You’re viewing a text-only version of this website that uses less data. View the main version of the website including all images and videos.
ਸ੍ਰੀ ਲੰਕਾ ਧਮਾਕਿਆਂ 'ਚ ਮਾਰੇ ਗਏ ਲੋਕਾਂ ਦਾ ਸਮੂਹਿਕ ਅੰਤਮ ਸੰਸਕਾਰ ਕੀਤਾ ਗਿਆ
ਸ੍ਰੀ ਲੰਕਾ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਦੇਸ 'ਚ ਸ਼ੋਕ ਦੇ ਮਾਹੌਲ ਦੌਰਾਨ ਪਹਿਲਾ ਸਮੂਹਿਕ ਅੰਤਮ ਸੰਸਕਾਰ ਕੀਤਾ ਗਿਆ।
ਪੁਲਿਸ ਮੁਤਾਬਕ, ਚਰਚ ਅਤੇ ਹੋਟਲਾਂ ਤੋਂ ਸ਼ੁਰੂ ਹੋਏ ਹਮਲਿਆਂ 'ਚ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ 321 ਹੈ ਅਤੇ 500 ਦੇ ਕਰੀਬ ਜਖ਼ਮੀ ਹਨ।
ਵਧੇਰੇ ਹਮਲਿਆਂ ਨੂੰ ਰੋਕਣ ਲਈ ਦੇਸ 'ਚ ਐਮਰਜੈਂਸੀ ਲਾਗੂ ਕੀਤੀ ਗਈ ਹੈ।
ਇਸ ਵਿਚਾਲੇ ਇਸਲਾਮਿਕ ਸਟੇਟ ਗਰੁੱਪ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਸ੍ਰੀ ਲੰਕਾ ਸਰਕਾਰ ਨੇ ਸਥਾਨਕ ਇਸਲਾਮਿਕ ਗਰੁੱਪ ਨੈਸ਼ਨਲ ਤੌਹੀਦ 'ਤੇ ਇਨ੍ਹਾਂ ਹਮਲਿਆਂ ਦਾ ਇਲਜ਼ਾਮ ਲਗਾਇਆ ਸੀ।
ਸ੍ਰੀ ਲੰਕਾ ਵਿੱਚ ਇੱਕ ਬੀਬੀਸੀ ਪੱਤਰਕਾਰ ਨੇ ਦੱਸਿਆ ਕਿ ਆਈਐਸ ਦੇ ਇਸ ਦਾਅਵੇ ਨੂੰ ਬੇਹੱਦ ਸਾਵਧਾਨੀ ਨਾਲ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਇਹ ਗਰੁੱਪ ਆਮ ਤੌਰ 'ਤੇ ਹਮਲਿਆਂ ਤੋਂ ਬਾਅਦ ਜਲਦ ਹੀ ਦਾਅਵਾ ਕਰਦਾ ਹੈ ਅਤੇ ਆਪਣੀ ਮੀਡੀਆ ਪੋਰਟਲ ਅਮਾਕ ਰਾਹੀਂ ਉਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਕਰਦਾ ਹੈ, ਜਿੰਨ੍ਹਾਂ ਨੇ ਇਸ ਨੂੰ ਅੰਜ਼ਾਮ ਦਿੱਤਾ ਹੁੰਦਾ ਹੈ।
ਨੈਸ਼ਨਲ ਤੌਹੀਦ ਜਮਾਤ ਹੈ ਕੀ
ਨੈਸ਼ਨਲ ਤੌਹੀਦ ਜਮਾਤ (ਐਨਟੀਜੇ), ਇੱਕ ਅਜਿਹੀ ਜਥੇਬੰਦੀ ਹੈ, ਜਿਸ ਦੀ ਚਰਚਾ ਪਹਿਲਾਂ ਸ਼ਾਇਦ ਘੱਟ ਹੀ ਹੋਈ ਹੈ, ਉਸ ਦਾ ਨਾਮ ਸ੍ਰੀ ਲੰਕਾ ਧਮਾਕਿਆਂ ਦੇ ਮਾਮਲੇ ਵਿੱਚ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਹਾਲਾਂਕਿ ਨੈਸ਼ਨਲ ਤੌਹੀਦ ਜਮਾਤ ਜਾਂ ਕਿਸੇ ਹੋਰ ਜਥੇਬੰਦੀ ਨੇ ਲੜੀਵਾਰ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਨ੍ਹਾਂ ਬੰਬ ਧਮਾਕਿਆਂ ਜਿਸ ਵਿੱਚ ਘੱਟੋ-ਘੱਟ 310 ਲੋਕਾਂ ਦੀ ਮੌਤ ਹੋ ਗਈ ਹੈ ਅਤੇ 500 ਲੋਕ ਜ਼ਖ਼ਮੀ ਹੋ ਗਏ ਹਨ।
ਫਿਰ ਵੀ ਨੈਸ਼ਨਲ ਤੌਹੀਦ ਜਮਾਤ 'ਤੇ ਹਮਲੇ ਦੇ ਇਲਜ਼ਾਮ ਲੱਗਣ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਇਹ ਸੰਗਠਨ ਹੈ ਕੌਣ ਅਤੇ ਕਿੱਥੋਂ ਆਇਆ ਹੈ?
