ਇਮਰਾਨ ਖ਼ਾਨ ਨਿੱਜੀ ਜੈੱਟ ਦੀ ਥਾਂ ਕਮਰਸ਼ੀਅਲ ਏਅਰਵੇਜ਼ ’ਤੇ ਪਹੁੰਚੇ ਅਮਰੀਕਾ - 5 ਅਹਿਮ ਖ਼ਬਰਾਂ

ਅੰਗ੍ਰੇਜ਼ੀ ਅਖ਼ਬਾਰ ਡੌਨ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਪ੍ਰਾਈਵੇਟ ਜੈੱਟ ਦੀ ਬਜਾਏ ਕਤਰ ਏਅਰਵੇਜ਼ ਵਿੱਚ ਸਫ਼ਰ ਕਰਕੇ ਅਮਰੀਕਾ ਪਹੁੰਚੇ।

ਇਮਰਾਨ ਖ਼ਾਨ ਤਿੰਨ ਦਿਨਾਂ ਅਮਰੀਕਾ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਦੇ ਕਈ ਅਧਿਕਾਰਤ ਪ੍ਰੋਗਰਾਮ ਵੀ ਹਨ।

ਇਮਰਾਨ ਖ਼ਾਨ ਦੇ ਅਮਰੀਕਾ ਪਹੁੰਚਣ ’ਤੇ ਕੋਈ ਵੱਡਾ ਅਧਿਕਾਰੀ ਨਹੀਂ ਪਹੁੰਚਿਆ ਸੀ ਅਤੇ ਉਨ੍ਹਾਂ ਦੇ ਸਵਾਗਤ ਲਈ ਪ੍ਰੋਟੋਕੋਲ ਦੇ ਐਕਟਿੰਗ ਚੀਫ ਹੀ ਪਹੁੰਚੇ ਸਨ।

ਮੁਲਜ਼ਮ ਦੀ ਹਿਰਾਸਤ ਵਿੱਚ ਮੌਤ

ਅੰਮ੍ਰਿਤਸਰ ਵਿੱਚ ਕੁਝ ਦਿਨ ਪਹਿਲਾਂ ਵੱਡੀ ਮਾਤਰਾ ਵਿੱਚ ਫੜੇ ਗਏ ਨਸ਼ੇ ਦੇ ਜ਼ਖੀਰੇ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਗੁਰਪਿੰਦਰ ਦੀ ਨਿਆਂਇਕ ਹਿਰਾਸਤ ਵਿੱਚ ਮੌਤ ਹੋ ਗਈ ਹੈ। ਮੁਲਜ਼ਮ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ।

ਇਹ ਵੀ ਪੜ੍ਹੋ:

ਗੁਰਪਿੰਦਰ ਸਿੰਘ ਦੀ ਮੌਤ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲਗਿਆ, ਉਸਦਾ ਪੋਸਟ ਮਾਰਟਮ ਸੋਮਵਾਰ ਨੂੰ ਡਾਕਟਰਾਂ ਦਾ ਇੱਕ ਉੱਚ ਪੱਧਰੀ ਬੋਰਡ ਕਰੇਗਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਚੰਦਰਯਾਨ-2 ਦੀ ਲਾਂਚਿੰਗ

ਭਾਰਤ ਦੀ ਪੁਲਾੜ ਏਜੰਸੀ ਇਸਰੋ ਇੱਕ ਵਾਰ ਮੁੜ ਚੰਨ 'ਤੇ ਆਪਣਾ ਉਪਗ੍ਰਹਿ ਭੇਜਣ ਜਾ ਰਹੀ ਹੈ।

ਅੱਜ ਦੁਪਹਿਰ 2 ਵਜ ਕੇ 43 ਮਿੰਟ 'ਤੇ ਚੰਦਰਯਾਨ-2 ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਛੱਡਿਆ ਜਾਵੇਗਾ।

ਹਾਲਾਂਕਿ ਇਸ ਤੋਂ ਪਹਿਲਾਂ ਚੰਦਰਯਾਨ-2 ਨੂੰ 15 ਜੁਲਾਈ ਨੂੰ ਲਾਂਚ ਕੀਤਾ ਜਾਣਾ ਸੀ ਪਰ ਤਕਨੀਕੀ ਖਰਾਬੀਆਂ ਕਾਰਨ ਇਸ ਦੀ ਲੌਂਚਿੰਗ ਨੂੰ ਟਾਲ ਦਿੱਤਾ ਗਿਆ ਸੀ।

ਇਸ ਸਬੰਧੀ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

FaceApp ਦੇ ਬੁਢਾਪੇ ਬਾਰੇ ਅੰਦਾਜ਼ੇ ਕਿੰਨੇ ਸਟੀਕ

ਅੱਜ ਕੱਲ੍ਹ ਤਾਂ ਅਜਿਹਾ ਲਗਦਾ ਹੈ ਜਿਵੇਂ ਤੁਹਾਡੀ ਜਾਣ-ਪਛਾਣ ਦਾ ਹਰ ਦੂਸਰਾ ਵਿਅਕਤੀ FaceApp ਵਰਤ ਰਿਹਾ ਹੋਵੇ।

