ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨੂੰ ਪੁੱਛਦੇ, ‘ਕਿਵੇਂ ਸਾਂਭੋਗੇ ਘਰ?’: ਬਲਾਗ

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ, ਦਿੱਲੀ

ਅਫ਼ਰੀਕਾ ਦਾ ਨਾਇਜੀਰੀਆ ਅਤੇ ਮੱਧ-ਪੂਰਬ ਦਾ ਈਰਾਨ - ਆਪਣੇ ਮਹਾਂਦੀਪ 'ਚ ਇੱਕ ਦੇਸ ਮੀਡੀਆ ਦਾ ਸਭ ਤੋਂ ਵੱਡਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਦੂਜਾ ਦੇਸ ਜਿੱਥੇ ਮੀਡੀਆ ਉੱਤੇ ਸਰਕਾਰ ਨੇ ਨਕੇਲ ਕੱਸੀ ਹੋਈ ਹੈ।

ਜਦੋਂ ਮੈਂ ਇਨ੍ਹਾਂ ਦੇਸਾਂ 'ਚ ਔਰਤਾਂ ਦੇ ਮੁੱਦਿਆਂ ਉੱਤੇ ਕੰਮ ਕਰ ਰਹੀ ਬੀਬੀਸੀ ਪੱਤਰਕਾਰ ਐਬਿਗੇਲ ਓਨਿਵਾਚਾ ਅਤੇ ਫ਼ੇਰੇਨਾਕ ਅਮੀਦੀ ਨੂੰ ਬੀਬੀਸੀ ਲੰਡਨ ਦੇ ਦਫ਼ਤਰ 'ਚ ਮਿਲੀ ਤਾਂ ਬੜੀ ਉਤਸੁਕਤਾ ਸੀ ਕਿ ਉੱਥੇ ਔਰਤਾਂ ਦੇ ਮੁੱਦਿਆਂ 'ਤੇ ਕਿਸ ਤਰ੍ਹਾਂ ਦੀ ਪੱਤਰਕਾਰਿਤਾ ਹੁੰਦੀ ਹੈ?

ਨਾਇਜੀਰੀਆ 'ਚ ਸੈਂਕੜੇ ਰੇਡੀਓ ਸਟੇਸ਼ਨ, ਟੀਵੀ ਚੈਨਲ ਅਤੇ ਸੈਟੇਲਾਈਟ ਚੈਨਲ ਹਨ।

ਇਹ ਵੀ ਪੜ੍ਹੋ:

ਹਾਲਾਂਕਿ, ਸੈਨਾ ਅਤੇ ਬੋਕੋ ਹਰਾਮ ਦੇ ਦਬਾਅ ਕਾਰਨ ਪੱਤਰਕਾਰਾਂ ਉੱਤੇ ਹਮਲੇ ਹੋਣ ਕਾਰਨ ਡਰ ਬਣਿਆ ਰਹਿੰਦਾ ਹੈ।

ਸਾਲ 2015 'ਚ ਨਾਇਜੀਰੀਆ ਦੇ ਰਾਸ਼ਟਰਪਤੀ ਦੀ ਚੋਣ 'ਚ ਪਹਿਲੀ ਵਾਰ ਇੱਕ ਔਰਤ ਉਮੀਦਵਾਰ ਖੜੀ ਹੋਈ।

ਪਰ ਮੀਡੀਆ 'ਚ ਰੇਮੀ ਸੋਨਾਇਆ ਤੋਂ ਉਨ੍ਹਾਂ ਦੇ ਕੰਮ ਉੱਤੇ ਨਹੀਂ ਸਗੋਂ ਇਸ ਗੱਲ ਉੱਤੇ ਸਵਾਲ ਪੁੱਛੇ ਗਏ ਕਿ ਉਹ ਕੰਮ ਅਤੇ ਪਰਿਵਾਰ ਵਿਚਾਲੇ ਤਾਲਮੇਲ ਕਿਵੇਂ ਬਣਾਉਣਗੇ।

