You’re viewing a text-only version of this website that uses less data. View the main version of the website including all images and videos.
ਭਾਜਪਾ ਨੂੰ ਗੱਲਬਾਤ ਨਾਲ ਵੋਟਾਂ ਕੱਟਣ ਦਾ ਡਰ: ਪਾਕਿਸਤਾਨ
- ਲੇਖਕ, ਸ਼ੁਮਾਇਲਾ ਜਾਫ਼ਰੀ
- ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ
ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਸਰਕਾਰ ਅਤੇ ਸੈਨਾ ਦੋਵੇਂ ਸ਼ਾਂਤੀ ਬਹਾਲ ਕਰਨ ਲਈ ਤਿਆਰ ਹਨ ਪਰ ਭਾਰਤ ਵੱਲੋਂ ਹੁਣ ਤੱਕ ਸਕਾਰਾਤਮਕ ਰੁੱਖ ਸਾਹਮਣੇ ਨਹੀਂ ਆਇਆ ਹੈ।
ਫ਼ਵਾਦ ਚੌਧਰੀ ਨੇ ਇਹ ਬੀਬੀਸੀ ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ਵਿੱਚ ਕਿਹਾ। ਉਨ੍ਹਾਂ ਨੇ ਇਸ ਇੰਟਰਵੀਊ ਵਿੱਚ ਹੀ ਕਿਹਾ ਸੀ ਕਿ ਪਾਕਿਸਤਾਨ ਛੇਤੀ ਹੀ ਭਾਰਤ ਤੋਂ ਕਰਤਾਰਪੁਰ ਲਾਂਘੇ ਰਾਹੀਂ ਸਿੱਖ ਸ਼ਰਧਾਲੂਆਂ ਨੂੰ ਬਿਨਾਂ ਵੀਜ਼ਾ ਪਾਕਿਸਤਾਨ ਆਉਣ ਦੇਣ ਲਈ ਫ਼ੈਸਲਾ ਲਵੇਗਾ।
ਭਾਰਤ ਤੋਂ ਸਿੱਖ ਸ਼ਰਧਾਲੂ ਪਾਕਿਸਤਾਨ ਵਿੱਚ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ।
ਇਹ ਵੀ ਪੜ੍ਹੋ
ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸਿੱਖਾਂ ਲਈ ਕਾਫੀ ਅਹਿਮੀਅਤ ਹੈ। ਗੁਰਦੁਆਰਾ ਰਾਵੀ ਦਰਿਆ ਦੇ ਕੰਢੇ 'ਤੇ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਕਰਤਾਰਪੁਰ 'ਚ ਪੈਂਦਾ ਹੈ।
ਇਸ ਦੀ ਦੂਰੀ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਤੋਂ ਸਿਰਫ਼ 4 ਕਿਲੋਮੀਟਰ ਹੈ। ਫ਼ਵਾਦ ਨੇ ਦੱਸਿਆ ਇਸ ਲਈ ਸਿਸਟਮ ਵਿਕਸਿਤ ਕੀਤਾ ਗਿਆ ਹੈ ਅਤੇ ਕੁਝ ਮਹੀਨਿਆਂ ਲਈ ਸ਼ਰਧਾਲੂਆਂ ਨੂੰ ਬਿਨਾਂ ਵੀਜ਼ਾ ਆਉਣ ਦੀ ਇਜਾਜ਼ਤ ਮਿਲੇਗੀ।
ਫਵਾਦ ਦਾ ਕਹਿਣਾ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਇਮਰਾਨ ਖ਼ਾਨ ਨੇ ਭਾਰਤ ਨੂੰ ਕਈ ਹਾਂਪੱਖੀ ਸੰਕੇਤ ਦਿੱਤੇ ਹਨ।
ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਦੋਵੇਂ ਇਸ ਗੱਲ ਨੂੰ ਮੰਨਦੇ ਹਨ ਕਿ ਬਿਨਾਂ ਸ਼ਾਂਤੀ ਅਤੇ ਸਥਿਰਤਾ ਦੇ ਕੋਈ ਵੀ ਦੇਸ ਵਿਕਾਸ ਦੀ ਰਾਹ 'ਤੇ ਨਹੀਂ ਵਧ ਸਕਦਾ।"
ਇਮਰਾਨ ਖ਼ਾਨ ਨੇ ਆਪਣੇ ਸਹੁੰ ਚੁੱਕ ਸਮਾਗਮ 'ਚ ਭਾਰਤ ਤੋਂ ਤਿੰਨ ਕ੍ਰਿਕਟਰਾਂ ਨੂੰ ਸੱਦਾ ਦਿੱਤਾ ਸੀ। ਆਪਣੀ ਜਿੱਤ ਤੋਂ ਬਾਅਦ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਜੇਕਰ ਭਾਰਤ ਸ਼ਾਂਤੀ ਲਈ ਇੱਕ ਕਦਮ ਆਗੇ ਆਵੇਗਾ ਤਾਂ ਪਾਕਿਸਤਾਨ ਦੋ ਕਦਮ ਅੱਗੇ ਵਧੇਗਾ।
ਇਮਰਾਨ ਖ਼ਾਨ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਵੀ ਕੀਤੀ ਸੀ, ਹਾਲਾਂਕਿ ਫ਼ਵਾਦ ਚੌਧਰੀ ਦਾ ਕਹਿਣਾ ਹੈ ਕਿ ਭਾਰਤ ਨੇ ਆਪਣੀ ਪ੍ਰਤੀਕਿਰਿਆ 'ਚ ਕੋਈ ਗਰਮਜੋਸ਼ੀ ਨਹੀਂ ਦਿਖਾਈ।
ਸੂਚਨਾ ਮੰਤਰੀ ਨੇ ਕਿਹਾ ਕਿ ਭਾਰਤ ਦੇ ਨਾਲ ਸਮੱਸਿਆ ਇਹ ਹੈ ਕਿ ਨਰਿੰਦਰ ਮੋਦੀ ਨੇ ਪਾਕਿਸਤਾਨ ਵਿਰੋਧੀ ਮੁਹਿੰਮ ਚਲਾਈ ਸੀ।
ਉਨ੍ਹਾਂ ਨੇ ਕਿਹਾ, "ਭਾਰਤ 'ਚ ਫੇਰ ਚੋਣਾਂ ਹੋਣ ਵਾਲੀਆਂ ਹਨ। ਭਾਜਪਾ ਨੂੰ ਲਗਦਾ ਹੈ ਕਿ ਪਾਕਿਸਤਾਨ ਨਾਲ ਦੋਸਤੀ ਦਾ ਹੱਥ ਵਧਾਉਣ 'ਤੇ ਉਨ੍ਹਾਂ ਦੇ ਵੋਟ ਕੱਟੇ ਜਾਣਗੇ।"
ਇਮਰਾਨ ਖ਼ਾਨ ਦੀ ਨੀਤੀ ਭਾਰਤ ਨੂੰ ਲੈ ਕੇ ਉਨ੍ਹਾਂ ਤੋਂ ਪਹਿਲਾਂ ਰਹੇ ਆਗੂਆਂ ਤੋਂ ਵੱਖ ਕਿਵੇਂ ਹੋਵੇਗੀ?
ਇਸ ਸਵਾਲ ਦੇ ਜਵਾਬ ਵਿੱਚ ਫ਼ਵਾਦ ਚੌਧਰੀ ਨੇ ਕਿਹਾ, "ਪਹਿਲਾਂ ਸਬੰਧ ਨਵਾਜ਼ ਸ਼ਰੀਫ਼, ਜਿੰਦਲ ਅਤੇ ਮੋਦੀ ਵਿਚਾਲੇ ਸਨ। ਹੁਣ ਗੱਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗੀ। ਹੁਣ ਸਾਰੇ ਸਿਆਸੀ ਹਾਲਾਤ ਅਤੇ ਅਦਾਰੇ ਨਾਲ ਹੋਣਗੇ ਅਤੇ ਅਸੀਂ ਸਹਿਮਤੀ ਨਾਲ ਅੱਗੇ ਵਧਾਂਗੇ।"
"ਪੱਛਮੀ ਦੇਸਾਂ ਨੂੰ ਸ਼ਿਕਾਇਤ ਰਹੀ ਹੈ ਕਿ ਪਾਕਿਸਤਾਨ 'ਚ ਸੈਨਾ ਅਤੇ ਸਰਕਾਰ ਦਾ ਰੁਖ਼ ਵੱਖ-ਵੱਖ ਹੁੰਦਾ ਹੈ ਪਰ ਹੁਣ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ। ਹੁਣ ਸੈਨਾ ਅਤੇ ਸਰਕਾਰ ਦੋਵੇਂ ਨਾਲ ਹਨ।"
ਇਹ ਵੀ ਪੜ੍ਹੋ
