ਮਹਿਲਾ ਬਾਡੀਗਾਰਡ ਦੀ ਜ਼ਿੰਦਗੀ ਦੇ ਰਾਜ਼

ਜੈਕੀ ਡੇਵਿਸ ਬਰਤਾਨੀਆ ਵਿੱਚ ਬਾਡੀਗਾਰਡ ਬਨਣ ਵਾਲੀ ਪਹਿਲੀ ਮਹਿਲਾ ਹੈ। ਉਹ ਸ਼ਾਹੀ ਅਤੇ ਮਸ਼ਹੂਰ ਵਿਅਕਤੀਆਂ ਨੂੰ ਰੱਖਿਆ ਪ੍ਰਦਾਨ ਕਰ ਚੁੱਕੀ ਹੈ।

ਉਸ ਨੇ ਬੰਧਕਾਂ ਨੂੰ ਬਚਾਇਆ ਅਤੇ ਇਸ ਇੰਡਸਟਰੀ ਵਿੱਚ ਉਹ ਆਪਣੇ 30 ਸਾਲਾਂ ਕਰੀਅਰ ਦੌਰਾਨ ਅੰਡਰਕਵਰ ਸਰਵੇਲੈਂਸ ਦਾ ਵੀ ਕੰਮ ਕਰ ਚੁੱਕੀ ਹੈ।

ਜੈਕੀ ਦੀ ਜ਼ਿੰਦਗੀ ਕਈ ਰੋਚਕ ਕਹਾਣੀਆਂ ਨਾਲ ਭਰੀ ਹੋਈ ਹੈ। ਹੁਣ ਅਮਰੀਕੀ ਵੀਡੀਓ ਸਟਰੀਮਿੰਗ ਕੰਪਨੀ ਨੈਟਫਲਿਕਸ ਨੇ ਉਨ੍ਹਾਂ ਦੀ ਜ਼ਿੰਦਗੀ 'ਤੇ ਫਿਲਮ ਬਣਾਈ ਹੈ।

ਜੈਕੀ ਦਾ ਕਹਿਣਾ ਹੈ, "ਜਦ ਮੈਂ ਪਹਿਲਾਂ ਇਸ ਇੰਡਸਤਰੀ ਵਿੱਚ ਆਈ ਤਾਂ ਇਹ ਮਰਦ ਪ੍ਰਧਾਨ ਸੀ।"

ਜੈਕੀ ਮੁਤਾਬਕ, "ਉਹ ਹਮੇਸ਼ਾ ਇਹੀ ਚਾਹੁੰਦੇ ਸਨ ਕਿ ਮੈਂ ਮਹਿਲਾ ਪ੍ਰਿੰਸੀਪਲ ਜਾਂ ਬੱਚਿਆਂ ਦਾ ਹੀ ਧਿਆਨ ਰੱਖਾਂ। ਇਹ ਹਾਸੋਹੀਣੀ ਗੱਲ ਸੀ ਕਿਉਂਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਪਿਤਾ ਬਣ ਚੁੱਕੇ ਸਨ, ਜਦੋਂ ਕਿ ਮੈਂ ਅਜੇ ਮਾਂ ਨਹੀਂ ਬਣੀ ਸੀ।"

ਇਹ ਵੀ ਪੜ੍ਹੋ:

ਪਹਿਲਾਂ ਪੁਲਿਸ ਵਿੱਚ ਸੀ ਜੈਕੀ

ਜੈਕੀ ਪਹਿਲਾਂ ਪੁਲਿਸ ਵਿਚ ਭਰਤੀ ਹੋਈ ਜਿਸ ਤੋਂ ਬਾਅਦ ਉਸ ਨੇ ਕਰੀਅਰ ਵਿਚ ਹੋਰ ਮੌਕੇ ਤਲਾਸ਼ਦੇ ਹੋਏ ਸਾਲ 1980 ਵਿੱਚ ਪ੍ਰਾਈਵੇਟ ਸਿਕਿਓਰਿਟੀ ਵਿੱਚ ਨੌਕਰੀ ਕਰਨ ਦਾ ਫ਼ੈਸਲਾ ਲਿਆ।