ਇੱਕ ਜਥੇਬੰਦੀ ਤੋਂ ਵੱਖ ਹੋ ਕੇ ਬਣਿਆ?
ਸੋਮਵਾਰ ਨੂੰ ਜਦੋਂ ਤੱਕ ਸ੍ਰੀ ਲੰਕਾ ਸਰਕਾਰ ਦੇ ਬੁਲਾਰੇ ਨੇ ਐਨਟੀਜੇ ਦਾ ਨਾਮ ਲਿਆ ਸੀ, ਉਦੋਂ ਤੱਕ ਕੁਝ ਹੀ ਲੋਕਾਂ ਨੇ ਇਸ ਬਾਰੇ ਸੁਣਿਆ ਸੀ। ਇਹ ਜਥੇਬੰਦੀ ਦੇਸ ਵਿੱਚ ਹੀ ਇੱਕ ਹੋਰ ਕੱਟੜਪੰਥੀ ਇਸਲਾਮੀ ਜਥੇਬੰਦੀ ਸ੍ਰੀ ਲੰਕਾ ਤੌਹੀਦ ਜਮਾਤ (ਐਸਐਲਟੀਜੇ) ਤੋਂ ਵੱਖ ਹੋ ਕੇ ਬਣੀ ਹੈ।
ਹਾਲਾਂਕਿ ਐਸਐਲਟੀਜੇ ਜ਼ਿਆਦਾ ਚਰਚਾ ਵਿੱਚ ਨਹੀਂ ਰਹੀ ਹੈ ਪਰ ਫਿਰ ਵੀ ਇਸ ਬਾਰੇ ਕੁਝ ਜਾਣਕਾਰੀਆਂ ਉਪਲਬਧ ਹਨ। ਇਸ ਦੇ ਸਕੱਤਰ ਅਬਦੁਲ ਰਾਜ਼ਿਕ ਨੂੰ ਬੌਧੀਆਂ ਖਿਲਾਫ਼ ਨਫ਼ਤਰ ਫੈਲਾਉਣ ਦੇ ਇਲਜ਼ਾਮ ਵਿੱਚ ਸਾਲ 2016 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਬਾਅਦ ਵਿੱਚ ਉਸ ਨੇ ਮਾਫ਼ੀ ਮੰਗੀ ਸੀ।
ਬੀਤੇ ਦਸੰਬਰ ਵਿੱਚ ਮੱਧ ਸ੍ਰੀ ਲੰਕਾ ਦੇ ਮਾਨੇਲਾ ਵਿੱਚ ਬੌਧ ਮਠਾਂ 'ਤੇ ਹੋਈ ਭੰਨਤੋੜ ਨੂੰ ਵੀ ਕੁਝ ਰਿਪੋਰਟਾਂ ਵਿੱਚ ਐਸਐਲਟੀਜੇ ਨਾਲ ਜੋੜਿਆ ਗਿਆ ਸੀ। ਉਸ ਵੇਲੇ ਮਠ ਦੇ ਬਾਹਰ ਲੱਗੀਆਂ ਬੁੱਧ ਦੀਆਂ ਮੂਰਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਸ੍ਰੀ ਲੰਕਾ ਵਿੱਚ ਮੁਸਲਮਾਨ ਘੱਟ-ਗਿਣਤੀ ਹਨ। ਦੇਸ ਦੀ ਕੁੱਲ ਆਬਾਦੀ ਦੇ ਸਿਰਫ਼ 9.7 ਫੀਸਦੀ ਹੀ ਮੁਸਲਮਾਨ ਹਨ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ ਉੱਤੇ ਵੀ ਐਸਐਲਟੀਜੇ ਦੀ ਮੌਜੂਦਗੀ ਵਧੇਰੇ ਨਹੀਂ ਹੈ। ਉਨ੍ਹਾਂ ਦਾ ਇੱਕ ਫੇਸਬੁੱਕ ਪੇਜ ਹੈ, ਜਿਸ ਉੱਤੇ ਕੁਝ ਹਫ਼ਤਿਆਂ ਵਿੱਚ ਕੁਝ ਪੋਸਟ ਕੀਤਾ ਜਾਂਦਾ ਹੈ। ਉਨ੍ਹਾਂ ਦੇ ਟਵਿੱਟਰ ਹੈਂਡਲ 'ਤੇ ਮਾਰਚ 2018 ਤੋਂ ਬਾਅਦ ਕੁਝ ਨਹੀਂ ਲਿਖਿਆ ਗਿਆ ਹੈ।
