You’re viewing a text-only version of this website that uses less data. View the main version of the website including all images and videos.
ਲਿਖਣ-ਪੜ੍ਹਨ ਦੇ ਲਿਹਾਜ਼ ਨਾਲ ਅੰਗਰੇਜ਼ੀ 'ਚ ਆਏ ਬਦਲਾਅ ਤੁਸੀਂ ਅਪਣਾਏ ਕੀ ਨਹੀਂ
- ਲੇਖਕ, ਕ੍ਰਿਸਟੀਨਾ ਰੋ
- ਰੋਲ, ਬੀਬੀਸੀ ਕੈਪੀਟਲ
ਅੰਗਰੇਜ਼ੀ ਦਾ "centre" ਹੁਣ "center" ਹੈ ਤੇ "labour"ਹੁਣ "labor"ਬਣ ਕੇ ਵੀ ਖ਼ੁਸ਼ ਹੈ।
ਹੁਣ ਲੋਕ ਅੰਗਰੇਜ਼ੀ ਸ਼ਬਦਾਂ ਦੇ ਸੌਖੇ ਸ਼ਬਦ-ਜੋੜਾਂ ਨੂੰ ਅਪਨਾਉਣ ਦੀ ਵਕਾਲਤ ਕਰ ਰਹੇ ਹਨ।
ਜੇ ਤੁਹਾਨੂੰ ਇਸ ਰੁਝਾਨ ਤੋਂ ਪ੍ਰੇਸ਼ਾਨੀ ਹੈ ਤਾਂ ਤੁਸੀਂ ਸੌ ਸਾਲ ਪਿੱਛੇ ਚੱਲ ਰਹੇ ਹੋ।
ਜਦੋਂ ਤੋਂ ਅੰਗਰੇਜ਼ੀ ਲਿਖੀ ਜਾ ਰਹੀ ਹੈ, ਇਸਦੇ ਸ਼ਬਦ-ਜੋੜ ਲੋਕਾਂ ਨੂੰ ਉਸ ਸਮੇਂ ਤੋਂ ਹੀ ਪ੍ਰੇਸ਼ਾਨ ਕਰਦੇ ਆ ਰਹੇ ਹਨ।
ਇਹ ਵੀ ਪੜ੍ਹੋ:
ਸ਼ਬਦ-ਜੋੜਾਂ ਨੂੰ ਸੌਖਾ ਬਣਾਉਣ ਦੇ ਵਕਾਲਤੀਆਂ ਦਾ ਕਹਿਣਾ ਹੈ ਕਿ ਸ਼ਬਦ-ਜੋੜਾਂ ਦੇ ਬਹੁਤੇ ਰੂਪ ਲੋਕਾਂ ਦੇ ਭਾਸ਼ਾ ਸਿੱਖਣ ਵਿੱਚ ਰੁਕਾਵਟ ਬਣਦੇ ਰਹੇ ਹਨ। ਇਨ੍ਹਾਂ ਕਾਰਨ ਅੰਗਰੇਜ਼ੀ ਨੂੰ ਸਿੱਖਣਾ ਬੇਵਜ੍ਹਾ ਹੀ ਔਖਾ ਰਿਹਾ ਹੈ।
'ਦਿ ਇੰਗਲਿਸ਼ ਸਪੈਲਿੰਗ ਸੋਸਾਈਟੀ' ਬਰਤਾਨੀਆ ਦੀ ਇੱਕ ਸੰਸਥਾ ਹੈ ਜੋ ਕਿ ਅੰਗਰੇਜ਼ੀ ਦੇ ਸ਼ਬਦ-ਜੋੜਾਂ ਨੂੰ ਸਰਲ ਬਣਾਉਣ ਦੀ ਵਕਾਲਤ ਕਰ ਰਹੀ ਹੈ।