ਉਨ੍ਹਾਂ ਕਿਹਾ, "ਮੈਂ ਲੋਕਾਂ ਨੂੰ ਸੁਰੱਖਿਆ ਦੇਣਾ ਅਤੇ ਬਿਜ਼ਨਸ ਸਰਵੇਲੈਂਸ ਕਰਨਾ ਚਾਹੁੰਦੀ ਸੀ ਅਤੇ ਜਾਂਚ ਪੜਤਾਲ ਵਾਲੀ ਸੁਰੱਖਿਆ ਸੇਵਾਵਾਂ ਵਿਚ ਹਿੱਸਾ ਲੈਣਾ ਚਾਹੁੰਦੀ ਸੀ।"

ਬੀਬੀਸੀ ਵਨ ਦੇ ਡਰਾਮਾ 'ਬਾਡੀਗਾਰਡ' ਬਾਰੇ ਜੈਕੀ ਕਹਿੰਦੀ ਹੈ, "ਯੂਕੇ ਦੇ ਗ੍ਰਹਿ ਸਕੱਤਰ ਅਤੇ ਉਸ ਦੇ ਸੁਰੱਖਿਆ ਕਰਮੀ ਦੇ ਵਿਚਕਾਰ ਅਜਿਹੇ ਸਬੰਧ ਦਿਖਾਏ ਗਏ ਹਨ। ਪਰ ਅਸਲ ਜ਼ਿੰਦਗੀ ਵਿੱਚ ਅਜਿਹੇ ਰਿਸ਼ਤਿਆਂ ਕਾਰਨ ਬਿਨਾਂ ਸਵਾਲ ਦੇ ਤੁਹਾਡੀ ਨੌਕਰੀ ਜਾ ਸਕਦੀ ਹੈ।"

ਇਸ ਕਰੀਅਰ ਵਿਚ ਰਹਿੰਦੇ ਜੈਕੀ ਦੁਨੀਆ ਘੁੰਮੀ ਹੈ, ਇਸ ਦੌਰਾਨ ਉਹ ਪੰਜ ਅਤੇ ਛੇ ਸਟਾਰ ਹੋਟਲਾਂ ਵਿਚ ਵੀ ਰਹੀ।

ਪਰ ਉਨ੍ਹਾਂ ਦਾ ਕਹਿਣਾ ਹੈ, "ਦਿਨ ਦੇ 12 ਤੋਂ 16 ਘੰਟੇ ਖੜੇ ਰਹਿੰਦੇ ਹੋਏ ਸੋਚਣ ਤੋਂ ਬਾਅਦ, ਇਸ ਸਭ ਖਾਸ ਨਹੀਂ ਲਗਦਾ"। ਇਸ ਤੋਂ ਇਲਾਵਾ ਇੱਕ ਅੰਗ ਰੱਖਿਅਕ ਹੋਣ ਦਾ ਨਿੱਜੀ ਜ਼ਿੰਦਗੀ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ, "ਕਈ ਵਾਰ ਤੁਸੀਂ 8-10 ਹਫ਼ਤੇ ਤੱਕ ਘਰ ਨਹੀਂ ਜਾ ਸਕਦੇ।"

ਨਿਗਰਾਨੀ ਅਤੇ ਬਚਾਅ ਵਿੱਚ ਮਾਹਿਰ

ਜੈਕੀ ਨੂੰ ਆਪਣੇ ਕਿੱਤੇ ਦੇ ਇੱਕ ਖ਼ਤਰਨਾਕ ਹਿੱਸੇ ਦੀ ਵੀ ਮੁਹਾਰਤ ਹਾਸਿਲ ਹੈ- ਨਿਗਰਾਨੀ ਅਤੇ ਬਚਾਅ। ਉਸ ਨੇ ਇਰਾਕ ਵਿਚ ਤੇਲ ਕਰਮਚਾਰੀਆਂ ਨੂੰ ਬਚਾਉਣ ਲਈ ਇੱਕ ਮਿਸ਼ਨ ਦੌਰਾਨ ਬੁਰਕੇ ਵਿਚ ਭੇਸ ਬਦਲ ਕੇ, ਇਰਾਕ ਦੀਆਂ ਗਲੀਆਂ ਵਿਚ ਭੀਖ ਵੀ ਮੰਗੀ ਹੈ।

