ਮੈਕਸੀਕੋ ਨੇ 311 ਭਾਰਤੀ ਪਰਵਾਸੀਆਂ ਨੂੰ ਵਾਪਸ ਭੇਜਿਆ; ਇੱਕ ਨੇ ਕਿਹਾ, '‘ਮੈਕਸੀਕੋ ’ਚੋਂ ਕੇਵਲ ਭਾਰਤੀਆਂ ਨੂੰ ਭੇਜਿਆ, ਬਾਕੀ ਦੇਸਾਂ ਦੇ ਲੋਕ ਅਜੇ ਵੀ ਉੱਥੇ’

ਮੈਕੀਸਕੋ ਮਾਈਗਰੇਸ਼ਨ ਅਥਾਰਿਟੀ ਨੇ ਅਮਰੀਕੀ ਦਬਾਅ ਕਾਰਨ ਆਪਣੀ ਸਰਹੱਦ ਰਾਹੀਂ ਗ਼ੈਰ ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲੇ 311 ਭਾਰਤੀ ਲੋਕਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ, ਇਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ।

ਨੈਸ਼ਨਲ ਮਾਈਗਰੇਸ਼ਨ ਇੰਸਚੀਟਿਊਟ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਜਿਹੜੇ ਲੋਕਾਂ ਨੂੰ ਵਾਪਸ ਭੇਜਿਆ ਗਿਆ ਹੈ ਉਹ ਉੱਥੇ ਰੁਕਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਸਨ।

ਇਨ੍ਹਾਂ ਸਾਰਿਆਂ ਨੂੰ ਟੋਲੁਕਾ ਕੌਮਾਂਤਰੀ ਏਅਰਪੋਰਟ ਤੋਂ ਬੋਇੰਗ 747 ਜਹਾਜ਼ ਰਾਹੀਂ ਦਿੱਲੀ ਭੇਜਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਓਕਸਾਕਾ, ਬਾਜਾ ਕੈਲੀਫੋਰਨੀਆ, ਵੈਰਾਕਰੂਜ਼, ਚਿਆਪਾਸ, ਸੋਨਾਰਾ, ਮੈਕਸੀਕੋ ਸਿਟੀ, ਦੁਰੰਗੋ ਅਤੇ ਤੋਬਾਸਕੋ ਦੀ ਇਮੀਗਰੇਸ਼ਨ ਅਥਾਰਿਟੀ ਸਾਹਮਣੇ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ-

ਦਰਅਸਲ ਜੂਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੈਕਸੀਕੋ ਨੂੰ ਇਹ ਧਮਕੀ ਦਿੱਤੀ ਸੀ ਕਿ ਜੇਕਰ ਉਹ ਆਪਣੀ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਹੋ ਰਹੇ ਪਰਵਾਸ ਨੂੰ ਨਹੀਂ ਰੋਕਦਾ ਤਾਂ ਅਮਰੀਕਾ ਦਰਾਮਦ (ਇੰਪੋਰਟ) 'ਤੇ ਟੈਕਸ ਵਧਾ ਦੇਵੇਗਾ।

ਇਸ ਤੋਂ ਬਾਅਦ ਮੈਕਸੀਕੋ ਨੇ ਇਹ ਕਦਮ ਚੁੱਕਿਆ ਹੈ ਅਤੇ ਸਰਹੱਦ 'ਤੇ ਸੁਰੱਖਿਆ ਵਧਾਉਣ ਤੇ ਸਰਹੱਦ 'ਤੇ ਪਰਵਾਸੀਆਂ ਨਾਲ ਨਜਿੱਠਣ ਵਾਲੀ ਆਪਣੀ ਨੀਤੀ ਦਾ ਵਿਸਥਾਰ ਕਰਨ ਲਈ ਵੀ ਰਾਜ਼ੀ ਹੋ ਗਿਆ।

ਇਸ ਬਾਰੇ ਐਕਟਿੰਗ ਕਮਿਸ਼ਨਰ ਆਫ ਯੂਐੱਸ ਕਸਟਮ ਅਤੇ ਬਾਰਡਰ ਸੁਰੱਖਿਆ, ਮਾਰਕ ਮੋਰਗਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਮੈਕਸੀਕੋ ਅਤੇ ਆਈਐਨਐਐਮਆਈ ਨੇ ਆਪਣਾ ਵਾਅਦਾ ਪੁਗਾਉਂਦਿਆਂ ਵੱਡੇ ਪੱਧਰ 'ਤੇ 311 ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜਿਆ।

