ਆਰਐਸਐਸ ਮੁਖੀ ਦਾ ਕਹਿਣਾ ਹੈ ਕਿ ਹੁਣ ਤੱਕ ਰਾਮ ਮੰਦਿਰ ਬਣ ਜਾਣਾ ਚਾਹੀਦਾ ਸੀ - 5 ਅਹਿਮ ਖਬਰਾਂ

ਦਿ ਟ੍ਰਿਬਿਊਨ ਮੁਤਾਬਕ ਆਰਐਸਐਸ ਦੇ ਤਿੰਨ ਰੋਜ਼ਾ ਪ੍ਰੋਗਰਾਮ ਦੇ ਅਖੀਰਲੇ ਦਿਨ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਹੁਣ ਤੱਕ ਰਾਮ ਮੰਦਿਰ ਬਣ ਜਾਣਾ ਚਾਹੀਦਾ ਸੀ।

ਉਨ੍ਹਾਂ ਕਿਹਾ, "ਜਿੱਥੇ ਹੋਣਾ ਚਾਹੀਦਾ ਹੈ ਇਸ ਨੂੰ ਉੱਥੇ ਬਣ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਟਕਰਾਅ ਖ਼ਤਮ ਹੋ ਜਾਵੇਗਾ। ਮੰਦਿਰ ਕਰੋੜਾਂ ਹਿੰਦੂਆਂ ਦੀ ਆਸਥਾ ਦਾ ਸਵਾਲ ਹੈ। ਇਹ ਹੁਣ ਤੱਕ ਬਣ ਜਾਣਾ ਚਾਹੀਦਾ ਸੀ।"

ਇਹ ਵੀ ਪੜ੍ਹੋ:

ਹਮਲਾ ਕਰਨ ਦੇ ਇਲਜ਼ਾਮ ਹੇਠ ਸੁਖਬੀਰ ਬਾਦਲ ਖਿਲਾਫ਼ ਮਾਮਲਾ ਦਰਜ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੁਝ ਹੋਰ ਵਰਕਰਾਂ ਖਿਲਾਫ਼ ਹਮਲਾ ਕਰਨ ਦੇ ਇਲਜ਼ਾਮ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।

ਹਮਲਾ ਕਰਨ, ਧਮਕੀ ਦੇਣ ਅਤੇ ਜ਼ਬਰਦਸਤੀ ਰੋਕਣ ਦੇ ਇਲਜ਼ਾਮ ਹੇਠ ਮੁਕਤਸਰ ਵਿੱਚ ਸੁਖਬੀਰ ਬਾਦਲ ਅਤੇ ਕੁਝ ਅਕਾਲੀ ਵਰਕਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਮੁਕਤਸਰ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਦਾ ਕਹਿਣਾ ਹੈ, "55 ਸਾਲਾ ਜਤਿੰਦਰਪਾਲ ਸਿੰਘ ਨੇ ਇਲਜ਼ਾਮ ਲਾਇਆ ਕਿ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਨੇ ਉਸ ਨਾਲ ਕੁੱਟਮਾਰ ਕੀਤੀ। ਜਤਿੰਦਰਪਾਲ ਸਿੰਘ ਆਜ਼ਾਦ ਉਮੀਦਵਾਰ ਹੈ ਅਤੇ ਕਾਂਗਰਸ ਉਮੀਦਵਾਰ ਰਵਿੰਦਰਪਾਲ ਸਿੰਘ ਦਾ ਭਰਾ ਹੈ"

ਤੁਰੰਤ ਤਿੰਨ ਤਲਾਕ 'ਤੇ ਪਾਬੰਦੀ ਲਈ ਮਤਾ ਪਾਸ

ਹਿੰਦੁਸਤਾਨ ਟਾਈਮਜ਼ ਮੁਤਾਬਕ ਕੇਂਦਰ ਸਰਕਾਰ ਨੇ ਫੌਰੀ ਤਿੰਨ ਤਲਾਕ ਦੇ ਅਮਲ 'ਤੇ ਪਾਬੰਦੀ ਲਗਾਉਣ ਲਈ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਰੋਕ ਲਾਏ ਜਾਣ ਦੇ ਬਾਵਜੂਦ 'ਤਲਾਕ-ਏ-ਬਿੱਦਤ' ਦੇ ਮਾਮਲੇ ਲਗਾਤਾਰ ਜਾਰੀ ਹਨ। ਇਸ ਕਰਕੇ ਇਹ ਆਰਡੀਨੈਂਸ ਲਿਆਂਦਾ ਗਿਆ ਹੈ।

ਇਸ ਆਰਡੀਨੈਂਸ ਤਹਿਤ ਫੌਰੀ ਤਿੰਨ ਤਲਾਕ ਦੇਣਾ ਗ਼ੈਰਕਾਨੂੰਨੀ ਹੋਵੇਗਾ ਅਤੇ ਪਤੀ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

