ਰਾਜਾ ਦਾਹਿਰ: ਸਿੰਧ ਦਾ ਉਹ ਰਾਜਾ ਜਿਸਨੇ ਗੱਦੀ ਲਈ ਆਪਣੀ ਭੈਣ ਨਾਲ ਹੀ ਵਿਆਹ ਕਰਵਾ ਲਿਆ

ਰਾਜਾ ਦਾਹਿਰ

ਤਸਵੀਰ ਸਰੋਤ, SINDHIANA ENCYCLOPAEDIA

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਰਣਜੀਤ ਸਿੰਘ ਦਾ ਬੁੱਤ ਲੱਗਣ ਤੋਂ ਬਾਅਦ ਰਾਜਾ ਦਾਹਿਰ ਨੂੰ ਸਰਕਾਰੀ ਨਾਇਕ ਐਲਾਨਣ ਦੀ ਮੰਗ ਉੱਠੀ
    • ਲੇਖਕ, ਰਿਆਜ਼ ਸੁਹੈਲ
    • ਰੋਲ, ਬੀਬੀਸੀ ਪੱਤਰਕਾਰ, ਕਰਾਚੀ

ਲਾਹੌਰ ਦੇ ਸ਼ਾਹੀ ਕਿਲੇ ਦੇ ਬਾਹਰ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਣ ਅਤੇ ਉਨ੍ਹਾਂ ਨੂੰ 'ਸ਼ੇਰ-ਏ-ਪੰਜਾਬ' ਦੀ ਉਪਾਧੀ ਦਿੱਤੇ ਜਾਣ ਤੋਂ ਬਾਅਦ ਸਿੰਧ ਸੂਬੇ ਵਿੱਚ ਰਾਜਾ ਦਾਹਿਰ ਨੂੰ ਵੀ ਸਰਕਾਰੀ ਤੌਰ 'ਤੇ ਨਾਇਕ ਕਰਾਰ ਦਿੱਤੇ ਜਾਣ ਦੀ ਮੰਗ ਚੁੱਕੀ ਜਾ ਰਹੀ ਹੈ।

ਰਣਜੀਤ ਸਿੰਘ ਦਾ ਬੁੱਤ ਲੱਗਣ ਤੋਂ ਬਾਅਦ ਸੋਸ਼ਲ-ਮੀਡੀਆ ਤੇ ਪੱਛਮੀ ਪੰਜਾਬ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਸ ਨੇ ਆਪਣੇ ਅਸਲ ਨਾਇਕ ਨੂੰ ਪਛਾਣਿਆ ਹੈ।

ਕੋਟਾ ਦੇ ਪੱਤਰਕਾਰ ਜਾਵੇਦ ਲਾਂਗਾਹ ਨੇ ਫੇਸਬੁੱਕ ਤੇ ਲਿਖਿਆ ਕਿ ਅਖੀਰ ਮਹਾਰਾਜਾ ਰਣਜੀਤ ਸਿੰਘ ਬਾਦਸ਼ਾਹੀ ਮਸਜਿਦ ਦੇ ਦੱਖਣ-ਪੂਰਬੀ ਵਿੱਚ ਬਣੀ ਆਪਣੀ ਸਮਾਧ ਵਿੱਚੋਂ ਨਿਕਲ ਕੇ ਸ਼ਾਹੀ ਕਿਲੇ ਦੇ ਸਾਹਮਣੇ ਆਪਣੇ ਘੋੜੇ 'ਤੇ ਸਵਾਰ ਹੋ ਕੇ ਆਪਣੀ ਪਿਛਲੀ ਸਲਤਨਤ ਅਤੇ ਰਾਜਧਾਨੀ ਵਿੱਚ ਮੁੜ ਨਮੂਦਾਰ (ਹਾਜ਼ਿਰ) ਹੋ ਗਏ ਹਨ।

ਉਨ੍ਹਾਂ ਨੇ ਅੱਗੇ ਲਿਖਿਆ ਕਿ ਪੰਜਾਬ ਦਹਾਕਿਆਂ ਤੱਕ ਆਪਣੇ ਅਸਲ ਇਤਿਹਾਸ ਨੂੰ ਝੁਠਲਾਉਂਦਾ ਰਿਹਾ।

"ਅਜਿਹਾ ਕਾਲਪਨਿਕ ਇਤਿਹਾਸ ਘੜਨ ਦੀ ਕੋਸ਼ਿਸ਼ ਵਿੱਚ ਲੱਗਿਆ ਰਿਹਾ ਜਿਸ ਵਿੱਚ ਰਾਜਾ ਪੋਰਸ ਅਤੇ ਰਣਜੀਤ ਸਿੰਘ ਸਮੇਤ ਅਸਲੀ ਕੌਮੀ ਨਾਇਕਾਂ ਤੇ ਸੈਂਕੜੇ ਕਿਰਦਾਰਾਂ ਦੀ ਥਾਂ ਗੌਰੀ, ਗਜ਼ਨਵੀ, ਸੂਰੀ ਅਤੇ ਅਬਦਾਲੀ ਵਰਗੇ ਨਵੇਂ ਨਾਇਕ ਬਣਾ ਕੇ ਪੇਸ਼ ਕਰਦਾ ਰਿਹਾ ਜੋ ਪੰਜਾਬ ਸਮੇਤ ਪੂਰੇ ਉਪ-ਮਹਾਂਦੀਪ ਦੀ ਛਾਤੀ ਲਤਾੜਦੇ ਹੋਏ ਇੱਥੋਂ ਦੇ ਵਸੀਲੇ ਲੁੱਟਦੇ ਰਹੇ।"

