ਕੀ ਇਸ ਨੋਟਬੰਦੀ ਕਾਰਨ ਰੋਟੀ-ਬੇਟੀ ਦਾ ਰਿਸ਼ਤਾ ਮੁੱਕ ਜਾਵੇਗਾ

ਤਸਵੀਰ ਸਰੋਤ, Getty Images
- ਲੇਖਕ, ਨੀਰਜ ਪ੍ਰਿਆਦਰਸ਼ੀ
- ਰੋਲ, ਬੀਰਗੰਜ (ਨੇਪਾਲ) ਤੋਂ ਪਰਤਕੇ, ਬੀਬੀਸੀ ਲਈ
ਹਿੰਦੂ ਕੈਲੰਡਰ ਅਨੁਸਾਰ ਸ਼ਨੀਵਾਰ 15 ਦਸੰਬਰ ਤੱਕ ਇਸ ਸਾਲ ਦਾ ਆਖਰੀ ਲਗਨ ਸੀ।
ਨੇਪਾਲ ਤੇ ਭਾਰਤ ਦੀ ਸਰਹੱਦ 'ਤੇ ਐਤਵਾਰ ਸਵੇਰੇ ਬੀਰਗੰਜ ਤੋਂ ਬਿਹਾਰ ਦੇ ਰਕਸੌਲ ਗੇਟ ਕੋਲ ਲੱਦੇ ਟਰੱਕਾਂ ਦੀਆਂ ਕਤਾਰਾਂ ਦੇ ਵਿਚਕਾਰ ਫੁੱਲਾਂ ਨਾਲ ਸਜੀਆਂ ਹੋਈਆਂ ਕਾਰਾਂ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਹ ਲਾੜਿਆਂ ਦੀਆਂ ਗੱਡੀਆਂ ਸਨ, ਜੋ ਆਪਣੇ ਨਾਲ ਵਹੁਟੀਆਂ ਨੂੰ ਵਿਆਹ ਕੇ ਲਿਜਾ ਰਹੇ ਸਨ।
ਸਜੀਆਂ ਹੋਈਆਂ ਕਾਰਾਂ ਇਸ ਪਾਰ ਵੀ ਸਨ ਅਤੇ ਉਸ ਪਾਰ ਵੀ। ਹਰ ਕਾਰ ਵਿੱਚ ਇੱਕ ਦੇਸ ਦਾ ਲਾੜਾ ਬੈਠਾ ਸੀ ਜਦਕਿ ਦੂਜੇ ਦੇਸ ਹੀ ਵਹੁਟੀ।
ਬਿਹਾਰ ਦੀ ਰਕਸੌਲ ਸਰਹੱਦ ਤੋਂ ਨੇਪਾਲ ਦੀ ਸਨਅਤੀ ਰਾਜਧਾਨੀ ਕਹੇ ਜਾਣ ਵਾਲੇ ਬੀਰਗੰਜ ਵਿੱਚ ਮੇਰੇ ਨਾਲ ਜਾ ਰਹੇ ਸਥਾਨਕ ਪੱਤਰਕਾਰ ਅਭਿਸ਼ੇਕ ਪਾਂਡੇ ਕਹਿੰਦੇ ਹਨ, "ਦੋਹਾਂ ਦੇਸਾਂ ਦੇ ਵਿਚਕਾਰ ਰੋਟੀ ਅਤੇ ਬੇਟੀ ਦਾ ਸਬੰਧ ਹੈ। ਯਾਨੀ ਨਾ ਸਿਰਫ਼ ਵਪਾਰ ਸਗੋਂ ਇੱਕੋ-ਜਿਹੀ ਸਮਾਜਿਕ ਬਣਤਰ, ਰਵਾਇਤ, ਰਹਿਣ-ਸਹਿਣ ਅਤੇ ਬੋਲੀ ਦੇ ਕਾਰਨ ਦੋਹਾਂ ਦੇਸਾਂ ਵਿਚਕਾਰ ਵਿਆਹਾਂ ਦਾ ਵੀ ਸੰਬੰਧ ਹੈ।"
ਨੇਪਾਲ ਵਿੱਚ ਭਾਰਤੀ ਨੋਟਾਂ ਉੱਤੇ ਪਾਬੰਦੀ
ਬਿਹਾਰ ਦੇ ਰਕਸੌਲ ਅਤੇ ਨੇਪਾਲ ਦੇ ਬੀਰਗੰਜ ਵਿੱਚ ਬਿਲਕੁਲ ਸਰਹੱਦ ਉੱਤੇ ਸਥਿਤ ਸ਼ੰਕਰਾਚਾਰਿਆ ਦਰਵਾਜੇ ਤੋਂ ਚਾਹੇ ਭਾਰਤ ਤੋਂ ਨੇਪਾਲ ਜਾਣਾ ਹੋਵੇ ਜਾਂ ਨੇਪਾਲ ਤੋਂ ਭਾਰਤ ਆਉਣਾ ਹੋਵੇ, ਦੋਹਾਂ ਵਿੱਚ ਕੋਈ ਝੰਝਟ ਨਹੀਂ ਹੈ।
ਇਹ ਵੀ ਪੜ੍ਹੋ:
ਜੇ ਤੁਸੀਂ ਪੈਦਲ ਮੁਸਾਫਿਰ ਹੋ ਜਾਂ ਸਵਾਰੀ ਗੱਡੀ 'ਤੇ ਜਾ ਰਹੇ ਹੋ ਤਾਂ ਕਿਤੇ ਰੋਕਟੋਕ ਨਹੀਂ ਹੋਵੇਗੀ।

ਤਸਵੀਰ ਸਰੋਤ, Getty Images
ਜੇ ਤੁਹਾਡੇ ਕੋਲ ਆਪਣਾ ਵਾਹਨ ਹੈ ਤਾਂ ਬੀਰਗੰਜ ਕਸਟਮ ਦਫ਼ਤਰ ਤੋਂ ਇੱਕ ਪਰਚੀ ਕਟਾਉਣੀ ਪਵੇਗੀ। ਜਿਸ ਵਿੱਚ ਦਿਨ ਭਰ ਲਈ ਦੂਜੇ ਦੇਸਾਂ ਵਿੱਚ ਆਪਣੀ ਗੱਡੀ ਰੱਖਣ ਦੀ ਇਜਾਜ਼ਤ ਮਿਲ ਜਾਂਦੀ ਹੈ ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਇਹ ਪਰੇਸ਼ਾਨੀ ਸਰਹੱਦ ਪਾਰ ਕਰਨ ਵਿੱਚ ਨਹੀਂ ਸਗੋਂ ਸਰਹੱਦ ਪਾਰ ਪੈਸੇ ਲੈ ਜਾਣ ਵਿੱਚ ਹੋ ਰਹੀ ਹੈ ਕਿਉਂਕਿ ਨੇਪਾਲ ਸਰਕਾਰ ਨੇ ਭਾਰਤ ਦੇ ਨਵੇਂ ਟੈਕਸ ਨੋਟਾਂ (200 ਰੁਪਏ, 500 ਰੁਪਏ ਅਤੇ 2000 ਰੁਪਏ) ਨੂੰ ਨੇਪਾਲ ਵਿੱਚ ਬੈਨ ਕਰ ਦਿੱਤਾ ਹੈ।
ਹਾਲਾਂਕਿ ਹਾਲੇ ਤੱਕ ਦੌ ਸੌ ਤੋਂ ਹੇਠਾਂ ਦੇ ਨੋਟ ਲੈ ਕੇ ਜਾਣ ਅਤੇ ਰੱਖਣ 'ਤੇ ਕੋਈ ਪਾਬੰਦੀ ਨਹੀਂ ਲਾਈ ਗਈ ਹੈ।
ਨੇਪਾਲ ਵਿੱਚ ਭਾਰਤੀ ਮੁੱਦਰਾ
ਨੇਪਾਲ ਸਰਕਾਰ ਵੱਲੋਂ ਅਚਾਨਕ ਲਏ ਗਏ, ਇਸ ਫੈਸਲੇ ਨਾਲ ਦੋਹਾਂ ਦੇਸਾਂ ਵਿੱਚ ਵਪਾਰਿਕ ਸਬੰਧਾਂ ਵਿੱਚ ਖਟਾਸ ਆਉਂਦੀ ਦਿਖ ਰਹੀ ਹੈ।
ਖਾਸ ਕਰ ਕੇ ਨੇਪਾਲ ਅਤੇ ਭਾਰਤ ਦੇ ਸਰਹੱਦੀ ਇਲਾਕੇ ਵਿੱਚ ਇਸ ਕਾਰਨ ਵਿੱਤੀ ਉਥਲ-ਪੁਥਲ ਮਚੀ ਹੋਈ ਹੈ।
ਨੇਪਾਲ ਦੀ ਸਰਹੱਦ ਨਾਲ ਲੱਗੇ ਬਿਹਾਰ ਦੇ ਤਕਰੀਬਨ ਸੱਤ ਜ਼ਿਲ੍ਹੇ ਸੁਪੌਲ, ਮਧੁਬਨੀ, ਅਰਰੀਯਾ, ਸਹਰਸਾ, ਕਿਸ਼ਨਗੰਜ, ਪੂਰਬੀ ਚੰਪਾਰਨ ਅਤੇ ਪੱਛਮੀ ਚੰਪਾਰਨ ਦੇ ਵਪਾਰੀਆਂ ਅਤੇ ਆਮ ਲੋਕਾਂ ਲਈ ਜਿਨ੍ਹਾਂ ਦਾ ਕੰਮ ਅਤੇ ਵਪਾਰ ਨੇਪਾਲ ਵਿੱਚ ਹੈ, ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤਸਵੀਰ ਸਰੋਤ, Reuters
ਕਿਉਂਕਿ ਭਾਰਤ ਦੇ ਨਵੇਂ ਕਰੰਸੀ ਨੋਟ ਹੁਣ ਤੱਕ ਨੇਪਾਲ ਵਿੱਚ ਚੱਲਦੇ ਸਨ।
ਸਰਹੱਦੀ ਖੇਤਰਾਂ ਦੇ ਵਪਾਰੀ ਅਤੇ ਆਮ ਲੋਕ ਭਾਰਤੀ ਕਰੰਸੀ ਵਿੱਚ ਹੀ ਕਾਰੋਬਾਰ ਕਰਨ ਨੂੰ ਅਹਿਮੀਅਤ ਦਿੰਦੇ ਸਨ ਕਿਉਂਕਿ ਭਾਰਤੀ ਕਰੰਸੀ ਨੇਪਾਲ ਕਰੰਸੀ ਦੀ ਤੁਲਨਾ ਵਿੱਚ ਜ਼ਿਆਦਾ ਕੀਮਤੀ ਹੈ।
ਇੱਕ ਭਾਰਤੀ ਰੁਪਏ ਦੀ ਕੀਮਤ 1.60 ਨੇਪਾਲੀ ਰੁਪਏ ਦੇ ਬਰਾਬਰ ਹੈ।
ਕਾਰੋਬਾਰੀਆਂ ਦੀ ਮੁਸ਼ਕਿਲ
ਬਿਹਾਰ ਦੇ ਰਕਸੌਲ ਦੇ ਵਪਾਰੀ ਰਾਕੇਸ਼ ਕੁਮਾਰ ਨੇਪਾਲ ਦੇ ਬੀਰਗੰਜ ਸਥਿਤ ਆਦਰਸ਼ ਨਗਰ ਵਿੱਚ ਨੇਪਾਲ ਸਪੋਰਟਸ ਸੈਂਟਰ (ਖੇਡ ਦੇ ਸਾਮਾਨ ਦਾ ਸਟੋਰ) ਚਲਾਉਂਦੇ ਹਨ। ਉਹ ਰੋਜ਼ ਰਕਸੌਲ ਸਥਿਤ ਆਪਣੇ ਘਰ ਤੋਂ ਨੇਪਾਲ ਆਉਂਦੇ ਹਨ ਅਤੇ ਦਿਨ ਭਰ ਸਟੋਰ ਚਲਾਉਣ ਤੋਂ ਬਾਅਦ ਸ਼ਾਮ ਨੂੰ ਆਪਣੇ ਘਰ ਪਰਤਦੇ ਹਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਰਾਕੇਸ਼ ਕੁਮਾਰ ਕਹਿੰਦੇ ਹਨ, "ਅੱਜ ਐਤਵਾਰ ਸੇਵੇਰੇ ਆਉਂਦੇ ਹੋਏ ਉਨ੍ਹਾਂ ਨੇ ਦੇਖਿਆ ਕਿ ਬਾਰਡਰ 'ਤੇ ਤਾਇਨਾਤ ਨੇਪਾਲ ਦੀ ਪੁਲਿਸ ਲੋਕਾਂ ਦੇ ਪਰਸ ਚੈੱਕ ਕਰ ਰਹੀ ਸੀ ਕਿ ਉਹ ਆਪਣੇ ਨਾਲ ਪਾਬੰਦੀ ਲੱਗੇ ਹੋਏ ਨੋਟ ਲੈ ਕੇ ਤਾਂ ਨਹੀਂ ਆਏ।
ਹਾਲੇ ਤੱਕ ਤਾਂ ਕਈ ਲੋਕਾਂ ਨੂੰ ਇਹ ਜਾਣਕਾਰੀ ਵੀ ਨਹੀਂ ਹੈ। ਸਰਕਾਰ ਨੇ ਤਾਂ ਨੋਟ ਬੈਨ ਕਰ ਦਿੱਤੇ ਪਰ ਹਾਲੇ ਤੱਕ ਨਾ ਹੀ ਇਸ ਪਾਰ ਅਤੇ ਨਾ ਹੀ ਉਸ ਪਾਰ ਅਜਿਹੀ ਕੋਈ ਸੂਚਨਾ ਲਿਖੀ ਮਿਲਦੀ ਹੈ। ਜੇ ਇਸੇ ਤਰ੍ਹਾਂ ਸਖਤੀ ਵਰਤੀ ਜਾਣ ਲੱਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਵਾਕਈ ਸਾਨੂੰ ਕਾਫ਼ੀ ਮੁਸ਼ਕਿਲ ਪੇਸ਼ ਆਏਗੀ।"

ਤਸਵੀਰ ਸਰੋਤ, Getty Images
ਇਹ ਪੁੱਛਣ 'ਤੇ ਕਿ ਕੀ ਜੇ ਕੋਈ ਰਾਕੇਸ਼ ਕੁਮਾਰ ਦੇ ਸਟੋਰ 'ਤੇ ਪਾਬੰਦੀ ਵਾਲੀ ਭਾਰਤੀ ਕਰੰਸੀ ਲੈ ਕੇ ਸਮਾਨ ਖਰੀਦਣ ਆਉਂਦਾ ਹੈ, ਤਾਂ ਉਸ ਭਾਰਤੀ ਕਰੰਸੀ ਲੈਣਗੇ?
ਜਵਾਬ ਵਿੱਚ ਉਹ ਕਹਿੰਦੇ ਹਨ, "ਨਹੀਂ ਲੈ ਸਕਦੇ, ਬਾਵਜੂਦ ਇਸ ਦੇ ਕਿ ਅਸੀਂ ਰਕਸੌਲ ਵਿੱਚ ਜਾ ਕੇ ਉਸ ਭਾਰਤੀ ਕਰੰਸੀ ਨੂੰ ਅਸਾਨੀ ਨਾਲ ਚਲਾ ਸਕਦੇ ਹਾਂ ਪਰ ਇੱਥੇ ਪਾਬੰਦੀ ਲੱਗੀ ਹੋਈ ਹੈ, ਇਸ ਲਈ ਮਜਬੂਰ ਹਾਂ।"
ਅਖ਼ਬਾਰ ਵਿੱਚ ਖ਼ਬਰ
ਬੀਰਗੰਜ ਬਾਜ਼ਾਰ ਵਿੱਚ ਹੀ ਨੀਲਾਂਬਰੀ ਸਟੋਰ ਦੇ ਨਾਮ ਨਾਲ ਕੱਪੜਿਆਂ ਦਾ ਸਟੋਰ ਚਲਾ ਰਹੇ ਸੁਸ਼ੀਲ ਅਗਰਵਾਲ ਕਹਿੰਦੇ ਹਨ, "ਹਾਲੇ ਸਾਡੀ ਮਜਬੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਨਹੀਂ ਲੈ ਪਾ ਰਹੇ ਹਾਂ।"
ਹਾਲੇ ਠੰਢ ਦਾ ਮੌਸਮ ਹੈ, ਇਸ ਲਈ ਨੇਪਾਲ ਤੋਂ ਗਰਮ ਕੱਪੜੇ ਖਰੀਦਣ ਵੱਡੀ ਗਿਣਤੀ ਵਿੱਚ ਲੋਕ ਭਾਰਤ ਤੋਂ ਨੇਪਾਲ ਆਉਂਦੇ ਹਨ।
ਬੇਤਿਆ ਤੋਂ ਚੱਲਕੇ ਆਪਣੇ ਪਰਿਵਾਰ ਲਈ ਗਰਮ ਕੱਪੜੇ ਖਰੀਦਣ ਆਏ ਰਤਨ ਝੁਨਝੁਨਵਾਲਾ ਨੇ ਸਮਾਨ ਖਰੀਦਣ ਤੋਂ ਬਾਅਦ ਦੁਕਾਨਦਾਰ ਨੂੰ ਪਹਿਲਾਂ ਹੀ ਪੁੱਛ ਲਿਆ ਕਿ ਉਹ ਨਵੇਂ ਭਾਰਤੀ ਕਰੰਸੀ ਨੋਟ ਲੈਣਗੇ ਜਾਂ ਨਹੀਂ। ਦੁਕਾਨਦਾਰ ਰੇਹਾਨ ਮਲਿਕ ਦੇ ਮਨ੍ਹਾ ਕਰਨ ਤੋਂ ਬਾਅਦ ਰਤਨ ਨਿਰਾਸ਼ ਨਹੀਂ ਹੁੰਦੇ ਹਨ। ਮੁਸਕਰਾਉਣ ਲੱਗਦੇ ਹਨ।
ਜੇਬ ਤੋਂ 100 ਰੁਪਏ ਦੇ ਭਾਰਤੀ ਨੋਟਾਂ ਦੀ ਗੱਡੀ ਕੱਢਦੇ ਹੋਏ ਕਹਿੰਦੇ ਹਨ, "ਮੈਂ ਖਬਰਾਂ ਵਿੱਚ ਪੜ੍ਹ ਲਿਆ ਸੀ। ਇਸ ਲਈ ਸੌ ਰੁਪਏ ਦੇ ਨੋਟ ਦਾ ਵੀ ਪ੍ਰਬੰਧ ਕਰਕੇ ਆਇਆ ਹਾਂ।"
ਜੇਲ੍ਹ ਦੀ ਸਜ਼ਾ ਹੋ ਸਕਦੀ ਹੈ...
