ਸਟ੍ਰਾਬੇਰੀ 'ਚ ਸੂਈਆਂ': ਕੰਪਨੀ ਨੇ ਸੂਈਆਂ ਵੇਚਣੀਆਂ ਬੰਦ ਕੀਤੀਆਂ

ਸਟ੍ਰਾਬੇਰੀ ਵਿੱਚੋਂ ਸਿਲਾਈ ਲਈ ਵਰਤੀਆਂ ਜਾਂਦੀਆਂ ਸੂਈਆਂ ਨਿਕਲਣ ਦੇ ਮਾਮਲਿਆਂ ਤੋਂ ਬਾਅਦ, ਆਸਟ੍ਰੇਲੀਆ ਦੀ ਵੱਡੀ ਸੁਪਰ ਮਾਰਕੀਟ ਕੰਪਨੀ ਵੂਲਵਰਥਜ਼ ਨੇ ਆਪਣੀਆਂ ਦੁਕਾਨਾਂ ਵਿਚੋਂ ਸੂਈਆਂ ਹਟਾ ਲਈਆਂ ਹਨ।

ਪਿਛਲੇ ਹਫ਼ਤੇ ਹੀ ਆਸਟ੍ਰੇਲੀਆ ਦੀ ਸਰਕਾਰ ਨੇ ਲੋਕਾਂ ਨੂੰ ਆਖਿਆ ਸੀ ਕਿ ਉਹ ਸਟ੍ਰਾਬੇਰੀ ਚਾਕੂ ਨਾਲ ਕੱਟ ਕੇ ਖਾਣ, ਨਾ ਕਿ ਸਿੱਧਾ ਚੱਕ ਮਾਰ ਕੇ। ਇਸ ਤੋਂ ਪਹਿਲਾਂ ਹੀ ਕਈ ਸਟ੍ਰਾਬੇਰੀ ਕੰਪਨੀਆਂ ਨੇ ਵੀ ਆਪਣਾ ਮਾਲ ਵੇਚਣ ਤੋਂ ਰੋਕ ਲਿਆ।

ਸਰਕਾਰ ਨੇ ਸਮੁੱਚੇ ਆਸਟ੍ਰੇਲੀਆ 'ਚ ਜਾਂਚ ਦੇ ਆਦੇਸ਼ ਪਹਿਲਾਂ ਹੀ ਦੇ ਦਿੱਤੇ ਸਨ। ਅਜਿਹੇ ਮਾਮਲਿਆਂ 'ਚ ਵਰਤੇ ਜਾਣ ਵਾਲੇ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਦੀ ਗੱਲ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਵੂਲਵਰਥਜ਼ ਦੇ ਸੂਈਆਂ ਵੇਚਣ ਉੱਤੇ ਫਿਲਹਾਲ ਰੋਕ ਲਗਾਉਣ ਉੱਪਰ ਆਸਟ੍ਰੇਲੀਆ ਦੇ ਸਟ੍ਰਾਬੇਰੀ ਕਿਸਾਨਾਂ ਦੇ ਪ੍ਰਤੀਨਿਧੀ ਸਮੂਹ ਨੇ ਕੋਈ ਬਿਆਨ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਉਂਝ ਕਿਸਾਨਾਂ 'ਚ ਰੋਸ ਹੈ ਕਿਉਂਕਿ ਉਨ੍ਹਾਂ ਵਿੱਚੋਂ ਕਈ ਇਸ ਸਾਰੇ ਮਾਮਲੇ ਨੂੰ “ਬਤੰਗੜ” ਵਜੋਂ ਦੇਖ ਰਹੇ ਹਨ।

ਕੀ ਕਹਿੰਦੀ ਹੈ ਕੰਪਨੀ

ਵੂਲਵਰਥਜ਼ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਲਈ ਗਾਹਕਾਂ ਦੀ ਸੁਰੱਖਿਆ ਸਭ ਤੋਂ ਉੱਤੇ ਹੈ ਅਤੇ ਉਨ੍ਹਾਂ ਨੇ ਸਾਵਧਾਨੀ ਵਰਤਦਿਆਂ ਆਰਜ਼ੀ ਤੌਰ 'ਤੇ ਸੂਈਆਂ ਵੇਚਣੀਆਂ ਬੰਦ ਕੀਤੀਆਂ ਹਨ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਪਾਬੰਦੀ ਕਿੰਨੀ ਦੇਰ ਜਾਰੀ ਰਹੇਗੀ।

ਪ੍ਰਤੀਕਿਰਿਆ ਦਿੰਦਿਆਂ ਬ੍ਰਾਂਡ ਵਿਸ਼ਲੇਸ਼ਕ ਪੌਲ ਨੈਲਸਨ ਨੇ ਕਿਹਾ ਕਿ ਵੂਲਵਰਥਜ਼ ਦੇ ਇਸ ਕਦਮ ਨੂੰ ਜਲਦਬਾਜ਼ੀ ਮੰਨਿਆ ਜਾ ਸਕਦਾ ਹੈ।

ਉਨ੍ਹਾਂ ਮੁਤਾਬਕ ਵੂਲਵਰਥਜ਼ ਵੱਲੋਂ "ਕਿਸਾਨਾਂ ਦੇ ਭਲੇ ਲਈ" ਚੁੱਕੇ ਗਏ ਇਸ ਕਦਮ ਨੂੰ ਦੂਜੇ ਪਾਸਿਉਂ ਦੇਖਿਆ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਕੰਪਨੀ ਬਸ "ਚੱਲ ਰਹੀ ਗੱਲ ਵਿਚ ਆਪਣਾ ਜ਼ਿਕਰ" ਚਾਹੁੰਦੀ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ -

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)