ਬ੍ਰਾਜ਼ੀਲ ਦੇ ਮਸ਼ਹੂਰ ਡਾਕਟਰ ਬਮਬਮ ਫਰਾਰ, ਅਦਾਲਤ ਨੇ ਕੱਢੇ ਵਾਰੰਟ

ਬ੍ਰਾਜ਼ੀਲ 'ਚ ਇੱਕ ਮਹਿਲਾ ਦੀ ਬਟੋਕਸ ਵਧਾਉਣ ਲਈ ਪਲਾਸਟਿਕ ਸਰਜਰੀ ਕਰਨ ਦੀ ਤਿਆਰੀ ਦੌਰਾਨ ਮੌਤ ਹੋ ਗਈ ਹੈ। ਇਸ ਪ੍ਰਕਿਰਿਆ ਨੂੰ ਅੰਜਾਮ ਦੇਣ ਵਾਲਾ ਡਾਕਟਰ ਫਰਾਰ ਹੈ।

ਬਟੋਕਸ ਐਨਹਾਂਸਮੈਂਟ ਸਰਜਰੀ ਉਹ ਆਪਰੇਸ਼ਨ ਹੁੰਦਾ ਜਿਸ ਰਾਹੀਂ ਖਾਸਕਰ ਔਰਤਾਂ ਆਪਣੇ ਕਮਰ ਤੋਂ ਹੇਠਾਂ ਵਾਲੇ ਹਿੱਸੇ ਨੂੰ ਮਨ ਮੁਤਾਬਕ ਵਧਵਾਉਂਦੀਆਂ ਹਨ।

ਫਰਾਰ ਸ਼ਖਸ ਦਾ ਨਾਮ ਡਾਕਟਰ ਡੈਨਿਸ ਫੁਰਟਾਡੋ ਸੀ। ਉਹ ਡਾ. ਬਮਬਮ ਦੇ ਨਾਂ ਨਾਲ ਮਸ਼ਹੂਰ ਹੈ। ਇਲਜ਼ਾਮ ਹਨ ਕਿ ਉਸ ਨੇ ਜਦੋਂ ਔਰਤ ਨੂੰ ਟੀਕਾ ਲਾਇਆ ਤਾਂ ਉਸ ਦੀ ਹਾਲਤ ਵਿਗੜ ਗਈ।

ਲਿਲੀਅਨ ਕੈਲੀਕਸਟੋ ਨਾਮੀ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ। ਮਾਮਲਾ ਗੰਭੀਰ ਹੋਣ 'ਤੇ ਡਾ. ਬਮਬਮ ਉੱਥੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ꞉

45 ਸਾਲਾ ਡਾ਼ ਡੈਨਿਸ ਫੁਰਟਾਡੋ ਦੇਸ ਦੇ ਟੀਵੀ ਉੱਪਰ ਨਿਯਮਤ ਰੂਪ ਵਿੱਚ ਨਜ਼ਰ ਆਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਇੰਸਟਾਗ੍ਰਾਮ ਉੱਪਰ ਸਾਢੇ 6 ਲੱਖ ਫੌਲੋਵਰ ਹਨ।

ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰੀ ਪ੍ਰਕਿਰਿਆ ਡਾ. ਨੇ ਰੀਓ ਡੀ ਜਿਨੇਰੋ ਵਿਖੇ ਆਪਣੇ ਘਰ ਵਿੱਚ ਕੀਤਾ ਜਿਸ ਦੌਰਾਨ ਔਰਤ ਬਿਮਾਰ ਹੋ ਗਈ। ਅਦਾਲਤ ਨੇ ਡਾ. ਬਮਬਮ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਹਨ।

ਰਿਪੋਰਟਾਂ ਮੁਤਾਬਕ 46 ਸਾਲਾ ਮਹਿਲਾ ਕੈਲੀਕਸਟੋ ਸ਼ਾਦੀਸ਼ੁਦਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਕੈਲੀਕਸਟੋ ਇੱਕ ਬੈਂਕਰ ਸੀ।

ਉਹ ਕੇਂਦਰੀ ਬ੍ਰਾਜ਼ੀਲ ਦੇ ਕੁਈਬਾ ਇਲਾਕੇ ਤੋਂ ਡਾ਼ ਡੈਨਿਸ ਫੁਰਟਾਡੋ ਕੋਲ ਸ਼ਨਿੱਚਰਵਾਰ ਸ਼ਾਮ ਨੂੰ ਆਈ ਸੀ।

ਕਿਹਾ ਜਾ ਰਿਹਾ ਹੈ ਕਿ ਕਮਰ ਦੇ ਨਿਚਲੇ ਹਿੱਸੇ ਨੂੰ ਵਧਾਉਣ ਦੀ ਇਸ ਪ੍ਰਕਿਰਿਆ ਵਿੱਚ ਮਰੀਜ਼ ਨੂੰ ਐਕ੍ਰਿਲਕ ਗਲਾਸ ਦੇ ਫਿਲਰ ਦਾ ਟੀਕਾ ਲਾਇਆ ਗਿਆ ਸੀ।

ਇਹ ਵੀ ਪੜ੍ਹੋ꞉

ਬਰਾ ਡੀ'ਔਰ ਜਿਨੇਰੋ ਹਸਪਤਾਲ ਮੁਤਾਬਕ ਕੈਲੀਕਸਟੋ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਗਈਆਂ ਅਤੇ ਐਤਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੇ ਅਸਲ ਕਾਰਨ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਗਈ।

ਡੈਨਿਸ ਫੁਰਟਾਡੋ ਦੀ ਮਹਿਲਾ ਮਿੱਤਰ ਨੂੰ ਸ਼ੱਕ ਦੇ ਆਧਾਰ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਰਿਓ ਡੀ ਜਿਨੇਰੋ ਦੀ ਖੇਤਰੀ ਮੈਡੀਕਲ ਕਾਊਂਸਲ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਬ੍ਰਾਜੀਲੀਅਨ ਪਾਲਸਟਿਕ ਸਰਜਰੀ ਸੋਸਾਈਟੀ ਦੇ ਪ੍ਰਧਾਨ ਨਿਵਿਓ ਸਟੀਫਨ ਪਲਾਸਟਿਕ ਸਰਜਰੀ ਦੀ "ਸਨਅਤ ਵਿੱਚ ਗੈਰ ਮਾਹਿਰਾਂ ਦਾ ਦਾਖਲਾ ਵਧ" ਰਿਹਾ ਹੈ।

ਉਨ੍ਹਾਂ ਨੇ ਏਪੀਐਫ ਖ਼ਬਰ ਏਜੰਸੀ ਨੂੰ ਕਿਹਾ, "ਤੁਸੀਂ ਘਰ ਪਲਾਸਟਿਕ ਸਰਜਰੀ ਨਹੀਂ ਕਰ ਸਕਦੇ।"

ਉਨ੍ਹਾਂ ਨੇ ਕਿਹਾ, "ਕੁਝ ਲੋਕ ਮਰੀਜ਼ਾਂ ਨੂੰ ਸੁਪਨਿਆਂ ਅਤੇ ਗੈਰ ਇਖਲਾਕੀ ਕਲਪਨਾਵਾਂ ਵੇਚਦੇ ਹਨ। ਲੋਕ ਘਟ ਖਰਚੇ ਦੇ ਲਾਲਚ ਵਿੱਚ ਬਿਨਾਂ ਪੂਰੀ ਪੜਚੋਲ ਕੀਤਿਆਂ ਖਿੱਚੇ ਜਾਂਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)