ਮਹਾਵੀਰ ਜਯੰਤੀ: ਜੈਨ ਧਰਮ ਦੇ ਪੈਰੋਕਾਰ ਕਿਹੜੇ 5 ਮੂਲ ਸਿਧਾਂਤ ਮੰਨਦੇ ਨੇ

ਜੈਨ ਧਰਮ ਦੇ ਉੱਘੇ ਤੀਰਥੰਕਰ, ਭਗਵਾਨ ਮਹਾਵੀਰ ਦੀ ਜਯੰਤੀ ਮੌਕੇ ਇਸ ਪੰਥ ਦੇ 5 ਮੂਲ ਸਿਧਾਂਤਾਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ।

ਉਂਝ ਲੋਕ ਜੈਨ ਧਰਮ ਦੇ ਸਿਧਾਂਤਾਂ ਨੂੰ ਚਿੱਟੇ ਕੱਪੜੇ ਅਤੇ ਮੂੰਹ ਨੂੰ ਢਕਣ ਨਾਲ ਜੋੜਦੇ ਹਨ ਪਰ ਇਸ ਦੇ ਸਿਧਾਂਤਾਂ ਦਾ ਮੂਲ ਕੀ ਹੈ, ਇਸ ਬਾਰੇ ਤਫ਼ਸੀਲ ਨਾਲ ਹੇਠਾਂ ਪੜ੍ਹੋ:

ਅਹਿੰਸਾ

ਮਹਾਵੀਰ ਨੇ ਕਿਹਾ ਸੀ, "ਅਹਿੰਸਾ ਪਰਮੋ ਧਰਮ"। ਜੈਨ ਧਰਮ ਦੇ ਪੈਰੋਕਾਰ ਅਹਿੰਸਾ ਨੂੰ ਜੀਵਨ ਦਾ ਬੁਨਿਆਦੀ ਸਿਧਾਂਤ ਮੰਨਦੇ ਹਨ।

ਜੈਨ ਧਰਮ ਦੀ ਫ਼ਿਲਾਸਫੀ ਸਮੁੱਚੇ ਜੀਵਨ ਦੇ ਸਾਰ ਨੂੰ ਅਹਿੰਸਾ ਵਿਚ ਸਮਾਏ ਹੋਣ ਦੀ ਗਵਾਹੀ ਭਰਦੀ ਹੈ।

ਇਸ ਦੇ ਪੈਰੋਕਾਰ ਆਪਣੇ ਰੋਜ਼ਾਨਾ ਜੀਵਨ ਦੌਰਾਨ 3 ਜਰੂਰੀ ਨੀਤੀਆਂ ਦਾ ਪਾਲਣ ਕਰਦੇ ਹਨ:

  • ਕਾਰਕ ਅਹਿੰਸਾ: ਇਹ ਅਹਿੰਸਾ ਦਾ ਸਭ ਤੋਂ ਸਥੂਲ ਰੂਪ ਹੈ, ਕਿਸੇ ਪ੍ਰਾਣੀ ਨੂੰ ਜਾਣੇ-ਅਣਜਾਣੇ ਵਿਚ ਕਸ਼ਟ ਨਾ ਦੇਣਾ
  • ਮਾਨਸਿਕ ਅਹਿੰਸਾ: ਇਹ ਅਹਿੰਸਾ ਦਾ ਸੂਖ਼ਮ ਪੱਧਰ ਹੈ, ਜਿਸ ਦਾ ਅਰਥ ਹੈ ਕਿਸੇ ਵੀ ਪ੍ਰਾਣੀ ਲ਼ਈ ਬੁਰਾ ਨਾ ਸੋਚਣਾ
  • ਬੌਧਿਕ ਅਹਿੰਸਾ: ਅਹਿੰਸਾ ਦੇ ਸੂਖ਼ਮ ਪੱਧਰ ਨਾਲ ਅਜਿਹਾ ਵਿਕਾਸ ਕਰਨਾ ਕਿ ਕਿਸੇ ਨਾਲ ਨਫ਼ਰਤ ਨਾ ਹੋਵੇ।

