ਹਾਂਗਕਾਂਗ 'ਚ ਰੇਲ ਗੱਡੀ ਵਿੱਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ

ਐਤਵਾਰ ਨੂੰ ਡੰਡਿਆਂ ਨਾਲ ਲੈਸ ਦਰਜਨਾਂ ਨਕਾਬਪੋਸ਼ਾਂ ਨੇ ਹਾਂਗਕਾਂਗ ਦੇ ਜ਼ਿਲ੍ਹੇ ਯੂਅਨ ਲੋਂਗ ਦੇ ਰੇਲਵੇ ਸਟੇਸ਼ਨ 'ਤੇ ਹਮਲਾ ਬੋਲ ਦਿੱਤਾ।

ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਚਿੱਟੀਆਂ ਟੀ-ਸ਼ਰਟਾਂ ਪਹਿਨੇ ਕੁਝ ਆਦਮੀ ਟਰੇਨ ਵਿੱਚ ਵੜ ਕੇ ਲੋਕਾਂ 'ਤੇ ਹਮਲਾ ਕਰ ਰਹੇ ਹਨ।

ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਇਸ ਹਮਲੇ ਵਿੱਚ 45 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਸ਼ਖ਼ਸ ਦੀ ਹਾਲਤ ਕਾਫ਼ੀ ਗੰਭੀਰ ਹੈ।

ਇਹ ਵੀ ਪੜ੍ਹੋ:

ਹਮਲੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਹਾਂਗਕਾਂਗ ਦੇ ਕੇਂਦਰੀ ਸਰਕਾਰੀ ਦਫ਼ਤਰ ਵੱਲ ਵਧਦੇ ਹੋਏ ਇਮਾਰਤਾਂ 'ਤੇ ਅੰਡੇ ਸੁੱਟੇ ਸਨ। ਇੱਥੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉੱਤੇ ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ।

ਐਤਵਾਰ ਨੂੰ ਹੋਏ ਪ੍ਰਦਰਸ਼ਨ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਸਟੇਸ਼ਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ 'ਤੇ ਸਪਰੇਅ ਪੇਂਟ ਪੋਤ ਦਿੱਤਾ ਅਤੇ ਪੁਲਿਸ 'ਤੇ ਪਲਾਸਟਿਕ ਦੀਆਂ ਬੋਤਲਾਂ ਸੁੱਟੀਆਂ।

ਇਹ ਵਿਰੋਧ ਉਸ ਵਿਵਾਦਤ ਬਿੱਲ ਦਾ ਹੋ ਰਿਹਾ ਹੈ ਜੋ ਚੀਨ ਨੂੰ ਖਾਸ ਹਾਲਤ ਵਿੱਚ ਹਾਂਗਕਾਂਗ ਤੋਂ ਲੋਕਾਂ ਦੀ ਹਵਾਲਗੀ ਦਾ ਅਧਿਕਾਰ ਦੇਵੇਗਾ।

ਐਤਵਾਰ ਨੂੰ ਹੋਏ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇਸ ਵਿੱਚ 4,30,000 ਤੋਂ ਵੱਧ ਲੋਕ ਸ਼ਾਮਲ ਹੋਏ। ਹਾਲਾਂਕਿ ਪੁਲਿਸ ਨੇ 1,38,000 ਦਾ ਅੰਕੜਾ ਦਿੱਤਾ ਹੈ।

ਚੀਨੀ ਸਰਕਾਰ ਦੀ ਇੱਕ ਇਮਾਰਤ ਦੇ ਬਾਹਰ ਕੁਝ ਪ੍ਰਦਰਸ਼ਨਕਾਰੀਆਂ ਨੇ ਸਪਰੇਅ ਪੇਂਟ ਨਾਲ ਨਾਅਰੇ ਲਿਖ ਦਿੱਤੇ ਹਨ। ਇੱਕ ਨਾਅਰਾ ਹੈ, "ਤੁਸੀਂ ਸਾਨੂੰ ਸਿਖਾਇਆ ਕਿ ਸ਼ਾਂਤੀਪੂਰਨ ਪ੍ਰਦਰਸ਼ਨਾਂ ਦਾ ਕੋਈ ਫਾਇਦਾ ਨਹੀਂ।"

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਕਾਰਨ ਹਾਂਗਕਾਂਗ ਵਿੱਚ ਹਾਲ ਦੇ ਦਿਨਾਂ ਵਿੱਚ ਡੂੰਘਾ ਸੰਕਟ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ:

ਹਾਲਾਂਕਿ, ਸਥਾਨਕ ਸਰਕਾਰ ਨੇ ਹਵਾਲਗੀ ਬਿੱਲ ਨੂੰ ਅੱਗੇ ਵਧਾਉਣ ਤੋਂ ਰੋਕ ਦਿੱਤਾ ਪਰ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਹੇ।

ਹਾਂਗਕਾਂਗ 'ਤੇ ਪਹਿਲਾਂ ਬ੍ਰਿਟੇਨ ਦਾ ਕਬਜ਼ਾ ਸੀ ਪਰ ਚੀਨ ਨੂੰ ਸੌਂਪਣ ਤੋਂ ਬਾਅਦ 'ਇੱਕ ਦੇਸ ਦੋ ਤੰਤਰ' ਦੇ ਤਹਿਤ ਇਸ ਨੂੰ ਸੀਮਤ ਖੁਦਮੁਖਤਿਆਰੀ ਦਾ ਅਧਿਕਾਰ ਦਿੱਤਾ ਗਿਆ।

ਇਸਦਾ ਆਪਣਾ ਨਿਆਂ ਪ੍ਰਬੰਧ ਅਤੇ ਕਾਨੂੰਨੀ ਤੰਤਰ ਹੈ ਜੋ ਮੁੱਖ ਚੀਨ ਤੋਂ ਸੁਤੰਤਰ ਹੈ।

ਇਹ ਲਗਤਾਰ ਸਤਵਾਂ ਹਫ਼ਤਾ ਹੈ ਜਦੋਂ ਸੜਕਾਂ 'ਤੇ ਸਮੂਹਿਕ ਪ੍ਰਦਰਸ਼ਨ ਹੋ ਰਹੇ ਹਨ ਅਤੇ ਹਜ਼ਾਰਾਂ ਹੀ ਲੋਕ ਸੜਕਾਂ 'ਤੇ ਉਤਰ ਰਹੇ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)