ਹਾਲਾਂਕਿ ਇਸ ਕੰਮ ਵਿਚ ਸੰਭਾਵੀ ਜੋਖ਼ਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਯੋਜਨਾ ਤਿਆਰ ਕਰਕੇ ਆਪਣੇ ਮੁਵਕਿੱਲ ਨੂੰ ਖਤਰਿਆਂ ਤੋਂ ਬਚਾਉਣਾ ਹੁੰਦਾ ਹੈ, ਪਰ ਕਈ ਵਾਰੀ ਅਸਲ ਜ਼ਿੰਦਗੀ ਵੀ ਫ਼ਿਲਮਾਂ ਜਾਂ ਟੀਵੀ ਸਕਰਿਪਟ ਵਾਂਗ ਰੋਚਕ ਹੋ ਸਕਦੀ ਹੈ।

ਬੀਬੀਸੀ ਵਰਲਡ ਸਰਵਿਸ ਦੇ ਬਿਜ਼ਨਸ ਡੇਲੀ ਪ੍ਰੋਗਰਾਮ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ, "ਪਾਕਿਸਤਾਨ ਦੀ ਫ਼ੌਜ ਦੁਆਰਾ ਸਾਡਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਕਸ਼ਮੀਰ ਵਿਚ ਘੁਮਾਇਆ ਜਾ ਰਿਹਾ ਸੀ।"

ਉਨ੍ਹਾਂ ਕਿਹਾ, "ਕਸ਼ਮੀਰੀ ਬਾਗ਼ੀਆਂ ਨੇ ਪਾਕਿਸਤਾਨ ਦੀ ਫ਼ੌਜ 'ਤੇ ਗੋਲੀਬਾਰੀ ਕੀਤੀ, ਚਲ ਰਹੀ ਗੋਲੀਬਾਰੀ ਅਤੇ ਜਵਾਬੀ ਕਾਰਵਾਈ ਵਿਚ ਅਸੀਂ ਫੱਸ ਗਏ ਸੀ।"

ਅੰਡਰਕਵਰ ਏਜੰਟ ਜੈਕੀ ਨੇ ਇੱਕ ਕੁੜੀ ਨੂੰ ਬਚਾਇਆ

ਉਸ ਨੇ ਇੱਕ ਬਚਾਅ ਮਿਸ਼ਨ ਦੌਰਾਨ ਅੰਡਰਕਵਰ ਵਜੋਂ ਵੀ ਕੰਮ ਕੀਤਾ। ਬਚਾਅ ਮਿਸ਼ਨ ਵਿਚ ਇੱਕ 23 ਸਾਲਾ ਬਰਤਾਨਵੀ ਔਰਤ ਨੂੰ ਛੁਡਾਉਣਾ ਸੀ ਜਿਸ ਨੂੰ ਆਪਣੇ ਨਵੇਂ ਪਤੀ ਦੇ ਨਾਲ ਪਾਕਿਸਤਾਨ ਭੇਜਣ ਦੇ ਨਾਂ 'ਤੇ ਧੋਖਾ ਦਿੱਤਾ ਗਿਆ।

ਇਸ ਦੀ ਬਜਾਏ ਔਰਤ ਨੂੰ ਕੈਦ ਕੀਤਾ ਗਿਆ ਸੀ, ਪਰ ਆਖਿਰਕਾਰ ਉਕਤ ਲੜਕੀ ਨੇ ਕਿਸੇ ਤਰ੍ਹਾਂ ਆਪਣੀ ਮਾਂ ਨੂੰ ਸੁਨੇਹਾ ਦਿੱਤਾ ਕਿ ਉਸਨੂੰ ਬੰਦੀ ਬਣਾਇਆ ਗਿਆ ਹੈ ਅਤੇ ਉਸ ਨੇ ਮਦਦ ਮੰਗੀ। ਉਸ ਦੀ ਮਾਂ ਨੇ ਜੈਕੀ ਨਾਲ ਸੰਪਰਕ ਕੀਤਾ।

ਇਹ ਵੀ ਪੜ੍ਹੋ:

ਇੱਕ ਰਾਤ ਜੈਕੀ ਉਸ ਘਰ ਵਿੱਚ ਪਹੁੰਚੀ ਜਿੱਥੇ ਮਹਿਲਾ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਮਹਿਲਾ ਦੇ ਹੱਥਕੜੀ ਲੱਗੀ ਹੋਈ ਸੀ।

