ਜਪਾਨ ਦੇ ਸਮਰਾਟ ਨੇ ਗੱਦੀ ਛੱਡੀ : 200 ਸਾਲ ’ਚ ਪਹਿਲੀ ਵਾਰ ਅਜਿਹਾ ਕਿਉਂ ਹੋਇਆ?

ਜਪਾਨ ਦੇ ਸਮਰਾਟ ਅਕਿਹੀਤੋ ਨੇ ਆਪਣੀ ਗੱਦੀ ਛੱਡ ਦਿੱਤੀ ਹੈ। ਜਪਾਨ ਦੇ ਸ਼ਾਹੀ ਘਰਾਨੇ ’ਚ 200 ਸਾਲ ਦੇ ਇਤਿਹਾਸ ’ਚ ਅਜਿਹਾ ਕਰਨ ਵਾਲੇ ਉਹ ਪਹਿਲੇ ਰਾਜਾ ਹੋਣਗੇ।

85 ਸਾਲਾ ਸਮਰਾਟ ਸਮਰਾਟ ਅਕਿਹੀਤੋ ਆਪਣੀ ਵੱਧਦੀ ਉਮਰ ਅਤੇ ਖਰਾਬ ਸਿਹਤ ਕਾਰਨ ਜ਼ਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨੇਪਰੇ ਨਹੀਂ ਚਾੜ੍ਹ ਪਾ ਰਹੇ ਸਨ।

ਅਕਿਹੀਤੋ ਦੇ ਪੁੱਤਰ ਯੁਵਰਾਜ ਨਾਰੋਹਿਤੋ ਬੁੱਧਵਾਰ ਨੂੰ ਰਾਜਗੱਦੀ ਸੰਭਾਲਣਗੇ।

ਅਕਿਹੀਤੋ ਨੂੰ ਗੱਦੀ ਛੱਡਣ ਦੀ ਇਜਾਜ਼ਤ ਬਕਾਇਦਾ ਕਾਨੂੰਨ ਬਣਾ ਕੇ ਦਿੱਤੀ ਗਈ। ਜਪਾਨ ਵਿੱਚ ਰਾਜਾ ਕੋਲ ਕੋਈ ਸਿਆਸੀ ਸ਼ਕਤੀ ਨਹੀਂ ਹੁੰਦੀ ਪਰ ਕੌਮੀ ਪ੍ਰਤੀਕ ਦੇ ਤੌਰ 'ਤੇ ਦੇਖੇ ਜਾਂਦੇ ਹਨ।

ਆਪਣੇ ਆਖ਼ਿਰੀ ਭਾਸ਼ਣ ਵਿੱਚ ਅਕਿਹੀਤੋ ਨੇ ਕਿਹਾ, "ਮੈਂ ਧੰਨਵਾਦੀ ਹਾਂ ਕਿ ਜਪਾਨ ਦੇ ਲੋਕਾਂ ਨੇ ਮੈਨੂੰ ਇੱਕ ਚਿੰਨ੍ਹ ਵਜੋਂ ਸਵੀਕਾਰ ਕੀਤਾ। ਮੈਂ ਸਾਰਿਆਂ ਦੀ ਖੁਸ਼ੀ ਦੀ ਕਾਮਨਾ ਕਰਦਾ ਹਾਂ।"

ਗੱਦੀ ਛੱਡਣ ਦੀ ਪ੍ਰਕਿਰਿਆ ਮਹਿਲ ਵਿੱਚ ਕਈ ਰਿਤੀ-ਰਿਵਾਜਾਂ ਨਾਲ ਸ਼ੁਰੂ ਹੋਈ।

ਇਹ ਵੀ ਪੜ੍ਹੋ

ਅਕਿਹੀਤੋ ਨੇ ਰਾਜਗੱਦੀ ਕਿਉਂ ਛੱਡੀ

ਜਪਾਨੀ ਰਾਜਘਰਾਨੇ ਦੇ ਤਕਰੀਬਨ 200 ਸਾਲਾਂ ਦੇ ਇਤਿਹਾਸ ਵਿੱਚ ਅਕਿਹੀਤੋ ਪਹਿਲੇ ਰਾਜਾ ਹਨ ਜੋ ਕਿ ਆਪਣੀ ਇੱਛਾ ਨਾਲ ਰਾਜਗੱਦੀ ਛੱਡ ਰਹੇ ਹਨ।

