You’re viewing a text-only version of this website that uses less data. View the main version of the website including all images and videos.
ਪੰਜਾਬ ਦੀ ਕੁੜੀ ਅਮਨਪ੍ਰੀਤ ਕੌਰ ਆਸਟਰੇਲੀਆ 'ਚ ਬਣੀ 'ਜਸਟਿਸ ਆਫ਼ ਪੀਸ' : ਪ੍ਰੈੱਸ ਰਿਵੀਊ
ਹਿੰਦੁਸਤਾਨ ਦੀ ਖ਼ਬਰ ਮੁਤਾਬਕ ਪੰਜਾਬ ਦੇ ਸ਼ਹਿਰ ਰੂਪਨਗਰ ਦੀ ਅਮਨਪ੍ਰੀਤ ਕੌਰ ਦੀ ਆਸਟਰੇਲੀਆ ਵਿੱਚ 'ਜਸਟਿਸ ਆਫ਼ ਪੀਸ' ਦੇ ਤੌਰ 'ਤੇ ਨਿਯੁਕਤੀ ਹੋਈ ਹੈ।
ਅਖ਼ਬਾਰ ਮੁਤਾਬਕ ਅਮਨਪ੍ਰੀਤ ਕੌਰ ਪਹਿਲੀ ਸਿੱਖ ਮਹਿਲਾ ਹੈ ਜਿਸ ਦੀ ਨਿਯੁਕਤੀ ਜਸਟਿਸ ਆਫ਼ ਪੀਸ ਐਕਟ - 2005 ਦੇ ਅਧੀਨ ਬਤੌਰ 'ਜਸਟਿਸ ਆਫ਼ ਪੀਸ' ਹੋਈ ਹੈ। ਇਹ ਨਿਯੁਕਤੀ 10 ਸਾਲਾਂ ਲਈ ਹੈ।
ਆਸਟਰੇਲੀਆ ਵਿੱਚ 'ਜਸਟਿਸ ਆਫ਼ ਪੀਸ' ਅਹੁਦੇ ਦਾ ਮਤਲਬ ਇਹ ਹੈ ਕਿ ਅਜਿਹਾ ਸ਼ਖਸ ਜੋ ਸੰਵਿਧਾਨਕ ਐਲਾਨ ਕਰਦਾ ਹੈ ਅਤੇ ਕਾਗਜ਼ਾਤਾਂ ਦੀ ਜਾਂਚ ਪੜਤਾਲ ਕਰਨੀ ਹੁੰਦੀ ਹੈ।
2007 ਵਿੱਚ ਅਮਨਪ੍ਰੀਤ ਐਡੀਲੇਡ ਵਿੱਚ ਸ਼ਿਫ਼ਟ ਹੋਈ ਸੀ ਅਤੇ ਮਿਸ ਐਡੀਲੇਡ - 2015 ਦਾ ਖ਼ਿਤਾਬ ਵੀ ਜਿੱਤਿਆ ਹੈ।
ਇਹ ਵੀ ਪੜ੍ਹੋ:
ਬਹਿਬਲ ਕਲਾਂ ਗੋਲੀਕਾਂਡ - 'ਨੇੜਿਓਂ ਚਲਾਈਆਂ ਗੋਲੀਆਂ'
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਪੀੜਤਾਂ ਦੀ ਮੌਤ ਪੁਲਿਸ ਵੱਲੋਂ ਨੇੜਿਓਂ ਗੋਲੀਆਂ ਮਾਰਨ ਕਾਰਨ ਹੋਈ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਮੈਡੀਕਲ ਰਿਪੋਰਟ ਦੇ ਹਵਾਲੇ ਨਾਲ ਇਹ ਗੱਲ ਸਾਫ਼ ਕੀਤੀ ਹੈ।
ਖ਼ਬਰ ਮੁਤਾਬਕ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਡਾਕਟਰ ਰਾਜੀਵ ਜੋਸ਼ੀ ਜਿਨ੍ਹਾਂ ਨੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦਾ ਪੋਸਟ ਮਾਰਟਮ ਕੀਤਾ ਸੀ, ਉਨ੍ਹਾਂ ਮੁਤਾਬਕ ਗੋਲੀਆਂ ਲੱਗਣ ਅਤੇ ਨਿਕਲਣ ਵਾਲੇ ਨਿਸ਼ਾਨਾਂ ਨੂੰ ਦੇਖ ਕੇ ਲਗਦਾ ਹੈ ਕਿ ਗੋਲੀਆਂ ਉੱਤੇ ਤੋਂ ਥੱਲੇ ਗਈਆਂ ਹਨ।
ਪੋਸਟ-ਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਕਮਿਸ਼ਨ ਇਸ ਨਤੀਜੇ ਉੱਤੇ ਪੁੱਜਿਆ ਕਿ ਕ੍ਰਿਸ਼ਨ ਭਗਵਾਨ ਸਿੰਘ ਨੂੰ ਗੋਲੀਆਂ ਉੱਚੇ ਪਾਸਿਓਂ ਅਤੇ ਬਹੁਤ ਹੀ ਨੇੜਿਓਂ ਮਾਰੀਆਂ ਗਈਆਂ।
ਇਮਰਾਨ ਦੀ ਤਾਜਪੋਸ਼ੀ ਲਈ ਮੋਦੀ ਨੂੰ ਸੱਦਾ
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੇ ਬਤੌਰ ਪ੍ਰਧਾਨ ਮੰਤਰੀ ਸਹੁੰ-ਚੁੱਕ ਸਮਾਗਮ ਲਈ ਉਨ੍ਹਾਂ ਦੀ ਪਾਰਟੀ ਪੀਟੀਆਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣਾ ਚਾਹੁੰਦੀ ਹੈ।
ਖ਼ਬਰ ਮੁਤਾਬਕ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਨਰਿੰਦਰ ਮੋਦੀ ਸਣੇ ਸਾਰਕ ਦੇਸ਼ਾਂ ਦੇ ਕਈ ਪ੍ਰਮੁੱਖ ਆਗੂਆਂ ਨੂੰ ਸੱਦਾ ਦੇਣ ਉੱਤੇ ਵਿਚਾਰ ਕਰ ਰਹੀ ਹੈ।
ਪੀਟੀਆਈ ਦੇ ਬੁਲਾਰੇ ਫਵਾਦ ਚੌਧਰੀ ਮੁਤਾਬਕ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਹੀ ਪਾਰਟੀ ਇਸ ਸਬੰਧੀ ਕੋਈ ਫ਼ੈਸਲਾ ਕਰੇਗੀ।
ਰੇਲਗੱਡੀਆਂ ਵਿੱਚ ਜੁਰਮ ਵਧਿਆ
ਦਿ ਦੀ ਖ਼ਬਰ ਮੁਤਾਬਕ ਦੇਸ਼ ਦੀਆਂ ਰੇਲ ਗੱਡੀਆਂ ਵਿੱਚ ਮੁਸਾਫ਼ਰਾਂ ਨਾਲ ਜੁਰਮ ਦੀ ਘਟਨਾਵਾਂ ਵਿੱਚ ਵਾਧਾ ਹੋਇਆ ਹੈ।
ਖ਼ਾਸ ਤੌਰ ਉੱਤੇ ਚੋਰੀ, ਡਕੈਤੀ ਅਤੇ ਮਹਿਲਾਵਾਂ ਨਾਲ ਹੋਣ ਵਾਲੇ ਅਪਰਾਧ ਇਨ੍ਹਾਂ ਘਟਨਾਵਾਂ ਵਿੱਚ ਸ਼ਾਮਿਲ ਹਨ ਅਤੇ ਇਸ ਨੂੰ ਦੇਖਦੇ ਹੋਏ ਰੇਲਵੇ ਪ੍ਰੋਟੈਕਸ਼ਨ ਫ਼ੋਰਸ (ਆਰਪੀਐਫ਼) ਨੇ ਰੇਲ ਮੰਤਰਾਲੇ ਤੋਂ ਉਨ੍ਹਾਂ ਦੀਆਂ ਤਾਕਤਾਂ ਵਧਾਉਣ ਦੀ ਮੰਗ ਕੀਤੀ ਹੈ।
ਖ਼ਬਰ ਮੁਤਾਬਕ ਇਸ ਤਹਿਤ ਆਰਪੀਐਫ਼ ਨੇ ਐਫ਼ਆਈਆਰ ਦਰਜ ਕਰਨ ਅਤੇ ਮਾਮਲਿਆਂ ਦੀ ਪੜਤਾਲ ਕਰਨ ਵਰਗੀਆਂ ਸ਼ਕਤੀਆਂ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:
ਅਖ਼ਬਾਰ ਵੱਲੋਂ ਹਾਸਿਲ ਕੀਤੇ ਗਏ ਅੰਕੜਿਆਂ ਮੁਤਾਬਕ 2017 ਵਿੱਚ ਰੇਲ ਵਿੱਚ ਸਫ਼ਰ ਦੌਰਾਨ ਚੋਰੀ ਦੀਆਂ ਘਟਨਾਵਾਂ 2016 ਦੇ ਮੁਕਾਬਲੇ ਦੁੱਗਣੀਆਂ ਸਨ ਅਤੇ ਡਕੈਤੀ ਦੇ ਮਾਮਲੇ 70 ਫੀਸਦੀ ਤੱਕ ਵਧੇ ਹਨ।
ਅਖ਼ਬਾਰ ਵੱਲੋਂ ਹਾਸਿਲ ਕੀਤੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਜੁਰਮ ਸਭ ਤੋਂ ਉੱਤੇ ਹੈ।
ਮਾਰਚ 2018 ਤੱਕ ਰੇਲ ਵਿੱਚ ਅਪਰਾਧਾਂ ਦੀ ਗਿਣਤੀ 20,777 ਹੈ। ਇਸ ਤੋਂ ਇਲਾਵਾ 2017 ਵਿੱਚ ਦੇਸ਼ ਵਿੱਚ ਰਿਪੋਰਟ ਕੀਤੇ ਗਏ ਮਾਮਲਿਆਂ ਦੀ ਗਿਣਤੀ 71,055 ਹੈ।
ਮਹਾਰਾਸ਼ਟਰ ਦੀ ਇਸ ਜੇਲ੍ਹ ਵਿੱਚ ਰਹਿਣਗੇ ਵਿਜੈ ਮਾਲਿਆ
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਮੁੰਬਈ ਦੀ ਜੇਲ੍ਹ ਵਿੱਚ ਰੱਖਣ ਲਈ ਯੂਕੇ ਦੀ ਅਦਾਲਤ ਨੇ ਜੇਲ੍ਹ ਦੀ ਵੀਡੀਓ ਮੰਗਵਾਈ ਹੈ।
ਯੂਕੇ ਦੀ ਅਦਾਲਤ ਨੇ ਭਾਰਤੀ ਅਧਿਕਾਰੀਆਂ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਉਸ ਸੈੱਲ ਦੀ ਇੱਕ ਵੀਡੀਓ ਤਿੰਨ ਹਫ਼ਤਿਆਂ ਵਿੱਚ ਪੇਸ਼ ਕਰਨ ਲਈ ਕਿਹਾ ਹੈ ਜਿੱਥੇ ਉਨ੍ਹਾਂ ਹਵਾਲਗੀ ਤੋਂ ਬਾਅਦ ਵਿਜੈ ਮਾਲਿਆ ਨੂੰ ਰੱਖਣ ਦੀ ਯੋਜਨਾ ਬਣਾਈ ਹੈ।
ਅਖ਼ਬਾਰ ਮੁਤਾਬਕ ਜੱਜ ਨੇ ਭਾਰਤੀ ਅਧਿਕਾਰੀਆਂ ਨੂੰ ਬੈਰਕ ਨੰਬਰ 12 ਦੀ ਕਦਮ-ਦਰ-ਕਦਮ ਵੀਡੀਓ ਪੇਸ਼ ਕਰਨ ਲਈ ਕਿਹਾ ਹੈ ਤਾਂ ਜੋ ਉੱਥੇ ਕੁਦਰਤੀ ਰੌਸ਼ਨੀ ਬਾਰੇ ਕਿਸੇ ਕਿਸਮ ਦਾ ਸ਼ੱਕ ਸ਼ੁਬ੍ਹਾ ਨਾ ਰਹੇ।