ਕਿੰਗ ਮਾਰਟਨ ਲੂਥਰ : ਰੋਜ਼ਾ ਪਾਰਕਸ ਕੌਣ ਸੀ, ਜਿਸ ਨਾਲ ਜੁੜੀ ਛੋਟੀ ਜਿਹੀ ਘਟਨਾ ਮਨੁੱਖੀ ਅਧਿਕਾਰਾਂ ਦੀ ਲਹਿਰ ਬਣ ਗਈ ਸੀ

ਰੋਜ਼ਾ ਪਾਰਕ ਗਰਮ ਖਿਆਲਾਂ ਅਤੇ ਨਾਰੀਵਾਦੀ ਸੋਚ ਲਈ ਜਾਣੇ ਜਾਂਦੇ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਜ਼ਾ ਪਾਰਕ ਗਰਮ ਖਿਆਲਾਂ ਅਤੇ ਨਾਰੀਵਾਦੀ ਸੋਚ ਲਈ ਜਾਣੇ ਜਾਂਦੇ ਸਨ

ਅਮਰੀਕਾ ਵਿਚ ਗਰੀਬੀ, ਨਾ-ਬਰਾਬਰੀ ਅਤੇ ਨਸਲੀ ਮਤਭੇਦਾਂ ਖ਼ਿਲਾਫ਼ ਲੜਾਈ ਲੜਨ ਵਾਲੇ ਮਾਰਟਿਨ ਕਿੰਗ ਜੂਨੀਅਰ ਦੀ ਵਿਰਾਸਤ ਅੱਜ ਵੀ ਓਨੀ ਹੀ ਪ੍ਰਭਾਵੀ ਹੈ, ਜਿੰਨੀ ਉਸ ਸਮੇਂ ਸੀ।

ਮਾਰਟਿਨ ਦਾ ਜਨਮ 15 ਜਨਵਰੀ 1929 ਵਿਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਦੇ ਨਾਂ ਮਿਸ਼ੈੱਲ ਕਿੰਗ ਹੋਣ ਕਾਰਨ ਉਨ੍ਹਾਂ ਦੇ ਨਾਮ ਨਾਲ ਇਹ ਸ਼ਬਦ ਜੁੜ ਗਿਆ।

ਮਾਰਟਿਨ ਲੂਥਰ ਕਿੰਗ ਦੀ ਮਨੁੱਖੀ ਅਧਿਕਾਰਾਂ ਬਾਰੇ ਲਹਿਰ ਵਿਚ ਰੋਜ਼ਾ ਪਾਰਕਸ ਨਾਲ ਜੁੜੀ ਘਟਨਾ ਬਹੁਤ ਅਹਿਮੀਅਤ ਰੱਖਦੀ ਹੈ।

ਅਮਰੀਕਾ ਵਿੱਚ ਸਿੱਖ ਦਸਤਾਰ ਲਈ ਨੀਤੀ ਬਦਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਮਾਜ ਸੇਵੀ ਅਤੇ ਸਨਅਤਕਾਰ ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕਸ ਟਰੇਲਬਲੇਜ਼ਰ ਐਵਾਰਡ 2019 ਵਿਚ ਮਿਲਿਆ ਸੀ।

ਪੀਟੀਆਈ ਅਨੁਸਾਰ ਅਮਰੀਕਾ ਦੇ ਇੰਡਿਆਨਾ ਵਿੱਚ ਰਹਿਣ ਵਾਲੇ 45 ਸਾਲਾ ਗੁਰਵਿੰਦਰ ਨੂੰ ਇਹ ਸਨਮਾਨ ਦਸਤਾਰ ਦੇ ਮਸਲੇ ਬਾਰੇ ਦਿਖਾਈ ਆਪਣੀ ਹਿੰਮਤ ਅਤੇ ਜਜ਼ਬੇ ਲਈ ਦਿੱਤਾ ਗਿਆ ਹੈ।

2007 ਵਿੱਚ ਗੁਰਿੰਦਰ ਸਿੰਘ ਨੇ ਹਵਾਈ ਜਹਾਜ਼ 'ਤੇ ਚੜ੍ਹਨ ਤੋਂ ਉਸ ਵੇਲੇ ਇਨਕਾਰ ਕਰ ਦਿੱਤਾ ਸੀ ਜਦੋਂ ਉਨ੍ਹਾਂ ਨੂੰ ਚੈਕਿੰਗ ਲਈ ਦਸਤਾਰ ਲਾਹੁਣ ਲਈ ਕਿਹਾ ਗਿਆ ਸੀ।

ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕਸ ਟਰੇਲਬਲੇਜ਼ਰ ਐਵਾਰਡ ਮਿਲਣ ਸਮੇਂ ਬੀਬੀਸੀ ਪੰਜਾਬੀ ਨੇ ਰੋਜ਼ਾ ਪਾਰਕਸ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਜਿਸ ਨੂੰ ਹੂਬੂਹ ਪਾਠਕਾਂ ਦੀ ਰੁਚੀ ਲਈ ਇੱਥੇ ਛਾਪਿਆ ਜਾ ਰਿਹਾ ਹੈ।

ਗੁਰਿੰਦਰ ਸਿੰਘ ਖਾਲਸਾ ਨੂੰ ਰੋਜ਼ਾ ਪਾਰਕਸ ਐਵਾਰਡ ਲਈ ਸਨਮਾਨਿਤ ਕੀਤਾ ਗਿਆ

ਤਸਵੀਰ ਸਰੋਤ, Gurinder singh khalsa/facebook

ਤਸਵੀਰ ਕੈਪਸ਼ਨ, ਗੁਰਿੰਦਰ ਸਿੰਘ ਖਾਲਸਾ ਨੂੰ 2019 ਵਿਚ ਰੋਜ਼ਾ ਪਾਰਕਸ ਐਵਾਰਡ ਲਈ ਸਨਮਾਨਿਤ ਕੀਤਾ ਗਿਆ

ਕੌਣ ਸੀ ਰੋਜ਼ਾ ਪਾਰਕਸ?

ਅਮਰੀਕਾ ਵਿੱਚ ਇੱਕ ਅਫਰੀਕੀ ਔਰਤ ਵੱਲੋਂ ਇੱਕ ਗੋਰੇ ਨੂੰ ਆਪਣੀ ਸੀਟ ਦੇਣ ਤੋਂ ਇਨਕਾਰ ਕਰਕੇ ਕਾਨੂੰਨ ਤੋੜਨ ਦੀ ਉਹ ਇੱਕ ਛੋਟੀ ਜਿਹੀ ਘਟਨਾ ਸੀ ਪਰ ਉਸ ਘਟਨਾ ਨੇ ਅਮਰੀਕਾ ਦਾ ਇਤਿਹਾਸ ਬਦਲ ਦਿੱਤਾ।

ਇੱਕ ਦਸੰਬਰ 1955 ਨੂੰ ਨੈਸ਼ਨਲ ਐਸੋਸੀਏਸ਼ਨ ਆਫ ਐਡਵਾਂਸਮੈਂਟ ਆਫ ਕਲਰਡ ਪੀਪਲ ਦੀ ਮੈਂਬਰ, 42 ਸਾਲਾ ਰੋਜ਼ਾ ਪਾਰਕਸ ਬੱਸ ਵਿੱਚ ਸਵਾਰ ਸੀ।

ਇੱਕ ਗੋਰੇ ਵਿਅਕਤੀ ਨੇ ਉਸ ਨੂੰ ਸੀਟ ਛੱਡਣ ਲਈ ਕਿਹਾ।

ਬੱਸ ਡਰਾਈਵਰ ਜੇਮਸ ਬਲੇਕ ਨੇ ਕਿਹਾ, ''ਕੀ ਤੁਸੀਂ ਸੀਟ ਛੱਡੋਗੇ?''

ਰੋਜ਼ਾ ਪਾਰਕਸ ਨੇ ਕਿਹਾ, ''ਨਹੀਂ''

ਡਰਾਈਵਰ ਨੇ ਕਿਹਾ, ''ਠੀਕ ਹੈ, ਮੈਂ ਤੁਹਾਨੂੰ ਗ੍ਰਿਫ਼ਤਾਰ ਕਰਵਾਉਣ ਜਾ ਰਿਹਾ ਹਾਂ।''

ਰੋਜ਼ਾ ਪਾਰਕਸ ਨੇ ਕਿਹਾ, ''ਤੁਸੀਂ ਇਹ ਕਰ ਸਕਦੇ ਹੋ।''

