ਜਦੋਂ ਮਰ ਚੁੱਕੀ ਧੀ ਨੂੰ ‘ਮੁੜ ਮਿਲੀ’ ਮਾਂ: ਤਕਨੀਕ ਦੇ ਕਮਾਲ ਨੇ ਖੋਲ੍ਹੇ ਨਵੇਂ ਰਾਹ

ਇੱਕ ਦਸਤਾਵੇਜ਼ੀ ਫ਼ਿਲਮ ਵਿੱਚ ਦੱਖਣੀ ਕੋਰੀਆ ਦੀ ਇੱਕ ਔਰਤ ਆਪਣੀ ਸੱਤ-ਸਾਲਾ ਮ੍ਰਿਤਕ ਧੀ ਨੂੰ "ਮਿਲਦੀ ਹੈ", ਇਹ ਕਈ ਮੁਲਕਾਂ ’ਚ ਲੱਖਾਂ ਲੋਕਾਂ ਨੇ ਦੇਖੀ ਹੈ। ਪਰ ਕੀ ਇਸ ਕਿਸਮ ਦੀ ਤਕਨੀਕ ਸਾਨੂੰ ਉਸ ਦਰਦ ਵਿੱਚੋਂ ਨਿਕਲਣ ਵਿੱਚ ਮਦਦ ਕਰ ਸਕਦੀ ਹੈ?

ਸਾਡੇ ਵਿੱਚੋਂ ਬਹੁਤੇ ਲੋਕਾਂ ਨੂੰ ਸੋਗ ਕੇ ਤੋੜ ਕੇ ਰੱਖ ਦਿੰਦਾ ਹੈ। ਪਰ ਇਸ ਤੋਂ ਭੱਜਿਆ ਨਹੀਂ ਜਾ ਸਕਦਾ। ਜੇ ਮੌਤ ਬੱਚੇ ਦੀ ਹੋਵੇ ਤਾਂ ਉਸ ਨੂੰ ਭੁਲਾ ਪਾਉਣਾ ਹੋਰ ਵੀ ਔਖਾ ਹੁੰਦਾ ਹੈ।

ਪਰ ਦੱਖਣੀ ਕੋਰੀਆ ਵਿੱਚ ਇੱਕ ਮਾਂ ਆਪਣੀ ਸੱਤ-ਸਾਲਾ ਧੀ ਨੂੰ ਗਵਾਉਣ ਤੋਂ ਬਾਅਦ ਵਰਚੁਅਲ ਰਿਐਲਿਟੀ ਦੀ ਮਦਦ ਲੈ ਰਹੀ ਹੈ।

ਜੈਂਗ ਜੀ-ਸੁੰਗ ਦੀ ਤੀਜੀ ਧੀ ਨਾ-ਯੋਨ ਦੀ ਚਾਰ ਸਾਲ ਪਹਿਲਾਂ ਅਚਾਨਕ ਖ਼ੂਨ ਦੀ ਇੱਕ ਬਿਮਾਰੀ ਕਾਰਨ ਮੌਤ ਹੋ ਗਈ ਸੀ।

ਇੱਕ ਟੀਵੀ ਪ੍ਰੋਡਕਸ਼ਨ ਟੀਮ ਨੇ ਨਾ-ਯੋਨ ਦੀ ਇੱਕ ਤਿੰਨ-ਅਯਾਮੀ (3D) ਤਸਵੀਰ ਨੂੰ ਦੁਬਾਰਾ ਬਣਾਉਣ ਵਿੱਚ ਅੱਠ ਮਹੀਨੇ ਲਗਾਏ।

ਉਨ੍ਹਾਂ ਨੇ ਇੱਕ ਬਾਲ ਅਦਾਕਾਰ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ ਲਈ ਮੋਸ਼ਨ ਕੈਪਚਰ ਟੈਕਨੋਲੋਜੀ ਦੀ ਵਰਤੋਂ ਕੀਤੀ। ਬਾਅਦ ਵਿੱਚ ਇਹੀ ਫ਼ੁਟੇਜ ਨਾ-ਯੋਨ ਦੀ ਹਲਚਲ ਨੂੰ ਰੀਕ੍ਰੀਏਟ ਕਰਨ ਲਈ ਵਰਤੀ ਗਈ ਅਤੇ ਉਸ ਦੀ ਆਵਾਜ਼ ਨੂੰ ਵੀ ਦੁਬਾਰਾ ਬਣਾਇਆ।

ਉਨ੍ਹਾਂ ਨੇ ਇੱਕ ਅਜਿਹਾ ‘ਵਰਚੂਅਲ ਪਾਰਕ’ ਬਣਾਇਆ ਜਿੱਥੇ ਦੋਵੇਂ ਮਿਲੀਆਂ। ਇਹ ਪਾਰਕ ਉਨ੍ਹਾਂ ਦੀ ਅਸਲ ਜ਼ਿੰਦਗੀ ਉੱਤੇ ਆਧਾਰਿਤ ਸੀ ਜਿੱਥੇ ਉਨ੍ਹਾਂ ਨੇ ਅਸਲ ਵਿੱਚ ਮੁਲਾਕਾਤ ਕੀਤੀ ਸੀ।

ਇਹ ਦਸਤਾਵੇਜ਼ੀ ਫ਼ਿਲਮ 'ਮੀਟਿੰਗ ਯੂ' ਇੱਕ ਵੱਡੇ ਟੀਵੀ ਨੈੱਟਵਰਕ ਐੱਮਬੀਸੀ ਉੱਤੇ ਪ੍ਰੀਮੀਅਰ ਕੀਤੀ ਗਈ ਜਿਸ ਨੂੰ ਦੱਖਣੀ ਕੋਰੀਆ ਵਿੱਚ ਲੱਖਾਂ ਲੋਕਾਂ ਨੇ ਦੇਖਿਆ।

ਸਭ ਤੋਂ ਭਾਵਨਾਤਮਕ ਦ੍ਰਿਸ਼ ਉਹ ਹੈ ਜਦੋਂ ਮਾਂ ਅਤੇ ਧੀ "ਮੁੜ ਮਿਲਦੀਆਂ "ਹਨ।

ਇਹ ਵੀ ਪੜ੍ਹੋ:

ਇਸ ਵਿੱਚ ਨਾ-ਯੋਨ ਆਪਣੀ ਮਾਂ ਵੱਲ ਭੱਜਦੇ ਹੋਏ ‘ਕਹਿੰਦੀ’ ਹੈ, "ਮੰਮੀ, ਤੁਸੀਂ ਕਿੱਥੇ ਗਏ ਸੀ? ਮੇਰੇ ਬਾਰੇ ਸੋਚ ਰਹੇ ਸੀ?"

ਉਹ ਨਾ-ਯੋਨ ਦੀ ਵਰਚੂਅਲ ਤਸਵੀਰ ਨੂੰ ਗਲੇ ਲਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਟੀਵੀ ਪ੍ਰੋਡਕਸ਼ਨ ਟੀਮ ਵੀ ਰੋਂਦੇ ਹੋਏ ਇਸ ਨੂੰ ਦੇਖਦੀ ਹੈ।

ਉੱਥੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਹਨ।

ਮਰ ਚੁੱਕਿਆਂ ਨੂੰ ਮਿਲਣਾ

ਇਸ ਫਿਲਮ ਨੇ ਆਪਣੇ ਚਹੇਤਿਆਂ ਨੂੰ ਮੌਤ ਤੋਂ ਬਾਅਦ ਮਿਲਣ ਦੀ ਕੋਸ਼ਿਸ਼-ਸਬੰਧੀ ਨੈਤਿਕ ਅਤੇ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਚਰਚਾ ਸ਼ੁਰੂ ਕਰ ਦਿੱਤੀ ਹੈ।

ਕੁਝ ਲੋਕ ਮਹਿਸੂਸ ਕਰਦੇ ਹਨ ਕਿ ਇਸ ਨਾਲ ਰਾਹਤ ਮਿਲਦੀ ਹੈ ਪਰ ਕੁਝ ਸੋਚਦੇ ਹਨ ਕਿ ਇਹ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਤੋਂ ਰੋਕ ਸਕਦਾ ਹੈ।

ਯੂ-ਟਿਊਬ 'ਤੇ ਪੋਸਟ ਕੀਤੀ ਗਈ 10 ਮਿੰਟ ਦੀ ਕਲਿੱਪ ਨੂੰ 1.3 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 19,000 ਟਿੱਪਣੀਆਂ ਹਨ।

ਕੁਝ ਯੂਜ਼ਰ ਕਹਿ ਰਹੇ ਹਨ ਕਿ ਇਹ ਤਜਰਬਾ ਜੀ-ਸੁੰਗ ਨੂੰ ਹੋਰ ਵੀ ਉਦਾਸ ਅਤੇ ਨਿਰਾਸ਼ ਕਰ ਦੇਵੇਗਾ ਜਦੋਂਕਿ ਕੁਝ ਲੋਕ ਸਵਾਲ ਕਰਦੇ ਹਨ ਕਿ ਇਹ ਪ੍ਰਯੋਗ "ਸਵਰਗ ਹੈ ਜਾਂ ਨਰਕ"।

ਪਰ ਜੈਂਗ ਜੀ-ਸੁੰਗ ਦਾ ਕਹਿਣਾ ਹੈ ਕਿ ਇਸ ਨਾਲ ਉਸ ਨੂੰ ਮਦਦ ਮਿਲੀ ਹੈ। ਆਪਣੀ ਧੀ ਦੀ ਮੌਤ ਤੋਂ ਬਾਅਦ ਉਸ ਨੇ ਨਾ-ਯੋਨ ਦਾ ਨਾਮ ਆਪਣੇ ਸਰੀਰ ’ਤੇ ਲਿਖ ਲਿਆ ਸੀ।

ਉਸ ਦੀਆਂ ਤਸਵੀਰਾਂ ਪੂਰੇ ਘਰ ਵਿੱਚ ਲਾ ਦਿੱਤੀਆਂ ਸਨ। ਧੀ ਦੀ ਰਾਖ ਨਾਲ ਭਰਿਆ ਹਾਰ ਪਾ ਲਿਆ ਸੀ।

ਮਾਂ ਦਾ ਕਹਿਣਾ ਹੈ ਕਿ ਉਸ ਦੇ ਸੁਪਨਿਆਂ ਵਿੱਚ ਨਾ-ਯੋਨ ਦੁਖੀ ਸੀ ਪਰ ‘ਮਿਲਾਪ’ ਦੌਰਾਨ ਉਹ ਖੁਸ਼ ਸੀ।

ਜਿਨ੍ਹਾਂ ਮਨੋਵਿਗਿਆਨੀਆਂ ਨੇ ਬੀਬੀਸੀ ਕੋਰੀਆ ਨਾਲ ਗੱਲਬਾਤ ਕੀਤੀ, ਉਨ੍ਹਾਂ ਨੇ ਕਿਹਾ ਕਿ ਜੀ-ਸੁੰਗ ਦਾ ਤਜਰਬਾ ਉਸ ਨੂੰ ਧੀ ਨੂੰ ਗਵਾਉਣ ਦੇ ਸਦਮੇ ਵਿੱਚੋਂ ਨਿਕਲਣ ਵਿੱਚ ਮਦਦ ਕਰ ਸਕਦਾ ਹੈ।

ਕੋਰੀਆ ਯੂਨੀਵਰਸਿਟੀ ਦੇ ਗੋ ਸਨ-ਕਿਊ ਦਾ ਕਹਿਣਾ ਹੈ, "ਇਹ ਉਨ੍ਹਾਂ ਲੋਕਾਂ ਲਈ ਬਹੁਤ ਮਦਦਗਾਰ ਹੈ ਜਿਨ੍ਹਾਂ ਨੇ ਅਚਾਨਕ ਸੋਗ ਦਾ ਸਾਹਮਣਾ ਕੀਤਾ ਹੈ, ਤਾਂ ਕਿ ਦਰਦ ਤੋਂ ਬਾਅਦ ਸਹੀ ਤਰੀਕੇ ਨਾਲ ਵਿਦਾਈ ਦਿੱਤੀ ਜਾ ਸਕੇ।"

ਯੋਂਸੇਈ ਯੂਨੀਵਰਸਿਟੀ ਦੇ ਡੋਂਗ-ਗਵੀ ਲੀ ਨੇ ਬੀਬੀਸੀ ਨੂੰ ਦੱਸਿਆ ਕਿ ਵਰਚੂਅਲ ਰਿਐਲਿਟੀ ਅਤੇ ਓਗਮੈਂਟਿਡ ਰਿਐਲਿਟੀ ਦੀ ਵਰਤੋਂ ਪਹਿਲਾਂ ਹੀ ਫੋਬੀਆ, ਡਿਮੈਨਸ਼ੀਆ ਅਤੇ ਡਿਪਰੈਸ਼ਨ ਦੇ ਇਲਾਜ ਲਈ ਵਰਤੀ ਜਾ ਚੁੱਕੀ ਹੈ।

ਬ੍ਰਿਟੇਨ ਵਿੱਚ ਇੱਕ ਅਜਿਹੇ ਪ੍ਰੌਜੈਕਟ ਵਿੱਚ ਡਿਮੈਂਸ਼ੀਆ ਨਾਲ ਪੀੜਤ ਬਜ਼ੁਰਗ ਮਰੀਜ਼ਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ 1953 ਵਿੱਚ ਮਹਾਰਾਣੀ ਐਲਿਜ਼ਾਬੈਥ II ਦੀ ਤਾਜਪੋਸ਼ੀ ਨੂੰ ਫਿਰ ਤੋਂ ਤਿਆਰ ਕੀਤਾ ਗਿਆ।

ਅਸਲ ਵਿੱਚ ਵਿਛੋੜਾ

ਪ੍ਰੋਗਰਾਮ ਦੇ ਨਿਰਦੇਸ਼ਕ ਲੀ ਹਯੂਨ-ਸਿਓਕ ਨੇ ਬੀਬੀਸੀ ਨੂੰ ਦੱਸਿਆ ਕਿ ਟੀਮ ਨੇ ਯੋਜਨਾ ਨਾਲ ਇਸ ਕੰਮ ਨੂੰ ਪੂਰਾ ਕੀਤਾ ਹੈ ਅਤੇ ਸਭ ਕੁਝ ਜੈਂਗ ਜੀ-ਸੁੰਗ ਦੀਆਂ ਯਾਦਾਂ 'ਤੇ ਅਧਾਰਤ ਸੀ।

ਇਹ ਵੀ ਪੜ੍ਹੋ:

ਫ਼ਿਲਮ ਦੇ ਅਖੀਰ ਵਿੱਚ ਨਾ-ਯੋਨ ਆਪਣੀ ਮਾਂ ਨੂੰ ਇੱਕ ਫੁੱਲ ਦਿੰਦੀ ਹੈ ਅਤੇ ਫਿਰ ਇਹ ਕਹਿੰਦਿਆਂ ਲੰਮੇ ਪੈ ਜਾਂਦੀ ਹੈ ਕਿ ਉਹ ਥੱਕ ਗਈ ਹੈ। ਉਹ ਕਹਿੰਦੀ ਹੈ ਕਿ ਉਹ ਹਮੇਸ਼ਾ ਆਪਣੀ ਮਾਂ ਨੂੰ ਪਿਆਰ ਕਰੇਗੀ।

ਦੋਵੇਂ ਇੱਕ-ਦੂਜੇ ਨੂੰ ਅਲਵਿਦਾ ਕਹਿੰਦੀਆਂ ਹਨ ਅਤੇ ਨਾ-ਯੋਨ ਸੌਂ ਜਾਂਦੀ ਹੈ। ਫਿਰ ਉਹ ਚਿੱਟੇ ਰੰਗ ਦੀ ਤਿਤਲੀ ਵਿੱਚ ਬਦਲ ਜਾਂਦੀ ਹੈ ਅਤੇ ਹੌਲੀ-ਹੌਲੀ ਦੂਰ ਚਲੀ ਜਾਂਦੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਚੀਨ ਵਿੱਚ ਫਸੇ ਪੰਜਾਬੀ ਦੇ ਪਰਿਵਾਰ ਦਾ ਦਰਦ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)