ਡੈਮ ਟੁੱਟਣ ਮਗਰੋਂ ਗਾਰੇ ਦੇ ਹੜ੍ਹ ਦੀ ਤਬਾਹੀ ਦੀਆਂ ਤਸਵੀਰਾਂ

ਅਧਿਕਾਰੀਆਂ ਮੁਤਾਬਕ ਦੱਖਣ-ਪੂਰਬੀ ਬ੍ਰਾਜ਼ੀਲ ਵਿੱਚ ਇੱਕ ਕੱਚੇ ਲੋਹੇ ਦੀ ਖਾਣ ਦਾ ਗਾਰਾ ਰੋਕਣ ਲਈ ਬਣਾਇਆ ਡੈਮ ਟੁੱਟਣ ਨਾਲ ਗਾਰੇ ਦੇ ਹੜ੍ਹ ਵਿੱਚ 300 ਤੋਂ ਵਧੇਰੇ ਲੋਕ ਲਾਪਤਾ ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 34 ਹੋ ਗਈ ਹੈ।

ਬ੍ਰਾਜ਼ੀਲ ਦੇ ਸ਼ਹਿਰ ਬ੍ਰੋਹੌਰੀਜ਼ੌਂਟੇ ਵਿੱਚ ਬਣਿਆ ਇਹ ਡੈਮ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਦੁਪਹਿਰੇ ਟੁੱਟਿਆ। ਇਸ ਵਿੱਚੋਂ ਛੁੱਟੇ ਗਾਰੇ ਨੇ ਇਸੇ ਤੋਂ ਹੇਠਲੇ ਇੱਕ ਹੋਰ ਡੈਮ ਨੂੰ ਵੀ ਭਰ ਦਿੱਤਾ।

ਜਦੋਂ ਡੈਮ ਟੁੱਟਿਆ ਤਾਂ ਨਜ਼ਦੀਕ ਹੀ ਬਣਿਆ ਇੱਕ ਕੈਫੀਟੇਰੀਆ ਸਭ ਤੋਂ ਪਹਿਲਾਂ ਇਸ ਦੀ ਮਾਰ ਹੇਠ ਆਇਆ ਅਤੇ ਉੱਥੇ ਖਾਣਾ ਖਾ ਰਹੇ ਮਜ਼ਦੂਰ ਗਾਰੇ ਹੇਠ ਆ ਗਏ।

ਫਸੇ ਲੋਕਾਂ ਨੂੰ ਕੱਢਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਸੜਕੀ ਮਾਰਗ ਤਬਾਹ ਹੋ ਜਾਣ ਕਾਰਨ ਗਾਰੇ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਬਚਾਅ ਕਾਰਜਾਂ ਵਿੱਚ 100 ਦਮਕਲ ਕਰਮਚਾਰੀ ਲੱਗੇ ਹੋਏ ਹਨ ਅਤੇ ਇੰਨੇ ਹੀ ਹੋਰ ਉਨ੍ਹਾਂ ਨਾਲ ਸ਼ਨੀਵਾਰ ਨੂੰ ਰਲ ਜਾਣੇ ਸਨ। ਸੂਬੇ ਦੇ ਗਵਰਨਰ ਮੁਤਾਬਕ ਫਸੇ ਲੋਕਾਂ ਦੇ ਬਚਣ ਦੀ ਬਹੁਤ ਘੱਟ ਉਮੀਦ ਹੈ।

ਇਹ ਡੈਮ ਬ੍ਰਾਜ਼ੀਲ ਦੀ ਸਭ ਤੋਂ ਵੱਡੀ ਮਾਈਨਿੰਗ ਕੰਪਨੀ ਵੇਲੇ ਦੀ ਮਲਕੀਅਤ ਸੀ ਅਤੇ ਇਸ ਦੇ ਟੁੱਟਣ ਦੇ ਕਾਰਨ ਸਾਫ਼ ਨਹੀਂ ਹੋ ਸਕੇ। ਇਸ ਡੈਮ ਦੀ ਉਸਾਰੀ 1876 ਵਿੱਚ ਕੀਤੀ ਗਈ ਸੀ ਅਤੇ ਇਸ ਦੀ ਵਰਤੋਂ ਲੋਹੇ ਦੀ ਖਾਣ ਵਿੱਚੋਂ ਨਿਕਲਣ ਵਾਲੇ ਗਾਰੇ ਨੂੰ ਰੋਕਣ ਲਈ ਕੀਤੀ ਜਾਂਦੀ ਸੀ।

ਇਸ ਤੋਂ 3 ਸਾਲ ਪਹਿਲਾਂ ਇਸੇ ਖੇਤਰ ਵਿੱਚ ਇੱਕ ਹੋਰ ਡੈਮ ਟੁੱਟਿਆ ਸੀ ਜਿਸ ਕਾਰਨ ਬਹੁਤ ਵੱਡੇ ਇਲਾਕੇ ਵਿੱਚ ਜ਼ਹਿਰੀਲਾ ਗਾਰਾ ਫੈਲਣ ਕਾਰਨ ਵਨਸਪਤੀ ਤਬਾਹ ਹੋ ਗਈ ਸੀ ਅਤੇ ਉਸ ਘਟਾਨਾ ਨੂੰ ਬ੍ਰਾਜ਼ੀਲ ਦਾ ਸਭ ਤੋਂ ਵੱਡਾ ਕੁਦਰਤੀ ਕਹਿਰ ਮੰਨਿਆ ਜਾਂਦਾ ਹੈ।

ਬ੍ਰਾਜ਼ੀਲ ਦੀ ਕੌਮੀ ਮਾਈਨਿੰਗ ਏਜੰਸੀ ਦੇ ਮਾਈਨਿੰਗ ਰਜਿਸਟਰ ਵਿੱਚ ਵੱਡੇ ਖ਼ਤਰੇ ਦੀ ਸੰਭਾਵਨਾ ਵਾਲੇ ਡੈਮ ਵਜੋਂ ਦਰਜ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)