"ਉਸ ਨੇ ਦੱਸਿਆ ਕਿ ਉਹ ਤਿੰਨ ਮਹੀਨੇ ਦੀ ਗਰਭਵਤੀ ਸੀ, ਉਸ ਨਾਲ ਬਲਾਤਕਾਰ ਕੀਤਾ ਗਿਆ, ਉਸ ਨੂੰ ਭੁੱਖਾ ਰੱਖਿਆ ਗਿਆ ਅਤੇ ਕੁੱਟ-ਮਾਰ ਵੀ ਕੀਤੀ ਗਈ। ਮੈਂ ਉਸ ਨੂੰ ਕਿਹਾ, 'ਅਸੀਂ ਵਾਪਸ ਆਵਾਂਗੇ ਅਤੇ ਤੁਹਾਨੂੰ ਬਾਹਰ ਕੱਢ ਲਵਾਂਗੇ'।"

ਪਰ ਅਚਾਨਕ ਉਨ੍ਹਾਂ ਨੂੰ ਇੱਕ ਫੋਨ ਆਇਆ ਅਤੇ ਦੱਸਿਆ ਗਿਆ ਕਿ ਉਨ੍ਹਾਂ ਦੀ ਗੁਪਤ ਕਾਰਵਾਈ ਬਾਰੇ ਪਤਾ ਲੱਗ ਗਿਆ ਹੈ।

ਜੈਕੀ ਨੇ ਦੱਸਿਆ, "ਬੇਨਜ਼ੀਰ ਭੁੱਟੋ, ਜਿਨ੍ਹਾਂ ਲਈ ਮੈਂ ਪਹਿਲਾਂ ਕੰਮ ਕਰ ਚੁੱਕੀ ਹਾਂ, ਨੇ ਮੈਨੂੰ ਪਛਾਣ ਲਿਆ ਸੀ ਅਤੇ ਸੋਚਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਉੱਥੇ ਕਿਉਂ ਸੀ- ਕਿਸੇ ਨੂੰ ਬਚਾਉਣ ਲਈ।"

ਇਸਦਾ ਮਤਲਬ ਕਿ ਉਹਨਾਂ ਨੂੰ ਆਪਣੀਆਂ ਯੋਜਨਾਵਾਂ 'ਤੇ ਪੁਨਰ ਵਿਚਾਰ ਕਰਨ ਅਤੇ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਸੀ।

ਉਨ੍ਹਾਂ ਦੱਸਿਆ ਕਿ, "ਅਸੀਂ ਇਕ ਟੈਕਸੀ ਡ੍ਰਾਈਵਰ ਨੂੰ ਪੈਸੇ ਦਿੱਤੇ ਤਾਂ ਜੋ ਘਰ ਦਾ ਗੇਟ ਤੋੜ ਅੰਦਰ ਪਹੁੰਚ ਸਕੀਏ।"

ਉਨ੍ਹਾਂ ਨੇ ਉਕਤ ਮਹਿਲਾ ਨੂੰ ਛੁਡਾ ਲਿਆ, ਅਤੇ ਭਾਰਤ ਵੱਲ ਵਧੇ। ਪਾਕਿਸਤਾਨੀ ਫ਼ੌਜ ਦੁਆਰਾ ਪਿੱਛਾ ਕੀਤਾ ਜਾ ਰਿਹਾ ਸੀ।

ਉਨ੍ਹਾਂ ਗੱਡੀ ਵਿਚ ਜਿੱਥੋਂ ਤੱਕ ਹੋ ਸਕੇ ਦੂਰ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਪੈਦਲ ਹੀ ਪਹਾੜਾਂ ਨੂੰ ਪਾਰ ਕਰਨ ਲਈ ਨਿਕਲ ਗਏ।