ਜਥੇਬੰਦੀ ਦੀ ਵੈੱਬਸਾਈਟ ਵੀ ਆਫ਼ਲਾਈਨ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਐਤਵਾਰ ਨੂੰ ਹਮਲੇ ਤੋਂ ਬਾਅਦ ਅਜਿਹਾ ਹੋਇਆ ਜਾਂ ਫਿਰ ਪਹਿਲਾਂ ਤੋਂ ਹੀ ਵੈੱਬਸਾਈਟ ਆਫ਼ਲਾਈਨ ਸੀ।
ਹਮਲੇ ਨਾਲ ਸਬੰਧ
ਸਰਕਾਰੀ ਬੁਲਾਰੇ ਰਜੀਤਾ ਸੇਨਾਰਤਨੇ ਨੇ ਸੋਮਵਾਰ ਨੂੰ ਕੋਲੰਬੋ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਵਿਦੇਸ਼ੀ ਖੁਫੀਆ ਏਜੰਸੀਆਂ ਦੁਆਰਾ ਕੀਤੇ ਗਏ ਹਮਲੇ ਹੋਣ ਦੇ ਖਦਸ਼ੇ ਸਬੰਧੀ ਕਈ ਚੇਤਾਵਨੀਆਂ ਦਿੱਤੀਆਂ ਗਈਆਂ ਸਨ।
ਸ੍ਰੀ ਲੰਕਾ ਦੇ ਦੂਰ ਸੰਚਾਰ ਮੰਤਰੀ ਹਰਿਨ ਫਰਨਾਂਡੋ ਨੇ ਇੱਕ ਚਿੱਠੀ ਟਵੀਟ ਕੀਤੀ ਹੈ, ਜਿਸ ਨੂੰ ਕਥਿਤ ਤੌਰ 'ਤੇ ਸ੍ਰੀ ਲੰਕਾ ਪੁਲਿਸ ਦੇ ਮੁਖੀ ਨੇ ਇਸ ਮਹੀਨੇ ਭੇਜਿਆ ਹੈ। ਇਸ ਚਿੱਠੀ ਵਿੱਚ ਐਨਟੀਜੇ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਹ ਵੀ ਲਿਖਿਆ ਗਿਆ ਹੈ ਕਿ ਇਹ ਸਮੂਹ ਚਰਚ ਅਤੇ ਭਾਰਤੀ ਹਾਈ ਕਮਿਸ਼ਨ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਸ ਚਿੱਠੀ ਵਿੱਚ ਮੁਹੰਮਦ ਜ਼ਾਹਰਾਨ ਨੂੰ ਐਨਟੀਜੇ ਦਾ ਮੁਖੀ ਦੱਸਿਆ ਗਿਆ ਹੈ।
ਇੰਟਰਨੈਸ਼ਨਲ ਕਰਾਈਮ ਗਰੁਪ ਦੇ ਸ੍ਰੀ ਲੰਕਾ ਡਾਇਰੈਕਟਰ ਐਲਨ ਕੀਨਨ ਨੇ ਬੀਬੀਸੀ 5 ਲਾਈਵ ਨੂੰ ਦੱਸਿਆ ਹੈ ਕਿ ਐਨਟੀਜੇ ਉਹੀ ਗਰੁੱਪ ਜਾਪਦਾ ਹੈ, ਜੋ ਮੋਨੇਲਾ ਵਿਚ ਹੋਈ ਭੰਨ-ਤੋੜ ਦੇ ਪਿੱਛੇ ਸੀ।
