You’re viewing a text-only version of this website that uses less data. View the main version of the website including all images and videos.
IND V/S AUS: ਬਾਕਸਿੰਗ ਡੇਅ ਟੈਸਟ ਨੂੰ ਇਹ ਨਾਮ ਕਿਵੇਂ ਮਿਲਿਆ?
ਆਸਟਰੇਲੀਆ ਵਿੱਚ ਬੁੱਧਵਾਰ ਤੋਂ ਬਾਕਸਿੰਗ ਡੇਅ ਟੈਸਟ ਸ਼ੁਰੂ ਹੋਇਆ ਹੈ। ਕ੍ਰਿਸਮਸ ਜਾਂ ਵੱਡੇ ਦਿਨ ਤੋਂ ਅਗਲੇ ਦਿਨ ਨੂੰ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਬਾਕਸਿੰਗ ਡੇਅ ਕਿਹਾ ਜਾਂਦਾ ਹੈ।
ਜਿਵੇਂ ਹੀ ਇਹ ਨਾਮ ਦਿਮਾਗ ਵਿੱਚ ਆਉਂਦਾ ਹੈ ਤਾਂ ਖਿਆਲ ਆਉਂਦਾ ਹੈ ਰਿੰਗ ਅਤੇ ਮੁੱਕਿਆਂ ਦਾ। ਪਰ ਇਸ ਦਾ ਸਬੰਧ ਬਾਕਸਿੰਗ ਨਾਲ ਨਹੀਂ ਹੈ।
ਬਾਕਸਿੰਗ ਡੇਅ ਛੁੱਟੀ ਦਾ ਦਿਨ ਹੈ ਜੋ ਕਿ ਕ੍ਰਿਸਮਸ ਦੇ ਅਗਲੇ ਦਿਨ ਹੁੰਦਾ ਹੈ। ਇਸ ਦੀਆਂ ਜੜ੍ਹਾਂ ਬਰਤਾਨੀਆ ਨਾਲ ਜੁੜੀਆਂ ਹੋਈਆਂ ਹਨ ਪਰ ਇਹ ਉਨ੍ਹਾਂ ਦੇਸਾਂ ਵਿੱਚ ਵੀ ਮਨਾਇਆ ਜਾਂਦਾ ਹੈ ਜੋ ਪਹਿਲਾਂ ਬਰਤਾਨਵੀ ਸ਼ਾਸਨ ਅਧੀਨ ਆਉਂਦੇ ਸਨ।
ਪੱਛਮੀ ਕ੍ਰਿਸ਼ਚੈਨਿਟੀ ਦੇ ਲਿਟਰਜੀਕਲ ਕਲੰਡਰ ਵਿੱਚ ਬਾਕਸਿੰਗ ਡੇਅ, ਕ੍ਰਿਸਮਸਟਾਈਡ ਦਾ ਦੂਜਾ ਦਿਨ ਹੁੰਦਾ ਹੈ ਅਤੇ ਇਸ ਨੂੰ ਸੈਂਟ ਸਟੀਫ਼ਨਸ ਡੇਅ ਵੀ ਕਿਹਾ ਜਾਂਦਾ ਹੈ। ਆਇਰਲੈਂਡ ਅਤੇ ਸਪੇਨ ਦੇ ਕੈਟੇਲੋਨੀਆ ਵਿੱਚ ਇਸ ਨੂੰ ਸੈਂਟ ਸਟੀਫਨਸ ਡੇਅ ਦੇ ਰੂਪ ਵਿੱਚ ਹੀ ਮਨਾਇਆ ਜਾਂਦਾ ਹੈ।
ਆਸਟਰੇਲੀਆ ਵਿੱਚ ਹਰ ਸਾਲ ਇਸ ਦਿਨ ਟੈਸਟ ਮੈਚ ਜ਼ਰੂਰ ਖੇਡੇ ਜਾਂਦੇ ਹਨ ਅਤੇ ਇਸ ਮੈਚ ਨੂੰ ਬਾਕਸਿੰਗ ਡੇਅ ਟੈਸਟ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ:
ਇਸ ਕਾਰਨ ਇਸ ਸਾਲ 26 ਦਸੰਬਰ ਨੂੰ ਮੈਲਬਰਨ ਵਿੱਚ ਖੇਡੇ ਜਾ ਰਹੇ ਭਾਰਤ-ਆਸਟਰੇਲੀਆ ਦੇ ਟੈਸਟ ਮੈਚ ਨੂੰ ਬਾਕਸਿੰਗ ਡੇਅ ਟੈਸਟ ਕਿਹਾ ਜਾ ਰਿਹਾ ਹੈ। ਰੋਮਾਨੀਆ, ਹੰਗਰੀ, ਪੋਲੈਂਡ, ਨੀਦਰਲੈਂਡਸ ਵਰਗੇ ਦੇਸਾਂ ਵਿੱਚ 26 ਦਸੰਬਰ ਦਾ ਦਿਨ ਸੈਕੰਡ ਕ੍ਰਿਸਮਸ ਡੇਅ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਬਾਕਸਿੰਗ ਡੇਅ ਨਾਮ ਕਿਵੇਂ ਪਿਆ?
ਪਰ 26 ਦਸੰਬਰ ਦੇ ਦਿਨ ਦਾ ਨਾਮ ਬਾਕਸਿੰਗ ਡੇਅ ਕਿਵੇਂ ਪਿਆ ਇਸ ਨੂੰ ਲੈ ਕੇ ਕਈ ਕਹਾਣੀਆਂ ਹਨ। ਓਕਸਫੋਰਡ ਇੰਗਲਿਸ਼ ਡਿਕਸ਼ਨਰੀ ਇਸ ਦਿਨ ਨੂੰ ਸਾਲ 1830 ਅਤੇ ਯੂਕੇ ਨਾਲ ਜੋੜਦੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਕ੍ਰਿਸਮਸ ਦੇ ਦਿਨ ਤੋਂ ਬਾਅਦ ਹਫ਼ਤੇ ਦਾ ਪਹਿਲਾਂ ਦਿਨ ਹੁੰਦਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਛੁੱਟੀ ਦਾ ਦਿਨ ਹੁੰਦਾ ਹੈ, ਜਿਸ ਵਿੱਚ ਵੱਖ-ਵੱਖ ਥਾਵਾਂ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਕ੍ਰਿਸਮਸ-ਬਾਕਸ ਮਿਲਦਾ ਹੈ।
ਇਸੇ ਬਾਕਸ ਤੋਂ ਹੀ ਸ਼ਾਇਦ ਬਾਕਸਿੰਗ ਡੇਅ ਨਾਮ ਬਣਿਆ। ਜੋ ਲੋਕ ਚਿੱਠੀਆਂ ਜਾਂ ਅਖਬਾਰ ਪਾਉਂਦੇ ਹਨ, ਉਨ੍ਹਾਂ ਨੂੰ ਛੋਟੇ ਬਕਸਿਆਂ ਵਿੱਚ ਤੋਹਫੇ ਦੇਣ ਦੀ ਪਰੰਪਰਾ ਅੱਜ ਵੀ ਹੈ।
ਇਹ ਗੱਲ ਹੋਰ ਹੈ ਕਿ ਇਹ ਤੋਹਫਾ ਕ੍ਰਿਸਮਸ ਦੇ ਅਗਲੇ ਦਿਨ ਦੀ ਥਾਂ ਪਿਛਲੇ ਦਿਨ ਹੀ ਦੇ ਦਿੱਤਾ ਜਾਂਦਾ ਹੈ। ਪੁਰਾਣੇ ਵੇਲੇ ਵਿੱਚ ਜ਼ਿੰਮੀਦਾਰ ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬਕਸੇ ਵਿੱਚ ਤੋਹਫ਼ੇ ਦਿੰਦੇ ਸਨ।
ਇਨ੍ਹਾਂ ਬਕਸਿਆਂ ਵਿੱਚ ਘਰੇ ਕੰਮ ਆਉਣ ਵਾਲੀਆਂ ਚੀਜ਼ਾਂ ਜਾਂ ਫਿਰ ਖੇਤੀ ਵਿੱਚ ਵਰਤੇ ਜਾਣ ਵਾਲੇ ਔਜਾਰ ਹੋਇਆ ਕਰਦੇ ਸਨ। ਇਹ ਸਾਲ ਭਰ ਮਜ਼ਦੂਰਾਂ ਦੇ ਕੰਮਕਾਜ ਦੇ ਬਦਲੇ ਦਿੱਤੇ ਜਾਂਦੇ ਹਨ ਅਤੇ ਮਾਲਿਕ ਇਸ ਤਰ੍ਹਾਂ ਆਪਣੇ ਮੁਲਾਜ਼ਮਾਂ ਨੂੰ ਧੰਨਵਾਦ ਦਿੰਦਾ ਸੀ।
ਕ੍ਰਿਸਮਸ ਦੇ ਅਗਲੇ ਦਿਨ ਛੁੱਟੀ ਹੋਣ ਕਾਰਨ ਲੋਕ ਤਿਉਹਾਰ ਦੀ ਖੁਮਾਰੀ ਅਤੇ ਥਕਾਵਟ ਉਤਾਰਦੇ ਰਹਿੰਦੇ ਹਨ। ਪਰਿਵਾਰ ਦੇ ਨਾਲ ਸਮਾਂ ਕੱਟਦੇ ਹਨ। ਕੁਝ ਲੋਕ ਇਸ ਦਿਨ ਪੇਂਡੂ ਖੇਤਰਾਂ ਵੱਲ ਜਾਂਦੇ ਹਨ ਤਾਂ ਦੂਜੇ ਦੁਕਾਨਾਂ ਵਿੱਚ ਲੱਗੀ ਸੇਲ ਵੱਲ ਵਧਦੇ ਹਨ।
ਬਾਕਸਿੰਗ ਡੇਅ ਨੂੰ ਖੇਡਾਂ ਦੇ ਲਿਹਾਜ਼ ਨਾਲ ਵੀ ਅਹਿਮ ਦਿਨ ਮੰਨਿਆ ਜਾਂਦਾ ਹੈ। ਰਵਾਇਤੀ ਤੌਰ 'ਤੇ ਇਸ ਦਿਨ ਲੋਮੜੀਆਂ ਦੇ ਸ਼ਿਕਾਰ ਦਾ ਖੇਡ ਵੀ ਖੇਡਿਆ ਜਾਂਦਾ ਸੀ।
ਲਾਲ ਕੋਟ ਪਾ ਕੇ ਘੋੜੇ ''ਤੇ ਸਵਾਰ ਲੋਕਾਂ ਦਾ ਸ਼ਿਕਾਰੀ ਕੁੱਤਿਆਂ ਦੇ ਨਾਲ ਨਿਕਲਣਾ ਇੱਕ ਚਿੰਨ੍ਹ ਦੇ ਤੌਰ 'ਤੇ ਦੇਖਿਆ ਜਾਂਦਾ ਸੀ। ਹੁਣ ਲੂਮੜੀਆਂ ਦੇ ਸ਼ਿਕਾਰ 'ਤੇ ਪਾਬੰਦੀ ਹੈ ਪਰ ਘੁੜਸਵਾਰੀ ਅਤੇ ਫੁੱਟਬਾਲ ਤਾਂ ਹਾਲੇ ਵੀ ਖੇਡੇ ਜਾਂਦੇ ਹਨ।
ਇਹ ਵੀ ਪੜ੍ਹੋ:
ਬਾਕਸਿੰਗ ਡੇਅ ਦੇ ਮੌਕੇ 'ਤੇ ਕਈ ਦੇਸਾਂ ਵਿੱਚ ਬੈਂਕਾਂ ਦੀ ਵੀ ਛੁੱਟੀ ਰਹਿੰਦੀ ਹੈ। ਜੇ ਇਹ ਦਿਨ ਸ਼ਨੀਵਾਰ ਨੂੰ ਹੁੰਦਾ ਹੈ ਤਾਂ ਸੋਮਵਾਰ ਨੂੰ ਛੁੱਟੀ ਰਹਿੰਦੀ ਹੈ । ਕਈ ਸਟੋਰ ਇਸ ਦਿਨ ਖਾਸ ਪੋਸਟ-ਕ੍ਰਿਸਮਸ ਸੇਲ ਵੀ ਲਗਾਉਂਦੇ ਹਨ।
ਇਹ ਵੀਡੀਓ ਵੀ ਜ਼ਰੂਰ ਦੇਖੋ