ਫ਼ਵਾਦ ਚੌਧਰੀ ਨੇ ਕਿਹਾ ਕਿ ਇਮਰਾਨ ਖ਼ਾਨ ਦੀ ਸਰਕਾਰ ਨੂੰ ਗੁਆਂਢੀਆਂ ਨਾਲ ਸੰਬੰਧ ਸੁਧਾਰਨ ਲਈ ਸੈਨਾ ਦਾ ਪੂਰਾ ਸਮਰਥਨ ਹਾਸਿਲ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਨਾਲ ਵੀ ਅਜਿਹਾ ਹੀ ਹੈ ਤਾਂ ਜੋ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਕੇ ਵਿਕਾਸ ਦੀ ਰਾਹ 'ਤੇ ਅੱਗੇ ਵਧਿਆ ਜਾ ਸਕੇ।
ਭਾਰਤ 'ਚੋਂ ਪ੍ਰਤੀਕਿਰਿਆਵਾਂ
ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਗੱਲ 'ਤੇ ਨਵਜੋਤ ਸਿੰਘ ਸਿੱਧੂ ਵੱਲੋਂ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਗਿਆ ਤਾਂ ਭਾਜਪਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਨਿੱਜੀ ਡਿਪਲੋਮੈਸੀ ਨਿਭਾ ਰਹੇ ਹਨ।
ਭਾਜਪਾ ਦੇ ਕੌਮੀ ਬੁਲਾਰੇ ਗੋਪਾਲ ਕ੍ਰਿਸ਼ਣ ਅਗਰਵਾਲ ਨੇ ਕਿਹਾ, "ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਆਪਣੇ ਦੇਸ ਦੀ ਸਰਕਾਰ ਨੂੰ ਬਿਨਾਂ ਭਰੋਸੇ ਵਿੱਚ ਲਏ ਹੀ ਬਿਆਨ ਦੇ ਰਹੇ ਹਨ, ਉਹ ਉਨ੍ਹਾਂ ਦੀ ਨਿੱਜੀ ਡਿਪਲੋਮੈਸੀ ਦਾ ਹਿੱਸਾ ਹੈ।"
"ਨਵਜੋਤ ਸਿੱਧੂ ਵੱਲੋਂ ਦੁਸ਼ਮਣ ਦੇਸ ਬਾਰੇ ਅਜਿਹੇ ਬਿਆਨ ਦੇਣਾ ਉਨ੍ਹਾਂ ਦੀ ਦੇਸ ਭਗਤੀ 'ਤੇ ਸਵਾਲ ਖੜ੍ਹੇ ਕਰਦਾ ਹੈ।"
ਇਹ ਵੀ ਪੜ੍ਹੋ
ਦਰਅਸਲ ਫਵਾਦ ਚੌਧਰੀ ਦੇ ਬਿਆਨ 'ਤੇ ਨਵਜੋਤ ਸਿੱਧੂ ਨੇ ਕਿਹਾ ਸੀ, "ਹਰ ਪੰਜਾਬੀ ਲਈ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੇ ਐਲਾਨ ਤੋਂ ਵੱਡੀ ਖੁਸ਼ੀ ਦੀ ਖ਼ਬਰ ਕੋਈ ਹੋਰ ਨਹੀਂ ਹੋ ਸਕਦੀ।"
ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਅਕਾਲੀ ਆਗੂ ਦਲਜੀਤ ਚੀਮਾ ਨੇ ਕਿਹਾ, "ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਗੱਲ ਪਹਿਲਾਂ ਵੀ ਪਾਕਿਸਤਾਨ ਵੱਲੋਂ ਕਈ ਵਾਰ ਹੋਈ ਹੈ ਪਰ ਕਦੇ ਸਿਰੇ ਨਹੀਂ ਚੜ੍ਹੀ ਇਸ ਲਈ ਸਾਡੇ ਦੇਸ ਦੀ ਸਰਕਾਰ ਵੱਲੋਂ ਜਦੋਂ ਤੱਕ ਇਸ ਬਾਰੇ ਕੋਈ ਬਿਆਨ ਨਹੀਂ ਆਉਂਦਾ, ਉਸ ਵੇਲੇ ਤੱਕ ਸਥਿਤੀ ਸਾਫ਼ ਨਹੀਂ ਹੋ ਸਕਦੀ ਹੈ।"