ਕੀ ਤੁਹਾਡੇ ਦਫ਼ਤਰ 'ਚ ਵੀ 'ਦਿਖਾਵਟੀ - ਰੁੱਝੇ ਹੋਏ' ਲੋਕ ਹਨ

    • ਲੇਖਕ, ਸੀਨ ਕੌਗ਼ਲਨ
    • ਰੋਲ, ਬੀਬੀਸੀ ਪੱਤਰਕਾਰ

ਤੁਸੀਂ ਅਜਿਹੇ ਲੋਕਾਂ ਨੂੰ ਮਿਲੇ ਹੋਵੋਗੇ ਜੋ ਹਮੇਸ਼ਾ ਆਪਣੇ ਮੂਹੋਂ ਮੀਆਂ ਮਿੱਠੂ ਬਣਦੇ ਰਹਿੰਦੇ ਹਨ ਅਤੇ ਮੀਟਿੰਗਾਂ ਵਿੱਚ ਆਪਣਾ ਘਮੰਡ ਦਿਖਾਉਂਦੇ ਰਹਿੰਦੇ ਹਨ।

ਬਿਜ਼ਨਸ ਸਕੂਲ ਦੇ ਵਿਗਿਆਨੀਆਂ ਨੇ ਕੁਝ ਅਜਿਹੇ ਮੁਲਾਜ਼ਮਾਂ ਦੀ ਪਛਾਣ ਕੀਤੀ ਹੈ ਜੋ ਬਿਨਾਂ ਕਿਸੇ ਉਪਯੋਗੀ ਕੰਮ ਕੀਤਿਆਂ ਹੀ ਆਪਣੇ ਆਪ ਨੂੰ ਬਿਜ਼ੀ ਅਤੇ ਕਾਮਯਾਬ ਦਿਖਾਉਂਦੇ ਰਹਿੰਦੇ ਹਨ।

ਉਤਪਾਦਕਤਾ ਬਾਰੇ ਹੋਏ ਇਸ ਅਧਿਐਨ ਵਿੱਚ 28 ਦਫ਼ਤਰਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਉਨ੍ਹਾਂ ਸਟਾਫ਼ ਵਿੱਚੋਂ ਉਨ੍ਹਾਂ ਮੈਂਬਰਾਂ ਦੀ ਭਾਲ ਕੀਤੀ ਜੋ ਹਮੇਸ਼ਾ ਰੁੱਝੇ ਹੋਏ ਦਿਖਦੇ ਸਨ।

ਹੋਰ ਗਹਿਰਾਈ ਵਿੱਚ ਦੇਖਣ ’ਤੇ ਪਤਾ ਲੱਗਿਆ ਕਿ ਇਹ ਲੋਕ ਅਸਲ ਵਿੱਚ ਆਪਣੇ ਮੂਹੋਂ ਮੀਆਂ ਮਿੱਠੂ ਬਣਦੇ ਸਨ ਪਰ ਇਨ੍ਹਾਂ ਆਪਣੇ ਕੰਮ ਪ੍ਰਤੀ ਗੰਭੀਰ ਨਹੀਂ ਸਨ। ਸਗੋਂ ਇਨ੍ਹਾਂ ਦੇ ਅਧੂਰੇ ਯਤਨਾਂ ਸਦਕਾ ਸਾਰੇ ਦਫ਼ਤਰ ਦੇ ਕੰਮ ਵਿੱਚ ਰੁਕਾਵਟ ਪੈਂਦੀ ਸੀ।

ਇਹ ਵੀ ਪੜ੍ਹੋ:

ਹਲਟ ਇੰਟਰਨੈਸ਼ਨਲ ਬਿਜ਼ਨਸ ਸਕੂਲ ਦੇ ਅਸ਼ਰਿਜ ਨੇ ਸਿਹਤ, ਗਵਰਨਮੈਂਟ, ਆਵਾਜਾਈ ਅਤੇ ਗੈਰ-ਮੁਨਾਫਾ ਸੰਸਥਾਵਾਂ ਦੇ ਸਟਾਫ਼ ਦਾ ਨਿਰੀਖਣ ਕੀਤਾ ਗਿਆ।

ਕਾਰਪੋਰੇਟ ਕਲਚਰ

ਸੱਤ ਵਿੱਚੋਂ ਇੱਕ ਟੀਮ ਉਲਝਣ ਵਿੱਚ ਫਸੀ ਹੋਈ ਸੀ। ਇਨ੍ਹਾਂ ਟੀਮਾਂ ਵਿੱਚ ਸਾਰਾ ਸਟਾਫ਼ ਕੰਮ ਕਰਦਾ ਨਜ਼ਰ ਆਉਂਦਾ ਸੀ ਪਰ ਟੀਮਵਰਕ ਅਤੇ ਉਤਪਾਦਕਤਾ ਬਹੁਤ ਘੱਟ ਸੀ।

ਇਹ ਦੇਖਿਆ ਗਿਆ ਕਿ ਇਸ ਸਟਾਫ਼ ਉੱਪਰ ਉਨ੍ਹਾਂ ਲੋਕਾਂ ਨੇ ਗ਼ਲਬਾ ਪਾਇਆ ਹੋਇਆ ਸੀ ਜੋ ਆਪਣੀਆਂ ਖੇਡਾਂ ਖੇਡ ਰਹੇ ਸਨ ਪਰ ਕਰ ਕੁਝ ਨਹੀਂ ਰਹੇ ਸਨ।

ਉਹ ਲੋਕ ਮੀਟਿੰਗਾਂ ਦਾ ਧੁਰਾ ਹੁੰਦੇ ਸਨ। ਆਪਣੇ ਮਤਲਬ ਦੀਆਂ ਵਿਚਾਰ-ਚਰਚਾਵਾਂ ਵਿੱਚ ਸ਼ਾਮਲ ਹੁੰਦੇ ਸਨ। ਪਰ ਕਾਰਪੋਰਟ ਕਲਚਰ ਤੋਂ ਇਲਾਵਾ ਇਹ ਕੁਝ ਹੋਰ ਹਾਸਲ ਨਹੀਂ ਕਰਦੇ ਸਨ।

ਸ਼ਿਫਟਾਂ ਵਿੱਚ ਕੰਮ ਕਰਨ ਸਮੇਂ ਇਹ ਲੋਕ ਘੱਟ ਯਤਨਾਂ ਨਾਲ ਵਧੇਰੇ ਸਮਾਂ ਦਫ਼ਤਰ ਵਿੱਚ ਬਿਤਾ ਲੈਂਦੇ ਸਨ।

ਖੋਜੀਆਂ ਵੱਲੋਂ ਇਨ੍ਹਾਂ ਲੋਕਾਂ ਨੂੰ "ਦਿਖਾਵਟੀ- ਰੁੱਝੇ ਹੋਏ" ਕਿਹਾ ਗਿਆ। ਇਹ ਲੋਕ "ਰੁੱਝੇ ਹੋਏ" ਲੋਕਾਂ ਅਤੇ "ਵਿਰਕੱਤ" ਰਹਿਣ ਵਾਲਿਆਂ ਤੋਂ ਵੱਖਰੇ ਹੁੰਦੇ ਹਨ।

'ਬੇਕਾਰ' ਪਰ ਸਨਮਾਨਿਤ

ਸੀਨੀਅਰ ਰਿਸਰਚਰ ਐਮੀ ਆਰਮਸਟ੍ਰਾਂਗ ਨੇ ਕਿਹਾ ਕਿ ਅਜਿਹਾ ਖ਼ੁਦਗਰਜ਼ ਸਟਾਫ਼ ਟੀਮਵਰਕ ਦੀ ਅਹਿਮੀਅਤ ਘਟਾ ਕੇ ਉਤਪਾਦਕਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਾਰੋਬਾਰੀ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਇਸ ਨਾਲ ਮਾੜਾ ਅਸਰ ਪੈਂਦਾ ਹੈ।

ਐਮੀ ਆਰਮਸਟ੍ਰਾਂਗ ਨੇ ਇਹ ਵੀ ਕਿਹਾ ਕਿ ਅਜਿਹੇ ਦਿਖਾਵਟੀਆਂ ਨੂੰ ਪ੍ਰਬੰਧਕੀ ਤਰੀਕਿਆਂ ਨਾਲ ਪ੍ਰੇਰਿਤ ਕੀਤਾ ਜਾ ਸਕਦਾ ਹੈ।

ਐਮੀ ਆਰਮਸਟ੍ਰਾਂਗ ਨੇ ਇਹ ਵੀ ਕਿਹਾ, "ਇਸ ਬੇਕਾਰ ਰਵੱਈਏ ਲਈ ਉਨ੍ਹਾਂ ਨੂੰ ਅਕਸਰ ਸਨਮਾਨਿਤ ਕੀਤਾ ਜਾਂਦਾ ਹੈ।"

ਉਨ੍ਹਾਂ ਨੂੰ ਤਰੱਕੀ ਜਲਣ ਦੀ ਸੰਭਾਵਨਾ ਹੁੰਦੀ ਹੈ। ਵਧੀਆ ਤਨਖ਼ਾਹ, ਬੋਨਸ ਅਤੇ ਮਿਲਦੇ ਹਨ ਤਾਂ ਕਿ ਉਹ ਆਪਣੇ ਕਰੀਅਰ ਲਈ ਵਧੇਰੇ ਕੋਸ਼ਿਸ਼ ਕਰਦੇ ਪਰ ਇਸ ਨਾਲ ਸਟਾਫ਼ ਦੇ ਸਮੁੱਚੇ ਟੀਮ ਵਰਕ ਨੂੰ ਨੁਕਸਾਨ ਪਹੁੰਚਦਾ ਸੀ।

ਉਨ੍ਹਾਂ ਕਿਹਾ, "ਇਹ ਕਾਫ਼ੀ ਪ੍ਰੇਸ਼ਾਨ ਕਰਨ ਵਾਲੀ ਤਸਵੀਰ ਹੈ।''

ਇਸ ਦਾ ਇੱਕ ਕਾਰਨ ਇਹ ਸੀ ਕਿ ਇਹ ਲੋਕ ਆਪਣੇ-ਆਪ ਨੂੰ ਸੀਨੀਅਰ ਅਫਸਰਾਂ ਦੀ ਅੱਖ ਦਾ ਤਾਰਾ ਬਣਾ ਲੈਂਦੇ ਹਨ। ਇਸ ਨੂੰ ਰਿਸਰਚਰਾਂ ਨੇ 'ਉੱਪਰਮੁਖੀ ਪ੍ਰਬੰਧ' ਕਿਹਾ, ਭਾਵ ਆਪਣੇ ਸੀਨੀਅਰ ਅਫਸਰਾਂ ਨੂੰ ਸਾਂਭਣਾ।

ਮੀਟਿੰਗਾਂ ਵਿੱਚ ਆਪਣੀ ਮਸ਼ਹੂਰੀ ਕਰਨ ਵਾਲਿਆਂ ਨੂੰ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਲਾਭ ਮਿਲਦੇ ਹਨ ਜੋ ਅਸਲ ਵਿੱਚ ਕੰਮ ਕਰਦੇ ਹਨ।

ਬਾਹਰੋਂ ਦੇਖਣ ਵਿੱਚ ਇੰਝ ਲਗਦਾ ਹੈ ਜਿਵੇਂ ਇਹ ਟੀਮ ਕੰਪਨੀ ਦੇ ਟੀਚਿਆਂ ਪ੍ਰਤੀ ਬਹੁਤ ਜ਼ਿਆਦਾ ਗੰਭੀਰ ਹੈ।

ਪਰ ਗਹਿਰਾਈ ਵਿੱਚ ਰਿਸਰਚਰਾਂ ਨੇ ਦੇਖਿਆ ਕਿ ਟੀਮ ਵਿੱਚ "ਭਰੋਸੇ ਅਤੇ ਇੱਕਜੁਟਤਾ" ਦੀ ਕਮੀ ਸੀ ਅਤੇ "ਇੱਕ ਦੂਸਰੇ ਦੀ ਇਮਦਾਦ ਅਤੇ ਸਹਿਕਰਮੀ" ਹੋਣ ਦੀ ਭਾਵਨਾ ਦੀ ਕਮੀ ਦੇਖੀ ਗਈ।

ਇਸ ਨਾਲ ਬਾਕੀ ਸਟਾਫ਼ "ਏਕੇ" ਦੀ ਕਮੀ ਅਤੇ ਕੰਮ ਦਾ ਜ਼ਿਆਦਾ ਭਾਰ ਮਹਿਸੂਸ ਕਰਦਾ ਹੈ।

ਐਮੀ ਆਰਮਸਟ੍ਰਾਂਗ ਨੇ ਕਿਹਾ ਕਿ ਆਪਣੇ ਮੂਹੋਂ ਮੀਆਂ ਮਿੱਠੂ ਬਣਨ ਵਾਲਿਆਂ ਕਾਰਨ ਅਜਿਹੇ ਦਫ਼ਤਰਾਂ ਵਿੱਚ ਮਿਲ ਕੇ ਕੰਮ ਕਰਨ ਲਈ ਕੋਈ ਥਾਂ ਨਹੀਂ ਹੁੰਦੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ: