਤਾ ਲੱਗਿਆ ਹੈ ਕਿ ਕਈ ਪ੍ਰਭਾਵਿਤ ਲੋਕ ਸੰਗੀਤਕ ਸਥਾਨਾਂ 'ਤੇ ਗਏ ਸਨ, ਜਿੱਥੇ ਚਿਲਾਉਣਾ ਅਤੇ ਗਾਉਣਾ ਹੁੰਦਾ ਹੈ...ਅਸੀਂ ਜਾਣਦੇ ਸੀ ਕਿ ਇਹ ਉਹ ਸਥਾਨ ਹਨ ਜਿੱਥੇ ਜਾਣ ਤੋਂ ਲੋਕਾਂ ਨੂੰ ਬਚਣ ਦੀ ਜ਼ਰੂਰਤ ਸੀ।''

ਟੀਮ ਨੇ ਸਭ ਤੋਂ ਵੱਧ ਜੋਖਮ ਵਾਲੀਆਂ ਗਤੀਵਿਧੀਆਂ ਵਜੋਂ ਨਜ਼ਦੀਕ ਤੋਂ ਸਾਹ ਲੈਣ ਵਾਲੀਆਂ ਗਤੀਵਿਧੀਆਂ ਦੀ ਪਛਾਣ ਕੀਤੀ ਜਿਵੇਂ 'ਕਰਾਓਕੇ ਪਾਰਲਰਾਂ ਵਿੱਚ ਗਾਉਣਾ, ਪਾਰਟੀਆਂ, ਕਲੱਬਾਂ ਵਿੱਚ ਸ਼ੋਰਗੁੱਲ ਨਾਲ ਮਸਤੀ ਕਰਨੀ, ਬਾਰ ਵਿੱਚ ਬੈਠਕੇ ਗੱਲਬਾਤ ਕਰਨੀ ਅਤੇ ਜਿਮ ਵਿੱਚ ਕਸਰਤ ਕਰਨੀ'।

ਦੂਜਾ ਟੀਮ ਨੇ ਇਹ ਦੇਖਿਆ ਕਿ ਵਾਇਰਸ ਫੈਲਾਉਣ ਵਾਲਿਆਂ ਵਿੱਚ ਲਾਗ ਦਾ ਪਸਾਰ ਘੱਟ ਪ੍ਰਤੀਸ਼ਤ ਤੱਕ ਸੀ।

ਸਾਰਸ ਕੋਵਿਡ-2 ਵਾਲੇ ਲਗਭਗ 80 ਫੀਸਦੀ ਲੋਕਾਂ ਨੇ ਸ਼ੁਰੂਆਤੀ ਅਧਿਐਨ ਵਿੱਚ ਦੂਜਿਆਂ ਨੂੰ ਸੰਕਰਮਿਤ ਨਹੀਂ ਕੀਤਾ ਸੀ-ਜਦੋਂਕਿ ਉਨ੍ਹਾਂ ਵਿੱਚ 20 ਫੀਸਦੀ ਜ਼ਿਆਦਾ ਲਾਗ ਦੇ ਸ਼ਿਕਾਰ ਸਨ।

ਇਨ੍ਹਾਂ ਖੋਜਾਂ ਨੇ ਸਰਕਾਰ ਨੂੰ 'ਥ੍ਰੀ ਸੀ' ਤੋਂ ਬਚਣ ਲਈ ਲੋਕਾਂ ਨੂੰ ਚਿਤਾਵਨੀ ਦੇਣ ਵਾਲੇ ਇੱਕ ਰਾਸ਼ਟਰ ਵਿਆਪੀ ਅਭਿਆਨ ਦੀ ਸ਼ੁਰੂਆਤ ਕੀਤੀ।

  • ਮਾੜੇ ਵੈਂਟੀਲੇਸ਼ਨ ਵਾਲੇ ਸਥਾਨ ਬੰਦ ਕੀਤੇ
  • ਲੋਕਾਂ ਦੀ ਭੀੜ ਵਾਲੇ ਸਥਾਨਾਂ 'ਤੇ ਰੋਕ
  • ਆਹਮੋ-ਸਾਹਮਣੇ ਗੱਲਬਾਤ ਕਰਨ ਵਾਲੇ ਸਥਾਨ ਬੰਦ ਕੀਤੇ

ਡਾ. ਜਿੰਦਈ ਕਹਿੰਦੇ ਹਨ, ''ਮੈਨੂੰ ਲੱਗਦਾ ਹੈ ਕਿ ਸ਼ਾਇਦ ਲੋਕਾਂ ਨੂੰ ਘਰ 'ਚ ਰਹਿਣ ਲਈ ਕਹਿਣ ਦਾ ਸਭ ਤੋਂ ਬਿਹਤਰ ਕੰਮ ਕੀਤਾ ਗਿਆ।''