ਬੀਰਗੰਜ ਦੀ ਆਦਰਸ਼ ਨਗਰ ਮਾਰਕਿਟ ਵਿੱਚ ਹੀ ਉੱਥੋਂ ਦੇ ਵਾਰਡ ਕਮਿਸ਼ਨਰ ਪ੍ਰਦੀਪ ਚੌਰਸਿਆ ਮਿਲ ਗਏ। ਉਹ ਆਪਣੇ ਵਾਰਡ ਦਾ ਮੁਆਇਨਾ ਕਰਨ ਨਿਕਲੇ ਸਨ।
ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ, "ਇੱਥੇ ਹਰ ਵਿਅਕਤੀ ਦੀ ਜੇਬ ਵਿੱਚ ਨੇਪਾਲੀ ਮੁਦਰਾ ਦੇ ਨਾਲ-ਨਾਲ ਭਾਰਤੀ ਮੁਦਰਾ ਵੀ ਮਿਲੇਗੀ। ਇਸ ਦਾ ਕਾਰਨ ਹੈ, ਇੱਥੋਂ ਦਾ ਬਾਜ਼ਾਰ। ਬੀਰਗੰਜ ਦਾ ਜੋ ਇਹ ਬਾਜ਼ਾਰ ਅੱਜ ਤੁਸੀਂ ਵੇਖ ਰਹੇ ਹੋ, ਉਹ ਭਾਰਤੀ ਮੁਦਰਾ ਦੀ ਸਹਿਜ ਆਮਦ ਕਾਰਨ ਹੀ ਟਿਕਿਆ ਹੋਇਆ ਹੈ।
ਯਕੀਨੀ ਤੌਰ 'ਤੇ, ਨੇਪਾਲ ਸਰਕਾਰ ਦੇ ਇਸ ਫੈਸਲੇ ਨਾਲ ਬੀਰਗੰਜ ਸਮੇਤ ਸਾਰੀਆਂ ਸਰਹੱਦਾਂ 'ਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਏਗਾ। ਇਹ ਮੁੱਦਾ ਕੇਂਦਰ ਦੀਆਂ ਸਰਕਾਰਾਂ ਨੇ ਤੈਅ ਕਰਨਾ ਹੈ। ਇਹ ਜਾਣਦੇ ਹੋਏ ਵੀ ਕਿ ਨੋਟ ਬੰਦ ਕਰਨ ਨਾਲ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਸਕਦਾ ਹੈ, ਸਰਕਾਰ ਨੇ ਅਜਿਹਾ ਫੈਸਲਾ ਕੀਤਾ। ਕੁਝ ਤਾਂ ਵਜ੍ਹਾ ਹੋਵੇਗੀ।"
ਹਾਲਾਂਕਿ ਨੇਪਾਲ ਸਰਕਾਰ ਨੇ ਇਸ ਪਾਬੰਦੀ ਦਾ ਕੋਈ ਰਸਮੀ ਕਾਰਨ ਨਹੀਂ ਦੱਸਿਆ ਹੈ। ਸਿਰਫ਼ ਇਨ੍ਹਾਂ ਨੋਟਾਂ ਉੱਤੇ ਪਾਬੰਦੀ ਲਾ ਕੇ ਫੇਮਾ ਐਕਟ ਦੇ ਤਹਿਤ ਸੀਮਤ ਕਰ ਦਿੱਤਾ ਹੈ। ਜਿਸ ਅਨੁਸਾਰ ਇਨ੍ਹਾਂ ਨੋਟਾਂ ਨਾਲ ਨੇਪਾਲ ਵਿੱਚ ਕਿਸੇ ਕਿਸਮ ਦੀ ਕੋਈ ਖਰੀਦ-ਵਿਕਰੀ ਜਾਂ ਲੈਣ-ਦੇਣ ਨਹੀਂ ਹੋਵੇਗਾ। ਜਿੰਨ੍ਹਾਂ ਲੋਕਾਂ ਕੋਲ ਇਹ ਨੋਟ ਮਿਲਣਗੇ ਉਹਨਾਂ ਨੂੰ ਜੇਲ ਜਾਣਾ ਪਵੇਗਾ।
ਭਾਰਤ 'ਤੇ ਟਿਕਿਆ ਬਾਜ਼ਾਰ
ਹਾਲਾਂਕਿ ਨੇਪਾਲੀ ਸਰਕਾਰ ਨੇ ਭਲੇ ਹੀ ਰਸਮੀ ਤੌਰ 'ਤੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਹੈ ਪਰ ਦੋਵਾਂ ਦੇਸਾਂ ਦੇ ਵਿਚਕਾਰ ਸਬੰਧਾਂ ਦੀ ਅਸਲੀ ਸੱਚਾਈ ਨੂੰ ਜਾਣਨ ਵਾਲੇ ਕਹਿੰਦੇ ਹਨ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਭਾਰਤ ਸਰਕਾਰ ਨੇ ਹਾਲੇ ਤੱਕ ਆਪਣੇ ਪੁਰਾਣੇ ਨੋਟ ਜੋ ਕਿ ਨੇਪਾਲ ਨੈਸ਼ਨਲ ਬੈਂਕ ਕੋਲ ਜਮ੍ਹਾ ਹਨ, ਉਸ ਨੂੰ ਹਾਲੇ ਤੱਕ ਵਾਪਸ ਨਹੀਂ ਲਿਆ ਹੈ।
ਨੇਪਾਲ ਨੈਸ਼ਨਲ ਬੈਂਕ ਵੱਲੋਂ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ਤਕਰੀਬਨ ਅੱਠ ਕਰੋੜ ਰੁਪਏ ਦੇ ਪੁਰਾਣੇ ਕਰੰਸੀ ਨੋਟ ਹਨ।

ਤਸਵੀਰ ਸਰੋਤ, Getty Images
ਬੀਰਗੰਜ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਵਿਜੈ ਸਰਾਵਗੀ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ, "ਇਹ ਮੁੱਦਾ ਦੋਵਾਂ ਸਰਕਾਰਾਂ ਨੇ ਮਿਲ ਕੇ ਤੈਅ ਕਰਨਾ ਹੈ। ਭਾਰਤ ਦੀ ਤੁਲਨਾ ਵਿੱਚ ਨੇਪਾਲ ਬਹੁਤ ਛੋਟਾ ਦੇਸ ਹੈ, ਇੱਥੋਂ ਹੀ ਵਿੱਤੀ ਹਾਲਤ ਵੀ ਮੁਕਾਬਲੇ ਵਿੱਚ ਬਹੁਤ ਮਾੜੀ ਹੈ। ਅੱਧੇ ਤੋਂ ਵੱਧ ਬਾਜ਼ਾਰ ਭਾਰਤ 'ਤੇ ਹੀ ਟਿਕਿਆ ਹੈ।
ਇੱਥੋਂ ਦੀ ਸਰਕਾਰ ਦਾ ਅਜਿਹਾ ਫੈਸਲਾ ਲੈਣ ਦਾ ਮਤਲਬ ਹੈ ਕਿ ਅੰਦਰ ਨਾਰਾਜ਼ਗੀ ਹੈ। ਇਹ ਨਾਰਾਜ਼ਗੀ ਕਈ ਚੀਜ਼ਾਂ ਲਈ ਹੈ। ਉਸ ਤੋਂ ਵੀ ਵੱਡੀ ਗੱਲ ਹੈ ਕਿ ਭਾਰਤ ਸਰਕਾਰ ਪੁਰਾਣੇ ਨੋਟਾਂ 'ਤੇ ਕੋਈ ਵਿਚਾਰ ਕਿਉਂ ਨਹੀਂ ਕਰ ਰਹੀ ਹੈ। ਉਹ ਪੁਰਾਣੇ ਨੋਟ ਭਾਵੇਂ ਭਾਰਤ ਲਈ ਛੋਟੀ ਗੱਲ ਹੋਵੇ ਪਰ ਸਾਡੇ ਵਾਸਤੇ ਓਨੇ ਪੈਸੇ ਦੀ ਬਹੁਤ ਅਹਿਮੀਅਤ ਹੈ।"
ਕਰੰਸੀ ਐਕਸਚੇਂਜ ਸਹੂਲਤ
ਇੱਕ ਵੱਡੀ ਮੁਸ਼ਕਿਲ ਇਹ ਵੀ ਹੈ ਕਿ ਨੇਪਾਲ ਵਿੱਚ ਵਿਰਾਟਨਗਰ ਤੋਂ ਲੈ ਕੇ ਬੀਰਗੰਜ ਤੱਕ ਦੇ ਬਾਜ਼ਾਰ ਵਿੱਚ ਜਿੰਨੇ ਵੀ ਭਾਰਤੀ ਜਾਂਦੇ ਹਨ, ਉਨ੍ਹਾਂ ਨੂੰ ਕਦੇ ਕਰੰਸੀ ਬਦਲਵਾਉਣ ਦੀ ਲੋੜ ਹੀ ਨਹੀਂ ਪਈ।
ਸਥਾਨਕ ਦੁਕਾਨਦਾਰ ਹਮੇਸ਼ਾਂ ਤੋਂ ਹੀ ਭਾਰਤੀ ਗਾਹਕਾਂ ਤੋਂ ਉਨ੍ਹਾਂ ਦੀ ਕਰੰਸੀ ਕਬੂਲ ਕਰਦੇ ਰਹੇ ਹਨ ਅਤੇ ਬਦਲੇ ਹੋਏ ਹਾਲਾਤ ਵਿੱਚ ਕਰੰਸੀ ਐਕਸਚੇਂਜ ਵਰਗੀਆਂ ਸਹੂਲਤਾਂ ਦੀ ਕਮੀ ਬੇਹੱਦ ਚੁਭ ਰਹੀ ਹੈ।
ਅਭਿਸ਼ੇਕ ਪਾਂਡੇ ਦੱਸਦੇ ਹਨ, "ਰਕਸੌਲ ਅਤੇ ਬੀਰਗੰਜ ਵਿੱਚ ਕਰੰਸੀ ਐਕਸਚੇਂਜ ਵਰਗੀਆਂ ਸਹੂਲਤਾਂ ਦੀ ਘਾਟ ਹੈ। ਬੀਰਗੰਜ ਵਿੱਚ ਸਿਰਫ਼ ਇੱਕ ਹੀ ਆਫੀਸ਼ੀਅਲ ਐਕਸਚੇਂਜਰ ਹੈ ਪਰ ਉਸ ਤੱਕ ਪਹੁੰਚਣਾ ਇਸ ਲਈ ਵੀ ਮੁਸ਼ਕਿਲ ਹੈ ਕਿਉਂਕਿ ਉਸ ਲਈ ਤੁਹਾਡਾ ਭਾਰਤੀ ਨੋਟ ਲੈ ਕੇ ਸਰਹੱਦ ਪਾਰ ਕਰਨਾ ਜ਼ਰੂਰੀ ਹੈ, ਜਿਸ ਦੀ ਇਜਾਜ਼ਤ ਹੀ ਨਹੀਂ ਹੈ ਅਤੇ ਸਰਹੱਦ ਦੇ ਇਸ ਪਾਰ ਰਕਸੌਲ ਵਿੱਚ ਤਾਂ ਅਜਿਹੀ ਕੋਈ ਸਹੂਲਤ ਹੀ ਨਹੀਂ ਹੈ।"

ਤਸਵੀਰ ਸਰੋਤ, Getty Images
ਤਾਂ ਕੀ ਨੇਪਾਲ ਜਾਣ ਵਾਲੇ ਭਾਰਤੀਆਂ ਕੋਲ ਹੁਣ ਕੋਈ ਬਦਲ ਨਹੀਂ ਹੈ?
ਇਸ ਸਵਾਲ 'ਤੇ ਅਭਿਸ਼ੇਕ ਨੇ ਦੱਸਿਆ, "ਹਾਂ, ਨੇਪਾਲ ਵਿੱਚ ਕੁਝ ਬੈਂਕਾਂ ਵਿੱਚ ਇਹ ਸਹੂਲਤ ਹੈ ਕਿ ਭਾਰਤੀ ਬੈਂਕਾਂ ਵੱਲੋਂ ਜਾਰੀ ਏਟੀਐਮ ਤੋਂ ਤੁਸੀਂ ਨੇਪਾਲੀ ਕਰੰਸੀ ਵਿੱਚ ਸੀਮਤ ਗਿਣਤੀ ਵਿੱਚ ਪੈਸੇ ਕਢਵਾ ਸਕਦੇ ਹੋ। ਇਹ ਸਹੂਲਤ ਬੀਰਗੰਜ ਵਿੱਚ ਵੀ ਹੈ।"
ਰਿਸ਼ਤੇ ਹੋਰ ਵੀ ਹਨ...
ਉਂਝ ਇੱਥੇ, ਗੈਰ-ਕਾਨੂੰਨੀ ਨੋਟਾਂ ਦੇ ਐਕਸਚੇਂਜ ਦਾ ਕਾਰੋਬਾਰ ਵੀ ਚੰਗਾ ਹੈ। ਸਥਾਨਕ ਭਾਸ਼ਾ ਵਿੱਚ ਇਸ ਨੂੰ ਸਟਹੀ ਕਾਉਂਟਰ ਕਹਿੰਦੇ ਹਨ, ਜਿੱਥੇ ਮਨਮਰਜ਼ੀ ਨਾਲ ਨੋਟ ਬਦਲੇ ਜਾਂਦੇ ਹਨ।
ਪੱਤਰਕਾਰ ਅਭਿਸ਼ੇਕ ਪਾਂਡੇ ਸਰਾਵਗੀ ਦੀਆਂ ਗੱਲਾਂ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਹਨ, "ਮੁਸ਼ਕਿਲ ਇਹੀ ਹੈ ਕਿ ਦਿੱਲੀ ਅਤੇ ਕਾਠਮਾਂਡੂ ਵਿੱਚ ਬੈਠ ਕੇ ਸਰਕਾਰ ਦੇ ਲੋਕ ਸਥਾਨਕ ਲੋਕਾਂ ਅਤੇ ਉਨ੍ਹਾਂ ਦੀਆਂ ਅਸਲ ਮੁਸ਼ਕਿਲਾਂ ਬਾਰੇ ਨਹੀਂ ਸਮਝ ਪਾ ਰਹੇ ਹਨ। ਸਾਡਾ ਰਿਸ਼ਤਾ ਸਿਰਫ਼ ਵਪਾਰਕ ਹੀ ਨਹੀਂ ਸਗੋਂ ਸਮਾਜਿਕ ਵੀ ਹੈ।"
ਤਾਂ ਕੀ ਨੇਪਾਲ ਅਤੇ ਭਾਰਤ ਵਿਚਾਲੇ ਸਾਲਾਂ ਤੋਂ ਚੱਲਦਾ ਆ ਰਿਹਾ 'ਰੋਟੀ ਅਤੇ ਬੇਟੀ' ਦਾ ਇਨ੍ਹਾਂ ਸਬੰਧਾਂ ਵਿੱਚ ਹੁਣ ਨੋਟਾਂ ਕਾਰਨ ਤਰੇੜ ਆ ਜਾਵੇਗੀ?
ਇਹ ਵੀ ਪੜ੍ਹੋ:
ਜਵਾਬ ਵਿੱਚ ਮੇਅਰ ਸਰਾਵਗੀ ਕਹਿੰਦੇ ਹਨ, "ਦੇਖੋ ਜ਼ਰੂਰੀ ਹੈ ਕਿ ਨੋਟ ਬੰਦ ਕਰਨ ਨਾਲ ਸਬੰਧਾਂ ਵਿੱਚ ਖਟਾਸ ਆਏਗੀ। ਵਪਾਰ ਵਿੱਚ ਸਹੂਲਤ ਘਟੇਗੀ ਤਾਂ ਦੋਹਾਂ ਦੇਸਾਂ ਵਿੱਚ ਰੋਟੀ ਦੇ ਸਬੰਧ ਯਾਨੀ ਵਪਾਰ ਨੂੰ ਕਾਫ਼ੀ ਨੁਕਸਾਨ ਹੋਵੇਗਾ।
ਪਰ ਨੇਪਾਲ ਅਤੇ ਭਾਰਤ ਦੇ ਕਈ ਇਲਾਕਿਆਂ ਦੀ ਸਮਾਜਿਕ ਬਣਤਰ, ਪਰੰਪਰਾ ਅਤੇ ਰਹਿਣ-ਸਹਿਣ ਇੱਕੋਂ ਵਰਗੇ ਹਨ। ਇਸ ਲਈ ਦੋਹਾਂ ਦੇਸਾਂ ਵਿਚਾਲੇ ਧੀ ਦਾ ਸਬੰਧ ਕਦੇ ਖਤਮ ਨਹੀਂ ਹੋ ਸਕਦਾ।"
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












