You’re viewing a text-only version of this website that uses less data. View the main version of the website including all images and videos.
ਡੇਢ ਮਹੀਨੇ ਬਾਅਦ 2 ਪੰਜਾਬੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਸਜ਼ਾ-ਏ-ਮੌਤ ਬਾਰੇ ਪਤਾ ਲਗਿਆ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਕਤਲ ਦੇ ਦੋਸ਼ ਵਿੱਚ ਦੋ ਪੰਜਾਬੀਆਂ ਨੂੰ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਹੈ। 28 ਫਰਵਰੀ ਨੂੰ ਹੁਸ਼ਿਆਰਪੁਰ ਦੇ ਸਤਵਿੰਦਰ ਸਿੰਘ ਅਤੇ ਲੁਧਿਆਣਾ ਦੇ ਹਰਜੀਤ ਸਿੰਘ ਦੇ ਸਿਰ ਵੱਢ ਦਿੱਤੇ ਗਏ।
ਹਾਲਾਂਕਿ ਪੰਜਾਬ ਵਿੱਚ ਬੈਠੇ ਉਨ੍ਹਾਂ ਦੇ ਪਰਿਵਾਰਾਂ ਨੂੰ 15 ਅਪ੍ਰੈਲ ਨੂੰ ਹੀ ਇਹ ਖਬਰ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।
ਦੋਹਾਂ ਨੂੰ ਆਰਿਫ ਇਮਾਮੁੱਦੀਨ ਦੇ ਕਤਲ ਦੇ ਇਲਜ਼ਾਮ ਤਹਿਰ ਦਸੰਬਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਮੰਤਰਾਲੇ ਦੀ ਚਿੱਠੀ ਮੁਤਾਬਕ, ''ਤਿੰਨਾਂ ਨੇ ਮਿਲਕੇ ਚੋਰੀ ਕੀਤੀ ਸੀ, ਜਿਸ ਨੂੰ ਲੈ ਕੇ ਬਾਅਦ ਵਿੱਚ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ ਅਤੇ ਹਰਜੀਤ ਤੇ ਸਤਵਿੰਦਰ ਨੇ ਆਰਿਫ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਰੇਗਿਸਤਾਨ ਵਿੱਚ ਸੁੱਟ ਦਿੱਤਾ।''
ਸਤਵਿੰਦਰ ਦਾ ਪਰਿਵਾਰ ਹੁਸ਼ਿਆਪੁਰ ਜ਼ਿਲ੍ਹੇ ਨੇੜੇ ਇੱਕ ਪਿੰਡ ਵਿੱਚ ਰਹਿੰਦਾ ਹੈ ਜਦਕਿ ਹਰਜੀਤ ਦਾ ਪਰਿਵਾਰ ਲੁਧਿਆਣਾ ਵਿੱਚ ਰਹਿੰਦਾ ਹੈ।
ਇਹ ਵੀ ਪੜ੍ਹੋ:
ਮੰਤਰਾਲੇ ਮੁਤਾਬਕ ਵਾਰਦਾਤ ਤੋਂ ਕੁਝ ਸਮੇਂ ਬਾਅਦ ਦੋਹਾਂ ਨੂੰ ਸ਼ਰਾਬ ਪੀ ਕੇ ਲੜਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਦਮਮ ਜੇਲ੍ਹ 'ਚ ਰੱਖਿਆ ਗਿਆ ਸੀ।
ਪਰ ਸਜ਼ਾ ਖਤਮ ਹੋਣ ਤੋਂ ਬਾਅਦ ਪਤਾ ਲਗਿਆ ਕਿ ਦੋਹਾਂ 'ਤੇ ਕਤਲ ਦਾ ਵੀ ਇਲਜ਼ਾਮ ਹੈ।
ਇਸ ਤੋਂ ਬਾਅਦ ਉਨ੍ਹਾਂ ਨੂੰ ਰਿਆਧ ਜੇਲ੍ਹ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕੀਤਾ।
ਉਸ ਵੇਲੇ ਉਨ੍ਹਾਂ ਦਾ ਕੇਸ ਅਪੀਲ ਕੋਰਟ ਵਿੱਚ ਗਿਆ ਜਿੱਥੇ ਉਨ੍ਹਾਂ ਤੇ 'ਹਿਰਾਭਾ' ਦਾ ਵੀ ਕੇਸ ਪਾਇਆ ਗਿਆ।
ਹਿਰਾਭਾ ਦਾ ਮਤਲਬ ਹੈ ਜਦੋਂ ਕੋਈ ਹਿੰਸਾ ਨਾਲ ਚੋਰੀ, ਬਲਾਤਕਾਰ ਜਾਂ ਅੱਤਵਾਦ ਦਾ ਜੁਰਮ ਕਰਦਾ ਹੈ।
ਇਨ੍ਹਾਂ ਜੁਰਮਾਂ ਲਈ ਜੱਜ ਮੌਤ ਦੀ ਸਜ਼ਾ ਵੀ ਸੁਣਾ ਸਕਦਾ ਹੈ।
ਮ੍ਰਿਤਕ ਦੇਹ ਬਾਰੇ ਅਜੇ ਜਾਣਕਾਰੀ ਨਹੀਂ
ਮੰਤਰਾਲੇ ਨੇ ਦੱਸਿਆ ਕਿ ਅਜਿਹੇ ਵਿੱਚ ਲਾਸ਼ਾਂ ਨਾ ਹੀ ਭਾਰਤੀ ਸਫਾਰਤਖ਼ਾਨੇ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਨਾ ਹੀ ਪਰਿਵਾਰ ਵਾਲਿਆਂ ਨੂੰ।
ਹਾਲਾਂਕਿ ਮੌਤ ਦੇ ਦੋ ਮਹੀਨੇ ਬਾਅਦ ਸਫਾਰਤਖ਼ਾਨੇ ਨੂੰ ਡੈੱਥ ਸਰਟੀਫਿਕੇਟ ਜ਼ਰੂਰ ਦਿੱਤਾ ਜਾਵੇਗਾ।
ਜਸਵਿੰਦਰ ਦੀ ਪਤਨੀ ਸੀਮਾ ਰਾਣੀ ਨੇ ਕਿਹਾ, "ਸਾਨੂੰ ਕੁਝ ਸਮਝ ਨਹੀਂ ਆ ਰਿਹਾ, ਸਰਕਾਰ ਵਿੱਚ ਕੋਈ ਵੀ ਸਾਡੀ ਨਹੀਂ ਸੁਣ ਰਿਹਾ।"
ਉਨ੍ਹਾਂ ਕਿਹਾ, "ਅਸੀਂ ਆਖਰੀ ਵਾਰ ਉਨ੍ਹਾਂ ਨਾਲ 21 ਫਰਵਰੀ ਨੂੰ ਗੱਲ ਕੀਤੀ ਸੀ ਤੇ ਸਾਨੂੰ ਇਸ ਸਜ਼ਾ ਬਾਰੇ ਕੁਝ ਵੀ ਪਤਾ ਨਹੀਂ ਸੀ।"
ਸਤਵਿੰਦਰ ਦੀ ਪਤਨੀ ਸੀਮਾ ਦੇ ਵਕੀਲ ਵਿਨੋਦ ਕੁਮਾਰ ਨਾਲ ਬੀਬੀਸੀ ਪੰਜਾਬੀ ਨੇ ਗੱਲਬਾਤ ਕੀਤੀ। ਉਨ੍ਹਾਂ ਨਾਲ ਹੋਈ ਗੱਲਬਾਤ ਦਾ ਵੇਰਵਾ ਇਸ ਪ੍ਰਕਾਰ ਹੈ:
ਸਵਾਲ: ਪਰਿਵਾਰ ਨੂੰ ਕਦੋਂ ਪਤਾ ਲਗਿਆ ਕਿ ਸਤਵਿੰਦਰ ਸਿੰਘ ਨੂੰ ਸਜ਼ਾ-ਏ-ਮੌਤ ਦਿੱਤੀ ਗਈ ਹੈ?