ਸਵਾਲ ਤਾਂ ਇਹ ਹੈ ਕਿ ਇਸ ਐਪਲੀਕੇਸ਼ਨ ਵੱਲੋਂ ਦਿੱਤੇ ਜਾਂਦੇ ਨਤੀਜੇ ਕਿੰਨੇ ਸਟੀਕ ਹਨ? ਇਸ ਸਵਾਲ ਦਾ ਉੱਤਰ ਜਾਨਣ ਲਈ ਅਸੀਂ ਕੁਝ ਸੈਲੀਬ੍ਰਿਟੀਜ਼ ਦੀਆਂ ਪੁਰਾਣੀਆਂ ਤਸਵੀਰਾਂ ਫੇਸਐਪ ਤੇ ਅਪਲੋਡ ਕੀਤੀਆਂ ਤੇ ਨਤੀਜਿਆਂ ਦੀ ਉਨ੍ਹਾਂ ਦੀਆਂ ਅਸਲ ਤਸਵੀਰਾਂ ਨਾਲ ਤੁਲਨਾ ਕੀਤੀ।

ਸਾਈਬਰ ਮਾਹਰ ਪਵਨ ਦੁੱਗਲ ਕਹਿੰਦੇ ਹਨ ਕਿ ਖ਼ਤਰਾ ਤਾਂ ਸੈਲੀਬ੍ਰਿਟੀਜ਼ ਨੂੰ ਵੀ ਹੈ ਕਿ ਉਨ੍ਹਾਂ ਦਾ ਡਾਟਾ ਚੋਰੀ ਹੋ ਸਕਦਾ ਹੈ। ਪਰ ਦੂਜੇ ਪਾਸੇ ਉਹ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰਦੇ ਕਿ ਇਸ ਪਿੱਛੇ ਮਾਰਕੀਟਿੰਗ ਸਟ੍ਰੇਟਜੀ ਹੈ ਭਾਵ ਉਨ੍ਹਾਂ ਨੂੰ ਅਜਿਹੀ ਐਪਸ ਬਾਰੇ ਪੋਸਟ ਪਾਉਣ 'ਤੇ ਪੈਸਾ ਮਿਲਦਾ ਹੈ।

ਇਮਾਨਦਾਰੀ ਨਾਲ ਕਿਹਾ ਜਾਵੇ ਤਾਂ ਇਹ ਨਤੀਜੇ ਕੁਝ ਠੀਕ ਹਨ। ਪੂਰੀ ਖ਼ਬਰ ਇੱਥੇ ਪੜ੍ਹੋ।

ਇਹ ਵੀ ਪੜ੍ਹੋ:

ਹਾਂਗਕਾਂਗ ਵਿੱਚ ਪ੍ਰਦਰਸ਼ਨ ਹੋਏ ਤੇਜ਼

ਐਤਵਾਰ ਨੂੰ ਡੰਡਿਆਂ ਨਾਲ ਲੈਸ ਨਕਾਬਪੋਸ਼ਾਂ ਲੋਕਾਂ ਦੀ ਭੀੜ ਨੇ ਹਾਂਗਕਾਂਗ ਦੇ ਜ਼ਿਲ੍ਹੇ ਯੂਅਨ ਲੋਂਗ ਦੇ ਰੇਲਵੇ ਸਟੇਸ਼ਨ 'ਤੇ ਹਮਲਾ ਬੋਲ ਦਿੱਤਾ।

ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਚਿੱਟੀਆਂ ਟੀ-ਸ਼ਰਟਾਂ ਪਹਿਨੇ ਕੁਝ ਆਦਮੀ ਟਰੇਨ ਵਿੱਚ ਵੜ ਕੇ ਲੋਕਾਂ 'ਤੇ ਹਮਲਾ ਕਰ ਰਹੇ ਹਨ।

ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਇਸ ਹਮਲੇ ਵਿੱਚ ਘੱਟੋ-ਘੱਟ 36 ਲੋਕ ਜ਼ਖ਼ਮੀ ਹੋਏ ਹਨ।

ਇਹ ਵਿਰੋਧ ਉਸ ਵਿਵਾਦਤ ਬਿੱਲ ਦਾ ਹੋ ਰਿਹਾ ਹੈ ਜੋ ਚੀਨ ਨੂੰ ਖਾਸ ਹਾਲਤ ਵਿੱਚ ਹਾਂਗਕਾਂਗ ਤੋਂ ਲੋਕਾਂ ਦੀ ਹਵਾਲਗੀ ਦਾ ਅਧਿਕਾਰ ਦੇਵੇਗਾ। ਪੂਰੀ ਖ਼ਬਰ ਇੱਥੇ ਪੜ੍ਹੋ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)