ਬ੍ਰੈਗਜ਼ਿਟ : ਬ੍ਰਿਟੇਨ ਤੇ ਯੂਰਪੀ ਸੰਘ ਦੇ 'ਤੋੜ ਵਿਛੋੜੇ' ਦੇ ਰਾਹ ਦੀਆਂ 5 ਮੁਸ਼ਕਲਾਂ

ਤਸਵੀਰ ਸਰੋਤ, AFP
ਬਰਤਾਨੀਆ ਦੀ ਸੰਸਦ ਵਿੱਚ ਬ੍ਰੈਗਜ਼ਿਟ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੂੰ ਮੈਂਬਰਾਂ ਦੇ ਸਵਾਲਾਂ ਦੀ ਬੁਛਾੜ ਅਤੇ ਮੰਤਰੀਆਂ ਦੇ ਅਸਤੀਫਿਆਂ ਦਾ ਸਾਹਮਣਾ ਕਰਨਾ ਪਿਆ।
ਟੈਰੀਜ਼ਾ ਮੇਅ ਨੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੇ ਵੱਖ ਹੋਣ ਦਾ ਜੋ ਡਰਾਫਟ ਬਣਾਇਆ ਗਿਆ ਹੈ ਉਸ ਵਿੱਚ ਉਹ ਸਾਰੇ ਮੁੱਦੇ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ 'ਤੇ 2016 ਵਿੱਚ ਬ੍ਰਿਟਿਸ਼ ਲੋਕਾਂ ਨੇ ਵੋਟ ਕੀਤਾ ਸੀ।
ਬੁੱਧਵਾਰ ਨੂੰ ਪੰਜ ਘੰਟੇ ਚੱਲੀ ਇੱਕ ਬੈਠਕ ਤੋਂ ਬਾਅਦ ਤਾਂ ਉਨ੍ਹਾਂ ਨੂੰ ਕੈਬਨਿਟ ਦੀ ਪ੍ਰਵਾਨਗੀ ਮਿਲ ਗਈ ਪਰ ਹਾਲਾਂਕਿ ਕਈ ਮੰਤਰੀ ਇਸ ਡੀਲ ਦੇ ਖਿਲਾਫ ਵੀ ਬੋਲੇ।
ਵੀਰਵਾਰ ਨੂੰ ਹਾਲਾਤ ਇਹ ਬਣੇ ਕਿ ਕੈਬਨਿਟ ਦੀ ਪ੍ਰਵਾਨਗੀ ਦੇ ਬਾਵਜੂਦ ਵੀ ਸੰਸਦ ਵਿੱਚ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਯੂਰਪੀ ਯੂਨੀਅਨ ਨੇ ਬ੍ਰਿਟੇਨ ਦਾ ਬ੍ਰੈਗਜ਼ਿਟ ਸਮਝੌਤਾ ਮਨਜ਼ੂਰ ਕਰ ਲਿਆ।
ਇਹ ਵੀ ਪੜ੍ਹੋ

ਤਸਵੀਰ ਸਰੋਤ, EPA
ਕੈਬਨਿਟ ਦੀ ਪ੍ਰਵਾਨਗੀ ਮਗਰੋਂ ਕੀ-ਕੀ ਹੋਇਆ
- ਬ੍ਰੈਗਜ਼ਿਟ ਮੰਤਰੀ ਡੌਮੀਨੀਕ ਰਾਬ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਬ ਨੇ ਜੁਲਾਈ ਵਿੱਚ ਹਾਈ ਪ੍ਰੋਫਾਈਲ ਮੰਤਰੀ ਡੇਵਿਡ ਡੇਵਿਸ ਦੇ ਅਸਤੀਫਾ ਦੇਣ ਮਗਰੋਂ ਅਹੁਦਾ ਸੰਭਾਲਿਆ ਸੀ।
- ਰਾਬ 585 ਪੇਜਾਂ ਦਾ ਉਹ ਡਰਾਫਟ ਬਣਾਉਣ ਵਿੱਚ ਸ਼ਾਮਲ ਸਨ ਜਿਸ ਦੇ ਆਧਾਰ 'ਤੇ ਬ੍ਰਿਟੇਨ ਯੂਰਪੀ ਯੂਨੀਅਨ ਵਿੱਚੋਂ ਬਾਹਰ ਨਿਕਲੇਗਾ।
- ਵਰਕ ਐਂਡ ਪੈਨਸ਼ਨ ਮੰਤਰੀ ਏਸਥਰ ਮੈਕਵੇ ਨੇ ਅਸਤੀਫਾ ਦਿੱਤਾ। ਜੂਨੀਅਰ ਨੌਰਦਨ ਆਇਰਲੈਂਡ ਮਿਨਿਸਟਰ ਸ਼ੈਲੇਸ਼ ਵਾਰਾ ਦਾ ਅਸਤੀਫਾ।
- ਜੂਨੀਅਰ ਬ੍ਰੈਗਜ਼ਿਟ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਪਾਰਲੀਮੈਂਟਰੀ ਪ੍ਰਾਈਵੇਟ ਸਕੱਤਰ ਐਨੀ ਮੈਰੀ ਟ੍ਰੇਵੇਲਯਾਨ ਨੇ ਵੀ ਅਹੁਦੇ ਛੱਡਿਆ।
- ਸੰਸਦ ਵਿੱਚ ਟੈਰੀਜ਼ਾ ਮੇਅ ਨੇ ਕਿਹਾ ''ਬਰਤਾਨੀਆ ਦੇ ਲੋਕ ਚਾਹੁੰਦੇ ਹਨ ਕਿ ਇਹ ਕੰਮ ਸਿਰੇ ਚੜ੍ਹੇ''
- ਵਿਰੋਧੀ ਧਿਰ ਲੇਬਰ ਪਾਰਟੀ ਨੇ ਅਜੇ ਸਾਫ ਨਹੀਂ ਕੀਤਾ ਕਿ ਉਹ ਇਸ ਮਸੌਦੇ ਦਾ ਸਮਰਥਨ ਕਰਨਗੇ ਕਿ ਨਹੀਂ। ਪਾਰਟੀ ਲੀਡਰ ਜੈਰੇਮੀ ਕੋਰਬਿਨ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਕਰਾਰ ਦੇਸ਼ ਹਿਤਾਂ ਦਾ ਖਿਆਲ ਰੱਖੇਗਾ।
- ਟੋਰੀ ਪਾਰਟੀ ਅਤੇ ਉਨ੍ਹਾਂ ਦੀ ਆਪਣੀ ਡੈਮੋਕਰੈਟਿਕ ਯੂਨੀਅਨਿਸਟ ਪਾਰਟੀ ਅੰਦਰੋਂ ਵੀ ਵਿਰੋਧ ਝੱਲਣਾ ਪੈ ਰਿਹਾ ਹੈ।

ਤਸਵੀਰ ਸਰੋਤ, AFP
'ਹਾਲੇ ਲੰਬਾ ਸਫ਼ਰ ਤੈਅ ਕਰਨਾ ਬਾਕੀ'
ਯੂਰਪੀ ਸੰਘ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਨਾਲ ਬ੍ਰੈਗਜ਼ਿਟ ਸਬੰਧਿਤ ਸਮਝੌਤੇ ਦੇ ਖਰੜੇ 'ਤੇ ਰਾਜ਼ੀ ਹੋਣ ਦੇ ਬਾਵਜੂਦ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।
ਵਿਚੋਲਗੀ ਕਰ ਰਹੇ ਮਾਈਕਲ ਬਰਨਿਅਰ ਨੇ ਕਿਹਾ, "ਦੋਹਾਂ ਪੱਖਾਂ (ਯੂਰਪੀ ਯੂਨੀਅਨ ਅਤੇ ਬ੍ਰਿਟੇਨ) ਨੂੰ ਹਾਲੇ ਲੰਬਾ ਸਫ਼ਰ ਤੈਅ ਕਰਨਾ ਹੈ।"
ਪ੍ਰਸਤਾਵਿਤ ਸਮਝੌਤੇ 'ਤੇ ਰਾਜ਼ੀ ਹੋਣ ਮਗਰੋਂ ਯੂਰਪੀ ਯੂਨੀਅਨ ਵੱਲੋਂ ਕੁਝ ਬੈਠਕਾਂ ਵੀ ਤੈਅ ਕੀਤੀਆਂ ਗਈਆਂ ਹਨ-
- 25 ਨਵੰਬਰ ਨੂੰ ਡਰਾਫ਼ਟ ਡੀਲ ਮਨਜ਼ੂਰੀ ਲਈ ਯੂਰਪੀ ਯੂਨੀਅਨ ਕੋਲ ਜਾਵੇਗੀ।
- ਦਸੰਬਰ ਵਿੱਚ ਇਸ ਸਮਝੌਤੇ ਨੂੰ ਬ੍ਰਿਟੇਨ ਦੀ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।
- ਜੇਕਰ ਸੰਸਦ ਇਸ ਦੇ ਹੱਕ ਵਿੱਚ ਵੋਟ ਦਿੰਦੀ ਹੈ ਤਾਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਯੂਰਪੀ ਯੂਨੀਅਨ ਤੋਂ ਬਾਹਰ ਹੋਣ ਦਾ ਬਿੱਲ ਪੇਸ਼ ਕੀਤਾ ਜਾਵੇਗਾ।
- ਜੇਕਰ ਸੰਸਦ ਨੇ ਇਸ ਨੂੰ ਠੁਕਰਾ ਦਿੱਤਾ ਤਾਂ ਸਰਕਾਰ ਨੂੰ 21 ਦਿਨਾਂ ਦੇ ਅੰਦਰ ਨਵਾਂ ਪ੍ਰਸਤਾਅ ਤਿਆਰ ਕਰਨਾ ਹੋਵੇਗਾ।
- ਬਰਤਾਨੀਆ ਦੀ ਸੰਸਦ ਨੇ ਇਸ ਨੂੰ ਮਨਜ਼ੂਰੀ ਦਿੱਤੀ ਤਾਂ ਯੂਰਪੀਅਨ ਯੂਨੀਅਨ ਸੰਸਦ ਨੂੰ ਇਸ ਨੂੰ ਆਮ ਬਹੁਮਤ ਨਾਲ ਮਨਜ਼ੂਰ ਕਰਨਾ ਪਵੇਗਾ।
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
ਬ੍ਰੈਗਜ਼ਿਟ ਕੀ ਹੈ?
ਯੂਰਪੀਅਨ ਕੌਂਸਲ ਦੇ ਮੁਖੀ ਡੌਨਲਡ ਟਸਕ ਨੇ ਕਿਹਾ ਹੈ ਕਿ ਬ੍ਰੈਗਜ਼ਿਟ ਹੈ ਤਾਂ ਹਾਰ ਵਾਲੀ ਸਥਿਤੀ ਹੀ, ਪਰ ਉਹ ਕੋਸ਼ਿਸ਼ ਕਰਨਗੇ ਕਿ ਦੋਹਾਂ ਪੱਖਾਂ ਲਈ ਇਹ ਦਰਦਨਾਕ ਨਾ ਹੋਵੇ।
ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਨੂੰ 29 ਮਾਰਚ 2019 ਨੂੰ ਛੱਡਣਾ ਹੈ, ਕਿਉਂਕਿ 2016 'ਚ ਹੋਏ ਇੱਕ ਜਨਮਤ ਸੰਗ੍ਰਹਿ ਵਿੱਚ ਯੂਕੇ ਦੇ ਨਾਗਰਿਕਾਂ ਨੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਨੂੰ ਬ੍ਰੈਗਜ਼ਿਟ (ਬ੍ਰਿਟੇਨ+ਐਕਸਿਟ) ਗਿਆ ਜਾਂਦਾ ਹੈ।
ਯੂਕੇ ਤੇ ਯੂਰਪੀਅਨ ਯੂਨੀਅਨ ਨੂੰ ਹੁਣ ਇਸ 'ਤਲਾਕ' ਦੀਆਂ ਸ਼ਰਤਾਂ ਤੈਅ ਕਰਨ ਲਈ ਗੱਲਬਾਤ ਕਰਦਿਆਂ ਇੱਕ ਸਾਲ ਹੋ ਚੁੱਕਾ ਹੈ।
ਹੁਣ ਵਾਰਤਾਕਾਰਾਂ ਨੇ ਡੀਲ ਫਾਈਨਲ ਕਰ ਲਈ ਹੈ ਪਰ ਇਸ ਨੂੰ ਸੰਸਦ ਮੈਂਬਰਾਂ ਦੀ ਹਮਾਇਤ ਜ਼ਰੂਰੀ ਹੈ, ਇਸ ਤੋਂ ਪਹਿਲਾਂ ਕਿ ਯੂਨੀਅਨ ਦੇ ਮੈਂਬਰ ਬਾਕੀ 27 ਦੇਸ਼ ਇਸ ਉੱਪਰ ਮੋਹਰ ਲਗਾਉਣ।
ਇਹ ਵੀ ਪੜ੍ਹੋ
ਅੰਦਰ ਕੀ ਹੈ?
- ਯੂਕੇ ਦੇ ਨਿਕਲ ਜਾਣ ਤੋਂ ਬਾਅਦ 21 ਮਹੀਨਿਆਂ ਦਾ ਇੱਕ ਵਕਫਾ ਹੈ ਜਿਸ ਤਹਿਤ ਦੂਜੀਆਂ ਪ੍ਰਕਿਰਿਆਵਾਂ ਮੁਕੰਮਲ ਹੋਣਗੀਆਂ।
- ਯੂਕੇ ਵੱਲੋਂ 'ਤਲਾਕ' ਯਾਨਿ ਯੂਰਪ ਤੋਂ ਵੱਖ ਹੋਣ ਲਈ 39 ਅਰਬ ਪੌਂਡ ਦਾ ਭੁਗਤਾਨ
- ਨਾਗਰਿਕਾਂ ਦੇ ਅਧਿਕਾਰਾਂ ਬਾਰੇ ਪੱਕੇ ਨਿਯਮ, ਜਿਨ੍ਹਾਂ ਤਹਿਤ ਉਹ ਜਿੱਥੇ ਰਹਿੰਦੇ ਉਥੇ ਕੰਮ ਕਰ ਸਕਣ ਅਤੇ ਪਰਿਵਾਰ ਨੂ ਮਿਲ ਸਕਣ।
- ਇਸ ਸਮਝੌਤੇ ਤਹਿਤ 3000 ਖੇਤਰੀ ਨਿਸ਼ਾਨੀਆਂ ਦੀ ਸੁਰੱਖਿਆ ਕੀਤੀ ਜਾਵੇਗੀ ਜਿਸ ਵਿੱਚ ਪਰਮਾ ਹੈਮ, ਫੈਟਾ ਚੀਜ਼, ਸ਼ੈਂਪੇਨ ਅਤੇ ਵੇਲਸ਼ ਲੈਂਬ ਮੁੱਖ ਤੌਰ 'ਤੇ ਸ਼ਾਮਿਲ ਹਨ।

ਤਸਵੀਰ ਸਰੋਤ, Getty Images
ਵਪਾਰ ਸਮਝੌਤਾ ਹੋਵੇਗਾ?
ਇਸ 585 ਸਫਿਆਂ ਦੇ ਮੁੱਖ ਕਰਾਰ ਤੋਂ ਇਲਾਵਾ ਇੱਕ ਟਰੇਡ ਐਗਰੀਮੈਂਟ ਜਾਂ ਵਪਾਰ ਸਮਝੌਤਾ ਵੀ ਹੋਣਾ ਹੈ। ਇਸ ਵਿੱਚ ਤੈਅ ਹੋਵੇਗਾ ਕਿ ਅਲੱਗ ਹੋਣ ਤੋਂ ਬਾਅਦ ਬ੍ਰਿਟੇਨ ਤੇ ਯੂਨੀਅਨ ਦੇ ਰਿਸ਼ਤੇ ਕਿਵੇਂ ਚੱਲਣਗੇ।
ਇਹ ਦਸੰਬਰ 2020 ਤੋਂ ਲਾਗੂ ਹੋਵੇਗਾ।
ਇਸ ਦਾ ਟੀਚਾ ਤਾਂ ਹੈ ਕਿ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਖੁਲ੍ਹੇ ਵਪਾਰ ਦਾ ਇੰਤਜ਼ਾਮ ਹੋਵੇ ਅਤੇ ਕੋਈ ਟੈਕਸ ਨਾ ਲੱਗੇ।
ਕ ਹੰਗਾਮੀ ਮੀਟਿੰਗ ਅਗਲੇ ਮਹੀਨੇ ਹੋ ਸਕਦੀ ਹੈ ਜਿਸ ਵਿੱਚ ਇਸ ਉੱਪਰ ਫੈਸਲਾ ਲਿਆ ਜਾਵੇਗਾ।
ਉਸ ਤੋਂ ਬਾਅਦ ਯੂਕੇ ਦੀ ਪ੍ਰਧਾਨ ਮੰਤਰੀ ਦਾ ਔਖਾ ਕੰਮ ਸ਼ੁਰੂ ਹੋਵੇਗਾ — ਸੰਸਦ ਮੈਂਬਰਾਂ ਨੂੰ ਮਨਾਉਣਾ ਕਿ ਉਹ ਇਸ ਐਗਰੀਮੈਂਟ ਦੇ ਹੱਕ ਵਿੱਚ ਵੋਟ ਪਾਉਣ।