ਹਾਲਾਂਕਿ ਕੰਮਕਾਜੀ ਸਥਾਨਾਂ ਨੂੰ ਇਸ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਸੀ, ਪਰ ਇਹ ਉਮੀਦ ਕੀਤੀ ਜਾ ਰਹੀ ਸੀ ਕਿ 'ਥ੍ਰੀ ਸੀ'ਜ਼' ਅਭਿਆਨ ਲੌਕਡਾਊਨ ਤੋਂ ਬਚਣ ਦੇ ਬਾਵਜੂਦ ਵਾਇਰਸ ਦੀ ਲਾਗ ਨੂੰ ਘੱਟ ਕਰੇਗਾ। ਮਤਲਬ ਘੱਟ ਲਾਗ ਅਤੇ ਘੱਟ ਮੌਤਾਂ।

ਥੋੜ੍ਹੀ ਦੇਰ ਲਈ ਇਹ ਸਭ ਕੀਤਾ ਗਿਆ, ਪਰ ਫਿਰ ਮਾਰਚ ਦੇ ਅੱਧ ਵਿਚਕਾਰ ਟੋਕਿਓ ਵਿੱਚ ਲਾਗ ਵਧਣ ਲੱਗੀ ਤੇ ਸ਼ਹਿਰ ਅਜਿਹਾ ਲੱਗ ਰਿਹਾ ਸੀ ਜਿਵੇਂ ਮਿਲਾਨ, ਲੰਡਨ ਤੇ ਨਿਊਯਾਰਕ ਵਰਗਾ ਹਾਲ ਹੋ ਜਾਵੇਗਾ।

ਇਸ ਬਿੰਦੂ 'ਤੇ ਆ ਕੇ ਜਪਾਨ ਜਾਂ ਤਾਂ ਸੁਚੇਤ ਹੋ ਗਿਆ ਸੀ ਜਾਂ ਫਿਰ ਖੁਸ਼ਕਿਸਮਤ। ਇਹ ਅਜੇ ਵੀ ਸਮਝ ਤੋਂ ਬਾਹਰ ਹੈ।

ਢੁਕਵੇਂ ਸਮੇਂ ਦੀ ਵਰਤੋਂ

ਪ੍ਰੋਫੈਸਰ ਕੇਂਜੀ ਸ਼ਿਬੂਆ ਨੂੰ ਲੱਗਦਾ ਹੈ ਕਿ ਜਪਾਨ ਦੇ ਸਬਕ ਦੂਜਿਆਂ ਨਾਲੋਂ ਅਲੱਗ ਨਹੀਂ ਹਨ : ''ਮੇਰੇ ਲਈ ਇਹ ਸਮੇਂ ਦਾ ਸਬਕ ਸੀ।''

ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ 7 ਅਪ੍ਰੈਲ ਨੂੰ ਇੱਕ ਗੈਰ ਲਾਗੂ ਕਰਨ ਯੋਗ ਐਮਰਜੈਂਸੀ ਦਾ ਆਦੇਸ਼ ਦਿੱਤਾ, ਜਿਸ ਨਾਲ ਲੋਕਾਂ ਨੂੰ 'ਜੇਕਰ ਸੰਭਵ ਹੋਵੇ ਤਾਂ ਘਰ ਰਹਿਣ' ਲਈ ਕਿਹਾ ਗਿਆ।

''ਜੇਕਰ ਇਸ ਤਰ੍ਹਾਂ ਦੇ ਉਪਾਵਾਂ ਵਿੱਚ ਦੇਰੀ ਹੋ ਜਾਂਦੀ ਤਾਂ ਸਾਨੂੰ ਨਿਊਯਾਰਕ ਜਾਂ ਲੰਡਨ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਮੌਤ ਦਰ (ਜਪਾਨ ਵਿੱਚ) ਘੱਟ ਹੈ।''

ਪ੍ਰੋਫੈਸਰ ਸ਼ਿਬੂਆ ਕਹਿੰਦੇ ਹਨ, ''ਕੋਲੰਬੀਆ ਯੂਨੀਵਰਸਿਟੀ ਦੇ ਇੱਕ ਹਾਲੀਆ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਜੇਕਰ ਨਿਊਯਾਰਕ ਨੇ ਦੋ ਹਫ਼ਤੇ ਪਹਿਲਾਂ ਲੌਕਡਾਊਨ ਲਾਗੂ ਕੀਤਾ ਹੁੰਦਾ ਤਾਂ ਇਸ ਨਾਲ ਹਜ਼ਾਰਾਂ ਮੌਤਾਂ ਹੋਣ ਤੋਂ ਰੋਕੀਆਂ ਜਾ ਸਕਦੀਆਂ ਸਨ।''