ਸੰਗਠਨ ਦਾ ਇਹ ਵੀ ਤਰਕ ਹੈ ਕਿ ਔਖੇ ਸ਼ਬਦ-ਜੋੜਾਂ ਅਤੇ ਜੁਰਮਾਂ ਦਾ ਸਿੱਧਾ ਸੰਬੰਧ ਹੈ। ਲੋਕ ਔਖੇ ਸ਼ਬਦ-ਜੋੜਾਂ ਕਾਰਨ ਪੜ੍ਹਾਈ ਨਹੀਂ ਕਰਦੇ ਅਤੇ ਅਨਪੜ੍ਹਤਾ ਲੋਕਾਂ ਨੂੰ ਜੁਰਮ ਲਈ ਪ੍ਰੇਰਿਤ ਕਰਦੀ ਹੈ।
ਇਹ ਦਾਅਵਾ ਸੰਘੋਂ ਲੰਘਾਉਣਾ ਭਾਵੇਂ ਔਖਾ ਹੋਵੇ ਪਰ ਇਹ ਜ਼ਰੂਰ ਹੈ ਕਿ ਗੈਰ-ਰਵਾਇਤੀ ਸ਼ਬਦ-ਜੋੜਾਂ ਨਾਲ ਤੁਹਾਡੇ ਅਕਸ 'ਤੇ ਬੁਰਾ ਅਸਰ ਜ਼ਰੂਰ ਪੈਂਦਾ ਹੈ।
ਬਰਤਾਨਵੀ ਸ਼ਬਦ-ਜੋੜਾਂ ਦੇ ਮੁਕਾਬਲੇ ਅਮਰੀਕੀ ਸ਼ਬਦ-ਜੋੜ ਸਰਲ ਹਨ। ਇਸੇ ਕਾਰਨ ਅਮਰੀਕੀ ਅੰਗਰੇਜ਼ੀ ਗੈਰ-ਅੰਗਰੇਜ਼ੀ ਭਾਸ਼ੀ ਲੋਕਾਂ ਲਈ ਵੀ ਸਿੱਖਣੀ ਸੌਖੀ ਹੈ।
ਜਿਵੇਂ ਬੋਲੋ ਤਿਵੇਂ ਲਿਖੋ
ਅਮਰੀਕੀ ਸ਼ਬਦ-ਜੋੜ ਉਚਾਰਣ ਪ੍ਰਧਾਨ ਹੈ, ਭਾਵ ਜਿਵੇਂ ਬੋਲੋ ਤਿਵੇਂ ਲਿਖੋ ਦੇ ਸਿਧਾਂਤ ਮੁਤਾਬਕ ਲਿਖੀ ਜਾਂਦੀ ਹੈ।
ਸੌਖੇ ਸ਼ਬਦ-ਜੋੜ ਵੈਬਸਟਰ ਡਿਕਸ਼ਨਰੀ ਦੇ ਨੋਹਾ ਵੈਬਸਟਰ ਦੀ ਦੇਣ ਹੈ। ਉਨ੍ਹਾਂ ਨੇ ਅੰਗਰੇਜ਼ੀ ਨੂੰ ਦੂਹਰੇ ਤੇ ਚੁੱਪ ਅੱਖਰਾਂ ਤੋਂ ਮੁਕਤ ਕਰਨ ਦੀ ਲਹਿਰ ਚਲਾਈ।
ਸ਼ਬਦ-ਜੋੜਾਂ ਨੂੰ ਸਰਲ ਬਣਾਉਣ ਦੀ ਇਸ ਲਹਿਰ ਦੇ ਅਮਲੀ ਪੱਖ ਦੇ ਨਾਲ ਇੱਕ ਸਿਆਸੀ ਪਹਿਲੂ ਵੀ ਸੀ।
ਸਰਲ ਸ਼ਬਦ-ਜੋੜਾਂ ਨੂੰ ਨਾ ਸਿਰਫ਼ ਸਿੱਖਣਾ ਸੌਖਾ ਸੀ ਸਗੋਂ ਇਸ ਨੇ ਅਮਰੀਕਾ ਦੀ ਅੰਗਰੇਜ਼ੀ ਨੂੰ ਬਰਤਾਨਵੀ ਅੰਗਰੇਜ਼ੀ ਤੋਂ ਵੱਖਰੀ ਪਹਿਚਾਣ ਵੀ ਦਿੱਤੀ।
ਸਿਆਸੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਸਿਰਫ਼ ਅੰਗਰੇਜ਼ੀ ਦੇ ਸ਼ਬਦ-ਜੋੜ ਹੀ ਨਹੀਂ ਬਦਲੇ ਗਏ ਸਗੋਂ ਇਹ ਚਲਨ ਕੁਝ ਹੋਰ ਭਾਸ਼ਾਵਾਂ ਵਿੱਚ ਵੀ ਦੇਖਣ ਨੂੰ ਮਿਲਿਆ।
ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਰੋਮਾਨੀਅਨ ਭਾਸ਼ਾ ਦੇ ਇੱਕ ਸਵਰ ਵਿੱਚ ਬਦਲਾਅ ਕੀਤਾ ਗਿਆ।
ਰੋਮਾਨੀਆ ਵਿੱਚ ਇਹ ਬਦਲਾਅ ਅਧਿਕਾਰਕ ਤੌਰ 'ਤੇ ਕੀਤਾ ਗਿਆ ਜਿਸ ਤਹਿਤ 'â' ਨੂੰ 'î' ਨਾਲ ਬਦਲ ਦਿੱਤਾ ਗਿਆ।
ਇਹ ਬਦਲਾਅ ਇਸ ਲਈ ਕੀਤਾ ਗਿਆ ਸੀ ਕਿ ਰੋਮਾਨੀਅਨ ਭਾਸ਼ਾ ਰੂਸੀ ਤੇ ਹੋਰ ਸਲਾਵਿਕ ਬੋਲੀਆਂ ਦੇ ਨੇੜੇ ਹੈ ਪਰ ਜਿਵੇਂ ਹੀ ਰੋਮਾਨੀਆ ਉੱਪਰ ਸੋਵੀਅਤ ਸੰਘ ਦਾ ਪ੍ਰਭਾਵ ਘਟਿਆ ਤਾਂ 'â' ਵੀ ਵਾਪਸ ਆ ਗਿਆ।
ਅਮਰੀਕਾ ਵਿੱਚ ਵੈਬਸਟਰ ਕ੍ਰਾਂਤੀਕਾਰੀ ਸੁਧਾਰਾਂ ਦੀ ਸਿਫ਼ਾਰਿਸ਼ ਕਰਨ ਵਾਲੇ ਪਹਿਲੇ ਵਿਅਕਤੀ ਨਹੀਂ ਸਨ।
ਉਨ੍ਹਾਂ ਤੋਂ ਇਲਾਵਾ ਬੈਂਜਮਿਨ ਫਰੈਕਲਿਨ ਨੇ ਵੀ ਐਕਸ (X) ਕੱਢਣ ਦੀ ਵਕਾਲਤ ਕੀਤੀ ਸੀ।
ਹਾਲਾਂਕਿ ਵੈਬਸਟਰ ਆਪਣੇ ਯਤਨ ਵਿੱਚ ਸਫ਼ਲ ਰਹੇ ਤੇ ਅਮਰੀਕਾ ਨੇ ਅਪਣਾਇਆ "labour" ਦੀ ਥਾਂ "labor" ਅਤੇ "centre" ਦੀ ਥਾਂ "center" ਦੀ ਵਰਤੋਂ ਵਿੱਚ ਵਾਧਾ ਹੋਇਆ।
ਬਦਲਾਅ ਸੌਖਾ ਨਹੀਂ
ਅੰਗਰੇਜ਼ੀ ਐਨੀ ਕੁ ਅਨਿਯਮਤ ਭਾਸ਼ਾ ਹੈ ਕਿ ਇਸ ਦੀਆਂ ਸਾਰੀਆਂ ਗੰਢਾਂ ਖੋਲ੍ਹਣਾ ਲਗਭਗ ਅੰਸਭਵ ਹੈ।
ਅੰਗਰੇਜ਼ੀ ਦਾ ਕੋਈ ਵੀ ਰੂਪ ਹੋਵੇ ਉਹ ਜਿਵੇਂ ਬੋਲੋ ਤਿਵੇਂ ਲਿਖੋ ਦੇ ਸਿਧਾਂਤ ਮੁਤਾਬਕ ਨਹੀਂ ਲਿਖਿਆ ਜਾਂਦਾ।
ਇਸ ਲਈ ਸ਼ਬਦ-ਜੋੜ ਦੇ ਕਿਸੇ ਵੀ ਨਿਯਮ ਵਿੱਚ ਬਹੁਤ ਸਾਰੇ ਅਪਵਾਦ ਰੱਖਣੇ ਜ਼ਰੂਰੀ ਹਨ।
ਅੰਗਰੇਜ਼ੀ ਨੇ ਦੁਨੀਆਂ ਦੀਆਂ ਕਈ ਭਾਸ਼ਾਵਾਂ ਤੋਂ ਸ਼ਬਦ ਲਏ ਹਨ ਜਿਸ ਦਾ ਅਸਰ ਅੰਗਰੇਜ਼ੀ ਦੇ ਸ਼ਬਦ-ਜੋੜਾਂ ਉੱਪਰ ਵੀ ਪਿਆ ਹੈ।
ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਦਾ ਲਹਿਜ਼ਾ ਵੱਖੋ-ਵੱਖਰਾ ਹੈ। ਇਸ ਨਾਲ ਜਿੱਥੇ ਅੰਗਰੇਜ਼ੀ ਦੀ ਸ਼ਬਦਾਵਲੀ ਅਮੀਰ ਹੋਈ ਹੈ ਉੱਥੇ ਇਸ ਨੇ ਅੰਗਰੇਜ਼ੀ ਨੂੰ ਮਿਆਰੀ ਰੂਪ ਦੇਣ ਵਿੱਚ ਵੀ ਰੁਕਾਵਟ ਖੜ੍ਹੀ ਹੋਈ ਹੈ।
ਇਸੇ ਕਾਰਨ ਅੰਗਰੇਜ਼ੀ ਦੇ ਭਾਸ਼ਾ ਵਿਗਿਆਨੀਆਂ ਜਾਂ ਅੰਗਰੇਜ਼ੀ ਬੋਲਣ ਵਾਲਿਆਂ ਨੇ ਕਦੇ ਵੀ ਸ਼ਬਦ-ਜੋੜ ਸੁਧਾਰਾਂ ਦੀ ਮੰਗ ਨਹੀਂ ਚੁੱਕੀ।
ਸ਼ਬਦ-ਜੋੜ ਤੇ ਡਿਸਲੈਕਸੀਆ
ਸਰਲ ਸ਼ਬਦ-ਜੋੜਾਂ ਦਾ ਡਿਸਲੈਕਸੀਆ ਤੋਂ ਪ੍ਰਭਾਵਿਤ ਲੋਕਾਂ ਨੂੰ ਸਭ ਤੋਂ ਵਧੇਰੇ ਲਾਭ ਹੋਵੇਗਾ।
ਭਾਸ਼ਾ-ਵਿਗਿਆਨਕ ਤੌਰ 'ਤੇ ਅੰਗਰੇਜ਼ੀ ਅਜਿਹੀ ਭਾਸ਼ਾ ਹੈ ਜਿਸ ਦੇ ਉਚਾਰਣ ਤੇ ਲਿਖਤ ਵਿੱਚ ਅੰਤਰ ਹੁੰਦਾ ਹੈ।
ਅੰਗਰੇਜ਼ੀ ਵਿੱਚ ਜੋ ਤੁਸੀਂ ਪੜ੍ਹਦੇ ਹੋ, ਬੋਲਦੇ ਉਸ ਤੋਂ ਕਾਫ਼ੀ ਵੱਖਰਾ ਹੁੰਦਾ ਹੈ। ਇਸ ਦੇ ਮੁਕਾਬਲੇ ਫਰੈਂਚ ਤੇ ਸਪੈਨਿਸ਼ ਭਾਸ਼ਾ ਕੁਝ ਸਹੀ ਹਨ।
ਇਹ ਵੀ ਪੜ੍ਹੋ:-
ਯੂਨੀਵਰਸਿਟੀ ਕਾਲਜ ਲੰਡਨ ਦੇ ਨਿਓਰੋਲੋਜਿਸਟ ਲਿਓਰੀ ਫੈਰਨ-ਪੌਲਕ ਦਾ ਕਹਿਣਾ ਹੈ, "ਅੰਗਰੇਜ਼ੀ ਸਿੱਖਣ ਵਾਲੇ ਬੱਚੇ ਸਪੈਨਿਸ਼, ਇਤਲਾਵੀ, ਚੈਕ ਅਤੇ ਜਰਮਨ ਵਰਗੀਆਂ ਪਾਰਦਰਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਨਾਲੋਂ ਹੌਲੀ ਸਿੱਖਦੇ ਹਨ।"