ਉਸ ਵੇਲੇ 1865 ਦੀ ਖਾਨਾਜੰਗੀ ਦੇ ਬਾਅਦ ਤੋਂ ਹੀ ਅਮਰੀਕਾ ਦੇ ਦੱਖਣੀ ਸੂਬਿਆਂ ਵਿੱਚ ਸਖ਼ਤ ਕਾਨੂੰਨ ਲਾਗੂ ਸਨ ਜਿਨ੍ਹਾਂ ਤਹਿਤ ਬੱਸਾਂ, ਕਾਰਾਂ ਅਤੇ ਹੋਰ ਜਨਤਕ ਥਾਂਵਾਂ 'ਤੇ ਨਸਲ ਦੇ ਆਧਾਰ 'ਤੇ ਵਿਤਕਰਾ ਕੀਤਾ ਜਾਂਦਾ ਸੀ।

ਉੱਤਰੀ ਅਮਰੀਕਾ ਜਿੱਥੇ ਮੰਨਿਆ ਜਾਂਦਾ ਸੀ ਕਿ ਆਜ਼ਾਦ ਖਿਆਲ ਦੇ ਲੋਕ ਰਹਿੰਦੇ ਹਨ ਉੱਥੇ ਵੀ ਅਫਰੀਕੀ ਮੂਲ ਦੇ ਲੋਕਾਂ ਨੂੰ ਕਈ ਨੌਕਰੀਆਂ ਕਰਨ ਦੀ ਇਜਾਜ਼ਤ ਨਹੀਂ ਸੀ।

Line

ਛੋਟੀ ਘਟਨਾ ਦਾ ਵੱਡਾ ਅਸਰ

  • ਅਫਰੀਕੀ ਔਰਤ ਦੇ ਗੋਰੇ ਨੂੰ ਆਪਣੀ ਸੀਟ ਦੇਣ ਤੋਂ ਇਨਕਾਰ ਕਰਕੇ ਕਾਨੂੰਨ ਤੋੜਨ ਦੀ ਉਹ ਇੱਕ ਛੋਟੀ ਜਿਹੀ ਘਟਨਾ ਸੀ
  • ਗੋਰੇ ਲੋਕਾਂ ਲਈ ਸੀਟ ਨਾ ਛੱਡਣ 'ਤੇ ਅਫਰੀਕੀ ਮੂਲ ਦੇ ਲੋਕਾਂ ਨੂੰ 14 ਡਾਲਰ ਦਾ ਜੁਰਮਾਨਾ ਭਰਨਾ ਪੈਂਦਾ ਸੀ।
  • ਰੋਜ਼ਾ ਪਾਰਕਸ ਪਹਿਲੀ ਔਰਤ ਨਹੀਂ ਸੀ ਜਿਸ ਨੇ ਇਹ ਕਾਨੂੰਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
  • ਪਰ ਇਸ ਘਟਨਾ ਨੇ ਅਮਰੀਕੀ ਮਨੁੱਖੀ ਅਧਿਕਾਰਾਂ ਦੀ ਲਹਿਰ ਵਿਚ ਇਤਿਹਾਸਕ ਭੂਮਿਕਾ ਨਿਭਾਈ ਸੀ
  • ਅਫਰੀਕੀ ਮੂਲ ਦੀਆਂ ਦੋ ਔਰਤਾਂ ਕਲੌਡੇਟ ਕੋਲਵਿਨ ਤੇ ਮੈਰੀ ਲੂਈਜ਼ ਸਮਿੱਥ ਨੂੰ ਵੀ ਇਸੇ ਜੁਰਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ।
Line

ਲਹਿਰ ਦੀ ਝੰਡਾ ਬਰਦਾਰ ਬਣੀ

ਗੋਰੇ ਲੋਕਾਂ ਲਈ ਸੀਟ ਨਾ ਛੱਡਣ 'ਤੇ ਅਫਰੀਕੀ ਮੂਲ ਦੇ ਲੋਕਾਂ ਨੂੰ 14 ਡਾਲਰ ਦਾ ਜੁਰਮਾਨਾ ਭਰਨਾ ਪੈਂਦਾ ਸੀ। ਰੋਜ਼ਾ ਪਾਰਕਸ ਨੂੰ ਵੀ ਇਹ ਜੁਰਮਾਨਾ ਭਰਨਾ ਪਿਆ ਸੀ।

ਰੋਜ਼ਾ ਪਾਰਕਸ ਪਹਿਲੀ ਔਰਤ ਨਹੀਂ ਸੀ ਜਿਸ ਨੇ ਇਹ ਕਾਨੂੰਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਅਫਰੀਕੀ ਮੂਲ ਦੀਆਂ ਦੋ ਔਰਤਾਂ ਕਲੌਡੇਟ ਕੋਲਵਿਨ ਤੇ ਮੈਰੀ ਲੂਈਜ਼ ਸਮਿੱਥ ਨੂੰ ਵੀ ਇਸੇ ਜੁਰਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਸਥਾਨਕ ਮਨੁੱਖੀ ਅਧਿਕਾਰ ਕਾਰਕੁਨ ਈਡੀ ਨਿਕਸਨ ਨੇ ਰੋਜ਼ਾ ਪਾਰਕਸ ਨੂੰ ਮਨੁੱਖੀ ਅਧਿਕਾਰ ਮੁਹਿੰਮ ਦਾ ਝੰਡਾ ਬਰਦਾਰ ਬਣਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਕਿਹਾ ਸੀ, ''ਰੋਜ਼ਾ ਪਾਰਕਸ ਇੱਕ ਵਿਆਹੁਤਾ ਹਨ। ਉਨ੍ਹਾਂ ਦਾ ਕਿਰਦਾਰ ਸਾਫ਼ ਹੈ ਅਤੇ ਉਹ ਪੜ੍ਹੀ-ਲਿਖੀ ਵੀ ਹਨ।''

ਰੋਜ਼ਾ ਪਾਰਕਸ ਦੀ ਗ੍ਰਿਫ਼ਤਾਰੀ ਸਿਵਿਲ ਰਾਈਟਸ ਲਈ ਮੀਲ ਦਾ ਪੱਥਰ ਸਾਬਿਤ ਹੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਜ਼ਾ ਪਾਰਕਸ ਦੀ ਗ੍ਰਿਫ਼ਤਾਰੀ ਸਿਵਿਲ ਰਾਈਟਸ ਲਈ ਮੀਲ ਦਾ ਪੱਥਰ ਸਾਬਿਤ ਹੋਈ

ਰੋਜ਼ਾ ਪਾਰਕਸ ਦੀ ਗ੍ਰਿਫ਼ਤਾਰੀ ਤੋਂ ਬਾਅਦ 381 ਦਿਨਾਂ ਤੱਕ ਮੋਂਟੋਗੋਮੈਰੀ ਬੱਸ ਸਿਸਟਮ ਦੇ ਬਾਈਕਾਟ ਦੀ ਮੁਹਿੰਮ ਚੱਲੀ। ਇਹ ਮੁਹਿੰਮ ਮਾਰਟਿਨ ਲੂਥਰ ਕਿੰਗ ਜੂਨੀਅਰ ਵੱਲੋਂ ਚਲਾਈ ਗਈ।

ਇਹ ਮੁਹਿੰਮ ਇੱਕ ਵੱਡੀ ਲਹਿਰ ਬਣ ਗਈ ਜਿਸ ਦੇ ਸਿੱਟੇ ਵੱਜੋਂ 1964 ਦਾ ਸਿਵਿਲ ਰਾਈਟ ਐਕਟ ਬਣਿਆ ਅਤੇ ਵੱਖਵਾਦ ਪੂਰੇ ਤਰੀਕੇ ਨਾਲ ਖ਼ਤਮ ਹੋਇਆ।

ਸਮਾਜਿਕ ਸੇਵਾ ਵਿੱਚ ਐਕਟਿਵ ਰਹੀਂ

ਉਸ ਘਟਨਾ ਨੂੰ ਯਾਦ ਕਰਦੇ ਹੋਏ ਪਾਰਕ ਨੇ ਕਿਹਾ ਸੀ, ''ਜਦੋਂ ਮੇਰੀ ਗ੍ਰਿਫਤਾਰੀ ਹੋਈ, ਉਸ ਵੇਲੇ ਮੈਨੂੰ ਨਹੀਂ ਪਤਾ ਸੀ ਕਿ ਇਹ ਇੰਨੀ ਵੱਡੀ ਲਹਿਰ ਬਣ ਜਾਵੇਗੀ। ਉਹ ਦਿਨ ਮੇਰੇ ਲਈ ਆਮ ਵਰਗਾ ਸੀ।''

''ਸਭ ਤੋਂ ਅਹਿਮ ਗੱਲ ਇਹ ਸੀ ਕਿ ਉਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।''

ਰੋਜ਼ਾ ਪਾਰਕਸ ਦਾ ਪੂਰਾ ਨਾਂ ਰੋਜ਼ਾ ਲੂਜ਼ੀ ਮੈਕੌਲੇ ਸੀ। ਉਨ੍ਹਾਂ ਦਾ ਜਨਮ 4 ਫਰਵਰੀ ਨੂੰ 1913 ਵਿੱਚ ਤਸਕੀਗੀਅ ਅਲਬੈਮਾ ਵਿੱਚ ਹੋਇਆ ਸੀ।

ਕੁਝ ਕਾਰਨਾਂ ਕਰਕੇ ਰੋਜ਼ਾ ਨੂੰ ਸਕੂਲ ਛੱਡਣਾ ਪਿਆ ਸੀ ਪਰ 1928 ਵਿੱਚ ਉਨ੍ਹਾਂ ਨੇ ਆਪਣੀ ਗ੍ਰੇਜੁਏਸ਼ਨ ਕੀਤੀ। ਥੋੜ੍ਹੇ ਵਕਤ ਲਈ ਉਨ੍ਹਾਂ ਨੇ ਅਲਬੈਮਾ ਸਟੇਟ ਕਾਲਜ ਵਿੱਚ ਵੀ ਪੜ੍ਹਾਈ ਕੀਤੀ ਸੀ।

ਰੋਜ਼ਾ ਪਾਰਕਸ

ਤਸਵੀਰ ਸਰੋਤ, Getty Images

1932 ਵਿੱਚ ਉਨ੍ਹਾਂ ਦਾ ਵਿਆਹ ਰੇਮੰਡਸ ਪਾਕਸ ਨਾਲ ਹੋਇਆ। ਉਸ ਤੋਂ ਬਾਅਦ ਹੀ ਉਹ ਸਮਾਜਿਕ ਮੁਹਿੰਮਾਂ ਵਿੱਚ ਹਿੱਸਾ ਲੈਣ ਲੱਗੀ ਸਨ। ਉਨ੍ਹਾਂ ਦੀ ਪਛਾਣ ਇੱਕ ਗਰਮਖਿਆਲੀ ਅਤੇ ਨਾਰੀਵਾਦੀ ਵਜੋਂ ਹੋਣ ਲੱਗੀ ਸੀ।

ਉਹ ਅਫਰੀਕੀ ਮੂਲ ਦੇ ਲੋਕਾਂ ਨੂੰ ਵੋਟ ਬਣਵਾਉਣ ਲਈ ਪ੍ਰੇਰਿਤ ਕਰਦੇ ਸਨ। ਪਰ ਇਹ ਪ੍ਰਸਿੱਧੀ ਉਨ੍ਹਾਂ ਲਈ ਮੁਸ਼ਕਿਲ ਵੀ ਬਣ ਗਈ ਸੀ। ਉਨ੍ਹਾਂ ਨੂੰ ਕਿਤੇ ਵੀ ਕੰਮ ਨਹੀਂ ਮਿਲ ਰਿਹਾ ਸੀ।

ਕਈ ਧਮਕੀਆਂ ਮਿਲਣ ਤੋਂ ਬਾਅਦ ਉਹ ਆਪਣੇ ਪਤੀ ਨਾਲ ਡੈਟੋਰਾਇਟ ਸ਼ਹਿਰ ਚਲੀ ਗਈ। ਉੱਥੇ ਉਨ੍ਹਾਂ ਦੇ ਨਾਂ 'ਤੇ ਇੱਕ ਸਕੂਲ ਅਤੇ ਇੱਕ ਸੜ੍ਹਕ ਦਾ ਨਾਂ ਹੈ।

1965 ਤੋਂ 1988 ਤੱਕ ਉਨ੍ਹਾਂ ਨੇ ਕਾਂਗਰਸ ਮੈਂਬਰ ਜੌਨ ਕੌਇਰਜ਼ ਦੇ ਸਹਿਯੋਗੀ ਵਜੋਂ ਕੰਮ ਕੀਤਾ ਸੀ। ਉਨ੍ਹਾਂ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣ ਭਰਨ ਲਈ ਆਪਣੇ ਪਤੀ ਦੇ ਨਾਂ 'ਤੇ ਇੱਕ ਇੰਸਟੀਚਿਊਟ ਵੀ ਖੋਲ੍ਹਿਆ ਸੀ।

1996 ਵਿੱਚ ਉਨ੍ਹਾਂ ਨੂੰ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀਡਮ ਮਿਲਿਆ ਸੀ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)