ਯੂਨਾਈਟਿਡ ਸਟੇਟਸ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੀ ਇੱਕ ਹਾਲੀਆ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਦਿਲ ਦੇ ਰੋਗ, ਮੋਟਾਪਾ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਕੋਵਿਡ-19 ਹੋਣ 'ਤੇ ਛੇ ਗੁਣਾ ਜ਼ਿਆਦਾ ਹਸਪਤਾਲ ਦਾਖਲ ਹੋਣ ਅਤੇ ਬਾਰਾਂ ਗੁਣਾ ਜ਼ਿਆਦਾ ਮੌਤ ਹੋਣ ਦੀ ਸੰਭਾਵਨਾ ਹੁੰਦੀ ਹੈ।

ਵਿਕਸਤ ਦੇਸ਼ਾਂ ਵਿੱਚ ਜਪਾਨ ਵਿੱਚ ਪੁਰਾਣੇ ਦਿਲ ਦੇ ਰੋਗ ਅਤੇ ਮੋਟਾਪੇ ਦੀ ਦਰ ਸਭ ਤੋਂ ਘੱਟ ਹੈ। ਫਿਰ ਵੀ ਵਿਗਿਆਨਕ ਜ਼ੋਰ ਦਿੰਦੇ ਹਨ ਕਿ ਅਜਿਹੇ ਮਹੱਤਵਪੂਰਨ ਸੰਕੇਤ ਸਭ ਕੁਝ ਬਿਆਨ ਨਹੀਂ ਕਰਦੇ।

ਪ੍ਰੋਫੈਸਰ ਫੁਕੂਦਾ ਕਹਿੰਦੇ ਹਨ, ''ਇਸ ਪ੍ਰਕਾਰ ਦੇ ਸਰੀਰਿਕ ਅੰਤਰਾਂ ਦਾ ਕੁਝ ਪ੍ਰਭਾਵ ਹੋ ਸਕਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਹੋਰ ਖੇਤਰ ਜ਼ਿਆਦਾ ਮਹੱਤਵਪੂਰਨ ਹਨ। ਅਸੀਂ ਕੋਵਿਡ ਤੋਂ ਸਿੱਖਿਆ ਹੈ ਕਿ ਅਸੀਂ ਜੋ ਵੀ ਘਟਨਾ ਦੇਖ ਰਹੇ ਹਾਂ, ਉਸ ਲਈ ਕੋਈ ਸਰਲ ਵਿਵਰਣ ਨਹੀਂ ਹੈ। ਇਹ ਬਹੁਤ ਸਾਰੇ ਕਾਰਕਾਂ ਦੇ ਯੋਗਦਾਨ ਦਾ ਅੰਤਿਮ ਨਤੀਜਾ ਹੈ।''

ਲੋਕਾਂ ਨੇ ਸਰਕਾਰ ਦੀ ਸੁਣੀ

ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੇ 'ਜਪਾਨ ਮਾਡਲ' ਦੀ ਸ਼ੇਖੀ 'ਤੇ ਵਾਪਸ ਜਾਂਦੇ ਹਾਂ-ਕੀ ਇਸਤੋਂ ਕੋਈ ਸਬਕ ਸਿੱਖਿਆ ਜਾ ਸਕਦਾ ਹੈ?

ਕੀ ਇਹ ਇੱਕ ਤੱਥ ਹੈ ਕਿ ਜਪਾਨ ਬਿਨਾਂ ਲੌਕਡਾਊਨ ਕੀਤੇ ਜਾਂ ਲੋਕਾਂ ਨੂੰ ਘਰ ਰਹਿਣ ਦੇ ਆਦੇਸ਼ ਦੇ ਕੇ ਹੁਣ ਤੱਕ ਲਾਗ ਅਤੇ ਮੌਤਾਂ ਨੂੰ ਘੱਟ ਰੱਖਣ ਵਿੱਚ ਸਫਲ ਰਿਹਾ ਹੈ?