"ਸਾਨੂੰ ਸਿਖਲਾਈ ਦਿੱਤੀ ਗਈ ਸੀ ਇਸ ਲਈ ਅਸੀਂ ਕਾਫ਼ੀ ਫਿੱਟ ਸੀ, ਪਰ ਮੇਰੇ ਨਾਲ ਇੱਕ ਗਰਭਵਤੀ ਔਰਤ ਸੀ ਜਿਸ ਨੂੰ ਕੁੱਟਿਆ ਗਿਆ ਸੀ, ਭੁੱਖੀ ਰੱਖਿਆ ਗਿਆ ਸੀ, ਉਸ ਦੇ ਪੈਰਾਂ ਵਿਚ ਚੱਪਲਾਂ ਸਨ। ਮੇਰੇ ਲਈ ਉਹ ਅਸਲੀ ਹੀਰੋ ਸੀ।"

ਖੁਸ਼ਕਿਸਮਤੀ ਨਾਲ, ਉਹ ਕਸ਼ਮੀਰ ਦੀ ਗੋਲੀਬਾਰੀ 'ਚੋਂ ਬਚ ਗਏ ਅਤੇ ਮਹਿਲਾ ਨੂੰ ਉਸ ਦੇ ਘਰ ਪਹੁੰਚਾਇਆ ਗਿਆ।

ਕੀ ਸੋਚ ਵਿੱਚ ਬਦਲਾਅ ਆਇਆ?

ਜੈਕੀ ਨੇ ਕਿਹਾ ਕਿ ਇਸ ਕਿੱਤੇ ਵਿੱਚ ਉਸ ਵੱਲੋਂ ਗੁਜ਼ਾਰੇ ਗਏ ਤਿੰਨ ਦਹਾਕਿਆਂ ਦੌਰਾਨ ਦੋ ਵੱਡੇ ਬਦਲਾਅ ਹੋਏ ਹਨ।

ਹੁਣ ਜ਼ਿਆਦਾ ਔਰਤਾਂ ਇਸ ਕਿੱਤੇ ਵਿਚ ਸ਼ਾਮਲ ਹੋ ਰਹੀਆਂ ਹਨ, ਹਾਲਾਂਕਿ ਯੂਕੇ ਵਿਚ ਅਜੇ ਵੀ ਹਰ 10 ਵਿੱਚੋਂ ਇੱਕ ਅੰਗ ਰੱਖਿਅਕ ਮਹਿਲਾ ਹੀ ਹੁੰਦੀ ਹੈ।

ਇਸ ਕਾਰੋਬਾਰ ਦੀ ਜਨਤਕ ਪ੍ਰੋਫਾਈਲ ਹੁਣ ਪਹਿਲਾਂ ਨਾਲੋਂ ਕਾਫ਼ੀ ਉੱਚਾ ਹੋ ਗਿਆ ਹੈ।

ਉਨ੍ਹਾਂ ਦੱਸਿਆ, "ਅੱਤਵਾਦ ਕਰਕੇ, ਸੁਰੱਖਿਆ ਲੋਕਾਂ ਦੇ ਮਨਾਂ ਵਿਚ ਹੈ।"

ਸਿਆਸੀ ਅਸਥਿਰਤਾ ਅਤੇ ਮੱਧ ਪੂਰਬ, ਚੀਨ ਅਤੇ ਹੋਰ ਥਾਵਾਂ ਦੇ ਬੇਹੱਦ-ਅਮੀਰ ਲੋਕਾਂ ਦੀ ਗਿਣਤੀ ਵਿਚ ਹੋਏ ਵਾਧੇ ਕਰਨ ਹਾਲ ਹੀ ਦੇ ਸਾਲਾਂ ਵਿਚ ਇਸ ਕਿੱਤੇ ਵਿਚ ਵੀ ਕਾਫੀ ਤਬਦੀਲੀ ਦੇਖਣ ਨੂੰ ਮਿਲੀ ਹੈ।

ਕਨਫੈਡਰੇਸ਼ਨ ਆਫ ਯੂਰਪੀ ਸਕਿਉਰਿਟੀ ਸਰਵਿਸਿਜ਼ ਦੇ ਅੰਕੜੇ ਦਰਸਾਉਂਦੇ ਹਨ ਕਿ ਯੂਕੇ ਵਿੱਚ ਸੁਰੱਖਿਆ ਸੇਵਾ ਉਦਯੋਗ ਵਿੱਚ 23,000 ਤੋਂ ਵੱਧ ਲੋਕ ਤਾਇਨਾਤ ਹਨ - ਅਤੇ 1.9 ਮਿਲੀਅਨ ਯੂਰਪੀ ਯੂਨੀਅਨ ਵਿੱਚ, ਇਕੱਲੇ ਯੂਰਪ ਵਿੱਚ 44,000 ਸੁਰੱਖਿਆ ਕੰਪਨੀਆਂ ਕੰਮ ਕਰਦੀਆਂ ਹਨ।

