'ਜਦੋਂ ਪਾਕਿਸਤਾਨ 'ਚ ਰੇਡੀਓ 'ਤੇ ਖ਼ਾਮੋਸ਼ ਕੀਤੇ ਭਾਰਤੀ ਸ਼ਾਇਰ': ਬਲਾਗ਼

- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਲਈ
ਫਿਲਮ ਐਂਡ ਟੀਵੀ ਇੰਸਟੀਟਿਊਟ ਆਫ ਇੰਡੀਆ (ਐਫਟੀਆਈਆਈ) ਪੁਣੇ ਦੇ ਹੋਸਟਲ ਵਿੱਚ ਰਹਿਣ ਵਾਲੇ ਦੋ ਵਿਦਿਆਰਥੀਆਂ ਨੇ ਕੰਟੀਨ ਦੀ ਕੰਧ 'ਤੇ ਇੱਕ ਮੱਛੀ, ਇੱਕ ਅੱਖ ਅਤੇ 'ਹਮ ਦੇਖੇਂਗੇ' ਲਿਖ ਦਿੱਤਾ। ਰੌਲਾ ਤਾਂ ਪੈਣਾ ਹੀ ਸੀ।
ਇੰਸਟੀਟਿਊਟ ਦੇ ਪ੍ਰਸ਼ਾਸਨ ਨੂੰ ਲੱਗਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਕੰਟੀਨ ਦੀ ਸ਼ਕਲ-ਸੂਰਤ ਵਿੱਚ ਬਦਲਾਅ ਦੇ ਖ਼ਿਲਾਫ਼ 'ਹਮ ਦੇਖੇਂਗੇ' ਲਿਖ ਕੇ ਧਮਕੀ ਦਿੱਤੀ ਹੈ, ਇਸ ਲਈ ਹੋਸਟਲ 'ਚੋਂ ਬੋਰੀਆ-ਬਿਸਤਰਾ ਬਾਹਰ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਪਰ ਇੱਕ ਵਿਦਿਆਰਥੀ ਦੀਵਾਨਜੀ ਦਾ ਕਹਿਣਾ ਹੈ ਕਿ ਧਮਕੀ-ਧੁਮਕੀ ਨਹੀਂ ਦਿੱਤੀ ਬਲਕਿ ਮੈਂ ਤਾਂ ਫ਼ੈਜ਼ ਅਹਿਮਦ ਫ਼ੈਜ਼ ਦੀ ਸ਼ਾਇਰੀ ਦਾ ਭਗਤ ਹਾਂ, ਇਸ ਲਈ ਉਨ੍ਹਾਂ ਦੇ ਇੱਕ ਮਿਸਰੇ ਨੂੰ 'ਲਾਜ਼ਿਮ ਹੈ ਕਿ ਹਮ ਦੇਖੇਂਗੇ' ਵਿਚੋਂ 'ਦੇਖੇਂਗੇ' ਕੰਧ 'ਤੇ ਲਿਖ ਦਿੱਤਾ, ਇਸ ਵਿੱਚ ਧਮਕੀ ਕਿੱਥੋਂ ਆ ਗਈ।
ਪਰ ਡਾਇਰੈਕਟਰ ਸਾਬ੍ਹ ਕਹਿੰਦੇ ਹਨ ਕਿ ਜ਼ਿਆਦਾ ਸਿਆਣੇ ਬਣਨ ਦੀ ਲੋੜ ਨਹੀਂ, ਪਹਿਲਾਂ ਇਹ ਸਭ ਕੰਧ ਤੋਂ ਮਿਟਾਓ ਨਹੀਂ ਤਾਂ ਬੋਰੀਆ-ਬਿਸਤਰਾ ਬੰਨ੍ਹ ਲਵੋ।

ਤਸਵੀਰ ਸਰੋਤ, ROHIT KUMAR
'ਫ਼ੈਜ਼ ਸਾਬ੍ਹ ਦੀ ਪਾਕਿਸਤਾਨ 'ਚ ਕਿਹੜੀ ਇੱਜ਼ਤ'
ਮੇਰਾ ਮੰਨਣਾ ਹੈ ਕਿ ਇਹ ਕੋਈ ਅਜਿਹੀ ਘਟਨਾ ਨਹੀਂ ਸੀ ਕਿ ਜਿਸ ਨੂੰ ਰਾਈ ਦਾ ਪਹਾੜ ਬਣਾ ਦਿੱਤਾ ਜਾਵੇ। ਜਦੋਂ ਫ਼ੈਜ਼ ਸਾਬ੍ਹ ਦੀ ਬੇਟੀ ਮੁਨੀਜ਼ੇ ਨੂੰ ਦੋ ਮਹੀਨੇ ਪਹਿਲਾਂ ਭਾਰਤ ਦਾ ਵੀਜ਼ਾ ਨਹੀਂ ਮਿਲਿਆ ਸੀ, ਤਾਂ ਪੁਣੇ ਇੰਸਚੀਟਿਊਟ ਦੇ ਮੂਰਖ ਬਾਲਕਾਂ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਹਵਾ ਦਾ ਰੁਖ਼ ਕਿਸ ਪਾਸੇ ਨੂੰ ਹੈ।
ਅਤੇ ਖ਼ੁਦ ਫ਼ੈਜ਼ ਸਾਬ੍ਹ ਦੀ ਪਾਕਿਸਤਾਨ ਵਿੱਚ ਕਿਹੜੀ ਇੱਜ਼ਤ ਸੀ।
ਜਦੋਂ ਉਨ੍ਹਾਂ ਨੂੰ ਲੈਨਿਨ ਪ੍ਰਾਈਜ਼ ਮਿਲਿਆ ਸੀ ਤਾਂ ਨਾ ਸਿਰਫ਼ ਅਯੂਬ ਖ਼ਾਨ ਦੇ ਵਜ਼ੀਰਾਂ ਬਲਕਿ ਜਮਾਤ-ਏ-ਇਸਲਾਮੀ ਨੇ ਵੀ ਉਨ੍ਹਾਂ ਨੂੰ ਰੂਸੀ ਏਜੰਟ ਬਣਾ ਦਿੱਤਾ।
ਪਰ ਜ਼ੁਲਫ਼ੀਕਾਰ ਅਲੀ ਭੁੱਟੋ ਪ੍ਰਧਾਨ ਮੰਤਰੀ ਬਣੇ ਤਾਂ ਇਸੇ ਰੂਸੀ ਏਜੰਟ ਨੂੰ ਪਾਕਿਸਤਾਨੀ ਸੱਭਿਆਚਾਰ ਦੀ ਤਰੱਕੀ ਲਈ ਆਪਣਾ ਸਲਾਹਕਾਰ ਰੱਖ ਲਿਆ ਸੀ।
ਉਹ ਤਾਂ ਭਲਾ ਹੋਵੇ ਜ਼ਿਆ-ਉਲ ਸਰਕਾਰ ਦਾ ਜਿਸ ਨੇ ਹੁਕਮ ਜਾਰੀ ਕੀਤਾ ਕਿ ਰੇਡੀਓ ਪਾਕਿਸਤਾਨ ਜਾਂ ਸਰਕਾਰੀ ਟੀਵੀ ਤੋਂ ਫ਼ੈਜ਼ ਸਾਬ੍ਹ ਦਾ ਕਲਾਮ ਪ੍ਰਸਾਰਿਤ ਨਹੀਂ ਹੋਵੇਗਾ।
ਇਹ ਦੋਵੇਂ ਸੰਸਥਾਵਾਂ ਕੌਮ ਦੀ ਅਮਾਨਤ ਹਨ ਇਸ ਲਈ ਕੌਮ ਦਾ ਪੈਸਾ ਨਜ਼ਰੀਆ-ਏ-ਪਾਕਿਸਤਾਨ ਦੇ ਵਿਰੋਧੀਆਂ ਅਤੇ ਰੂਸੀ ਕਮਿਊਨਿਸਟ ਏਜੰਟਾਂ 'ਤੇ ਬਰਬਾਦ ਨਹੀਂ ਹੋ ਸਕਦਾ।
ਭਾਰਤੀ ਸ਼ਾਇਰ ਪਾਕਿਸਤਾਨ ਰੇਡੀਓ 'ਤੇ ਹੋਏ ਬੈਨ
ਜ਼ਿਆ-ਉਲ-ਹੱਕ ਨੇ ਕੋਈ ਨਵਾਂ ਕੰਮ ਨਹੀਂ ਕੀਤਾ ਸੀ। ਅਯੂਬ ਖ਼ਾਨ ਨੇ ਭਾਰਤ ਨਾਲ 1965 ਦੀ ਜੰਗ ਜਿੱਤਣ ਜਾਂ ਹਾਰਨ ਤੋਂ ਬਾਅਦ ਇੱਕ ਹੋਰ ਵਧੀਆ ਕੰਮ ਇਹ ਕੀਤਾ ਕਿ ਰੇਡੀਓ ਪਾਕਿਸਤਾਨ ਨੂੰ ਚਿੱਠੀ ਜਾਰੀ ਕੀਤੀ ਗਈ, ਜਿਸ ਵਿੱਚ ਭਾਰਤੀ ਸ਼ਾਇਰ ਦਾ ਕਲਾਮ ਪ੍ਰਸਾਰਿਤ ਨਹੀਂ ਹੋਵੇਗਾ।

ਤਸਵੀਰ ਸਰੋਤ, ALI HASHMI/BBC
ਜਿੰਨੇ ਵੀ ਸ਼ਾਇਰ ਜੋ ਨਾਮ ਤੋਂ ਭਾਰਤੀ ਲਗਦੇ ਸਨ, ਉਨ੍ਹਾਂ ਸਾਰਿਆਂ ਦੀ ਰਿਕਾਰਡਿੰਗ ਅਲਮਾਰੀਆਂ ਵਿੱਚ ਰੱਖ ਦਿੱਤੀ ਗਈ ਸੀ।
ਫ਼ਿਰਾਕ ਸਾਬ੍ਹ ਬਚ ਗਏ ਕਿਉਂਕਿ ਕਿਸੇ ਨੂੰ ਉਨ੍ਹਾਂ ਦਾ ਅਸਲੀ ਨਾਮ ਰਘੁਪਤੀ ਸਹਾਇ ਪਤਾ ਹੀ ਨਹੀਂ ਸੀ।
ਇਕਬਾਲ ਇਸ ਲਈ ਬਚ ਗਏ ਕਿਉਂਕਿ ਉਹ ਤਾਂ ਹੈ ਹੀ ਕੌਮੀ ਸ਼ਾਇਰ, ਇਹ ਵੱਖਰੀ ਗੱਲ ਸੀ ਕਿ ਉਨ੍ਹਾਂ ਦਾ ਦੇਹਾਂਤ ਪਾਕਿਸਤਾਨ ਬਣਨ ਤੋਂ 9 ਸਾਲ ਪਹਿਲਾਂ ਹੀ ਹੋ ਗਿਆ ਸੀ।
ਅੱਜ ਦੇ ਭਾਰਤ ਵਿੱਚ ਫਿਲਮ, ਸਾਹਿਤ, ਸਿਆਸਤ, ਸਿੱਖਿਆ ਅਤੇ ਧਰਮ ਦੇ ਪਰਦੇ ਵਿੱਚ ਲੁਕੇ ਹੋਏ ਦੇਸ ਧਰੋਹੀਆ ਦਾ ਪਤਾ ਲਗਾ ਕੇ ਪਾਕਿਸਤਾਨ ਭੇਜਣ ਦੀਆਂ ਕੋਸ਼ਿਸ਼ਾਂ ਜ਼ੋਰਾਂ 'ਤੇ ਹਨ। ਇਸ ਵੇਲੇ ਪਾਕਿਸਤਾਨੀਆਂ ਨੂੰ ਵੀ ਫ਼ੈਜ਼ ਸਾਬ੍ਹ ਨੂੰ ਪਸੰਦ ਕਰਕੇ ਕੰਧਾਂ 'ਤੇ ਉਨ੍ਹਾਂ ਦੀ ਸ਼ਾਇਰੀ ਲਿਖਣਾ ਸਿਵਾਏ ਪਾਗ਼ਲਪਣ ਦੇ ਹੋਰ ਕੀ ਹੈ।
ਮੈਂ ਪੁਣੇ ਇੰਸਚੀਟਿਊਟ ਦੇ ਇਨ੍ਹਾਂ ਦੋਵਾਂ ਵਿਦਿਆਰਥੀਆਂ ਨੂੰ ਕਹਾਂਗਾ ਕਿ ਮੁਆਫ਼ੀ ਅਤੇ 'ਹਮ ਦੇਖੇਂਗੇ' ਫੇਰ ਕਦੇ ਨਾ ਲਿਖਣ। ਦੇਖ ਤਾਂ ਰਹੇ ਹਾਂ ਲਿਖਣ ਦੀ ਕੀ ਲੋੜ ਹੈ।