ਕੀ ਇਸਨੇ ਸਾਨੂੰ ਅੱਗੇ ਦਾ ਰਸਤਾ ਦਿਖਾਇਆ ਹੈ? ਇਸਦਾ ਜਵਾਬ ਹਾਂ ਅਤੇ ਨਹੀਂ ਹੈ।

ਕੋਈ 'ਐਕਸ ਫੈਕਟਰ' ਨਹੀਂ ਹੈ-ਹਰ ਜਗ੍ਹਾ ਦੀ ਤਰ੍ਹਾਂ ਇਹ ਇੱਕ ਹੀ ਚੀਜ਼ 'ਤੇ ਨਿਰਭਰ ਹੋ ਗਿਆ ਹੈ-ਟਰਾਂਸਮਿਸ਼ਨ ਲੜੀ ਨੂੰ ਤੋੜਨਾ।

ਹਾਲਾਂਕਿ ਜਪਾਨ ਵਿੱਚ ਸਰਕਾਰ ਇਸਦਾ ਪਾਲਣ ਕਰਨ ਲਈ ਲੋਕਾਂ 'ਤੇ ਭਰੋਸਾ ਕਰ ਸਕਦੀ ਹੈ।

ਲੋਕਾਂ ਨੂੰ ਘਰ ਹੀ ਰਹਿਣ ਦਾ ਆਦੇਸ਼ ਨਾ ਦੇਣ ਦੇ ਬਾਵਜੂਦ ਉਨ੍ਹਾਂ ਨੇ ਅਜਿਹਾ ਕੀਤਾ।

ਪ੍ਰੋ. ਸ਼ਿਬੂਆ ਕਹਿੰਦੇ ਹਨ, ''ਇਹ ਖੁਸ਼ਕਿਸਮਤ ਸੀ, ਪਰ ਇਹ ਵੀ ਹੈਰਾਨੀਜਨਕ ਸੀ। ਜਪਾਨ ਦੇ ਹਲਕੇ ਲੌਕਡਾਊਨ ਦਾ ਸੰਪੂਰਨ ਲੌਕਡਾਊਨ ਵਰਗਾ ਪ੍ਰਭਾਵ ਪਿਆ। ਜਪਾਨ ਦੇ ਲੋਕਾਂ ਨੇ ਸਖ਼ਤ ਉਪਾਵਾਂ ਦੀ ਘਾਟ ਦੇ ਬਾਵਜੂਦ ਇਨ੍ਹਾਂ ਦਾ ਸਖ਼ਤੀ ਨਾਲ ਪਾਲਣ ਕੀਤਾ।''

ਪ੍ਰੋਫੈਸਰ ਫੁਕੂਦਾ ਕਹਿੰਦੇ ਹਨ, ''ਤੁਸੀਂ ਸੰਕਰਮਿਤ ਅਤੇ ਗੈਰ ਸੰਕਰਮਿਤ ਲੋਕਾਂ ਵਿਚਕਾਰ ਸੰਪਰਕ ਨੂੰ ਕਿਵੇਂ ਘੱਟ ਕਰਦੇ ਹੋ? ਤੁਹਾਨੂੰ ਜਨਤਾ ਤੋਂ ਇੱਕ ਖਾਸ ਤਰ੍ਹਾਂ ਦੇ ਹੁੰਗਾਰੇ ਦੀ ਜ਼ਰੂਰਤ ਹੈ, ਜੋ ਮੈਨੂੰ ਨਹੀਂ ਲੱਗਦਾ ਕਿ ਦੂਜੇ ਦੇਸ਼ਾਂ ਵਿੱਚ ਇੰਨੀ ਆਸਾਨੀ ਨਾਲ ਇਸਦੀ ਨਕਲ ਕੀਤੀ ਜਾ ਰਹੀ ਹੈ।''

ਜਪਾਨ ਨੇ ਲੋਕਾਂ ਨੂੰ ਧਿਆਨ ਰੱਖਣ, ਭੀੜ-ਭਾੜ ਵਾਲੇ ਸਥਾਨਾਂ ਤੋਂ ਦੂਰ ਰਹਿਣ, ਮਾਸਕ ਪਹਿਨਣ ਅਤੇ ਹੱਥ ਧੋਣ ਲਈ ਕਿਹਾ ਅਤੇ ਵੱਡੇ ਪੱਧਰ 'ਤੇ ਬਿਲਕੁਲ ਉਹੀ ਹੋਇਆ ਹੈ ਜੋ ਜ਼ਿਆਦਾਤਰ ਲੋਕਾਂ ਨੇ ਕੀਤਾ ਹੈ।

ਭੈਣਾਂ ਦਾ ਢਾਬਾ ਕੋਰੋਨਾਵਾਇਰਸ ਦੀ ਮਾਰ ਇੰਝ ਝੱਲ ਰਿਹਾ ਹੈ

ਕੋਰੋਨਾਵਾਇਰਸ ਮੁਕਤ ਨਿਊਜ਼ੀਲੈਂਡ ਵਿੱਚ ਜ਼ਿੰਦਗੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)