ਉਨ੍ਹਾਂ ਨੇ ਕਿਹਾ, "ਪੁਲਿਸ ਨੇ ਨੌਜਵਾਨਾਂ ਦੀ ਇੱਕ ਜਥੇਬੰਦੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਉਸ ਵਿਅਕਤੀ ਦੇ ਵਿਦਿਆਰਥੀ ਹਨ ਜਿਸ ਦਾ ਨਾਮ ਖੁਫੀਆ ਦਸਤਾਵੇਜ਼ ਵਿੱਚ ਆਇਆ ਸੀ।"
ਪਰ ਐਨਟੀਜੇ ਇੱਕ ਬਹੁਤ ਹੀ ਛੋਟਾ ਸਮੂਹ ਹੈ, ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਪਿੱਛੇ ਕੋਈ ਹੋਰ ਵਿਅਕਤੀ ਵੀ ਹੋ ਸਕਦਾ ਹੈ।
ਸੇਨਾਰਤਨੇ ਅਨੁਸਾਰ, "ਅਸੀਂ ਇਹ ਨਹੀਂ ਮੰਨਦੇ ਕਿ ਇੱਕ ਛੋਟਾ ਜਿਹਾ ਸੰਗਠਨ ਇਹ ਸਭ ਇੱਥੇ ਕਰ ਸਕਦਾ ਹੈ। ਅਸੀਂ ਵਿਦੇਸ਼ ਵਿੱਚ ਉਨ੍ਹਾਂ ਦੇ ਸਮਰਥਨ ਦੀ ਜਾਂਚ ਕਰ ਰਹੇ ਹਾਂ।
ਅਸੀਂ ਜਾਂਚ ਕਰ ਰਹੇ ਹਾਂ ਕਿ ਉਸ ਨੇ ਆਤਮਘਾਤੀ ਹਮਲਾਵਰ ਕਿਵੇਂ ਤਿਆਰ ਕੀਤੇ ਅਤੇ ਅਜਿਹੇ ਬੰਬ ਬਣਾਏ।"
ਇਹ ਵੀ ਪੜ੍ਹੋ:
ਐਨਟੀਜੇ ਦਾ ਨਾਂ ਲਏ ਬਿਨਾਂ ਸ੍ਰੀ ਲੰਕਾ ਦੇ ਰਾਸ਼ਟਰਪਤੀ ਦਫ਼ਤਰ ਨੇ ਵੀ ਕਿਹਾ ਹੈ ਕਿ ਜੋ ਵੀ ਇਨ੍ਹਾਂ ਹਮਲਿਆਂ ਪਿੱਛੇ ਸੀ ਉਸ ਨੂੰ ਵਿਦੇਸ਼ਾਂ ਤੋਂ ਮਦਦ ਜ਼ਰੂਰ ਮਿਲੀ ਸੀ।
ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੇ ਬਿਆਨ ਮੁਤਾਬਕ, "ਖੁਫ਼ੀਆ ਵਿਭਾਗ ਨੇ ਦੱਸਿਆ ਹੈ ਕਿ ਇਨ੍ਹਾਂ ਸਥਾਨਕ ਅੱਤਵਾਦੀਆਂ ਦੇ ਪਿੱਛੇ ਕੌਮਾਂਤਰੀ ਅੱਤਵਾਦੀ ਸੰਗਠਨ ਹਨ। ਉਨ੍ਹਾਂ ਨਾਲ ਲੜਾਈ ਲਈ ਕੌਮਾਤਰੀ ਪੱਧਰ ਤੇ ਮਦਦ ਲਈ ਜਾਵੇਗੀ।"
(ਇਹ ਲੇਖ ਬੀਬੀਸੀ ਮਾਨੀਟੀਅਰਿੰਗ ਵੱਲੋਂ ਲਿਖਿਆ ਗਿਆ ਹੈ। ਬੀਬੀਸੀ ਮਾਨੀਟੀਅਰਿੰਗ ਦੁਨੀਆਂ ਭਰ ਦੇ ਟੀਵੀ, ਰੇਡੀਓ, ਵੈੱਬ ਅਤੇ ਪ੍ਰਿੰਟ ਰਾਹੀਂ ਛਪਣ ਵਾਲੀਆਂ ਖ਼ਬਰਾਂ 'ਤੇ ਰਿਪੋਰਟਿੰਗ ਤੇ ਵਿਸ਼ਲੇਸ਼ਣ ਕਰਦਾ ਹੈ।)
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: