ਬ੍ਰੈਗਜ਼ਿਟ ਸਮਝੌਤਾ : ਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ

ਬ੍ਰੈਗਜ਼ਿਟ

ਤਸਵੀਰ ਸਰੋਤ, AFP

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੂੰ ਦੇਸ਼ ਦੇ ਯੂਰਪੀ ਯੂਨੀਅਨ ਨੂੰ ਛੱਡਣ (ਬ੍ਰੈਗਜ਼ਿਟ) ਬਾਰੇ ਹੋਏ ਡਰਾਫਟ ਕਰਾਰ ਉੱਪਰ ਸੰਸਦ ਮੈਂਬਰਾਂ ਦੇ ਤਿੱਖੇ ਸਵਾਲ ਝੱਲਣੇ ਪੈ ਰਹੇ ਹਨ।

ਪੰਜ ਘੰਟੇ ਚੱਲੀ ਇੱਕ ਬੈਠਕ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਦੀ ਪ੍ਰਵਾਨਗੀ ਤਾਂ ਮਿਲ ਗਈ ਹਾਲਾਂਕਿ ਕਈ ਮੰਤਰੀ ਇਸ ਡੀਲ ਦੇ ਖਿਲਾਫ ਵੀ ਬੋਲੇ।

ਕੈਬਨਿਟ ਦੀ ਪ੍ਰਵਾਨਗੀ ਮਗਰੋਂ ਕੀ-ਕੀ ਹੋਇਆ

  • ਬ੍ਰੈਗਜ਼ਿਟ ਮੰਤਰੀ ਡੌਮੀਨੀਕ ਰਾਬ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਅਸਤੀਫੇ ਦੇਣ ਦੇ ਦੋ ਮੁੱਖ ਕਾਰਨ ਦੱਸੇ।
  • ਵਰਕ ਐਂਡ ਪੈਨਸ਼ਨ ਮੰਤਰੀ ਏਸਥਰ ਮੈਕਵੇ ਨੇ ਅਸਤੀਫਾ ਦਿੱਤਾ। ਜੂਨੀਅਰ ਨੌਰਦਨ ਆਇਰਲੈਂਡ ਮਿਨਿਸਟਰ ਸ਼ੈਲੇਸ਼ ਵਾਰਾ ਦਾ ਅਸਤੀਫਾ।
  • ਜੂਨੀਅਰ ਬ੍ਰੈਗਜ਼ਿਟ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਪਾਰਲੀਮੈਂਟਰੀ ਪ੍ਰਾਈਵੇਟ ਸਕੱਤਰ ਐਨੀ ਮੈਰੀ ਟ੍ਰੇਵੇਲਯਾਨ ਨੇ ਵੀ ਅਹੁਦੇ ਛੱਡਿਆ।
  • ਸੰਸਦ ਵਿੱਚ ਟੈਰੀਜ਼ਾ ਮੇਅ ਨੇ ਕਿਹਾ ''ਬਰਤਾਨੀਆ ਦੇ ਲੋਕ ਚਾਹੁੰਦੇ ਹਨ ਕਿ ਇਹ ਕੰਮ ਸਿਰੇ ਚੜ੍ਹੇ''
  • ਵਿਰੋਧੀ ਧਿਰ ਲੇਬਰ ਪਾਰਟੀ ਨੇ ਅਜੇ ਸਾਫ ਨਹੀਂ ਕੀਤਾ ਕਿ ਉਹ ਇਸ ਮਸੌਦੇ ਦਾ ਸਮਰਥਨ ਕਰਨਗੇ ਕਿ ਨਹੀਂ। ਪਾਰਟੀ ਲੀਡਰ ਜੈਰੇਮੀ ਕੋਰਬਿਨ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਕਰਾਰ ਦੇਸ਼ ਹਿਤਾਂ ਦਾ ਖਿਆਲ ਰੱਖੇਗਾ।
  • ਟੋਰੀ ਪਾਰਟੀ ਅਤੇ ਉਨ੍ਹਾਂ ਦੀ ਆਪਣੀ ਡੈਮੋਕਰੈਟਿਕ ਯੂਨੀਅਨਿਸਟ ਪਾਰਟੀ ਅੰਦਰੋਂ ਵੀ ਵਿਰੋਧ ਝੱਲਣਾ ਪੈ ਰਿਹਾ ਹੈ।
ਬ੍ਰੈਕਸਿਟ

ਤਸਵੀਰ ਸਰੋਤ, Getty Images

ਬ੍ਰੈਗਜ਼ਿਟ ਕੀ ਹੈ?

ਯੂਰਪੀਅਨ ਕੌਂਸਲ ਦੇ ਮੁਖੀ ਡੌਨਲਡ ਟਸਕ ਨੇ ਕਿਹਾ ਹੈ ਕਿ ਬ੍ਰੈਗਜ਼ਿਟ ਹੈ ਤਾਂ ਹਾਰ ਵਾਲੀ ਸਥਿਤੀ ਹੀ, ਪਰ ਉਹ ਕੋਸ਼ਿਸ਼ ਕਰਨਗੇ ਕਿ ਦੋਹਾਂ ਪੱਖਾਂ ਲਈ ਇਹ ਦਰਦਨਾਕ ਨਾ ਹੋਵੇ।

ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਨੂੰ 29 ਮਾਰਚ 2019 ਨੂੰ ਛੱਡਣਾ ਹੈ, ਕਿਉਂਕਿ 2016 'ਚ ਹੋਏ ਇੱਕ ਜਨਮਤ ਸੰਗ੍ਰਹਿ ਵਿੱਚ ਯੂਕੇ ਦੇ ਨਾਗਰਿਕਾਂ ਨੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਨੂੰ ਬ੍ਰੈਗਜ਼ਿਟ (ਬ੍ਰਿਟੇਨ+ਐਕਸਿਟ) ਗਿਆ ਜਾਂਦਾ ਹੈ।

ਯੂਕੇ ਤੇ ਯੂਰਪੀਅਨ ਯੂਨੀਅਨ ਨੂੰ ਹੁਣ ਇਸ 'ਤਲਾਕ' ਦੀਆਂ ਸ਼ਰਤਾਂ ਤੈਅ ਕਰਨ ਲਈ ਗੱਲਬਾਤ ਕਰਦਿਆਂ ਇੱਕ ਸਾਲ ਹੋ ਚੁੱਕਾ ਹੈ।

ਹੁਣ ਵਾਰਤਾਕਾਰਾਂ ਨੇ ਡੀਲ ਫਾਈਨਲ ਕਰ ਲਈ ਹੈ ਪਰ ਇਸ ਨੂੰ ਸੰਸਦ ਮੈਂਬਰਾਂ ਦੀ ਹਮਾਇਤ ਜ਼ਰੂਰੀ ਹੈ, ਇਸ ਤੋਂ ਪਹਿਲਾਂ ਕਿ ਯੂਨੀਅਨ ਦੇ ਮੈਂਬਰ ਬਾਕੀ 27 ਦੇਸ਼ ਇਸ ਉੱਪਰ ਮੋਹਰ ਲਗਾਉਣ।

ਇਹ ਵੀ ਪੜ੍ਹੋ

ਅੰਦਰ ਕੀ ਹੈ?

  • ਯੂਕੇ ਦੇ ਨਿਕਲ ਜਾਣ ਤੋਂ ਬਾਅਦ 21 ਮਹੀਨਿਆਂ ਦਾ ਇੱਕ ਵਕਫਾ ਹੈ ਜਿਸ ਤਹਿਤ ਦੂਜੀਆਂ ਪ੍ਰਕਿਰਿਆਵਾਂ ਮੁਕੰਮਲ ਹੋਣਗੀਆਂ।
  • ਯੂਕੇ ਵੱਲੋਂ 'ਤਲਾਕ' ਯਾਨਿ ਯੂਰਪ ਤੋਂ ਵੱਖ ਹੋਣ ਲਈ 39 ਅਰਬ ਪੌਂਡ ਦਾ ਭੁਗਤਾਨ
  • ਨਾਗਰਿਕਾਂ ਦੇ ਅਧਿਕਾਰਾਂ ਬਾਰੇ ਪੱਕੇ ਨਿਯਮ, ਜਿਨ੍ਹਾਂ ਤਹਿਤ ਉਹ ਜਿੱਥੇ ਰਹਿੰਦੇ ਉਥੇ ਕੰਮ ਕਰ ਸਕਣ ਅਤੇ ਪਰਿਵਾਰ ਨੂ ਮਿਲ ਸਕਣ।
  • ਇਸ ਸਮਝੌਤੇ ਤਹਿਤ 3000 ਖੇਤਰੀ ਨਿਸ਼ਾਨੀਆਂ ਦੀ ਸੁਰੱਖਿਆ ਕੀਤੀ ਜਾਵੇਗੀ ਜਿਸ ਵਿੱਚ ਪਰਮਾ ਹੈਮ, ਫੈਟਾ ਚੀਜ਼, ਸ਼ੈਂਪੇਨ ਅਤੇ ਵੇਲਸ਼ ਲੈਂਬ ਮੁੱਖ ਤੌਰ 'ਤੇ ਸ਼ਾਮਿਲ ਹਨ।

ਵਪਾਰ ਸਮਝੌਤਾ ਹੋਵੇਗਾ?

ਇਸ 585 ਸਫਿਆਂ ਦੇ ਮੁੱਖ ਕਰਾਰ ਤੋਂ ਇਲਾਵਾ ਇੱਕ ਟਰੇਡ ਐਗਰੀਮੈਂਟ ਜਾਂ ਵਪਾਰ ਸਮਝੌਤਾ ਵੀ ਹੋਣਾ ਹੈ। ਇਸ ਵਿੱਚ ਤੈਅ ਹੋਵੇਗਾ ਕਿ ਅਲੱਗ ਹੋਣ ਤੋਂ ਬਾਅਦ ਬ੍ਰਿਟੇਨ ਤੇ ਯੂਨੀਅਨ ਦੇ ਰਿਸ਼ਤੇ ਕਿਵੇਂ ਚੱਲਣਗੇ।

ਇਹ ਦਸੰਬਰ 2020 ਤੋਂ ਲਾਗੂ ਹੋਵੇਗਾ।

ਇਸ ਦਾ ਟੀਚਾ ਤਾਂ ਹੈ ਕਿ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਖੁਲ੍ਹੇ ਵਪਾਰ ਦਾ ਇੰਤਜ਼ਾਮ ਹੋਵੇ ਅਤੇ ਕੋਈ ਟੈਕਸ ਨਾ ਲੱਗੇ।

ਅੱਗੇ ਕੀ?

ਯੂਰਪੀ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਅਗਲੇ ਮਹੀਨੇ ਹੋ ਸਕਦੀ ਹੈ ਜਿਸ ਵਿੱਚ ਇਸ ਉੱਪਰ ਫੈਸਲਾ ਲਿਆ ਜਾਵੇਗਾ।

ਉਸ ਤੋਂ ਬਾਅਦ ਯੂਕੇ ਦੀ ਪ੍ਰਧਾਨ ਮੰਤਰੀ ਦਾ ਔਖਾ ਕੰਮ ਸ਼ੁਰੂ ਹੋਵੇਗਾ — ਸੰਸਦ ਮੈਂਬਰਾਂ ਨੂੰ ਮਨਾਉਣਾ ਕਿ ਉਹ ਇਸ ਐਗਰੀਮੈਂਟ ਦੇ ਹੱਕ ਵਿੱਚ ਵੋਟ ਪਾਉਣ।

ਬ੍ਰੈਕਸਿਟ

ਸੰਸਦ ਦੇ ਹੇਠਲੇ ਸਦਨ 'ਚ ਪ੍ਰਧਾਨ ਮੰਤਰੀ ਕੋਲ ਬਹੁਮਤ ਨਹੀਂ ਹੈ ਅਤੇ ਕਈ ਮੰਤਰੀਆਂ ਦੇ ਅਸਤੀਫੇ ਵੀ ਹੋ ਸਕਦੇ ਹਨ।

ਜੇ ਸਦਨ ਸਾਹਮਣੇ ਇਹ ਬਦਲ ਰੱਖੇ ਗਏ ਕਿ 'ਇਸ ਡੀਲ ਨੂੰ ਚੁਣੋਂ ਜਾਂ ਦੁਬਾਰਾ ਜਨਮਤ ਸੰਗ੍ਰਹਿ ਕਰਵਾਓ', ਤਾਂ ਕੰਮ ਔਖਾ ਹੋ ਜਾਵੇਗਾ।

ਕੁਝ ਸੰਸਦ ਮੈਂਬਰ ਮੰਨਦੇ ਹਨ ਕਿ ਮੇਅ ਦੁਬਾਰਾ ਰੈਫਰੈਂਡਮ (ਜਨਮਤ ਸੰਗ੍ਰਹਿ) ਕਰਵਾ ਸਕਦੇ ਹਨ, ਹਾਲਾਂਕਿ ਮੇਅ ਨੇ ਇਸ ਸੰਭਾਵਨਾ ਨੂੰ ਖਾਰਜ ਕੀਤਾ ਹੈ, ਹੁਣ ਤਕ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)