ਇਹ ਵੀ ਜ਼ਰੂਰ ਪੜ੍ਹੋ

ਸੱਚਦਾ ਸਿਧਾਂਤ

ਜੈਨ ਧਰਮ ਆਪਣੇ ਸਿਧਾਂਤ ਰਾਹੀ ਹਮੇਸ਼ਾ ਸੱਚ ਬੋਲਣ ਦੀ ਪ੍ਰੇਰਣਾ ਦਿੰਦਾ ਹੈ।

ਇਸ ਦਾ ਅਰਥ ਹੈ ਕਿ ਮਨ ਤੇ ਬੁੱਧੀ ਇਸ ਤਰ੍ਹਾਂ ਅਨੁਸਾਸ਼ਿਤ ਤੇ ਸੰਜਮ ਨਾਲ ਭਰ ਜਾਵੇ ਕਿ ਜੀਵਨ ਦੇ ਹਰ ਹਾਲਾਤ ਵਿਚ ਸਹੀ ਕਿਰਿਆ ਤੇ ਪ੍ਰਤੀਕਿਰਿਆ ਦੀ ਚੋਣ ਹੋ ਸਕੇ।

ਜੈਨ ਧਰਮ ਮੁਤਾਬਕ ਸੱਚ ਦੇ ਸਿਧਾਂਤ ਦਾ ਅਰਥ ਹੈ:

  • ਸਹੀ ਅਤੇ ਗਲਤ ਵਿੱਚੋਂ ਸਹੀ ਦੀ ਚੋਣ ਕਰਨਾ
  • ਸਥਾਈ ਤੇ ਅਸਥਾਈ ਵਿਚੋਂ ਸਥਾਈ ਦੀ ਚੋਣ ਕਰਨਾ

ਚੋਰੀ ਨਾ ਕਰਨਾ

ਭਗਵਾਨ ਮਹਾਵੀਰ ਚੇਤਨਾ ਦੇ ਸਿਖ਼ਰ ਨੂੰ 'ਅਚੌਰਿਆ ਮਹਾਵਰਤ' ਕਹਿੰਦੇ ਹਨ। ਪਰ ਜੈਨ ਧਰਮ ਦੇ ਪ੍ਰਚਾਰਕ ਦੱਸਦੇ ਹਨ ਕਿ ਇਹ ਦੂਜਿਆਂ ਦੀਆਂ ਚੀਜਾਂ ਦੀ ਹੀ ਚੋਰੀ ਕਰਨ ਤੱਕ ਸੀਮਤ ਨਹੀਂ ਹੈ।

ਕਹਿਣ ਦਾ ਭਾਵ ਸਿਰਫ਼ ਚੀਜਾਂ ਚੋਰੀ ਨਾ ਕਰਨਾ ਜਾਂ ਖੋਹਣਾ ਹੀ ਨਹੀਂ, ਬਲਕਿ ਇਸ ਦਾ ਅਧਿਆਤਮਕ ਅਰਥ ਹੈ।

ਜੈਨ ਧਰਮ ਦੇ ਸਿਧਾਂਤ ਮੁਤਾਬਕ, "ਮੈਂ ਸ਼ੁੱਧਚੇਤਨ ਸਰੂਪ ਹਾਂ ਅਤੇ ਸਰੀਰ-ਮਨ-ਬੁੱਧੀ ਇਸ ਮਨੁੱਖੀ ਜੀਵਨ ਬਤੀਤ ਕਰਨ ਲਈ ਸਾਧਨ ਹੀ ਹਨ।"

ਬ੍ਰਹਮਚਰਿਆ

ਜੈਨ ਧਰਮ ਮੁਤਾਬਕ ਇਹ ਸਿਧਾਂਤ ਉਕਤ ਤਿੰਨਾਂ ਸਿਧਾਤਾਂ (ਅਹਿੰਸਾ, ਸੱਚ ਅਤੇ ਚੋਰੀ ਨਾ ਕਰਨਾ) ਦਾ ਨਤੀਜਾ ਹੋ ਸਕਦਾ ਹੈ। ਇਸ ਦਾ ਸ਼ਬਦੀ ਅਰਥ ਹੈ ਬ੍ਰਹਮ+ਚਰਿਆ ਭਾਵ ਚੇਤਨਾ ਵਿਚ ਸਥਿਰ ਰਹਿਣਾ।

ਜਦੋਂ ਮਨੁੱਖ ਸਹੀ ਤੇ ਗਲਤ ਵਿਚੋਂ ਸਹੀ ਦੀ ਚੋਣ ਕਰਦਾ ਹੈ ਅਤੇ ਸਰੀਰ-ਮਨ-ਬੁੱਧੀ ਨਾਲ ਉੱਪਰ ਉੱਠ ਕੇ ਸਥਿਰ ਸਰੂਪ ’ਚ ਸਥਿਤ ਹੁੰਦਾ ਹੈ ਤਾਂ ਇਸ ਦੇ ਨਤੀਜੇ ਵਜੋਂ ਉਹ ਅਨੰਦ ਰੂਪੀ ਸਵੈ ਸੱਤਾ ਦੇ ਕੇਂਦਰ ਬਿੰਦੂ ਵੱਲ ਮੁੜਦਾ ਹੈ। ਇਸੇ ਨੂੰ ਬ੍ਰਹਮਚਰਿਆ ਕਿਹਾ ਜਾਂਦਾ ਹੈ।

ਇਸ ਸਥਿਤੀ ਉੱਤੇ ਪਹੁੰਚ ਕੇ ਸਹਿਚਰਿਆ ਜਾਂ ਸੰਭੋਗ ਦੀ ਇੱਛਾ ਨਹੀਂ ਰਹਿੰਦੀ। ਬ੍ਰਹਮਚਰਿਆ ਉਹ ਸਥਿਤੀ ਹੈ ਜਦੋਂ ਮਨੁੱਖ ਨੂੰ ਆਪਣੇ ਹੀ ਸਰੀਰ ਨਾਲ ਮੋਹ ਨਾ ਰਹੇ ਤਾਂ ਉਹ ਦੂਜਿਆਂ ਨਾਲ ਭੋਗ ਦੀ ਇੱਛਾ ਨੂੰ ਤੋੜਨ ਦੇ ਸਮਰੱਥ ਹੋ ਜਾਂਦਾ ਹੈ।

ਇਹ ਵੀ ਜ਼ਰੂਰ ਪੜ੍ਹੋ

ਸਵੈ-ਜਾਗ੍ਰਿਤੀ ਦਾ ਸਿਧਾਂਤ

ਜੋ ਸਵੈ-ਸਰੂਪ ਬਾਰੇ ਜਾਗ੍ਰਿਤ ਹੋ ਜਾਵੇ ਅਤੇ ਸਰੀਰ-ਮਨ-ਬੁੱਧੀ ਨੂੰ ਆਪਣਾ ਨਾ ਮੰਨ ਕੇ ਜੀਵਨ ਬਿਤਾਏ ਉਸ ਦੀ ਰੋਜ਼ਮਰਾ ਜ਼ਿੰਦਗੀ ਸੰਜਮ ਵਾਲੀ ਦਿਖਦੀ ਹੈ।

ਜੀਵਨ ਦੀ ਹਰ ਅਵਸਥਾ ਵਿਚ ਸਵੈ-ਜਾਗ੍ਰਿਤੀ ਦਾ ਭਾਵ ਉਦੈ ਹੁੰਦਾ ਹੈ। ਜੈਨੀ ਅਜਿਹੇ ਮਨੁੱਖ ਨੂੰ ਭਗਵਾਨ ਮਹਾਵੀਰ ਦਾ ਪਾਂਧੀ ਮੰਨਦੇ ਹਨ।

ਸਵੈ ਜਾਗ੍ਰਿਤੀ ਦੇ ਤਿੰਨ ਆਯਾਮ ਹਨ:

  • ਪਦਾਰਥਾਂ ਪ੍ਰਤੀ ਜਾਗ੍ਰਿਤੀ: ਸਥਿਰ ਚੇਤਨਤਾ ਦੇ ਨੇੜੇ ਆਉਂਦੇ-ਆਉਂਦੇ ਸੰਸਾਰਿਕ ਪਦਾਰਥਾਂ ਦਾ ਮੋਹ ਖ਼ਤਮ ਹੁੰਦਾ ਹੈ।
  • ਵਿਅਕਤੀਆਂ ਪ੍ਰਤੀ ਜਾਗ੍ਰਿਤੀ: ਸੰਸਾਰਿਕ ਲੀਲਾ ਵਿਚ ਮਨੁੱਖ ਭੂਮਿਕਾ ਨਿਭਾਉਣ ਆਉਂਦੇ ਹਨ ਤੇ ਚਲੇ ਜਾਂਦੇ ਹਨ। ਜੈਨੀ ਲੋਕ ਜੀਵਨ ਬਤੀਤ ਕਰਦੇ ਹੋਏ ਵਿਅਕਤੀਆਂ ਦੇ ਮੋਹ ਜਾਲ ਵਿਚ ਨਹੀਂ ਫਸਦਾ।
  • ਵਿਚਾਰਾਂ ਪ੍ਰਤੀ ਜਾਗ੍ਰਿਤੀ : ਜਾਗ੍ਰਿਤ ਅਵਸਥਾ ਨੂੰ ਹਾਸਲ ਕਰਦੇ ਹੋਏ ਮਨੁੱਖ ਸਰਬ ਵਿਆਪਕ ਵਿਚ ਸ਼ਾਮਲ ਹੋਣ ਦੀ ਮਾਨਸਿਕਤਾ ਵਾਲਾ ਹੋ ਜਾਂਦਾ ਹੈ। ਉਹ ਭਗਵਾਨ ਮਹਾਵੀਰ ਦੇ ਅਨੇਕਾਂਤਵਾਦ ਤੇ ਸਿਆਵਦਾਦ ਦੇ ਸਿਧਾਂਤ ਨੂੰ ਦਿਲ ਵਿਚ ਵਸਾ ਕੇ ਸਭ ਦੇ ਵਿਚਾਰਾਂ ਦਾ ਸਨਮਾਨ ਕਰਨ ਲੱਗਦਾ ਹੈ। ਉਨ੍ਹਾਂ ਮੁਤਾਬਕ ਸਿਰਫ਼ ਸੁੱਧ ਜਾਗ੍ਰਿਤ ਸਰੂਪ ਹੀ ਪਰਮ ਤੇ ਸੰਪੂਰਨ ਹੈ, ਜਿਸ ਨੂੰ ਵਿਚਾਰਾਂ ਤੋਂ ਪਾਰ ਜਾ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।

(ਇਸ ਲੇਖ ਦਾ ਆਧਾਰ ਸ੍ਰੀ ਬੇਨ ਪ੍ਰਭੂ ਦੇ ਇੱਕ ਲੇਖ ਤੋਂ ਲਿਆ ਗਿਆ ਹੈ। ਸ੍ਰੀ ਬੇਨ ਪ੍ਰਭੂ ਇੱਕ ਅਧਿਆਤਮਕ ਗੁਰੂ ਹਨ।)

ਇਹ ਵੀਡੀਓ ਵੀਜ਼ਰੂਰ ਦੇਖੋ

ਬੀਬੀਸੀ ਪੰਜਾਬੀ ਨੂੰ ਆਪਣੇ ਫੋਨ ਉੱਤੇ ਆਸਾਨੀ ਨਾਲ ਵੇਖਣ ਲਈ ਇਹ ਕਰੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)