You’re viewing a text-only version of this website that uses less data. View the main version of the website including all images and videos.
ਇਮਰਾਨ ਦੇ ਮੰਤਰੀ ਦਾ ਹਰਸਿਮਰਤ ਨੂੰ ਜਵਾਬ- 'ਕਰਤਾਪੁਰ ’ਚ ਮਿਲਾਂਗੇ, ਕਠਪੁਤਲੀ ਨਾ ਬਣੋ'
ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਭਾਰਤੀ ਫੌਜ ਵਿੱਚ ਤਾਇਨਾਤ ਪੰਜਾਬੀ ਜਵਾਨਾ ਨੂੰ ਭੜਕਾਉਣ ਵਾਲਾ ਟਵੀਟ ਕੀਤਾ ਹੈ। ਇਹ ਟਵੀਟ ਭਾਰਤ ਸ਼ਾਸ਼ਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਸਬੰਧ ਵਿੱਚ ਕੀਤਾ ਗਿਆ ਹੈ।
ਚੌਧਰੀ ਫਵਾਦ ਹੁਸੈਨ ਨੇ ਟਵਿੱਟਰ ਤੇ ਲਿਖਿਆ, ''ਮੈਂ ਇੰਡੀਅਨ ਆਰਮੀ 'ਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਡੀਅਨ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ਼ ਆਪਣੀ ਆਰਮੀ ਡਿਊਟੀ ਤੋਂ ਇਨਕਾਰ ਕਰ ਦਿਓ!!''
ਉਨ੍ਹਾਂ ਆਪਣੇ ਟਵਿੱਟਰ ਹੈਂਡਲ 'ਤੇ ਇਹ ਗੱਲ ਪੰਜਾਬੀ ਭਾਸ਼ਾ ਵਿੱਚ ਲਿਖੀ ਹੈ। ਗੁਰਮੁਖੀ ਲਿਪੀ ਵਿੱਚ ਲਿਖਿਆ ਇਹ ਟਵੀਟ ਅੰਗਰੇਜ਼ੀ ਵਿੱਚ ਵੀ ਟਰਾਂਸਲੇਟ ਕੀਤਾ ਗਿਆ ਹੈ।
ਫਵਾਦ ਚੌਧਰੀ ਦੀ ਹਰਸਿਮਰਤ ਨੂੰ ਹਦਾਇਤ
ਉੱਥੇ ਹੀ ਫਵਾਦ ਚੌਧਰੀ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਨਸੀਹਤ ਦਿੱਤੀ ਹੈ ਕਿ ਉਹ ਮੋਦੀ ਸਰਕਾਰ ਦੀ ਕਠਪੁਤਲੀ ਨਾ ਬਣਨ।
ਉਨ੍ਹਾਂ ਟਵੀਟ ਕੀਤਾ, "ਤੁਹਾਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਮਿਲਾਂਗੇ। ਮੋਦੀ ਸਰਕਾਰ ਦੀ ਕਠਪੁਤਲੀ ਨਾ ਬਣੋ। ਵੈਸਟਇੰਡੀਆ ਕੰਪਨੀ ਨੂੰ ਮਹਾਰਾਜ ਰਣਜੀਤ ਸਿੰਘ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।"
ਦਰਅਸਲ ਹਰਸਿਮਰਤ ਕੌਰ ਬਾਦਲ ਨੇ ਫ਼ਵਾਦ ਚੌਧਰੀ ਦੇ ਹੀ ਟਵੀਟ ਦਾ ਜਵਾਬ ਦਿੰਦਿਆਂ ਟਵੀਟ ਕੀਤਾ ਸੀ। ਉਨ੍ਹਾਂ ਟਵੀਟ ਕੀਤਾ ਸੀ, "ਪਾਕਿਸਤਾਨੀ ਮੰਤਰੀ ਦੇ ਟਵੀਟ ਵਿੱਚ ਪੰਜਾਬੀ ਜਵਾਨਾਂ ਨੂੰ ਆਪਣੀ ਡਿਊਟੀ ਤੋਂ ਇਨਕਾਰ ਕਰਨ ਲਈ ਕਿਹਾ ਗਿਆ ਹੈ। ਇਸ ਨਾਲ ਉਨ੍ਹਾਂ ਦੀ ਨਿਰਾਸ਼ਾ ਅਤੇ ਨਾਪਾਕ ਮਨਸੂਬਿਆਂ ਦਾ ਪਰਦਾਫ਼ਾਸ਼ ਹੋਇਆ ਹੈ। ਪੰਜਾਬੀ ਦੇਸ਼ ਭਗਤ ਹਨ। ਜਦੋਂ ਦੇਸ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਲਈ ਕੁਰਬਾਨੀ ਕੋਈ ਵੱਡੀ ਚੀਜ਼ ਨਹੀਂ ਹੈ।"
ਭੜਕਾਉਣ ਵਾਲਾ ਬਿਆਨ ਕੰਮ ਨਹੀਂ ਕਰਨਾ- ਕੈਪਟਨ
ਚੌਧਰੀ ਫਵਾਦ ਨੂੰ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਟਵਿੱਟਰ 'ਤੇ ਲਿਖਿਆ, ''ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦਿਓ। ਮੈਂ ਤੁਹਾਨੂੰ ਦੱਸ ਦੇਵਾਂ ਕਿ ਭਾਰਤੀ ਫੌਜ ਜ਼ਿਆਦਾ ਅਨੁਸ਼ਾਸਨ ਵਾਲੀ ਅਤੇ ਰਾਸ਼ਟਰਵਾਦੀ ਹੈ। ਭਾਰਤੀ ਫੌਜ ਤੁਹਾਡੀ ਫੌਜ ਵਰਗੀ ਨਹੀਂ ਹੈ।''
ਮਨਜਿੰਦਰ ਸਿੰਘ ਸਿਰਸਾ ਵੀ ਬੋਲੇ
ਚੌਧਰੀ ਫਵਾਦ ਖਾਨ ਦੇ ਇਸ ਟਵੀਟ ਤੋਂ ਬਾਅਦ ਕਈ ਲੋਕ ਪੱਖ ਅਤੇ ਵਿਰੋਧ ਵਿੱਚ ਆਪਣੀ ਰਾਇ ਜ਼ਾਹਿਰ ਕੀਤੀ ਹੈ। ਦੂਜੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਚੌਧਰੀ ਫਵਾਦ ਖਾਨ ਨੂੰ ਘੇਰਿਆ ਹੈ।
ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ, ''ਚੌਧਰੀ ਫਵਾਦ ਚੌਧਰੀ ਪੰਜਾਬੀ ਵਿੱਚ ਟਵੀਟ ਕਰਨ ਨਾਲ ਤੁਸੀਂ ਕਿਸੇ ਦੇ ਸ਼ੁਭਚਿੰਤਕ ਨਹੀਂ ਹੋ ਸਕਦੇ। ਸ਼ਾਇਦ ਤੁਸੀਂ ਪੰਜਾਬੀਆਂ ਦੀ ਫਿਤਰਤ ਨੂੰ ਨਹੀਂ ਜਾਣਦੇ। ਅਸੀਂ ਦੇਸ ਲਈ ਆਪਣੀ ਜਾਨ ਦੇਣ ਵਾਲੇ ਲੋਕ ਹਾਂ। ਤੁਹਾਡਾ ਇਹ ਟਵੀਟ ਸਾਨੂੰ ਤਕਲੀਫ਼ ਦੇਣ ਵਾਲਾ ਹੈ।''