ਸਤਵਿੰਦਰ ਦੀ ਪਤਨੀ ਸੀਮਾ ਦੇਵੀ ਨੂੰ ਪਤਾ ਸੀ ਕਿ ਉਨ੍ਹਾਂ ਦੇ ਪਤੀ ਕਿਸੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹਨ। ਸਤਵਿੰਦਰ ਲਗਾਤਾਰ ਆਪਣੇ ਪਰਿਵਾਰ ਨਾਲ ਗੱਲ ਕਰਦਾ ਸੀ। 28 ਫਰਵਰੀ ਨੂੰ ਸਤਵਿੰਦਰ ਦੀ ਪਤਨੀ ਨੂੰ ਇੱਕ ਅਣਜਾਣ ਸ਼ਖਸ ਦਾ ਦੁਬਈ ਦੀ ਜੇਲ੍ਹ ਤੋਂ ਫੋਨ ਆਇਆ ਸੀ।
ਫੋਨ ਕਰਨ ਵਾਲੇ ਸ਼ਖਸ ਨੇ ਕਿਹਾ ਕਿ ਸਤਵਿੰਦਰ ਉਸ ਦਾ ਬਹੁਤ ਚੰਗਾ ਮਿੱਤਰ ਸੀ ਅਤੇ ਉਸ ਦਾ 28 ਫਰਵਰੀ ਨੂੰ ਸਵੇਰੇ ਸਿਰ ਵੱਢ ਦਿੱਤਾ ਗਿਆ ਹੈ। ਪਰ ਪਰਿਵਾਰ ਉਸ ਸ਼ਖਸ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ।
ਸੀਮਾ ਦੇਵੀ ਨੇ ਕਿਹਾ ਕਿ ਉਨ੍ਹਾਂ ਦੀ ਸਤਵਿੰਦਰ ਨਾਲ ਗੱਲ 24 ਫਰਵਰੀ ਨੂੰ ਹੋਈ ਸੀ। ਉਸ ਵੇਲੇ ਸਤਵਿੰਦਰ ਨੇ ਕਿਹਾ ਸੀ ਕਿ ਉਹ ਵਾਪਸ ਆ ਰਹੇ ਹਨ।
ਇਸ ਤੋਂ ਬਾਅਦ ਪਰਿਵਾਰ ਨੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਭਾਜਪਾ ਆਗੂ ਅਵਿਨਾਸ਼ ਰਾਇ ਖੰਨਾ ਨਾਲ ਮੁਲਾਕਾਤਾ ਕੀਤੀ ਸੀ।
ਜਦੋਂ ਉਨ੍ਹਾਂ ਨੇ ਸਤਵਿੰਦਰ ਬਾਰੇ ਗ੍ਰਹਿ ਮੰਤਰਾਲੇ ਤੋਂ ਪਤਾ ਕਰਵਾਇਆ ਤਾਂ ਪਰਿਵਾਰ ਨੂੰ ਦੱਸਿਆ ਗਿਆ ਕਿ ਸਤਵਿੰਦਰ ਨੂੰ ਸਜ਼ਾ-ਏ-ਮੌਤ ਦੇਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਪਰਿਵਾਰ ਫਿਰ ਭਰੋਸੇ 'ਤੇ ਬਹਿ ਗਏ ਪਰ ਕੁਝ ਨਾ ਕੁਝ ਕਰਦੇ ਰਹੇ।
ਸਤਵਿੰਦਰ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਨੇ ਵੀ ਕਿਹਾ ਕਿ ਸਤਵਿੰਦਰ ਜੇਲ੍ਹ ਵਿੱਚ ਤਾਂ ਬੰਦ ਹੈ ਪਰ ਉਸ ਨੂੰ ਸਜ਼ਾ-ਏ-ਮੌਤ ਦੇਣ ਦੀ ਕੋਈ ਖ਼ਬਰ ਨਹੀਂ ਹੈ।
ਉਸੇ ਵਿਚਾਲੇ ਇੱਕ ਵਾਰ ਫਿਰ ਤੋਂ ਉਸ ਅਣਜਾਣ ਸ਼ਖਸ ਦਾ ਕਾਲ ਆਇਆ। ਉਸ ਨੇ ਫਿਰ ਕਿਹਾ ਕਿ ਸਤਵਿੰਦਰ ਅਤੇ ਲੁਧਿਆਣਾ ਦੇ ਹਰਜੀਤ ਨੂੰ ਮਾਰ ਦਿੱਤਾ ਗਿਆ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਕੋਲ ਸਤਵਿੰਦਰ ਦੀਆਂ ਨਿਸ਼ਾਨੀਆਂ ਮੌਜੂਦ ਹਨ।
ਤੁਸੀਂ ਹਾਈ ਕੋਰਟ ਵਿੱਚ ਕੀ ਪਟੀਸ਼ਨ ਦਾਇਰ ਕੀਤੀ ਤਾਂ ਫਿਰ ਉੱਥੇ ਕੀ ਹੋਇਆ?
8 ਅਪ੍ਰੈਲ 2019 ਨੂੰ ਮੈਂ ਪੰਜਾਬ ਹਰਿਆਣਾ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਸ ਪਟੀਸ਼ਨ ਵਿੱਚ ਮੈਂ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਵਿਦੇਸ਼ ਮੰਤਰਾਲੇ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਸਤਵਿੰਦਰ ਦੇ ਹਾਲ ਬਾਰੇ ਪਤਾ ਕਰੇ। ਕੋਰਟ ਨੇ ਮੰਤਰਾਲੇ ਨੂੰ ਇੱਕ ਹਫਤੇ ਦਾ ਟਾਇਮ ਦਿੱਤਾ ਸੀ।
ਹਫ਼ਤੇ ਤੋਂ ਬਾਅਦ ਸਰਕਾਰ ਨੇ ਜਵਾਬ ਦਿੱਤਾ, "2016 ਵਿੱਚ ਸਤਵਿੰਦਰ ਤੇ ਹਰਜੀਤ ਨੂੰ ਸ਼ਰਾਬ ਪੀਣ ਨਾਲ ਜੁੜੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਮਾਮਲੇ ਵਿੱਚ ਉਨ੍ਹਾਂ ਦੋਵਾਂ ਨੂੰ ਭਾਰਤ ਨੂੰ ਸੌਂਪਿਆ ਜਾ ਰਿਹਾ ਸੀ। ਪਰ ਅਚਾਨਕ ਉਨ੍ਹਾਂ ਨਾਲ ਕੰਮ ਕਦੇ ਕੰਮ ਕਰ ਚੁੱਕਿਆ ਆਰਿਫ ਦੇ ਕਤਲ ਦਾ ਮਾਮਲਾ ਵੀ ਖੁੱਲ੍ਹ ਗਿਆ। ਉਸ ਦੇ ਕਤਲ ਮਾਮਲੇ ਵਿੱਚ ਇਨ੍ਹਾਂ ਦੋਹਾਂ ਦੀ ਸ਼ਮੂਲੀਅਤ ਹੀ ਮਿਲੀ।"
ਦੋਹਾਂ ਦੇ ਪਰਿਵਾਰ ਵਿੱਚ ਕੌਣ-ਕੌਣ ਹੈ?
ਸਤਵਿੰਦਰ ਦੀ ਪਤਨੀ ਹੈ ਸੀਮਾ ਰਾਣੀ ਤੇ ਇੱਕ ਧੀ ਹੈ ਜੋ ਸੱਤਵੀਂ ਵਿੱਚ ਪੜ੍ਹਦੀ ਹੈ। ਸਤਵਿੰਦਰ ਦੇ ਮਾਤਾ-ਪਿਤਾ ਵੀ ਹਨ। ਲੁਧਿਆਣਾ ਦਾ ਹਰਜੀਤ ਤਾਂ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ। ਦੋਹਾਂ ਪਰਿਵਾਰਾਂ ਦੀ ਮਾਲੀ ਹਾਲਾਤ ਬਹੁਤ ਖਰਾਬ ਹੈ।