ਦਰਮ ਖ਼ਾਨ ਨਾਮ ਦੇ ਇੱਕ ਵਿਅਕਤੀ ਨੇ ਫੇਸਬੁੱਕ 'ਤੇ ਲਿਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਵਿੱਚ ਵਸਣ ਵਾਲੀਆਂ ਤਮਾਮ ਕੌਮਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਸੱਚ ਦੱਸਿਆ ਜਾਵੇ ਅਤੇ ਉਨ੍ਹਾਂ ਨੂੰ ਅਰਬ ਅਤੇ ਮੁਗ਼ਲ ਇਤਿਹਾਸ ਦੀ ਥਾਵੇਂ ਉਨ੍ਹਾਂ ਦਾ ਆਪਣਾ ਇਤਿਹਾਸ ਪੜ੍ਹਾਇਆ ਜਾਵੇ।

ਲਾਈਨ

ਇਹ ਵੀ ਪੜ੍ਹੋ-

ਲਾਈਨ

ਪੱਤਰਕਾਰ ਨਿਸਾਰ ਖੋਖਰ ਪੰਜਾਬ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਲਿਖਦੇ ਹਨ ਕਿ ਰਣਜੀਤ ਸਿੰਘ ਪੰਜਾਬ ਤੇ ਹਕੂਮਤ ਕਰਨ ਵਾਲੇ ਪਹਿਲੇ ਪੰਜਾਬੀ ਸਨ।

"ਜੇ ਸਿੰਧ ਸਰਕਾਰ ਇੱਕ ਅਜਿਹਾ ਹੀ ਬੁੱਤ ਸਿੰਧੀ ਹੁਕਮਰਾਨ ਰਾਜਾ ਦਾਹਿਰ ਦਾ ਵੀ ਲਗਾ ਦੇਵੇ ਤਾਂ ਤੁਹਾਨੂੰ ਗੁੱਸਾ ਤਾਂ ਨਹੀਂ ਆਵੇਗਾ, ਕੁਫ਼ਰ ਅਤੇ ਗੱਦਾਰੀ ਦੇ ਫ਼ਤਵੇ ਤਾਂ ਜਾਰੀ ਨਹੀਂ ਹੋਣਗੇ?"

ਸਿੰਧ ਦੀ ਕਲਾ ਤੇ ਸੰਸਕ੍ਰਿਤੀ ਨੂੰ ਸੰਭਾਲਣ ਵਾਲੀ ਸੰਸਥਾ ਸਿੰਧਾਲੌਜੀ ਦੇ ਡਾਇਰੈਕਟਰ ਇਸਹਾਕ ਸਮੀਜੂ ਵੀ ਰਾਜਾ ਦਾਹਿਰ ਨੂੰ ਸਿੰਧ ਦਾ ਨੈਸ਼ਨਲ ਹੀਰੋ ਕਰਾਰ ਦਿੱਤੇ ਜਾਣ ਦੀ ਹਮਾਇਤ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਹਰ ਕੌਮ ਨੂੰ ਇਹ ਹੱਕ ਹਾਸਲ ਹੈ ਕਿ ਜਿਨ੍ਹਾਂ ਵੀ ਕਿਰਦਾਰਾਂ ਨੇ ਆਪਣੇ ਦੇਸ ਦੀ ਰਾਖੀ ਲਈ ਆਪਣੀ ਜਾਨ ਦੀ ਬਾਜ਼ੀ ਲਾਈ, ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ।

ਉਨ੍ਹਾਂ ਦਾ ਕਹਿਣਾ ਸੀ, "ਇਤਿਹਾਸ ਵਿੱਚ ਰਣਜੀਤ ਸਿੰਘ ਦਾ ਕਿਰਦਾਰ ਤਾਂ ਫਿਰ ਵੀ ਵਿਵਾਦਿਤ ਰਿਹਾ ਹੈ, ਰਾਜਾ ਦਾਹਿਰ ਨੇ ਨਾ ਤਾਂ ਕਿਸੇ ਦੇਸ 'ਤੇ ਹਮਲਾ ਕੀਤਾ ਅਤੇ ਨਾ ਹੀ ਜਨਤਾ 'ਤੇ ਜ਼ੁਲਮ ਕੀਤੇ। ਇਹ ਗੱਲ ਵੱਖਰੀ ਹੈ ਕਿ ਹੁਕਮਰਾਨਾਂ ਨਾਲ ਜਨਤਾ ਨੂੰ ਸੁਭਾਵਿਕ ਤੌਰ 'ਤੇ ਕੁਝ ਸ਼ਿਕਾਇਤਾਂ ਹੋ ਸਕਦੀਆਂ ਹਨ।"

ਰਾਜਾ ਦਾਹਿਰ ਕੌਣ ਸਨ?

ਰਾਜਾ ਦਾਹਿਰ ਅਠਾਰਵੀਂ ਸਦੀ ਵਿੱਚ ਸਿੰਧ ਦੇ ਹੁਕਮਰਾਨ ਸਨ। ਉਹ ਰਾਜਾ ਚਚ ਦੇ ਸਭ ਤੋਂ ਛੋਟੇ ਬੇਟੇ ਅਤੇ ਬ੍ਰਾਹਮਣ ਵੰਸ਼ ਦੇ ਆਖ਼ਰੀ ਹੁਕਮਰਾਨ ਸਨ।

ਸਿੰਧੀਆਨਾ ਇਨਸਾਈਕਲੋਪੀਡੀਆ ਅਨੁਸਾਰ ਹਜ਼ਾਰਾਂ ਸਾਲ ਪਹਿਲਾਂ ਕਈ ਕਸ਼ਮੀਰੀ ਬ੍ਰਾਹਮਣ ਵੰਸ਼ ਸਿੰਧ ਆ ਕੇ ਵਸ ਗਏ ਸਨ।

ਰਾਜਾ ਦਾਹਿਰ

ਇਹ ਪੜ੍ਹਿਆ ਲਿਖਿਆ ਤਬਕਾ ਸੀ, ਸਿਆਸੀ ਅਸਰ ਅਤੇ ਰਸੂਖ਼ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਰਾਏ ਘਰਾਣੇ ਦੀ 184 ਸਾਲ ਦੀ ਹਕੂਮਤ ਦਾ ਖ਼ਾਤਮਾ ਕੀਤਾ ਅਤੇ ਚਚ ਪਹਿਲੇ ਬ੍ਰਾਹਮਣ ਬਾਦਸ਼ਾਹ ਬਣੇ।

ਇਤਿਹਾਸਕਾਰਾਂ ਮੁਤਾਬਕ ਰਾਜਾ ਦਾਹਿਰ ਦੀ ਹਕੂਮਤ ਪੱਛਮ ਵਿੱਚ ਮਕਰਾਨ ਤੱਕ, ਦੱਖਣ ਵਿੱਚ ਅਰਬ ਸਾਗਰ ਅਤੇ ਗੁਜਰਾਤ ਤੱਕ, ਪੂਰਬ ਵਿੱਚ ਮੌਜੂਦਾ ਮਾਲਵੇ ਦੇ ਕੇਂਦਰ ਅਤੇ ਰਾਜਪੂਤਾਨੇ ਤੱਕ ਅਤੇ ਉੱਤਰ ਵਿੱਚ ਮੁਲਤਾਨ ਵਿੱਚੋਂ ਦੀ ਲੰਘਦੀ ਹੋਈ ਦੱਖਣੀ ਪੰਜਾਬ ਤੱਕ ਫੈਲੀ ਹੋਈ ਸੀ।

ਸਿੰਧ ਤੋਂ ਜ਼ਮੀਨੀ ਅਤੇ ਸਮੁੰਦਰੀ ਕਾਰੋਬਾਰ ਹੁੰਦਾ ਸੀ।

ਮੁਮਤਾਜ਼ ਪਠਾਣ 'ਤਾਰੀਖ਼-ਏ-ਸਿੰਧ' ਵਿੱਚ ਲਿਖਦੇ ਹਨ ਕਿ ਰਾਜਾ ਦਾਹਿਰ ਇਨਸਾਫ਼-ਪਸੰਦ ਸਨ।

ਤਿੰਨ ਤਰ੍ਹਾਂ ਦੀਆਂ ਅਦਾਲਾਤਾਂ ਸਨ, ਜਿਨ੍ਹਾਂ ਨੂੰ ਕੋਲਾਸ, ਸਰਪਨਾਸ ਅਤੇ ਗਨਾਸ ਕਿਹਾ ਜਾਂਦਾ ਸੀ, ਵੱਡੇ ਮੁੱਕਦਮੇ ਰਾਜੇ ਕੋਲ ਜਾਂਦੇ ਸਨ, ਜੋ ਕਿ ਸੁਪਰੀਮ ਕੋਰਟ ਦਾ ਰੁਤਬਾ ਰੱਖਦੇ ਸਨ।

ਸਿੰਧ 'ਤੇ ਹਮਲਾ

ਅੱਠਵੀਂ ਸਦੀ ਵਿੱਚ ਬਗ਼ਦਾਦ ਦੇ ਸੂਬੇਦਾਰ ਹੁਜਾਜ ਬਿਨ ਯੂਸਫ਼਼ ਦੇ ਹੁਕਮਾਂ 'ਤੇ ਉਨ੍ਹਾਂ ਦੇ ਭਤੀਜੇ ਅਤੇ ਨੌਜਵਾਨ ਸਿਪਾਹਸਾਲਾਰ ਮੁਹੰਮਦ ਬਿਨ ਕਾਸਿਮ ਨੇ ਸਿੰਧ 'ਤੇ ਹਮਲਾ ਕਰਕੇ ਰਾਜਾ ਦਾਹਿਰ ਨੂੰ ਹਰਾਇਆ ਅਤੇ ਉੱਥੇ ਆਪਣੀ ਸਲਤਨਤ ਕਾਇਮ ਕੀਤੀ।

ਸਿੰਧ ਵਿੱਚ ਅਰਬ ਇਤਿਹਾਸ ਦੀ ਪਹਿਲੀ ਕਿਤਾਬ 'ਚਚਨਾਮਾ' ਜਾਂ 'ਫਤਹਿਨਾਮਾ' ਦੇ ਅਨੁਵਾਦਕ ਅਲੀ ਕੋਫੀ ਲਿਖਦੇ ਹਨ ਕਿ ਸ੍ਰੀਲੰਕਾ ਦੇ ਰਾਜਾ ਨੇ ਬਗ਼ਦਾਦ ਦੇ ਸੂਬੇਦਾਰ ਹੁਜਾਜ ਬਿਨ ਯੂਸਫ਼਼ ਲਈ ਕੁਝ ਤੋਹਫ਼ੇ ਭੇਜੇ ਸਨ ਜੋ ਦੀਬਲ ਬੰਦਰਗਾਹ ਦੇ ਨਜ਼ਦੀਕ ਲੁੱਟ ਲਏ ਗਏ।

ਇਨ੍ਹਾਂ ਸਮੁੰਦਰੀ ਜਹਾਜਾਂ ਵਿੱਚ ਔਰਤਾਂ ਵੀ ਸਵਾਰ ਸਨ। ਕੁਝ ਲੋਕ ਫਰਾਰ ਹੋ ਕੇ ਹੁਜਾਜ ਕੋਲ ਪਹੁੰਚ ਗਏ ਅਤੇ ਉਨ੍ਹਾਂ ਨੂੰ ਦੱਸਿਆ ਕਿ ਔਰਤਾਂ ਤੁਹਾਨੂੰ ਮਦਦ ਲਈ ਪੁਕਾਰ ਰਹੀਆਂ ਹਨ।

ਹੁਜਾਜ ਨੇ ਇਸ ਬਾਰੇ ਰਾਜਾ ਦਾਹਿਰ ਨੂੰ ਰੁੱਕਾ ਭੇਜਿਆ ਤੇ ਹੁਕਮ ਦਿੱਤਾ ਕਿ ਔਰਤਾਂ ਅਤੇ ਲੁੱਟੇ ਹੋਏ ਮਾਲ ਨੂੰ ਵਾਪਸ ਕੀਤਾ ਜਾਵੇ।

ਹਾਲਾਂਕਿ ਰਾਜਾ ਦਾਹਿਰ ਨੇ ਇਸ ਗੱਲੋਂ ਇਨਕਾਰ ਕੀਤਾ ਤੇ ਕਿਹਾ ਕਿ ਲੁੱਟ ਉਨ੍ਹਾਂ ਦੇ ਇਲਾਕੇ ਵਿੱਚ ਨਹੀਂ ਹੋਈ।

ਸਿੰਧ ਦੇ ਬਜ਼ੁਰਗ ਕੌਮ ਪ੍ਰਸਤ ਰਹਿਨੁਮਾ ਜੀਐੱਮ ਸਈਅਦ ਹਮਲੇ ਦੇ ਉਸ ਵਜ੍ਹਾਂ ਨੂੰ ਅਸਵੀਕਾਰ ਕਰਦੇ ਸਨ।

ਉਨ੍ਹਾਂ ਨੇ 'ਸਿੰਧ ਦੇ ਸੂਰਮੇ' ਨਾਮ ਦੀ ਕਿਤਾਬ ਵਿੱਚ ਲਿਖਿਆ ਕਿ ਹੋ ਸਕਦਾ ਹੈ ਕਿ ਸਮੁੰਦਰੀ ਡਾਕੂਆਂ ਨੇ ਲੁੱਟਮਾਰ ਕੀਤੀ ਹੋਵੇ ਨਹੀਂ ਤਾਂ ਰਾਜਾ ਦਾਹਿਰ ਨੂੰ ਇਸ ਨਾਲ ਕੀ ਲਾਭ ਹੋ ਸਕਦਾ ਸੀ?

ਰਾਜਾ ਦਾਹਿਰ

ਤਸਵੀਰ ਸਰੋਤ, SINDHIANA ENCYCLOPAEDIA

ਤਸਵੀਰ ਕੈਪਸ਼ਨ, ਰਾਜਾ ਦਾਹਿਰ ਅਠਾਰਵੀਂ ਸਦੀ ਵਿੱਚ ਸਿੰਧ ਦੇ ਹੁਕਮਰਾਨ ਸਨ

"ਇਹ ਇਲਜ਼ਾਮ ਲਗਾਉਣ ਵਰਗਾ ਹੈ ਵਰਨਾ ਪਹਿਲਾਂ ਅਰਬਾਂ ਨੇ ਜੋ ਸਿੰਧ 'ਤੇ 14 ਹਮਲੇ ਕੀਤੇ ਉਨ੍ਹਾਂ ਦਾ ਕੀ ਕਾਰਨ ਸੀ।"

ਅਲਫੀਆਂ ਦੀ ਬਗ਼ਾਵਤ

ਓਮਾਨ ਵਿੱਚ ਮਾਵਿਆ ਬਿਨ ਅਲਾਫ਼ੀ ਅਤੇ ਉਨ੍ਹਾਂ ਦੇ ਭਰਾ ਮੁਹੰਮਦ ਬਿਨ ਹਾਰਿਸ ਅਲਾਫ਼ੀ ਨੇ ਖ਼ਲੀਫਾ ਦੇ ਖਿਲਾਫ਼ ਬਗ਼ਾਵਤ ਕਰ ਦਿੱਤੀ, ਜਿਸ ਵਿੱਚ ਅਮੀਰ ਸਈਅਦ ਮਾਰਿਆ ਗਿਆ।

ਚਚਨਾਮਾ ਵਿੱਚ ਲਿਖਿਆ ਹੈ ਕਿ ਮੁਹੰਮਦ ਅਲਾਫ਼ੀ ਨੇ ਆਪਣੇ ਸਾਥੀਆਂ ਨਾਲ ਮਕਰਾਨ ਵਿੱਚ ਪਨਾਹ ਹਾਸਲ ਕਰ ਲਈ ਸੀ ਜਿੱਥੇ ਰਾਜਾ ਦਾਹਿਰ ਦੀ ਹਕੂਮਤ ਸੀ।

ਬਗ਼ਦਾਦ ਦੇ ਸੂਬੇਦਾਰ ਨੇ ਉਨ੍ਹਾਂ ਨੂੰ ਕਈ ਚਿੱਠੀਆਂ ਲਿਖ ਕੇ ਬਾਗ਼ੀਆਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਆਪਣੀ ਜ਼ਮੀਨ 'ਤੇ ਪਨਾਹ ਲੈਣ ਵਾਲਿਆਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ। ਹਮਲੇ ਦਾ ਇੱਕ ਕਾਰਨ ਇਹ ਵੀ ਸਮਝਿਆ ਜਾਂਦਾ ਹੈ।

ਲਾਈਨ

ਇਹ ਵੀ ਪੜ੍ਹੋ-

ਲਾਈਨ

ਖਾਨਾਜੰਗੀ

ਰਾਜਾ ਦਾਹਿਰ ਦੇ ਗੱਦੀ 'ਤੇ ਬੈਠਣ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਚੰਦਰਸੇਨ ਰਾਜਾ ਸਨ ਜੋ ਬੁੱਧ ਧਰਮ ਦੇ ਹਮਾਇਤੀ ਸਨ ਅਤੇ ਜਦੋਂ ਰਾਜਾ ਦਾਹਿਰ ਸੱਤਾ ਵਿੱਚ ਆਏ ਤਾਂ ਉਨ੍ਹਾਂ ਨੇ ਸਖ਼ਤੀ ਕੀਤੀ।

ਚਚਨਾਮਾ ਅਨੁਸਾਰ ਬੋਧੀ ਭਿਕਸ਼ੂਆਂ ਨੇ ਮੁਹੰਮਦ ਬਿਨ ਕਾਸਿਮ ਦੇ ਹਮਲੇ ਸਮੇਂ ਨਿਰਾਨਕੋਟ ਅਤੇ ਸਿਵਾਸਤਾਨ ਵਿੱਚ ਇਨ੍ਹਾਂ ਦਾ ਸਵਾਗਤ ਤੇ ਮਦਦ ਕੀਤੀ ਸੀ।

ਸਿੰਧ ਦੇ ਕੌਮ ਪ੍ਰਸਤ ਰਾਹਨੁਮਾ ਜੀਐੱਮ ਸਈਅਦ ਲਿਖਦੇ ਹਨ ਕਿ ਚੰਦਰਸੇਨ ਨੇ ਬੁੱਧ ਧਰਮ ਨੂੰ ਉਤਸ਼ਾਹਿਤ ਕੀਤਾ ਅਤੇ ਭਿਕਸ਼ੂਆਂ ਤੇ ਪੁਜਾਰੀਆਂ ਲਈ ਖ਼ਾਸ ਰਿਆਇਤਾਂ ਦਿੱਤੀਆਂ।

ਰਾਜਾ ਦਾਹਿਰ ਨੇ ਇਸ ਬਾਰੇ ਸਖ਼ਤੀਆਂ ਨਹੀਂ ਕੀਤੀਆਂ ਸਗੋਂ ਉਨ੍ਹਾਂ ਦੇ ਦੋ ਸੂਬੇਦਾਰ ਬੁੱਧ ਧਰਮ ਨੂੰ ਮੰਨਣ ਵਾਲੇ ਸਨ।

ਰਾਜਾ ਦਾਹਿਰ ਨੇ ਆਪਣੀ ਭੈਣ ਨਾਲ ਵਿਆਹ ਕਰਵਾਇਆ

ਚਚਨਾਮਾ ਵਿੱਚ ਇਤਿਹਾਸਕਾਰ ਦਾ ਦਾਅਵਾ ਹੈ ਕਿ ਰਾਜਾ ਦਾਹਿਰ ਜੋਤਸ਼ੀਆਂ ਦੀ ਗੱਲ ਦਾ ਡੂੰਘਾ ਅਸਰ ਮੰਨਦੇ ਸਨ।

ਉਨ੍ਹਾਂ ਨੇ ਜਦੋਂ ਜੋਤਸ਼ੀਆਂ ਤੋਂ ਆਪਣੀ ਭੈਣ ਦੇ ਵਿਆਹ ਬਾਰੇ ਸਲਾਹ ਮੰਗੀ ਤਾਂ ਜੋਤਸ਼ੀਆਂ ਨੇ ਦੱਸਿਆ ਕਿ ਜਿਸ ਕਿਸੇ ਨਾਲ ਵੀ ਰਾਜਕੁਮਾਰੀ ਦਾ ਵਿਆਹ ਹੋਵੇਗਾ, ਉਹੀ ਸਿੰਧ ਦਾ ਰਾਜਾ ਬਣੇਗਾ।

ਅਲਾਫ਼ੀਆਂ ਦੀ ਬਗ਼ਾਵਤ

ਰਾਜਾ ਦਾਹਿਰ ਨੇ ਆਪਣੇ ਮੰਤਰੀਆਂ ਤੇ ਜੋਤਸ਼ੀਆਂ ਨਾਲ ਸਲਾਹ ਮਗਰੋਂ ਆਪਣੀ ਸਕੀ ਭੈਣ ਨਾਲ ਵਿਆਹ ਕਰਵਾ ਲਿਆ।

ਇਤਿਹਾਸਕਾਰਾਂ ਦੀ ਰਾਇ ਹੈ ਕਿ ਇਸ ਵਿਆਹ ਵਿੱਚ ਸਰੀਰਕ ਸੰਬੰਧਾਂ ਤੋਂ ਇਲਾਵਾ ਹੋਰ ਸਾਰੀਆਂ ਰਸਮਾਂ ਨਿਭਾਈਆਂ ਗਈਆਂ।

ਜੀਐੱਮ ਸਈਅਦ ਇਸ ਕਹਾਣੀ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਨੇ ਲਿਖਿਆ ਹੈ ਕਿ ਸਕੀ ਭੈਣ ਤਾਂ ਦੂਰ ਦੀ ਗੱਲ ਹੈ, ਬ੍ਰਾਹਮਣ ਚਾਚੇ-ਤਾਏ ਜਾਂ ਮਾਮੇ ਦੀ ਧੀ-ਭੈਣ ਨਾਲ ਵੀ ਵਿਆਹ ਕਰਨ ਨੂੰ ਨਾਜਾਇਜ਼ ਸਮਝਦੇ ਸਨ।

ਉਹ ਦਲੀਦ ਦਿੰਦੇ ਹਨ ਕਿ ਹੋ ਸਕਦਾ ਹੈ ਕਿ ਕਿਸੇ ਛੋਟੇ ਰਾਜੇ ਨੂੰ ਰਿਸ਼ਤਾ ਨਾ ਦੇ ਕੇ ਕੁੜੀ ਨੂੰ ਘਰੇ ਬਿਠਾ ਲਿਆ ਹੋਵੇ ਕਿਉਂਕਿ ਹਿੰਦੂਆਂ ਵਿੱਚ ਜਾਤ ਨੂੰ ਲੈ ਕੇ ਵਿਤਕਰਾ ਕੀਤਾ ਜਾਂਦਾ ਹੈ ਅਤੇ ਇਸ ਲਈ ਕਿਸੇ ਘਟ ਦਰਜੇ ਵਾਲੇ ਵਿਅਕਤੀ ਨੂੰ ਰਿਸ਼ਤਾ ਦੇਣ ਤੋਂ ਇਨਕਾਰ ਕੀਤਾ ਗਿਆ ਹੋਵੇ।

ਡਾਕਟਰ ਆਜ਼ਾਦ ਕਾਜ਼ੀ 'ਦਾਹਿਰ ਦਾ ਖ਼ਾਨਦਾਨ ਤਹਿਕੀਕ ਦੀ ਰੌਸ਼ਨੀ 'ਚ' ਨਾਮ ਦੇ ਖੋਜ-ਪੱਤਰ ਵਿੱਚ ਲਿਖਦੇ ਹਨ ਕਿ ਚਚਨਾਮੇ ਦੇ ਇਤਿਹਾਸਕਾਰ ਨੇ ਅਰੂੜ ਦੇ ਕਿਲੇ ਤੋਂ ਰਾਜਾ ਦਾਹਿਰ ਦੇ ਹਿਰਾਸਤ 'ਚ ਲਏ ਗਏ ਰਿਸ਼ਤੇਦਾਰਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਇਨ੍ਹਾਂ ਵਿੱਚ ਰਾਜੇ ਦੀ ਭਣੇਵੀ ਵੀ ਸ਼ਾਮਿਲ ਸੀ।

ਉਸ ਦੀ ਕਰਬ ਦੀ ਬਿਨ ਮਖਾਰੂ ਨਾਮ ਦੇ ਅਰਬ ਨੇ ਪਛਾਣ ਕੀਤੀ। ਜੇਕਰ ਚਚਨਾਮੇ ਦੀ ਗੱਲ ਮੰਨੀ ਜਾਵੇ ਕਿ ਭੈਣ ਦੇ ਨਾਲ ਰਸਮੀ ਵਿਆਹ ਸੀ ਤਾਂ ਇਹ ਕੁੜੀ ਕਿਥੋਂ ਆਈ।

ਰਾਜਾ ਦਾਹਿਰ ਦੀਆਂ ਧੀਆਂ ਅਤੇ ਮੁਹੰਮਦ ਬਿਨ ਕਾਸਿਮ

ਚਚਨਾਮਾ ਦੇ ਇਤਿਹਾਸਕਾਰ ਲਿਖਦੇ ਹਨ ਕਿ ਰਾਜਾ ਦਾਹਿਰ ਦੀਆਂ ਦੋ ਧੀਆਂ ਨੂੰ ਖ਼ਲੀਫਾ ਦੇ ਕੋਲ ਭੇਜ ਦਿੱਤਾ ਗਿਆ।

ਖ਼ਲੀਫਾ ਬਿਨ ਅਬਦੁੱਲ ਮਾਲਿਕ ਨੇ ਦੋਵਾਂ ਧੀਆਂ ਨੂੰ ਇੱਕ-ਦੋ ਦਿਨ ਆਰਾਮ ਕਰਨ ਤੋਂ ਬਾਅਦ ਹਰਮ ਵਿੱਚ ਲੈ ਕੇ ਆਉਣ ਦਾ ਆਦੇਸ਼ ਦਿੱਤਾ।