ਹਾਲਾਂਕਿ ਇਹਨਾਂ ਵਿਚੋਂ ਸਿਰਫ ਇੱਕ ਹਿੱਸਾ ਹੀ ਅਸਲ ਵਿੱਚ ਅੰਗ ਰੱਖਿਅਕ ਵਜੋਂ ਕੰਮ ਕਰਦਾ ਹੈ।

ਯੂਕੇ ਵਿੱਚ, ਸਕਿਉਰਿਟੀ ਇੰਡਸਟਰੀ ਅਥਾਰਟੀ (ਐਸਆਈਏ), ਉਦਯੋਗ ਨਿਯਾਮਕ ਸੰਸਥਾ ਹੈ ਜੋ ਨਿੱਜੀ ਲਾਇਸੈਂਸਿੰਗ ਅਤੇ ਪ੍ਰਾਈਵੇਟ ਸੁਰੱਖਿਆ ਨਿਯਮਾਂ ਲਈ ਜ਼ਿੰਮੇਵਾਰ ਹੈ, ਅਤੇ ਸਾਰੇ ਨਵੇਂ ਆਏ ਲੋਕਾਂ ਨੂੰ ਪਹਿਲਾਂ ਇੱਕ ਸਿਖਲਾਈ ਕੋਰਸ ਕਰਨਾ ਲਾਜ਼ਮੀ ਹੁੰਦਾ ਹੈ।

ਜੈਕੀ ਕਹਿੰਦੀ ਹੈ, "ਜਿੱਥੋਂ ਤਕ ਹੋ ਰਿਹਾ ਹੈ, ਇਹ ਠੀਕ ਹੈ", ਪਰ ਉਨ੍ਹਾਂ ਇਹ ਵੀ ਦੱਸਿਆ ਕਿ ਤੁਸੀਂ ਕੋਈ ਵੀ ਕੋਰਸ ਕਰਕੇ ਤੁਰੰਤ ਹੀ ਅੰਗ-ਰੱਖਿਅਕ ਜਾਂ ਨਜ਼ਦੀਕੀ ਸੁਰੱਖਿਆ ਪ੍ਰਬੰਧਕ ਨਹੀਂ ਬਣ ਸਕਦੇ।"

ਵਿਅਕਤੀਗਤ ਸੁਰੱਖਿਆ ਵਿੱਚ ਕੰਮ ਕਰ ਰਹੇ ਕਿਸੇ ਵੀ ਵਿਅਕਤੀ ਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਉਹ ਆਪਣੇ ਕਲਾਇੰਟ ਦੇ ਦੋਸਤ ਨਹੀਂ ਹਨ। ਉਨ੍ਹਾਂ ਕਿਹਾ, "ਤੁਹਾਨੂੰ ਇਸ ਥੋੜੀ ਜਿਹੀ ਦੂਰੀ ਨੂੰ ਬਰਕਰਾਰ ਰੱਖਣਾ ਹੁੰਦਾ ਹੈ ਤਾਂ ਜੋਂ ਤੁਸੀਂ ਲੋੜ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਹੋਵੇ ਅਤੇ ਲੋੜ ਨਾ ਹੋਣ ਤੇ ਪਿੱਛੇ ਹੱਟ ਸਕੋ।"

ਨੈਟਫਲਿਕਸ ਦੀ ਫਿਲਮ ਦਾ ਵਿਸ਼ਾ ਬਣੀ ਜੈਕੀ

ਜੈਕੀ ਖ਼ੁਦ ਹੁਣ ਇੱਕ ਆਉਣ ਵਾਲੀ ਨੈਟਫ਼ਲਿਕਸ ਫਿਲਮ, 'ਕਲੋਜ਼' ਦਾ ਵਿਸ਼ਾ ਹੈ। ਇਹ ਫਿਲਮ ਜੈਕੀ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ।

