ਲੰਡਨ ਵਿੱਚ ‘ਅੱਤਵਾਦੀ ਘਟਨਾ’, 2 ਲੋਕਾਂ ਦੀ ਮੌਤ, ਕਥਿਤ ਹਮਲਾਵਰ ਨੂੰ ਪੁਲਿਸ ਨੇ ਗੋਲੀ ਮਾਰੀ

ਲੰਡਨ ਦੇ ਮਸ਼ਹੂਰ ਲੰਡਨ ਬ੍ਰਿਜ 'ਤੇ ਹੋਈ ਚਾਕੂਬਾਜੀ ਦੀ ਘਟਨਾ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਹੈ, ਇਸ ਦੇ ਨਾਲ ਹੀ ਪੁਲਿਸ ਦੀ ਗੋਲੀ ਨਾਲ ਸ਼ੱਕੀ ਹਮਲਾਵਰ ਦੀ ਮੌਤ ਵੀ ਹੋ ਗਈ ਹੈ।

ਪੁਲਿਸ ਮੁਤਾਬਕ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ (ਭਾਰਤੀ ਸਮੇਂ ਮੁਤਾਬਕ ਸ਼ਾਮ 7.30 ਵਜੇ) ਦੇ ਕਰੀਬ ਜਾਣਕਾਰੀ ਮਿਲੀ।

ਪੁਲਿਸ ਨੇ ਇਹ ਵੀ ਕਿਹਾ ਕਿ ਛੁਰੇਬਾਜ਼ ਨੇ ਇੱਕ ਅਜਿਹੀ ਜੈਕੇਟ ਪਹਿਨੀ ਹੋਈ ਸੀ ਜਿਸ ਨੂੰ ਦੇਖ ਕੇ ਇਹ ਭੁਲੇਖਾ ਪਵੇ ਕਿ ਉਸ ਵਿੱਚ ਬੰਬ ਹਨ। ਫਿਲਹਾਲ ਉਸ ਦੇ ਮੰਤਵ ਦੀ ਜਾਂਚ ਜਾਰੀ ਹੈ।

ਪੁਲਿਸ ਮੁਤਾਬਕ 28 ਸਾਲਾ ਹਮਲਾਵਰ ਦਾ ਨਾਮ ਉਸਮਾਨ ਖ਼ਾਨ ਸੀ ਅਤੇ ਹਮਲੇ ਦੌਰਾਨ ਉਹ ਲਾਈਸੈਂਸ 'ਤੇ ਜੇਲ੍ਹ ਤੋਂ ਬਾਹਰ ਸੀ।

ਪੁਲਿਸ ਅਸਿਸਟੈਂਟ ਕਮਿਸ਼ਨਰ ਨੀਲ ਬਾਸੂ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਇਮਾਰਤ ਦੇ ਅੰਦਰੋਂ ਹਮਲਾ ਸ਼ੁਰੂ ਕੀਤਾ ਅਤੇ ਫਿਰ ਉਹ ਪੁੱਲ੍ਹ ਤੱਕ ਆਇਆ, ਜਿੱਥੇ ਉਸਮਾਨ ਖ਼ਾਨ ਦਾ ਸਾਹਮਣਾ ਪੁਲਿਸ ਨਾਲ ਹੋਇਆ ਤੇ ਉਸ ਨੂੰ ਗੋਲੀ ਮਾਰ ਦਿੱਤੀ ਗਈ।

ਇਹ ਵੀ ਪੜ੍ਹੋ-

ਪੁਲਿਸ ਨੇ ਇਸ ਸਭ ਕਾਰੇ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ।

ਨੀਲ ਬਾਸੂ ਮੁਤਾਬਕ ਉਸਮਾਨ ਖ਼ਾਨ ਨੂੰ ਅਧਿਕਾਰੀ ਪਛਾਣਦੇ ਸਨ, ਉਸ ਨੂੰ 2012 ਵਿੱਚ ਅੱਤਵਾਦੀ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਉਨ੍ਹਾਂ ਨੇ ਬਿਆਨ 'ਚ ਦੱਸਿਆ, "ਉਹ ਦਸੰਬਰ 2018 ਵਿੱਚ ਜੇਲ੍ਹ ਤੋਂ ਲਾਈਸੈਂਸ 'ਤੇ ਰਿਹਾਅ ਹੋਇਆ ਸੀ, ਹੁਣ ਜਾਂਚ ਵਿੱਚ ਇਹ ਪਤਾ ਲਗਾਉਣਾ ਹੈ ਕਿ ਉਸ ਨੇ ਘਟਨਾ ਨੂੰ ਕਿਵੇਂ ਅੰਜ਼ਾਮ ਦਿੱਤਾ।"

ਬਾਸੂ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ਦੌਰਾਨ ਇੱਕ ਔਰਤ ਅਤੇ ਇੱਕ ਮਰਦ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਦੋ ਔਰਤਾਂ ਸਣੇ 3 ਲੋਕ ਜਖ਼ਮੀ ਹੋਏ ਹਨ।

ਉਨ੍ਹਾਂ ਨੇ ਦੱਸਿਆ, "ਅਜੇ ਵੀ ਅਸੀਂ ਜਾਂਚ ਦੇ ਮੁਢਲੇ ਗੇੜ 'ਚ ਹਾਂ, ਇਸ ਵੇਲੇ ਅਸੀਂ ਹਮਲੇ ਦੇ ਪਿੱਛੇ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ।"

ਇਹ ਵੀ ਪੜ੍ਹੋ-

ਬੀਬੀਸੀ ਦੇ ਜੌਨ ਮੈਕਮਨਸ ਘਟਨਾ ਵਾਲੀ ਥਾਂ 'ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਬ੍ਰਿਜ ਉੱਪਰ ਮਰਦਾਂ ਦਾ ਇੱਕ ਸਮੂਹ ਆਪਸ ਵਿੱਚ ਲੜ ਰਿਹਾ ਸੀ। ਜੌਨ ਨੇ ਦੱਸਿਆ ਕਿ ਪੁਲਿਸ ਨੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਖਿੰਡਾਇਆ।

ਮੈਕਮਨਸ ਨੇ ਅੱਗੇ ਦੱਸਿਆ, ''ਇੰਝ ਲੱਗ ਰਿਹਾ ਸੀ ਕਿ ਕਈ ਲੋਕ ਇੱਕ ਆਦਮੀ ਉੱਤੇ ਹਮਲਾ ਕਰ ਰਹੇ ਹੋਣ।''

ਲੰਡਨ ਬ੍ਰਿਜ ਦੇ ਇੱਕ ਰੈਸਟੋਰੈਂਟ ਵਿੱਚ ਫਸੀ ਨੋਆ ਬੌਡਨਰ ਨੇ ਬੀਬੀਸੀ ਨੂੰ ਦੱਸਿਆ, ''ਲੋਕ ਅੰਦਰ ਵੜ ਰਹੇ ਸਨ ਅਤੇ ਮੇਜ਼ਾਂ ਹੇਠਾਂ ਲੁੱਕ ਰਹੇ ਸਨ।''

''ਸਾਨੂੰ ਕਿਹਾ ਗਿਆ ਕਿ ਖਿੜਕੀਆਂ ਤੋਂ ਦੂਰ ਹੋ ਜਾਈਏ। ਜੋ ਲੋਕ ਅੰਦਰ ਵੜੇ ਸਨ ਉਨ੍ਹਾਂ ਨੇ ਦੱਸਿਆ ਕਿ ਗੋਲੀਆਂ ਚੱਲੀਆਂ ਹਨ।''

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)