ਬਿਆਨ ਮੁਤਾਬਕ, "ਏਸ਼ੀਆਈ ਦੇਸਾਂ ਦੇ ਦੂਤਾਵਾਸ ਅਤੇ ਤਾਲਮੇਲ ਕਾਰਨ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਪਰਵਾਸੀਆਂ ਦੀ ਪਛਾਣ ਕਰਕੇ ਪਰਵਾਸੀ ਕਾਨੂੰਨ ਅਤੇ ਉਸ ਦੇ ਨਿਯਮਾਂ ਦੀ ਸਖ਼ਤ ਪਾਲਣਾ ਕਰਦਿਆਂ, ਲੋਕਾਂ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜਿਆ ਜਾ ਸਕਿਆ।"

ਇਨ੍ਹਾਂ ਲੋਕਾਂ ਨੂੰ ਬੁੱਧਵਾਰ (16 ਅਕਤੂਬਰ) ਨੂੰ ਭਾਰਤ ਭੇਜ ਦਿੱਤਾ ਗਿਆ ਹੈ ਅਤੇ ਅੱਜ ਸਵੇਰੇ ਇਹ ਲੋਕ ਦਿੱਲੀ ਵਿੱਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਉਤਰੇ ਗਏ ਹਨ।

ਆਈਐਨਐਮ ਦੇ ਬਿਆਨ ਮੁਤਾਬਕ, "ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਕੱਠੇ ਵਾਪਸ ਭੇਜਿਆ ਗਿਆ ਹੈ।"

ਕੀ ਕਹਿੰਦੇ ਹਨ ਉੱਥੋਂ ਮੋੜੇ ਗਏ ਲੋਕ

ਵਾਪਸ ਆਏ ਗੌਰਵ ਕੁਮਾਰ ਨੇ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ, "ਸਾਨੂੰ ਏਜੰਟ ਨੇ ਕਿਹਾ ਸੀ ਇੱਥੋਂ ਅਮਰੀਕਾ ਜਾਣਾ ਹੈ ਪਰ ਉਨ੍ਹਾਂ ਨੇ ਸਾਨੂੰ ਜੰਗਲਾਂ ਰਾਹੀਂ ਭੇਜਿਆ। ਅਸੀਂ ਕਰੀਬ ਦੋ ਹਫ਼ਤੇ ਜੰਗਲਾਂ 'ਚ ਤੁਰੇ ਤੇ ਮੈਕਸੀਕੋ ਆ ਕੇ ਡਿਪੋਰਟ ਹੋ ਗਏ।"

ਗੌਰਵ ਦੱਸਦੇ ਹਨ ਕਿ ਉਨ੍ਹਾਂ 18 ਲੱਖ ਰੁਪਏ ਦਿੱਤੇ ਹਨ, ਸੋਨਾ ਵੇਚਿਆ, ਜ਼ਮੀਨ ਵੇਚੀ।

ਗੌਰਵ ਕਹਿੰਦੇ ਹਨ ਕਿ ਉਨ੍ਹਾਂ ਨੇ ਪੋਲੀਟੈਕਨਿਕ ਕੀਤੀ ਹੋਈ ਹੈ ਪਰ ਨੌਕਰੀ 'ਤੇ ਸਿਰਫ਼ 13 ਹਜ਼ਾਰ ਮਹੀਨਾ ਮਿਲਦਾ ਉਸ ਨਾਲ ਕੀ ਹੁੰਦਾ ਹੈ।

ਵਾਪਸ ਆਉਣ ਵਾਲੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੂੰ 60 ਦਿਨ ਇੱਕੋ ਹੀ ਖਾਣਾ ਦਿੱਤਾ ਗਿਆ ਤੇ ਥੋੜ੍ਹੀ ਜਿਹੀ ਥਾਂ 'ਚ ਉਹ ਪਏ ਰਹੇ। ਦਵਾਈ ਦਾ ਵੀ ਕੋਈ ਪ੍ਰਬੰਧ ਨਹੀਂ ਸੀ।

ਰਾਜਪੁਰਾ ਦੇ ਰਹਿਣ ਵਾਲੇ ਸੁਰੇਸ਼ ਦਾ ਕਹਿਣਾ ਹੈ ਕਿ ਉਹ 8 ਅਗਸਤ ਨੂੰ ਉਥੋਂ ਗਏ ਸੀ।

ਸੁਰੇਸ਼ ਦਾ ਕਹਿਣਾ ਹੈ, "ਉਨ੍ਹਾਂ ਨੇ ਸਿਰਫ਼ ਭਾਰਤੀਆਂ ਨੂੰ ਭੇਜਿਆ ਹੈ ਤੇ ਸਾਨੂੰ ਇਨ੍ਹਾਂ ਨੇ ਕੋਈ ਸਿਟੀ ਆਊਟ ਵੀ ਨਹੀਂ ਦਿੱਤਾ, ਬਾਕੀ ਬੰਗਲੇਦਸ਼, ਨੇਪਾਲ, ਕੈਮਰੂਨ ਅਤੇ ਸ੍ਰੀਲੰਕਾ ਨੂੰ ਸਿਟੀ ਦੇ ਕੇ ਬਾਹਰ ਕੱਢ ਰਹੇ ਹਨ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)