ਇਸ ਲਈ ਉਨ੍ਹਾਂ ਦਾ ਮੰਨਣਾ ਹੈ ਕਿ ਸ਼ਬਦ-ਜੋੜਾਂ ਦੇ ਸੌਖੇ ਹੋ ਜਾਣ ਨਾਲ ਡਿਸਲੈਕਸੀਆ ਵਾਲੇ ਬੱਚਿਆਂ ਨੂੰ ਮਦਦ ਮਿਲੇਗੀ। ਇਸ ਤਰੀਕੇ ਨਾਲ ਬੱਚੇ ਸਰਲ ਸ਼ਬਦ-ਜੋੜ ਸਿੱਖ ਕੇ ਮਿਆਰੀ ਸ਼ਬਦ-ਜੋੜਾਂ ਵੱਲ ਵਧ ਸਕਣਗੇ।
ਅਜਿਹਾ ਕੁਝ ਹੋਰ ਭਾਸ਼ਾਵਾਂ ਵਿੱਚ ਹੁੰਦਾ ਹੈ। ਮਿਸਾਲ ਵਜੋਂ ਹਰਬਿਊ ਵਿੱਚ ਸਵਰਾਂ ਦਾ ਉਚਾਰਣ ਦਰਸਾਉਣ ਲਈ ਕੁਝ ਚਿੰਨ੍ਹ ਵਰਤ ਲਏ ਜਾਂਦੇ ਹਨ। ਜਦਕਿ ਮਿਆਰੀ ਹਰਬਿਊ ਬਿਨਾਂ ਸਵਰਾਂ ਦੇ ਹੀ ਲਿਖੀ ਜਾਂਦੀ ਹੈ।
ਸ਼ੁਰੂ ਵਿੱਚ ਬੱਚੇ ਇਨ੍ਹਾਂ ਚਿੰਨ੍ਹਾਂ ਨਾਲ ਹੀ ਪੜ੍ਹਨਾ ਸਿੱਖਦੇ ਹਨ। ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ ਉਨ੍ਹਾਂ ਨੂੰ ਇਨ੍ਹਾਂ ਚਿੰਨ੍ਹਾਂ ਤੋਂ ਬਿਨਾਂ ਪੜ੍ਹਨ ਲਾ ਦਿੱਤਾ ਜਾਂਦਾ ਹੈ।
ਅੰਗਰੇਜ਼ੀ ਸਿੱਖਣ ਵਾਲੇ ਬੱਚਿਆਂ ਲਈ ਵੀ ਇਹ ਤਰਕੀਬ ਕੰਮ ਆ ਸਕਦੀ ਹੈ।
ਇੰਟਰਨੈੱਟ ਦੇ ਯੁੱਗ ਵਿੱਚ ਅੰਗਰੇਜ਼ੀ
ਵੈਸਬਸਟਰ ਦੇ ਵਿਚਾਰਾਂ ਨੂੰ ਇੰਟਰਨੈਟ ਨੇ ਸ਼ਾਇਦ ਮੁੜ ਤੋਂ ਪ੍ਰਸੰਗਿਕ ਬਣਾ ਦਿੱਤਾ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਆਈਟੀ ਤੇ ਇੰਟਰਨੈਟ ਲਿਖਤੀ ਅੰਗਰੇਜ਼ੀ ਨੂੰ ਸਭ ਤੋਂ ਪ੍ਰਭਾਵਿਤ ਕਰ ਰਹੇ ਹਨ।
ਗੂਗਲ ਅਮਰੀਕਨ ਸ਼ਬਦ-ਜੋੜਾਂ ਨਾਲ ਸਰਚ ਕਰਨ 'ਤੇ ਵਧੇਰੇ ਨਤੀਜੇ ਦਿਖਾਉਂਦਾ ਹੈ।
ਕੰਪਿਊਟਰ ਦੀ ਭਾਸ਼ਾ ਵਿੱਚ "program" ਦੇ ਮੁਕਾਬਲੇ "programme" ਜ਼ਿਆਦਾ ਸਵੀਕਾਰ ਕੀਤਾ ਜਾਂਦਾ ਹੈ।
ਛੋਟੇ ਸ਼ਬਦਾਂ ਦੀ ਟੈਕਸਟ ਸੁਨੇਹਿਆਂ ਵਿੱਚ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਸਰਚ ਇੰਜਣ ਅਮਰੀਕੀ ਸ਼ਬਦ-ਜੋੜਾਂ ਨੂੰ ਤਰਜੀਹ ਦਿੰਦੇ ਹਨ।
ਇਹ ਵੀ ਪੜ੍ਹੋ:
ਅੰਗਰੇਜ਼ੀ ਉੱਪਰ ਗੂਗਲ ਦੇ ਇਸ ਅਸਰ ਨੂੰ ਗੂਗਲੀਕਰਣ ਕਿਹਾ ਜਾਂਦਾ ਹੈ।
ਇਸ ਤੋਂ ਇਲਾਵਾ ਇੰਟਰਨੈਟ ਲੋਕਾਂ ਨੂੰ ਇੱਕ ਸਬਦ ਦੇ ਕਈ ਸ਼ਬਦ-ਜੋੜ ਵੀ ਸੁਝਾਉਂਦਾ ਹੈ। ਲੋਕ ਟਵਿੱਟਰ ਤੇ ਸੰਚਾਰ ਦੇ ਹੋਰ ਸਾਧਨਾਂ ਉੱਪਰ ਆਪਣੀਆਂ ਉਪ-ਬੋਲੀਆਂ ਨੂੰ ਜ਼ਿਆਦਾ ਸਥਾਨ ਦਿੰਦੇ ਹਨ।
ਓਹਾਈਓ ਸਟੇਟ ਯੂਨੀਵਰਸਿਟੀ ਦੀ ਭਾਸ਼ਾ-ਵਿਗਿਆਨੀ ਲੌਰੇਨ ਸਕੁਈਰਸ ਦਾ ਮੰਨਣਾ ਹੈ, "ਟਵਿੱਟਰ ਤੇ ਇੰਸਟਾਗ੍ਰਾਮ ਉੱਪਰ ਲੋਕ ਸਬਦ-ਜੋੜਾਂ ਰਾਹੀਂ ਆਪਣੇ ਇਲਾਕੇ ਦੀ ਨੁਮਾਇੰਦਗੀ ਕਰਦੇ ਹਨ।"
ਲੋਕ ਵੀ ਇਨ੍ਹਾਂ ਇੱਕ ਤੋਂ ਵਧੇਰੇ ਸ਼ਬਦ ਜੋੜਾਂ ਨਾਲ ਜ਼ਿਆਦਾ ਸਹਿਜ ਹੋ ਗਏ ਹਨ। ਭਾਵੇਂ ਉਹ ਮੰਨਦੇ ਹਨ ਕਿ ਕੋਈ ਇੱਕ ਸ਼ਬਦ-ਜੋੜ ਹੀ ਸਹੀ ਹੋ ਸਕਦਾ ਹੈ।
ਨਵੇਂ ਸ਼ਬਦ
ਇੰਟਰਨੈਟ ਦੇ ਮੁਢਲੇ ਦਿਨਾਂ ਵਿੱਚ ਵੈਬਸਟਰ ਦੀ ਤਰਜ਼ 'ਤੇ ਅੰਗਰੇਜ਼ੀ ਦੇ ਸ਼ਬਦ-ਜੋੜਾਂ ਨੂੰ ਤਰਕ ਸੰਗਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।
ਇਸ ਕੋਸ਼ਿਸ਼ ਤੋਂ "LOL", "Luv U" ਅਤੇ "cuz" ਵਰਗੇ ਸੰਖੇਪ ਸ਼ਬਦ ਹੋਂਦ ਵਿੱਚ ਆਏ ਅਤੇ ਚਲਣ ਵਿੱਚ ਵਾ ਆ ਗਏ ਪਰ "hi school" ਵਰਗੇ ਸ਼ਬਦ ਵਰਤੋਂ ਵਿੱਚ ਨਹੀਂ ਟਿਕ ਸਕੇ।
ਹਾਲਾਂਕਿ ਅੰਗਰੇਜ਼ੀ ਦੇ ਸ਼ਬਦ-ਜੋੜਾਂ ਦਾ ਮਿਆਰੀਕਰਣ ਤਾਂ ਬਹੁਤ ਸੰਭਵ ਨਹੀਂ ਲਗਦਾ ਪਰ ਅੰਗਰੇਜ਼ੀ ਦਾ ਇੱਕ ਪੱਖ ਜ਼ਰੂਰ ਹੈ ਜਿਸ ਨੂੰ ਇੰਟਰਨੈਟ ਨੇ ਲਗਪਗ ਖ਼ਤਮ ਕਰ ਦਿੱਤਾ ਹੈ, ਉਹ ਹੈ 'ਵਿਸ਼ਰਾਮ ਚਿੰਨ੍ਹ'।
ਸੋਸ਼ਲ-ਮੀਡੀਆ ਉੱਪਰ ਅੰਗਰੇਜ਼ੀ ਦੇ ਪੂਰਨ ਵਿਸ਼ਰਾਮ (ਫੁੱਲ ਸਟਾਪ) ਦੀ ਵਰਤੋਂ ਲਗਭਗ ਖ਼ਤਮ ਹੋ ਗਈ ਹੈ ਕਿਉਂਕਿ ਇਸ ਨੂੰ ਠੰਢੇਪਣ ਅਤੇ ਖੋਟੇਪਣ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।
ਇਸ ਦੇ ਨਾਲ ਹੀ ਅੰਗਰੇਜ਼ੀ ਵਿੱਚੋਂ ਅਪੋਜਸਟਰਫ਼ੀ ਐੱਸ ('s ਜਾਂ 'es) ਵੀ ਗਾਇਬ ਹੋ ਰਿਹਾ ਹੈ। ਹੁਣ ਇਨ੍ਹਾਂ ਨੂੰ ਗੈਰ-ਜ਼ਰੂਰੀ ਤੇ ਸਮੇਂ ਦੀ ਬਰਬਾਦੀ ਮੰਨਿਆ ਜਾਂਦਾ ਹੈ।
ਕੁਝ ਲੋਕ ਇਸ ਦੀ ਆਕਸਫੋਰਡ ਕਾਮੇ ਵਾਂਗ ਵਰਤੋਂ ਕਰਨ ਲੱਗ ਪਏ ਹਨ। ਸਿਰਫ਼ ਉੱਥੇ ਜਿੱਥੇ ਅਰਥ ਸਪਸ਼ਟ ਕਰਨ ਲਈ ਇਸ ਦੀ ਜ਼ਰੂਰਤ ਹੋਵੇ ਅਤੇ ਕੋਈ ਭੁਲੇਖਾ ਪੈਦਾ ਕਰਨ ਤੋਂ ਬਚਣਾ ਹੋਵੇ। ਜਿਵੇਂ ਉਸਦੀ ਭੈਣ ਦੇ ਪੈਸੇ (his sister's money) ਅਤੇ ਉਨ੍ਹਾਂ ਦੀਆਂ ਭੈਣਾਂ ਦੇ ਪੈਸੇ (his sisters' money)।
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ
ਇਹ ਵੀਡੀਓ ਵੀ ਜ਼ਰੂਰ ਦੇਖੋ