ਇੱਕ ਰਾਤ ਦੋਵਾਂ ਨੂੰ ਖ਼ਲੀਫਾ ਦੇ ਹਰਮ ਵਿੱਚ ਬੁਲਾਇਆ ਗਿਆ। ਖ਼ਲੀਫਾ ਨੇ ਆਪਣੇ ਇੱਕ ਅਧਿਕਾਰੀ ਨੂੰ ਕਿਹਾ ਕਿ ਪਤਾ ਕਰੇ ਕਿ ਦੋਵਾਂ ਵਿਚੋਂ ਕਿਹੜੀ ਵੱਡੀ ਹੈ।

ਵੱਡੀ ਨੇ ਆਪਣਾ ਨਾਮ ਸੂਰਿਆ ਦੇਵੀ ਦੱਸਿਆ ਅਤੇ ਉਸ ਨੇ ਚਿਹਰੇ ਤੋਂ ਜਿਵੇਂ ਹੀ ਨਕਾਬ ਬਟਾਇਆ ਤਾਂ ਖ਼ਲੀਫ਼ਾ ਉਨ੍ਹਾਂ ਦੀ ਖ਼ੂਬਸੂਰਤੀ ਦੇਖ ਕੇ ਹੈਰਾਨ ਹੋ ਗਿਆ ਅਤੇ ਕੁੜੀ ਨੂੰ ਹੱਥ ਨਾਲ ਆਪਣੇ ਵੱਲ ਖਿੱਚਿਆ।

ਪਰ ਕੁੜੀ ਨੇ ਖ਼ੁਦ ਨੂੰ ਛੁੜਾਉਂਦੇ ਹੋਏ ਕਿਹਾ, "ਬਾਦਸ਼ਾਹ ਸਲਾਮਤ ਰਹੇ, ਮੈਂ ਬਾਦਸ਼ਾਹ ਦੇ ਕਾਬਿਲ ਨਹੀਂ ਹਾਂ ਕਿਉਂਕਿ ਆਦਿਲ ਇਮਾਦੁਦੀਨ ਮੁਹੰਮਦ ਕਾਸਿਮ ਨੇ ਸਾਨੂੰ ਤਿੰਨ ਦਿਨ ਆਪਣੇ ਕੋਲ ਰੱਖਿਆ ਅਤੇ ਉਸ ਤੋਂ ਬਾਅਦ ਖ਼ਲੀਫਾ ਦੀ ਖ਼ਿਦਮਤ ਵਿੱਚ ਭੇਜਿਆ ਹੈ। ਸ਼ਾਇਦ ਤੁਹਾਡਾ ਦਸਤੂਰ ਕੁਝ ਅਜਿਹਾ ਹੈ, ਬਾਦਸ਼ਾਹਾਂ ਲਈ ਬਦਨਾਮੀ ਜਾਇਜ਼ ਨਹੀਂ।"

ਇਤਿਹਾਸਕਾਰ

ਤਸਵੀਰ ਸਰੋਤ, GOVT. OF SINDH

ਤਸਵੀਰ ਕੈਪਸ਼ਨ, ਕੁਝ ਇਤਿਹਾਸਕਾਨ ਅਤੇ ਲੇਖਕ ਚਚਨਾਮਾ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਹਨ

ਇਤਿਹਾਸਕਾਰ ਮੁਤਾਬਕ ਖ਼ਲੀਫਾ ਵਲੀਦ ਬਿਨ ਅਬਦੁੱਲ ਮਾਲਿਕ, ਮੁਹੰਮਦ ਬਿਨ ਕਾਸਿਮ ਨਾਲ ਬਹੁਤ ਨਾਰਾਜ਼ ਹੋਏ ਅਤੇ ਆਦੇਸ਼ ਜਾਰੀ ਕੀਤਾ ਕਿ ਉਹ ਸੰਦੂਕ 'ਚ ਬੰਦ ਹੋ ਕੇ ਹਾਜ਼ਿਰ ਹੋਣ।

ਜਦੋਂ ਇਹ ਫਰਮਾਨ ਮੁਹੰਮਦ ਕਾਸਿਮ ਨੂੰ ਪਹੁੰਚਾਇਆ ਤਾਂ ਉਹ ਅਵਧਪੁਰ ਵਿੱਚ ਸੀ। ਤੁਰੰਤ ਆਦੇਸ਼ ਦਾ ਪਾਲਣ ਕੀਤਾ ਗਿਆ ਪਰ ਦੋ ਦਿਨਾਂ ਵਿੱਚ ਉਨ੍ਹਾਂ ਦਾ ਦਮ ਨਿਕਲ ਗਿਆ।

ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਰਾਜਾ ਦਾਹਿਰ ਦੀਆਂ ਧੀਆਂ ਨੇ ਇਸ ਤਰ੍ਹਾਂ ਆਪਣਾ ਬਦਲਾ ਲਿਆ।

ਚਚਨਾਮੇ 'ਤੇ ਇਤਰਾਜ਼

ਚਚਨਾਮਾ ਦੇ ਤਰਜਮਾਕਾਰ ਅਲੀ ਬਿਨ ਹਾਮਿਦ ਅਬੂ ਬਕਰ ਕੋਫੀ ਹਨ। ਉਹ ਅਚਸ਼ਰੀਫ ਵਿੱਚ ਰਹਿਣ ਲੱਗੇ ਅਤੇ ਇਸ ਵੇਲੇ ਉੱਥੇ ਨਾਸਿਰੂਦੀਨ ਕਬਾਚਾ ਦੀ ਹਕੂਮਤ ਸੀ।

ਉੱਥੇ ਉਨ੍ਹਾਂ ਦੀ ਮੁਲਾਕਾਤ ਮੌਲਾਨਾ ਕਾਜ਼ੀ ਇਸਮਾਈਲ ਨਾਲ ਹੋਈ ਜਿਨ੍ਹਾਂ ਨੇ ਉਨ੍ਹਾਂ ਨੂੰ ਇੱਕ ਅਰਬੀ ਕਿਤਾਬ ਦਿਖਾਈ ਜੋ ਉਨ੍ਹਾਂ ਦੇ ਪਿਉ-ਦਾਦਿਆਂ ਨੇ ਲਿਖੀ ਸੀ।

ਅਲੀ ਕੋਫੀ ਨੇ ਉਸ ਦਾ ਅਰਬੀ ਤੋਂ ਫਾਰਸੀ ਵਿੱਚ ਤਰਜਮਾ ਕੀਤਾ ਜਿਸ ਨੂੰ ਫਤਿਹਨਾਮਾ ਅਤੇ ਚਚਨਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਕੁਝ ਇਤਿਹਾਸਕਾਰ ਅਤੇ ਲੇਖਕ ਚਚਨਾਮਾ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਹਨ।

ਡਾ. ਮੁਰਲੀਧਰ ਜੇਤਲੀ ਮੁਤਾਬਕ ਚਚਨਾਮਾ ਸੰਨ 1216 ਵਿੱਚ ਅਰਬ ਸੈਲਾਨੀ ਅਲੀ ਕੋਫੀ ਨੇ ਲਿਖੀ ਸੀ ਜਿਸ ਵਿੱਚ ਹਮਲੇ ਤੋਂ ਬਾਅਦ ਲੋਕਾਂ ਕੋਲੋਂ ਸੁਣੀਆਂ-ਸੁਣਾਈਆਂ ਗੱਲਾਂ ਨੂੰ ਸ਼ਾਮਿਲ ਕੀਤਾ ਗਿਆ।

ਇਸ ਤਰ੍ਹਾਂ ਪੀਟਰ ਹਾਰਡੇ ਮੁਤਾਬਕ ਅਲੀ ਅਤੇ ਗੰਗਾ ਰਾਮ ਸਮਰਾਟ ਨੇ ਵੀ ਇਸ ਵਿੱਚ ਮੌਜੂਦ ਜਾਣਕਾਰੀ ਦੀ ਅਸਲੀਅਤ 'ਤੇ ਸ਼ੱਕ ਜ਼ਾਹਿਰ ਕੀਤਾ ਹੈ।

ਜੀਐੱਮ ਸਈਅਦ ਨੇ ਲਿਖਿਆ ਹੈ ਕਿ ਹਰ ਇੱਕ ਸੱਚੇ ਸਿੰਧੀ ਨੂੰ ਰਾਜਾ ਦਾਹਿਰ ਦੇ ਕਾਰਨਾਮੇ 'ਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਉਹ ਸਿੰਧ ਲਈ ਸਿਰ ਦਾ ਨਜ਼ਰਾਨਾ ਪੇਸ਼ ਕਰਨ ਵਾਲਿਆਂ ਵਿਚੋਂ ਸਭ ਤੋਂ ਮੋਹਰੀ ਹਨ।

ਇਨ੍ਹਾਂ ਤੋਂ ਬਾਅਦ ਸਿੰਧ 340 ਸਾਲਾਂ ਤੱਕ ਗ਼ੈਰਾਂ ਦੀ ਗੁਲਾਮੀ 'ਚ ਰਿਹਾ, ਜਦੋਂ ਤੱਕ ਸਿੰਧ ਦੇ ਸੋਮਰਾ ਘਰਾਣੇ ਨੇ ਹਕੂਮਤ ਹਾਸਿਲ ਨਹੀਂ ਕਰ ਲਈ।

ਰਾਸ਼ਟਰਵਾਦੀ ਵਿਚਾਰਧਾਰਾ ਦੇ ਸਮਰਥਕ ਇਸ ਵਿਚਾਰ ਨੂੰ ਦਰੁਸਤ ਕਰਾਰ ਦਿੱਤੇ ਹਨ, ਜਦ ਕਿ ਕੁਝ ਮੁਹੰਮਦ ਬਿਨ ਕਾਸਿਮ ਨੂੰ ਆਪਣਾ ਹੀਰੋ ਅਤੇ ਬਚਾਉਣ ਵਾਲਾ ਸਮਝਦੇ ਹਨ।

ਇਸ ਵਿਚਾਰਕ ਬਹਿਸ ਨੇ ਸਿੰਧ ਵਿੱਚ ਦਿਨ ਮਨਾਉਣ ਦੀ ਵੀ ਬੁਨਿਆਦ ਰੱਖੀ ਜਦੋਂ ਧਾਰਮਿਕ ਰੁਝਾਨ ਰੱਖਣ ਵਾਲਿਆਂ ਨੇ 'ਮੁਹੰਮਦ ਬਿਨ ਕਾਸਿਮ ਡੇ' ਮਨਾਇਆ ਅਤੇ ਰਾਸ਼ਟਰਵਾਦੀਆਂ ਨੇ 'ਰਾਜਾ ਦਾਹਿਰ ਦਿਵਸ' ਮਨਾਉਣ ਦਾ ਆਗ਼ਾਜ਼ ਕੀਤਾ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)