ਨੂਮੀ ਰਪੇਸ ਦੇ ਅਭਿਨੈ ਵਾਲੀ ਐਕਸ਼ਨ ਥ੍ਰਿਲਰ ਨੂੰ ਵੀ ਇੱਕ ਅੰਗ ਰੱਖਿਅਕ ਵਜੋਂ ਜੈਕੀ ਦੀ ਜ਼ਿੰਦਗੀ ਨੇ ਹੀ ਪ੍ਰੇਰਿਤ ਕੀਤਾ ਸੀ ਅਤੇ ਉਹ ਫਿਲਮ ਦੀ ਇੱਕ ਸਲਾਹਕਾਰ ਵੀ ਸੀ।

ਨਿਰਦੇਸ਼ਕ ਵਿੱਕੀ ਜਿਉਸਨ ਦਾ ਕਹਿਣਾ ਹੈ ਕਿ ਜੈਕੀ ਨਾਲ ਕੰਮ ਕਰਨ ਨਾਲ ਸਾਨੂੰ ਐਕਸ਼ਨ ਦ੍ਰਿਸ਼ਾਂ ਦੀ ਪ੍ਰਮਾਣਿਕਤਾ ਲਿਆਉਣ ਵਿਚ ਬਹੁਤ ਸਹਾਇਤਾ ਮਿਲੀ।

ਇਹ ਵੀ ਪੜ੍ਹੋ:

ਜੈਕੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੂੜ੍ਹੇ ਰੰਗ ਦੇ ਚਸ਼ਮਿਆਂ ਵਾਲੇ ਸੁਰੱਖਿਆ ਕਰਮੀਆਂ ਵਾਲੇ ਰੂੜ੍ਹੀਵਾਦੀ ਦੇ ਬਾਵਜੂਦ, ਇੱਕ ਬੌਡੀਗਾਰਡ ਵਿਚ ਸਰੀਰਕ ਤਾਕਤ ਤੋਂ ਜ਼ਿਆਦਾ ਦਿਮਾਗ ਦੀ ਤੇਜ਼ੀ ਵੀ ਜ਼ਰੂਰੀ ਹੈ।

ਕਿੱਤੇ ਵਿਚ ਭਰਤੀ ਕਾਮਿਆਂ ਨੂੰ ਆਪਣੇ ਕਲਾਇੰਟਸ ਦੇ ਨਾਲ ਕੰਮ ਕਰਨ ਲਈ ਠੀਕ ਢੰਗ ਨਾਲ ਗੱਲਬਾਤ ਕਰਨ ਦਾ ਤਰੀਕਾ ਸਿੱਖਣਾ ਚਾਹੀਦਾ ਹੈ। ਤੁਹਾਨੂੰ ਮੌਜੂਦਾ ਮਾਮਲਿਆਂ ਨਾਲ ਜੁੜੇ ਰਹਿਣ ਦੀ ਵੀ ਜ਼ਰੂਰਤ ਹੈ।

ਉਹ ਨਿੱਜੀ ਖਤਰਿਆਂ ਦਾ ਡਰ ਖਾਰਜ ਨਹੀਂ ਕਰਦੀ ਜੋ ਕਈ ਵਾਰ ਇਸ ਕੰਮ ਵਿਚ ਸ਼ਾਮਲ ਹੁੰਦੇ ਹਨ, ਪਰ ਉਨ੍ਹਾਂ ਕਿਹਾ ਕਿ ਤੁਸੀਂ ਕੰਮ 'ਤੇ ਜਾਣ ਸਮੇਂ ਚਿੰਤਾ ਨਹੀਂ ਕਰ ਸਕਦੇ।

"ਤੁਸੀਂ ਉਹ ਕੰਮ ਕਰਦੇ ਹੋ, ਜਿਸ ਨੂੰ ਕਰਨ ਲਈ ਤੁਹਾਨੂੰ ਸਿਖਲਾਈ ਦਿੱਤੀ ਜਾਂਦੀ ਹੈ। ਜਦੋਂ ਤੁਸੀਂ ਬਾਹਰ ਆ ਜਾਂਦੇ ਹੋ, ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਤੁਸੀਂ ਕੀ ਕਰ ਦਿੱਤਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)