ਸਾਲ 2016 ਵਿੱਚ 85 ਸਾਲਾ ਸਮਰਾਟ ਅਕਿਹੀਤੋ ਨੇ ਦੇਸ ਦੇ ਨਾਮ ਇੱਕ ਖਾਸ ਸੰਬੋਧਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਉਨ੍ਹਾਂ ਦੀ ਵੱਧਦੀ ਉਮਰ ਕਾਰਨ ਉਹ ਇੱਕ ਰਾਜਾ ਦੀ ਡਿਊਟੀ ਠੀਕ ਤਰ੍ਹਾਂ ਨਹੀਂ ਨਿਭਾ ਪਾਉਣਗੇ।

ਉਨ੍ਹਾਂ ਨੇ ਸਾਫ਼ ਸੰਕੇਤ ਦੇ ਦਿੱਤੇ ਸਨ ਕਿ ਉਹ ਰਾਜਗੱਦੀ ਛੱਡਣਾ ਚਾਹੁੰਦੇ ਹਨ।

ਉਸ ਦੇ ਇੱਕ ਸਾਲ ਬਾਅਦ, 2017 ਵਿੱਚ ਜਪਾਨ ਦੀ ਸੰਸਦ ਨੇ ਇੱਕ ਖਾਸ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਰਾਜਗੱਦੀ ਛੱਡਣ ਦੀ ਇਜਾਜ਼ਤ ਦਿੱਤੀ।

ਅਕਿਹੀਤੋ ਦੀ ਸਾਲ 2003 ਵਿੱਚ ਪ੍ਰੋਸਟੇਟ ਕੈਂਸਰ ਲਈ ਸਰਜਰੀ ਹੋਈ ਸੀ ਅਤੇ ਸਾਲ 2012 ਵਿੱਚ ਦਿਲ ਦਾ ਬਾਈਪਾਸ ਆਪਰੇਸ਼ਨ ਹੋਇਆ ਸੀ।

ਅਕਿਹੀਤੋ ਨੇ ਸਾਲ 1989 ਵਿੱਚ ਰਾਜਗੱਦੀ ਸਾਂਭੀ ਸੀ, ਉਹ 30 ਸਾਲ ਤੱਕ ਸਮਰਾਟ ਰਹੇ।

ਕੌਣ ਹੋਣਗੇ ਅਗਲੇ ਸਮਰਾਟ?

ਰਾਜਕੁਮਾਰ ਨਾਰੋਹਿਤੋ ਜਪਾਨ ਦੇ 126ਵੇਂ ਰਾਜਾ ਹੋਣਗੇ। 59 ਸਾਲ ਦੇ ਨਾਰੋਹਿਤੋ ਆਕਸਫੋਰਡ ਵਿੱਚ ਪੜ੍ਹੇ ਹਨ ਅਤੇ 28 ਸਾਲ ਦੀ ਉਮਰ ’ਚ ਉਹ ਕਰਾਊਨ ਪ੍ਰਿੰਸ ਐਲਾਨ ਦਿੱਤੇ ਗਏ ਸਨ।

ਸਾਲ 1986 ਵਿੱਚ ਇੱਕ ਪਾਰਟੀ ਦੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਮਾਸਕੋ ਓਵਾਡਾ ਨਾਲ ਹੋਈ ਜੋ ਬਾਅਦ ਵਿੱਚ 1993 ਵਿੱਚ ਉਨ੍ਹਾਂ ਦੀ ਪਤਨੀ ਬਣੀ।

ਨਾਰੋਹੀਤੋ ਅਤੇ ਮਸਾਕੋ ਦੀ ਸਿਰਫ਼ ਇੱਕ ਬੇਟੀ ਹੈ, ਪ੍ਰਿੰਸੇਸ ਆਈਕੋ। ਉਹ 18 ਸਾਲਾਂ ਦੀ ਹੈ।

ਜਪਾਨ ਦੇ ਮੌਜੂਦਾ ਕਾਨੂੰਨ ਦੇ ਤਹਿਤ ਔਰਤਾਂ ਨੂੰ ਰਾਜਗੱਦੀ ਨਹੀਂ ਮਿਲਦੀ ਹੈ ਇਸ ਲਈ ਉਹ ਜਪਾਨ ਦੀ ਅਗਲੀ ਵਾਰਿਸ ਨਹੀਂ ਹੈ। ਇਸ ਲਈ ਨਵੇਂ ਸਮਰਾਟ ਨਾਰਿਹੀਤੋ ਦੇ ਭਰਾ ਰਾਜਕੁਮਾਰ ਫੂਮਿਹਿਤੋ ਅਗਲੇ ਵਾਰਿਸ ਹਨ।

ਜਪਾਨੀ ਲੋਕ ਇਸ ਨੂੰ ਕਿਵੇਂ ਵੇਖ ਰਹੇ ਹਨ?

ਜਪਾਨ ਵਿੱਚ ਇਸ ਵੇਲੇ ਇੱਕ ਹਫ਼ਤੇ ਦੀ ਸਲਾਨਾ ਛੁੱਟੀ ਮਨਾਈ ਜਾਂਦੀ ਹੈ ਪਰ ਸਮਰਾਟ ਦੇ ਰਾਜਗੱਦੀ ਛੱਡਣ ਅਤੇ ਨਵੇਂ ਰਾਜਾ ਨੂੰ ਰਾਜਗੱਦੀ ਸੌਂਪਣ ਦੇ ਕਾਰਨ ਇਸ ਛੁੱਟੀ ਨੂੰ ਵਧਾ ਕੇ ਦਸ ਦਿਨਾਂ ਦੀ ਕਰ ਦਿੱਤਾ ਗਿਆ ਹੈ।

ਲੋਕ ਇਸ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾ ਰਹੇ ਹਨ। 30 ਸਾਲ ਪਹਿਲਾਂ ਮੌਜੂਦਾ ਸਮਰਾਟ ਅਕਿਹੀਤੋ ਜਦੋਂ ਗੱਦੀ 'ਤੇ ਬੈਠੇ ਸਨ, ਉਦੋਂ ਜਪਾਨ ਵਿੱਚ ਸੋਗ ਮਨਾਇਆ ਜਾ ਰਿਹਾ ਸੀ ਕਿਉਂਕਿ ਉਸ ਵੇਲੇ ਅਕਿਹੀਤੋ ਦੇ ਪਿਤਾ ਅਤੇ ਤਤਕਾਲੀ ਸਮਰਾਟ ਦੀ ਮੌਤ ਹੋਈ ਸੀ।

ਇਸ ਵਾਰੀ ਲੋਕ ਖੁਸ਼ੀਆਂ ਮਨਾ ਰਹੇ ਹਨ, ਛੁੱਟੀ 'ਤੇ ਜਾ ਰਹੇ ਹਨ, ਸਿਨੇਮਾ ਅਤੇ ਬਜ਼ਾਰਾਂ ਵਿੱਚ ਭੀੜ ਦੇਖੀ ਜਾ ਰਹੀ ਹੈ।

ਰਾਜਗੱਦੀ ਛੱਡਣ ਨਾਲ ਜੁੜੇ ਸਮਾਗਮ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ, ਜਿਸ ਨੂੰ ਲੋਕ ਘਰਾਂ ਵਿੱਚ ਰਹਿ ਕੇ ਜਾਂ ਬਜ਼ਾਰਾਂ ਵਿੱਚ ਟੀਵੀ 'ਤੇ ਦੇਖ ਰਹੇ ਹਨ।

ਗੱਦੀ ਛੱਡਣ ਤੋਂ ਬਾਅਦ ਅਕਿਹਿਤੋ ਨੂੰ ‘ਜੋਕੋ’ ਦਾ ਖਿਤਾਬ ਵੀ ਦਿੱਤਾ ਜਾਵੇਗਾ ਜਿਸ ਦਾ ਮਤਲਬ ਹੁੰਦਾ ਹੈ ‘ਚਕਰਵਤੀ ਮਹਾਰਾਜ’।

ਜਪਾਨ ਰਾਜਘਰਾਨਾ ਕਿਉਂ ਅਹਿਮ ਹੈ?

ਇਹ ਦੁਨੀਆਂ ਵਿੱਚ ਇਕੱਲਾ ਅਜਿਹਾ ਰਾਜਘਰਾਨਾ ਹੈ ਜੋ ਕਿ ਪਿਛਲੇ 2,600 ਸਾਲਾਂ ਤੋਂ ਲਗਾਤਾਰ ਜਪਾਨ 'ਤੇ ਸ਼ਾਸਨ ਕਰਦਾ ਆ ਰਿਹਾ ਹੈ।

ਜਪਾਨ ਦੇ ਸਮਰਾਟ ਨੂੰ ਰੱਬ ਸਮਝਿਆ ਜਾਂਦਾ ਸੀ ਪਰ ਅਕਿਹੀਤੋ ਦੇ ਪਿਤਾ ਹਿਰੋਹਿਤੋ ਨੇ ਦੂਜੀ ਵਿਸ਼ਵ ਜੰਗ ’ਚ ਜਪਾਨ ਦੀ ਹਾਰ ਤੋਂ ਬਾਅਦ ਜਨਤਕ ਤੌਰ 'ਤੇ ਕਿਹਾ ਸੀ ਕਿ ਉਨ੍ਹਾਂ ਕੋਲ ਕੋਈ ਦੈਵੀ ਸ਼ਕਤੀ ਨਹੀਂ ਹੈ।

ਵਿਸ਼ਵ ਜੰਗ ਤੋਂ ਬਾਅਦ ਜਪਾਨ ਨੂੰ ਜਦੋਂ ਸੰਰਡਰ ਕਰਨਾ ਪਿਆ ਸੀ ਤਾਂ ਉਸ ਦੇ ਰੁਤਬੇ ਨੂੰ ਕਾਫ਼ੀ ਠੇਸ ਪਹੁੰਚੀ ਸੀ ਪਰ ਮੌਜੂਦਾ ਸਮਰਾਟ ਅਕਿਹੀਤੋ ਨੇ ਜਦੋਂ 1989 ਵਿੱਚ ਰਾਜਗੱਦੀ ਸਾਂਭੀ, ਉਦੋਂ ਤੋਂ ਉਨ੍ਹਾਂ ਨੂੰ ਜਪਾਨ ਦੀ ਸ਼ਾਨ-ਓ-ਸ਼ੌਕਤ ਨੂੰ ਦੁਬਾਰਾ ਬਹਾਲ ਕਰਨ ਵਿੱਚ ਬਹੁਤ ਹੱਦ ਤੱਕ ਸਫ਼ਲਤਾ ਮਿਲੀ।

ਜਪਾਨ ਦੇ ਰਾਜਾ ਆਮ ਜਨਤਾ ਨੂੰ ਸ਼ਾਇਦ ਹੀ ਕਦੇ ਮਿਲੇ ਸੀ ਪਰ ਸਮਰਾਟ ਅਕਿਹੀਤੋ ਨੇ ਇਸ ਨੂੰ ਬਦਲ ਦਿੱਤਾ ਅਤੇ ਆਮ ਲੋਕਾਂ ਨਾਲ ਮੇਲ-ਜੋਲ ਕਰਨ ਲੱਗੇ।

ਇਹ ਵੀ ਪੜ੍ਹੋ:

ਸਮਰਾਟ ਅਕਿਹੀਤੋ ਪਿਛਲੇ 200 ਸਾਲਾਂ ਵਿੱਚ ਰਾਜਗੱਦੀ ਛੱਡਣ ਵਾਲੇ ਪਹਿਲੇ ਰਾਜਾ ਹਨ ਪਰ ਅਜਿਹਾ ਨਹੀਂ ਹੈ ਕਿ ਜਪਾਨ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰੀ ਹੋਇਆ ਹੈ।

ਜਪਾਨ ਦੇ ਰਾਸ਼ਟਰੀ ਪ੍ਰਸਾਰਕ ਐੱਨਐੱਚਕੇ ਅਨੁਸਾਰ ਤਕਰੀਬਨ ਅੱਧੇ ਰਾਜਾ ਅਤੇ ਰਾਣੀਆਂ ਨੇ ਅੱਠਵੀਂ ਸ਼ਤਾਬਦੀ ਤੋਂ 19ਵੀਂ ਸ਼ਤਾਬਦੀ ਦੌਰਾਨ ਰਾਜਗੱਦੀ ਛੱਡ ਦਿੱਤੀ ਸੀ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।