ਇਸ ਕਾਨੂੰਨ ਦੀ ਦੁਰਵਰਤੋਂ ਦੇ ਖ਼ਦਸ਼ਿਆਂ ਨੂੰ ਦੇਖਦਿਆਂ ਸਰਕਾਰ ਨੇ ਵਿਸ਼ੇਸ਼ ਹਿਫ਼ਾਜ਼ਤੀ ਕਦਮ ਵੀ ਉਠਾਏ ਹਨ ਜਿਨ੍ਹਾਂ 'ਚ ਮੁਲਜ਼ਮ ਨੂੰ ਮੁਕੱਦਮੇ ਤੋਂ ਪਹਿਲਾਂ ਜ਼ਮਾਨਤ ਦੀ ਸ਼ਰਤ ਵੀ ਸ਼ਾਮਲ ਹੈ।

ਭੀੜ ਵੱਲੋਂ ਹਮਲੇ ਦੇ ਖਿਲਾਫ਼ ਬਿਲ ਲਿਆਉਣ ਦੀ ਤਿਆਰੀ ਵਿੱਚ ਮਣੀਪੁਰ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਮਣੀਪੁਰ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਭੀੜ ਵੱਲੋਂ ਹਿੰਸਾ ਰੋਕਣ ਲਈ ਬਿਲ ਵਿਧਾਨ ਸਭਾ ਵਿੱਚ ਜਲਦੀ ਪੇਸ਼ ਕੀਤਾ ਜਾਵੇਗਾ।

ਦਰਅਸਲ 26 ਸਾਲਾ ਮੁਹੰਮਦ ਫਾਰੂਖ ਖਾਨ ਦੇ ਮੌਬ ਲਿੰਚਿੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਕੈਬਨਿਟ ਨੇ ਇਹ ਫੈਸਲਾ ਲਿਆ ਹੈ। ਉਸ 'ਤੇ ਇੱਕ ਸਕੂਟਰ ਚੋਰੀ ਕਰਨ ਦਾ ਸ਼ੱਕ ਸੀ।

ਇਹ ਵੀ ਪੜ੍ਹੋ:

ਸਰਕਾਰੀ ਬੁਲਾਰੇ ਬਿਸਵਜੀਤ ਦਾ ਕਹਿਣਾ ਹੈ ਕਿ ਸੂਬੇ ਵਿੱਚ ਭੀੜ ਵੱਲੋਂ ਹਮਲੇ ਦੇ ਮਾਮਲੇ ਵਿੱਚ ਨਿਰਪੱਖ ਨਿਆਂ ਨਾ ਹੋਣ ਦੇ ਮਾਮਲੇ ਵੱਧ ਰਹੇ ਹਨ। ਇਸ ਲਈ ਇਹ ਬਿਲ ਲਿਆਂਦਾ ਜਾ ਰਿਹਾ ਹੈ ਤਾਂ ਕਿ ਨਿਆਂ ਮਿਲ ਸਕੇ।

ਸਿਓਲ ਦੌਰਾ ਕਰਨਗੇ ਕਿਮ, ਮਿਜ਼ਾਈਲ ਸਾਈਟ ਕਰਨਗੇ ਬੰਦ

ਦਿ ਟ੍ਰਿਬਿਊਨ ਮੁਤਾਬਕ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਸਿਓਲ ਦਾ ਜਲਦੀ ਦੌਰਾ ਕਰਨ 'ਤੇ ਸਹਿਮਤੀ ਦੇ ਦਿੱਤੀ ਹੈ। ਇਸ ਦੌਰਾਨ ਉਹ ਕੌਮਾਂਤਰੀ ਇੰਸਪੈਕਟਰਾਂ ਸਾਹਮਣੇ ਮਿਜ਼ਾਈਲ ਟੈਸਟਿੰਗ ਸਾਈਟ ਨੂੰ ਬੰਦ ਕਰਨਗੇ।

1950-53 ਵਿੱਚ ਕੋਰੀਆ ਜੰਗ ਖ਼ਤਮ ਹੋਣ ਤੋਂ ਬਾਅਦ ਉੱਤਰੀ ਕੋਰੀਆ ਦੇ ਆਗੂ ਦਾ ਸਿਓਲ ਵਿੱਚ ਇਹ ਪਹਿਲਾ ਦੌਰਾ ਹੋਵੇਗਾ।

ਦੱਖਣੀ ਕੋਰੀਆਂ ਦੇ ਰਾਸ਼ਟਰਪਤੀ ਮੂਨ ਜੇ-ਇਨ ਦਾ ਕਹਿਣਾ ਹੈ, "ਇਹ ਦੌਰਾ ਅੰਤਰ-ਕੋਰੀਆਈ ਰਿਸ਼ਤਿਆਂ ਲਈ ਇੱਕ ਮੀਲ ਪੱਥਰ ਹੋਵੇਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)