ਸਿਰਫ਼ ਪਰਿਵਾਰ ਤੱਕ ਸੀਮਤ

ਐਬਿਗੇਲ ਓਨਿਵਾਚਾ ਮੁਤਾਬਕ ਰਾਜਨੀਤੀ 'ਚ ਅੱਗੇ ਆਉਣ ਵਾਲੀਆਂ ਔਰਤਾਂ ਨੂੰ ਪਰਿਵਾਰ ਦਾ ਹਿੱਸਾ ਪਹਿਲਾਂ ਅਤੇ ਰਾਜਨੇਤਾ ਬਾਅਦ 'ਚ ਦੇਖਿਆ ਜਾਂਦਾ ਹੈ।

ਉਨ੍ਹਾਂ ਦੇ ਪਹਿਰਾਵੇ ਅਤੇ ਬੋਲਣ ਦੀ ਸਮਰੱਥਾ ਉੱਤੇ ਹੀ ਸਵਾਲ ਚੁੱਕੇ ਜਾਂਦੇ ਹਨ।

18 ਕਰੋੜ ਨਾਗਰਿਕਾਂ ਵਾਲਾ ਨਾਇਜੀਰੀਆ, ਅਫ਼ਰੀਕਾ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਦੇਸ ਹੈ।

ਇਹ ਵੀ ਪੜ੍ਹੋ:

ਸੋਨਾਇਆ ਮਹਿਜ਼ 13,000 ਵੋਟਾਂ ਦੇ ਨਾਲ ਚੋਣਾਂ 'ਚ 12ਵੇਂ ਨੰਬਰ ਉੱਤੇ ਆਈ।

ਹਾਰ ਤੋਂ ਬਾਅਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਲੜਨ ਦੀ ਲੋੜ ਹੀ ਕੀ ਸੀ? ਅਤੇ ਕਿਹਾ ਗਿਆ ਕਿ ਇਹ ਹੀ ਹੁੰਦਾ ਹੈ ਜਦੋਂ ਔਰਤਾਂ ਆਪਣੀ ਤੈਅ ਭੂਮਿਕਾ ਤੋਂ ਬਾਹਰ ਨਿਕਲ ਕੇ ਕੁਝ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।

ਜਿੱਥੇ ਮੀਡੀਆ ਆਜ਼ਾਦ ਹੈ ਉੱਥੇ ਜੇ ਔਰਤਾਂ ਦੀ ਜ਼ਿੰਦਗੀ ਬਾਰੇ ਖ਼ਿਆਲ ਇੰਨੇ ਕੈਦ ਹੋਣ ਤਾਂ ਈਰਾਨ ਵਰਗੇ ਦੇਸ 'ਚ ਕੀ ਹਾਲ ਹੋਵੇਗਾ।

ਔਰਤਾਂ ਦੇ ਮੁੱਦਿਆਂ 'ਤੇ 10 ਗੁਣਾ 'ਸੈਂਸਰਸ਼ਿਪ'

ਈਰਾਨ 'ਚ ਸਿਰਫ਼ ਉੱਥੋਂ ਦੇ ਸਰਕਾਰੀ ਰੇਡੀਓ ਅਤੇ ਟੈਲੀਵਿਜ਼ਨ ਨੂੰ ਹੀ ਖ਼ਬਰਾਂ ਦੇ ਪ੍ਰਸਾਰਣ ਦਾ ਅਧਿਕਾਰ ਹੈ।

ਇੰਟਰਨੈੱਟ 'ਤੇ ਕਈ ਸਵੈ, ਆਜ਼ਾਦ ਖ਼ਿਆਲ ਮੀਡੀਆ ਸੰਗਠਨ ਅਤੇ ਲੇਖਕ ਉੱਭਰੇ ਹਨ, ਪਰ ਉਨ੍ਹਾਂ ਨੂੰ ਚੁੱਪ ਕਰਵਾਉਣ ਲਈ ਜੇਲ੍ਹ 'ਚ ਭੇਜਣਾ ਆਮ ਗੱਲ ਹੈ।

ਸਰਕਾਰ ਦੀ ਜਕੜ ਪੂਰੀ ਹੈ ਅਤੇ 'ਸੈਂਸਰਸ਼ਿਪ' ਦਾ ਧੜੱਲੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਫ਼ੇਰੇਨਾਕ ਮੁਤਾਬਕ ਔਰਤਾਂ ਦੇ ਮੁੱਦਿਆਂ ਉੱਤੇ ਇਹ 'ਸੈਂਸਰਸ਼ਿਪ' 10 ਗੁਣਾ ਸਖ਼ਤ ਹੋ ਜਾਂਦੀ ਹੈ।

ਔਰਤਾਂ ਨੂੰ ਉਨ੍ਹਾਂ ਭੂਮਿਕਾਵਾਂ 'ਚ ਦਿਖਾਇਆ ਜਾਂਦਾ ਹੈ ਜਿਸ ਨੂੰ ਸਰਕਾਰ ਤੇ ਪਿਤਾ-ਪੁਰਖ਼ੀ ਲੰਮੇ ਸਮੇਂ ਤੋਂ ਸਹੀ ਸਮਝਦੇ ਆ ਰਹੇ ਹਨ, ਯਾਨਿ ਕਿ ਆਗਿਆਕਾਰੀ ਪਤਨੀ, ਮਾਂ ਅਤੇ ਧੀ ਦੇ ਰੂਪ ਵਿੱਚ।

ਕਈ ਵਾਰ ਤਾਂ ਉਨ੍ਹਾਂ ਨੂੰ ਔਰਤ ਕਹਿ ਕੇ ਨਹੀਂ ਬਲਕਿ 'ਪਰਿਵਾਰ' ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ।

ਉਦਾਹਰਣ ਦੇ ਤੌਰ 'ਤੇ ਜੇ ਉਹ ਕਿਸੇ ਸਮਾਗਮ 'ਚ ਹਿੱਸਾ ਲੈਣ ਤਾਂ ਕਿਹਾ ਜਾਂਦਾ ਹੈ ਕਿ, 'ਪਰਿਵਾਰਾਂ ਨੇ ਹਿੱਸਾ ਲਿਆ।'

ਮੀਡੀਆ ਔਰਤਾਂ ਦੀ ਰਾਇ ਸਿਰਫ਼ ਔਰਤਾਂ ਦੇ ਮੁੱਦਿਆਂ ਉੱਤੇ ਹੀ ਜ਼ਰੂਰੀ ਸਮਝਦਾ ਹੈ, ਬਾਕੀ ਮੁੱਦਿਆਂ ਲਈ ਉਨ੍ਹਾਂ ਨੂੰ ਯੋਗ ਨਹੀਂ ਸਮਝਿਆ ਜਾਂਦਾ।

ਸੀਰੀਅਲਜ਼ 'ਚ ਵੀ ਰਵਾਇਤੀ ਭੂਮਿਕਾ

ਸੈਟੇਲਾਈਟ ਟੈਲੀਵੀਜ਼ਨ ਆਉਣ ਤੋਂ ਬਾਅਦ ਤੁਰਕੀ ਅਤੇ ਲਾਤਿਨ ਅਮਰੀਕਾ 'ਚ ਬਣਨ ਵਾਲੇ ਕਈ ਸੀਰੀਅਲ ਈਰਾਨ 'ਚ ਕਾਫ਼ੀ ਮਸ਼ਹੂਰ ਹੋ ਗਏ ਹਨ।

ਪਰ ਇਹ ਵੀ ਔਰਤਾਂ ਦੀ ਜ਼ਿੰਦਗੀ ਨੂੰ ਪਰਿਵਾਰ ਤੱਕ ਹੀ ਸੀਮਤ ਕਰਕੇ ਦਿਖਾਉਂਦੇ ਹਨ।

ਇਨ੍ਹਾਂ 'ਚ ਸੱਸ-ਨੂੰਹ ਦੀ ਲੜਾਈ, ਪਿਆਰ ਦੇ ਰਿਸ਼ਤਿਆਂ 'ਚ ਉਤਾਰ-ਚੜਾਅ ਨਾਲ ਜੂਝਦੀਆਂ ਔਰਤਾਂ ਅਤੇ ਇੱਕ ਮਰਦ ਨੂੰ ਹਾਸਲ ਕਰਨ ਦੀ ਜੱਦੋ-ਜਹਿਦ 'ਚ ਲੱਗੀਆਂ ਦੋ ਔਰਤਾਂ ਵਰਗੇ ਵਿਸ਼ਿਆਂ ਨੂੰ ਪਸੰਦ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:

ਔਰਤਾਂ ਦੀਆਂ ਆਪਣੀਆਂ ਖਾਹਿਸ਼ਾਂ, ਕੰਮ ਜਾਂ ਹੋਂਦ ਸਬੰਧੀ ਕਹਾਣੀਆਂ ਨਹੀਂ ਦਿਖਾਈਆਂ ਜਾ ਰਹੀਆਂ।

ਬਾਲੀਵੁੱਡ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਫ਼ਿਲਮ ਉਦਯੋਗ, ਨਾਇਜੀਰੀਆ ਦਾ 'ਨਾਲੀਵੁੱਡ' ਵੀ ਔਰਤਾਂ ਨੂੰ ਮਰਦਾਂ ਉੱਤੇ ਨਿਰਭਰ ਰਹਿਣ ਦੀ ਭੂਮਿਕਾ 'ਚ ਹੀ ਦਿਖਾਉਂਦਾ ਹੈ।

ਕਹਾਣੀਆਂ 'ਚ ਮਰਦ ਦਾ ਔਰਤ ਨੂੰ ਧੋਖਾ ਦੇਣਾ, ਫ਼ਿਰ ਮੁਆਫ਼ੀ ਮੰਗਣਾ ਅਤੇ ਆਖਿਰ 'ਚ ਔਰਤ ਦਾ ਮੰਨ ਜਾਣਾ ਜਾਂ ਔਰਤ ਦਾ ਦੂਜੀ ਜਾਂ ਤੀਜੀ ਪਤਨੀ ਹੋਣਾ ਆਮ ਹੈ।

ਜੋ ਵੀ ਭੂਮਿਕਾ ਹੋਵੇ ਉਸ 'ਚ ਔਰਤ ਆਤਮ ਨਿਰਭਰ ਨਹੀਂ ਹੁੰਦੀ ਅਤੇ ਨਾ ਹੀ ਆਪਣੇ ਲਏ ਫ਼ੈਸਲੇ ਲੈਣ ਦੀ ਸਮਰੱਥਾ ਰਖਦੀ ਹੈ।

ਔਰਤਾਂ ਦੀ ਸਿਹਤ ਉੱਤੇ ਗੱਲ ਨਹੀਂ

ਫ਼ੇਰੇਨਾਕ ਦਸਦੇ ਹਨ ਕਿ ਈਰਾਨ 'ਚ ਔਰਤਾਂ ਦੀ ਸਿਹਤ ਉੱਤੇ ਬਿਲਕੁਲ ਗੱਲ ਨਹੀਂ ਹੁੰਦੀ। ਸਕੂਲ 'ਚ 'ਸੈਕਸ ਐਜੂਕੇਸ਼ਨ' ਨਹੀਂ ਦਿੱਤੀ ਜਾਂਦੀ। ਕਾਲਜ 'ਚ ਵੀ ਜਿੰਨਾ ਦੱਸਿਆ ਜਾਂਦਾ ਹੈ ਉਹ ਬਹੁਤ ਘੱਟ ਹੈ।

ਐਬਿਗੇਲ ਮੁਤਾਬਕ ਔਰਤਾਂ ਦੇ ਸਰੀਰ ਉੱਤੇ ਗੱਲ ਕਰਨ 'ਚ ਨਾਇਜੀਰੀਆਈ ਮੀਡੀਆ ਵੀ ਬਿਲਕੁਲ ਚੁੱਪ ਹੈ, ਇਨ੍ਹਾਂ ਮੁੱਦਿਆਂ ਉੱਤੇ ਬਹੁਤ ਸ਼ਰਮਿੰਦਗੀ ਅਤੇ ਝਿਜਕ ਹੈ।

ਔਰਤਾਂ 'ਚ ਆਪਣੇ ਸਰੀਰ ਬਾਰੇ, ਸਰੀਰਿਕ ਸੰਬੰਧ ਬਣਾਉਣ ਨੂੰ ਲੈ ਕੇ, ਬੱਚੇ ਪੈਦਾ ਕਰਨ ਦਾ ਫ਼ੈਸਲਾ ਲੈਣ ਦੇ ਹੱਕ ਬਾਰੇ, ਵੱਖ-ਵੱਖ 'ਸੈਕਸੁਐਲਿਟੀ' ਬਾਰੇ ਜਾਣਨ ਦੀ ਬਹੁਤ ਉਤਸੁਕਤਾ ਹੈ।

ਨਾਲ ਹੀ ਔਰਤਾਂ ਆਪਣੀ ਜ਼ਿੰਦਗੀ ਉੱਤੇ ਅਸਰ ਪਾਉਣ ਵਾਲੀਆਂ ਸਾਰੀਆਂ ਗੱਲਾਂ, ਭਾਵੇਂ ਉਹ ਰੁਜ਼ਗਾਰ ਨਾਲ ਜੁੜੀਆਂ ਹੋਣ, ਜਮ੍ਹਾਂ-ਖ਼ਰਚ, ਸਿਹਤ ਬਾਰੇ ਹੋਵੇ, ਉਨ੍ਹਾਂ ਵਿੱਚ ਦਿਲਚਸਪੀ ਰੱਖਦੀਆਂ ਹਨ ਪਰ ਮੀਡੀਆ ਇਨ੍ਹਾਂ 'ਤੇ ਵੀ ਗੱਲ ਨਹੀਂ ਕਰਦਾ।

ਇਸ ਮੰਗ ਨੂੰ ਸੋਸ਼ਲ ਮੀਡੀਆ ਜ਼ਰੀਏ ਪੂਰਾ ਕੀਤਾ ਜਾ ਰਿਹਾ ਹੈ ਜਿੱਥੇ ਸਰਕਾਰਾਂ ਦੀ ਸੈਂਸਰਸ਼ਿਪ ਤੋਂ ਬਚ ਕੇ ਇਨ੍ਹਾਂ ਸਾਰਿਆਂ ਮੁੱਦਿਆਂ ਉੱਤੇ ਖੁੱਲ੍ਹ ਕੇ ਲਿਖਿਆ ਜਾ ਸਕਦਾ ਹੈ।

ਨਾਇਜੀਰੀਆ 'ਚ ਫ਼ੇਸਬੁੱਕ ਅਤੇ ਇੰਸਟਾਗ੍ਰਾਮ ਔਰਤਾਂ ਲਈ ਨਵੀਂ ਆਵਾਜ਼ ਬਣ ਰਿਹਾ ਹੈ।

ਹਾਲਾਂਕਿ, ਫ਼ੇਰੇਨਾਕ ਯਾਦ ਦਿਵਾਉਂਦੇ ਹਨ ਕਿ ਸੋਸ਼ਲ ਮੀਡੀਆ ਸਾਡੀ ਅਸਲ ਜ਼ਿੰਦਗੀ ਦਾ ਹੀ ਹਿੱਸਾ ਹੈ। ਜਿਵੇਂ ਅਸਲ ਜ਼ਿੰਦਗੀ 'ਚ ਔਰਤਾਂ ਨੂੰ ਡਰਾ ਕੇ ਰੱਖਿਆ ਜਾਂਦਾ ਹੈ, ਉਂਝ ਹੀ ਉਮੀਦ ਕੀਤੀ ਜਾਂਦੀ ਹੈ ਕਿ ਇੰਟਰਨੈੱਟ ਦੀ ਦੁਨੀਆਂ 'ਚ ਵੀ ਉਹ ਚੁੱਪ ਰਹਿਣਗੀਆਂ।

ਅਜਿਹੇ 'ਚ 'ਟ੍ਰੋਲਿੰਗ' ਇੱਕ ਵੱਡੀ ਚੁਣੌਤੀ ਹੈ।

ਐਬਿਗੇਲ ਮੁਤਾਬਕ ਬਦਲਾਅ ਲਿਆਉਣ ਲਈ ਮੀਡੀਆ ਸੰਸਥਾਵਾਂ 'ਚ ਵੱਧ ਔਰਤਾਂ ਦਾ ਹੋਣਾ ਜ਼ਰੂਰੀ ਹੈ।

ਔਰਤਾਂ ਨਾ ਸਿਰਫ਼ ਔਰਤਾਂ ਦੇ ਮੁੱਦਿਆਂ ਉੱਤੇ ਬਿਹਤਰ ਕੰਮ ਕਰ ਸਕਣਗੀਆਂ ਸਗੋਂ ਬਾਕੀ ਮੁੱਦਿਆਂ ਉੱਤੇ ਔਰਤਾਂ ਦੇ ਨਜ਼ਰੀਏ ਨਾਲ ਪੱਤਰਕਾਰੀ ਕਰ ਸਕਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)