ਕੌਮਾਂਤਰੀ ਮਾਂ ਬੋਲੀ ਦਿਹਾੜਾ : ਕੀ ਕਿਸੇ ਨੂੰ ਆਪਣੀ ਮਾਂ ਬੋਲੀ ਵੀ ਭੁੱਲ ਸਕਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਸੋਫ਼ੀ ਹਾਰਡੈਕ
- ਰੋਲ, ਪੱਤਰਕਾਰ, ਬੀਬੀਸੀ
ਮੈਂ ਲੰਡਨ ਵਿੱਚ ਆਪਣੀ ਰਸੋਈ ਵਿੱਚ ਬੈਠੀ ਹਾਂ ਅਤੇ ਆਪਣੇ ਭਰਾ ਦਾ ਮੈਸੇਜ ਪੜ੍ਹਣ ਦੀ ਕੋਸ਼ਿਸ਼ ਕਰ ਰਹੀ ਹਾਂ। ਉਹ ਸਾਡੇ ਦੇਸ ਜਰਮਨੀ ਵਿੱਚ ਰਹਿੰਦਾ ਹੈ।
ਅਸੀਂ ਇੱਕ-ਦੂਜੇ ਨਾਲ ਜਰਮਨ ਵਿੱਚ ਗੱਲਬਾਤ ਕਰਦੇ ਹਾਂ ਪਰ ਇਹ ਸ਼ਬਦ ਮੈਂ ਪਹਿਲਾਂ ਕਦੇ ਨਹੀਂ ਸੁਣਿਆ 'ਫਰੈਮਸ਼ਾਮੈੱਨ' ?
ਮੈਂ ਉਸ ਤੋਂ ਇਸ ਦਾ ਮਤਲਬ ਸਮਝਣਾ ਚਾਹੁੰਦੀ ਹਾਂ ਪਰ ਇਹ ਕਾਫ਼ੀ ਦੁੱਖ ਵਾਲੀ ਗੱਲ ਹੈ ਕਿ ਕਈ ਸਾਲ ਵਿਦੇਸ਼ ਵਿੱਚ ਰਹਿਣ ਕਾਰਨ ਮਾਂ ਬੋਲੀ ਕਈ ਵਾਰੀ ਵਿਦੇਸ਼ੀ ਭਾਸ਼ਾ ਲੱਗਣ ਲਗਦੀ ਹੈ।
ਜ਼ਿਆਦਾਤਰ ਪਰਵਾਸੀ ਇਹ ਗੱਲ ਜ਼ਰੂਰ ਸਮਝ ਪਾਉਣਗੇ ਕਿ ਮਾਂ ਬੋਲੀ ਤੋਂ ਦੂਰੀ ਦਾ ਮਤਲਬ ਕੀ ਹੈ। ਜਿੰਨਾ ਦੂਰ ਤੁਸੀਂ ਰਹਿੰਦੇ ਹੋ ਉਨੀ ਹੀ ਤੁਹਾਡੀ ਭਾਸ਼ਾ ਉੱਤੇ ਅਸਰ ਪੈਂਦਾ ਹੈ। ਪਰ ਇਹ ਇੰਨਾ ਵੀ ਸਿੱਧਾ ਨਹੀਂ ਹੈ।
ਸਗੋਂ ਆਪਣੀ ਭਾਸ਼ਾ ਕਿਉਂ, ਕਦੋਂ ਅਤੇ ਕਿਵੇਂ ਅਸੀਂ ਭੁੱਲ ਜਾਂਦੇ ਹਾਂ, ਇਸ ਪਿੱਛੇ ਗੁੰਝਲਦਾਰ ਵਿਗਿਆਨੀ ਤੱਥ ਹਨ।
- ਇਹ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਆਪਣੇ ਮੁਲਕ ਤੋਂ ਦੂਰ ਰਹਿੰਦੇ ਹੋ ਤਾਂ ਹਮੇਸ਼ਾਂ ਭਾਸ਼ਾ ਤੋਂ ਵੀ ਅਵੇਸਲੇ ਹੋ ਜਾਵੋਗੇ।
- ਵਿਦੇਸ਼ਾਂ ਵਿੱਚ ਹੋਰਨਾਂ ਭਾਸ਼ਾ ਦੇ ਲੋਕਾਂ ਨਾਲ ਮੇਲਜੋਲ ਵੀ ਇੱਕ ਵੱਡਾ ਕਾਰਨ ਹੁੰਦਾ ਹੈ।
- ਇਸ ਤੋਂ ਇਲਾਵਾ ਭਾਵੁਕਤਾ ਜਿਵੇਂ ਕਿ ਮਾਨਸਿਕ ਦਬਾਅ ਵੀ ਕਾਫ਼ੀ ਮਾਅਨੇ ਰੱਖਦਾ ਹੈ।
ਲੰਮਾ ਸਮਾਂ ਪਰਵਾਸ ਭੋਗਣ ਵਾਲੇ ਹੀ ਪ੍ਰਭਾਵਿਤ ਨਹੀਂ ਹੁੰਦੇ ਸਗੋਂ ਉਹ ਲੋਕ ਵੀ ਜੋ ਦੂਜੀ ਭਾਸ਼ਾ ਬੋਲਣ ਲੱਗ ਜਾਂਦੇ ਹਨ, ਉਹ ਵੀ ਇਸ ਦੇ ਅਸਰ ਹੇਠ ਆਉਂਦੇ ਹਨ।
ਕਿਵੇਂ ਅਪਣਾ ਲੈਂਦੇ ਹਾਂ ਦੂਜੀ ਭਾਸ਼ਾ?
ਯੂਨੀਵਰਸਿਟੀ ਆਫ਼ ਐਸੈਕਸ ਦੀ ਭਾਸ਼ਾ ਮਾਹਿਰ ਮੋਨਿਕਾ ਸ਼ਾਮਿਦ ਦਾ ਕਹਿਣਾ ਹੈ, "ਜਿਵੇਂ ਹੀ ਤੁਸੀਂ ਦੂਜੀ ਭਾਸ਼ਾ ਨੂੰ ਸਿੱਖਣਾ ਸੁਰੂ ਕਰਦੇ ਹੋ, ਦੋ ਸਿਸਟਮ ਇੱਕ-ਦੂਜੇ ਨਾਲ ਮੁਕਾਬਲਾ ਕਰਨ ਲਗਦੇ ਹਨ।"

ਤਸਵੀਰ ਸਰੋਤ, Getty Images
ਮੋਨਿਕਾ 'ਭਾਸ਼ਾ ਦੀ ਅਣਹੋਂਦ' (ਲੈਂਗੂਏਜ ਐਟ੍ਰੀਸ਼ਨ) ਦੀ ਖੋਜਕਾਰ ਹੈ, ਜੋ ਕਿ ਮਾਂ ਬੋਲੀ ਭੁੱਲਣ ਦੇ ਕਾਰਨਾਂ ਦੀ ਘੋਖ ਕਰ ਰਹੀ ਹੈ।
ਹਾਲਾਂਕਿ ਬੱਚਿਆਂ ਬਾਰੇ ਇਹ ਸਮਝਣਾ ਸੌਖਾ ਹੈ ਕਿਉਂਕਿ ਉਨ੍ਹਾਂ ਦਾ ਦਿਮਾਗ ਚੀਜ਼ਾਂ ਨੂੰ ਜਲਦੀ ਅਪਣਾ ਲੈਂਦਾ ਹੈ। 12 ਸਾਲ ਤੱਕ ਕਿਸੇ ਵੀ ਸ਼ਖ਼ਸ ਦੀ ਭਾਸ਼ਾ ਵਿੱਚ ਬਦਲਾਅ ਆ ਸਕਦਾ ਹੈ।
ਇੱਕ ਸਰਵੇਖਣ ਮੁਤਾਬਕ ਦੇਸ ਤੋਂ ਦੂਰ ਰਹਿਣ 'ਤੇ ਇੱਕ 9 ਸਾਲ ਦਾ ਬੱਚਾ ਆਪਣੀ ਪਹਿਲੀ ਭਾਸ਼ਾ ਪੂਰੀ ਤਰ੍ਹਾ ਭੁੱਲ ਸਕਦਾ ਹੈ।
ਪਰ ਨੌਜਵਾਨ ਆਪਣੀ ਪਹਿਲੀ ਭਾਸ਼ਾ ਪੂਰੀ ਤਰ੍ਹਾਂ ਨਹੀਂ ਭੁੱਲ ਸਕਦੇ।
ਭਾਸ਼ਾ 'ਤੇ ਅਸਰ ਕਿਸ-ਕਿਸ ਦਾ?
ਮੋਨਿਕਾ ਨੇ ਯੂਕੇ ਅਤੇ ਅਮਰੀਕਾ ਵਿੱਚ ਜਰਮਨ-ਜਿਊਇਸ਼ ਜੰਗੀ ਸ਼ਰਨਾਰਥੀਆਂ 'ਤੇ ਸਰਵੇਖਣ ਕੀਤਾ।
ਮੁੱਖ ਤੱਥ ਇਹ ਸੀ ਕਿ ਉਨ੍ਹਾਂ ਦੀ ਭਾਸ਼ਾ 'ਤੇ ਇਸ ਦਾ ਕੋਈ ਅਸਰ ਨਹੀਂ ਸੀ ਕਿ ਉਹ ਵਿਦੇਸ਼ ਵਿੱਚ ਕਿੰਨੀ ਦੇਰ ਤੋਂ ਰਹੇ ਹਨ ਜਾਂ ਉਹ ਕਿੰਨੇ ਸਾਲ ਦੇ ਸਨ, ਜਦੋਂ ਉਨ੍ਹਾਂ ਨੇ ਆਪਣਾ ਦੇਸ ਛੱਡਿਆ ਸਗੋਂ ਨਾਜ਼ੀਆਂ ਦੇ ਤਸ਼ੱਦਦ ਮੌਕੇ ਉਨ੍ਹਾਂ 'ਤੇ ਅਸਰ ਪਿਆ।

ਤਸਵੀਰ ਸਰੋਤ, Getty Images
ਉਹ ਲੋਕ ਜੋ ਕਿ 'ਬੇਹੱਦ ਤਸ਼ਦੱਦ' ਤੋਂ ਪਹਿਲਾਂ ਜਰਮਨੀ ਛੱਡ ਆਏ, ਉਹ ਵਧੇਰੇ ਚੰਗੀ ਜਰਮਨੀ ਭਾਸ਼ਾ ਬੋਲਦੇ ਸਨ। ਹਾਲਾਂਕਿ ਇਹ ਲੋਕ ਸਭ ਤੋਂ ਲੰਬਾ ਸਮਾਂ ਵਿਦੇਸ਼ ਵਿੱਚ ਰਹੇ ਹਨ।
ਉਹ ਲੋਕ ਜਿਨ੍ਹਾਂ ਨੇ 1938 ਦੇ ਕਤਲੇਆਮ ਤੋਂ ਬਾਅਦ ਛੱਡਿਆ ਉਨ੍ਹਾਂ ਨੂੰ ਜਰਮਨੀ ਭਾਸ਼ਾ ਬੋਲਣ ਵਿੱਚ ਥੋੜ੍ਹੀ ਔਕੜ ਆਉਂਦੀ ਹੈ ਜਾਂ ਫਿਰ ਉਹ ਬਿਲਕੁਲ ਹੀ ਨਹੀਂ ਬੋਲ ਸਕਦੇ।
ਬੋਲੀ ਵਿੱਚ ਬਦਲਾਅ
ਜ਼ਿਆਦਾਤਰ ਪਰਵਾਸੀ ਨਵੀਂ ਭਾਸ਼ਾ ਦੇ ਨਾਲ ਮਾਂ ਬੋਲੀ ਨੂੰ ਵੀ ਚੇਤੇ ਰੱਖਦੇ ਹਨ। ਪਹਿਲੀ ਭਾਸ਼ਾ ਕਿੰਨੀ ਵਧੀਆ ਬੋਲ ਸਕਦੇ ਹਨ, ਇਹ ਕੁਦਰਤੀ ਕਾਬਲੀਅਤ 'ਤੇ ਨਿਰਭਰ ਕਰਦਾ ਹੈ।

ਤਸਵੀਰ ਸਰੋਤ, Getty Images
ਅਕਸਰ ਜੋ ਲੋਕ ਭਾਸ਼ਾਵਾਂ ਬੋਲਣ ਵਿੱਚ ਮਾਹਿਰ ਹਨ, ਉਹ ਆਪਣੀ ਮਾਂ ਬੋਲੀ ਨੂੰ ਵੀ ਸਾਂਭ ਕੇ ਰੱਖਦੇ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਆਪਣੇ ਮੁਲਕ ਤੋਂ ਕਿੰਨੀ ਦੂਰ ਰਹੇ ਹਨ।
ਮਾਂ ਬੋਲੀ ਕਿੰਨੀ ਵਧੀਆ ਬੋਲਦੇ ਹਨ, ਇਸ ਦਾ ਸਬੰਧ ਦਿਮਾਗ ਨਾਲ ਹੈ ਕਿ ਅਸੀਂ ਦਿਮਾਗ ਵਿੱਚ ਕਿਹੜੇ ਤਰੀਕੇ ਨਾਲ ਭਾਸ਼ਾ ਨੂੰ ਪ੍ਰਬੰਧਿਤ ਕਰਦੇ ਹਾਂ।
ਮੋਨਿਕਾ ਮੁਤਾਬਕ, "ਇੱਕਭਾਸ਼ਾਈ ਅਤੇ ਦੋਭਾਸ਼ਾਈ ਹੋਣ ਵਿੱਚ ਫ਼ਰਕ ਇਹ ਹੈ ਕਿ ਤੁਹਾਨੂੰ ਇੱਕ ਕੰਟਰੋਲ ਸਿਸਟਮ ਰੱਖਣਾ ਪੈਂਦਾ ਹੈ, ਜੋ ਤੁਹਾਨੂੰ ਭਾਸ਼ਾ ਦੀ ਅਦਲਾ-ਬਦਲੀ ਕਰਨ ਵਿੱਚ ਮਦਦ ਕਰਦਾ ਹੈ।"
ਉਦਾਹਰਨ ਦੇ ਤੌਰ 'ਤੇ ਜਦੋਂ ਤੁਸੀਂ ਸਾਹਮਣੇ ਪਈ ਕਿਸੇ ਚੀਜ਼ ਨੂੰ ਦੇਖਦੇ ਹੋ ਤਾਂ ਤੁਹਾਡਾ ਦਿਮਾਗ ਦੋ ਲਫ਼ਜ਼ਾਂ ਵਿੱਚੋਂ ਇੱਕ ਚੁਣ ਸਕਦਾ ਹੈ। ਅੰਗਰੇਜ਼ੀ ਸ਼ਬਦ ਹੈ 'ਟੇਬਲ' ਅਤੇ ਪੰਜਾਬੀ ਵਿੱਚ ਹੈ 'ਮੇਜ'।

ਤਸਵੀਰ ਸਰੋਤ, shapecharge
ਅੰਗਰੇਜ਼ੀ ਪਿਛੋਕੜ ਵਿੱਚ ਦਿਮਾਗ 'ਮੇਜ਼' ਨੂੰ ਦਬਾ ਦਿੰਦਾ ਹੈ ਅਤੇ 'ਟੇਬਲ' ਨੂੰ ਚੁਣਦਾ ਹੈ। ਇਸੇ ਤਰ੍ਹਾਂ ਇਸ ਦਾ ਉਲਟਾ ਵੀ ਹੋ ਸਕਦਾ ਹੈ। ਜੇ ਕੰਟਰੋਲ ਸਿਸਟਮ ਕਮਜ਼ੋਰ ਹੈ ਤਾਂ ਸਪੀਕਰ ਨੂੰ ਬੋਲਣ ਵਿੱਚ ਔਖ ਹੋ ਸਕਦੀ ਹੈ।
ਮਾਂ ਬੋਲੀ ਬੋਲਣ ਵਾਲੇ ਹੋਰਨਾਂ ਲੋਕਾਂ ਨਾਲ ਵਿਚਰਨ ਕਾਰਨ ਇਹ ਮਾਮਲਾ ਵਿਗੜ ਸਕਦਾ ਹੈ ਕਿਉਂਕਿ ਜਦੋਂ ਪਤਾ ਹੁੰਦਾ ਹੈ ਕਿ ਦੋਵੇਂ ਹੀ ਭਾਸ਼ਾਵਾਂ ਸਮਝ ਆਉਣਗੀਆਂ ਤਾਂ ਕਿਸੇ ਇੱਕ ਭਾਸ਼ਾ ਵਿੱਚ ਬੋਲਣ ਦੀ ਸੀਮਾ ਨਹੀਂ ਹੁੰਦੀ। ਨਤੀਜਾ ਹੁੰਦਾ ਹੈ, ਭਾਸ਼ਾਈ ਮਿਸ਼ਰਨ।
ਲੰਡਨ ਦੁਨੀਆਂ ਦਾ ਸਭ ਤੋਂ ਵੱਡਾ ਬਹੁਭਾਸ਼ਾਈ ਸ਼ਹਿਰ ਹੈ। ਇੱਥੇ 300 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 20 ਫੀਸਦੀ ਤੋਂ ਜ਼ਿਆਦਾ ਲੰਡਨ ਦੇ ਲੋਕ ਅੰਗਰੇਜ਼ੀ ਤੋਂ ਇਲਾਵਾ ਦੂਜੀ ਭਾਸ਼ਾ ਨੂੰ ਤਰਜੀਹ ਦਿੰਦੇ ਹਨ।
ਇੱਕ ਭਾਸ਼ਾ ਛੱਡ ਕੇ ਦੂਜੀ ਭਾਸ਼ਾ ਬੋਲਣਾ ਭੁੱਲਣਾ ਨਹੀਂ ਹੁੰਦਾ ਪਰ ਮੋਨਿਕਾ ਦਾ ਮੰਨਣਾ ਹੈ ਕਿ ਕਦੇ ਮਾਂ ਬੋਲੀ ਅਤੇ ਕਦੇ ਦੂਜੀ ਭਾਸ਼ਾ ਬੋਲਣ ਕਾਰਨ ਲੋੜ ਪੈਣ 'ਤੇ ਤੁਹਾਡਾ ਦਿਮਾਗ ਸਿਰਫ਼ ਇੱਕ ਭਾਸ਼ਾਈ ਨਹੀਂ ਰਹਿ ਸਕਦਾ।
ਭਾਸ਼ਾਵਾਂ ਦਾ ਸੁਮੇਲ
ਯੂਨੀਵਰਸਿਟੀ ਆਫ਼ ਸਾਊਥਐਂਫਟਨ ਵਿੱਚ ਭਾਸ਼ਾ ਦੇ ਮਾਹਿਰ ਲੌਰਾ ਡੋਮਿੰਗੁਏਜ਼ ਨੇ ਵੀ ਕੁਝ ਇਸੇ ਤਰ੍ਹਾਂ ਦਾ ਹੀ ਅਸਰ ਦੇਖਿਆ ਜਦੋਂ ਉਨ੍ਹਾਂ ਨੇ ਲੰਮੇ ਸਮੇਂ ਤੋਂ ਪਰਵਾਸੀ ਰਹਿ ਰਹੇ ਦੋ ਧੜਿਆਂ 'ਤੇ ਸਰਵੇਖਣ ਕੀਤਾ- ਯੂਕੇ ਦੇ ਸਪੇਨੀਆਰਡ ਅਤੇ ਅਮਰੀਕਾ ਨੇ ਕਿਉਬਨਜ਼।
ਸਪੇਨੀਆਰਡ ਯੂਕੇ ਦੇ ਵੱਖੋ-ਵੱਖਰੇ ਦੇਸਾਂ ਵਿੱਚ ਰਹੇ ਅਤੇ ਜ਼ਿਆਦਾਤਰ ਅੰਗਰੇਜ਼ੀ ਬੋਲਦੇ ਹਨ। ਕਿਉਬਨਜ਼ ਮਿਆਮੀ ਵਿੱਚ ਰਹੇ ਜਿੱਥੇ ਜ਼ਿਆਦਾਤਰ ਲੈਟਿਨ ਅਮਰੀਕੀ ਰਹਿੰਦੇ ਹਨ ਅਤੇ ਵਧੇਰੇ ਸਪੈਨਿਸ਼ ਬੋਲਦੇ ਹਨ।

ਤਸਵੀਰ ਸਰੋਤ, Getty Images
"ਯੂਕੇ ਵਿੱਚ ਰਹਿ ਰਹੇ ਸਾਰੇ ਹੀ ਸਪੈਨਿਸ਼ ਲੋਕਾਂ ਨੇ ਕਿਹਾ ਕਿ 'ਉਹ ਸ਼ਬਦ ਭੁੱਲ ਜਾਂਦੇ ਹਨ।' ਇਹੀ ਲੋਕ ਤੁਹਾਨੂੰ ਦੱਸਦੇ ਹਨ-'ਮੈਂ ਅਕਸਰ ਕੁਝ ਸ਼ਬਦ ਭੁੱਲ ਜਾਂਦਾ ਹਾਂ ਜੋ ਕਿ ਮੈਂ ਆਪਣੀ ਨੌਕਰੀ ਦੌਰਾਨ ਸਿੱਖੇ।"
ਲੌਰਾ ਜਿਸ ਨੇ ਸਪੇਨ ਨਾਲ ਸਬੰਧਤ ਹੋਣ ਦੇ ਬਾਵਜੂਦ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਵਿਦੇਸ਼ ਵਿੱਚ ਹੀ ਬਿਤਾਈ ਹੈ ਯਾਦ ਕਰਦੇ ਹਨ ਕਿ 'ਜੇ ਮੈਂ ਕਿਸੇ ਸਪੇਨ ਦੇ ਸ਼ਖ਼ਸ ਨਾਲ ਸਪੇਨਿਸ਼ ਭਾਸ਼ਾ ਵਿੱਚ ਕੋਈ ਗੱਲਬਾਤ ਕਰਨੀ ਹੈ ਤਾਂ ਮੈਨੂੰ ਨਹੀਂ ਲਗਦਾ ਕਿ ਮੈਂ ਕਰ ਸਕਾਂਗੀ।'
ਹਾਲਾਂਕਿ ਵੱਖ ਹੋ ਚੁੱਕੇ ਸਪੇਨੀਆਰਡਜ਼ ਨੇ ਗਰਾਮਰ ਨੂੰ ਪੂਰੀ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ ਸੀ। ਪਰ ਕਿਉਬਨ ਜੋ ਕਿ ਅਕਸਰ ਆਪਣੀ ਮਾਂ ਬੋਲੀ ਬੋਲਦੇ ਰਹਿੰਦੇ ਹਨ ਉਹ ਭਾਸ਼ਾ ਦੀਆਂ ਕੁਝ ਵਿਸ਼ੇਸ਼ਤਾਵਾਂ ਭੁੱਲ ਗਏ ਹਨ।
ਕਾਰਨ ਅੰਗਰੇਜ਼ੀ ਦਾ ਅਸਰ ਨਹੀਂ
ਇਸ ਦਾ ਕਾਰਨ ਅੰਗਰੇਜ਼ੀ ਭਾਸ਼ਾ ਦਾ ਅਸਰ ਨਹੀਂ ਸਗੋਂ ਮਿਆਮੀ ਵਿੱਚ ਸਪੈਨਿਸ਼ ਦੇ ਕਈ ਪ੍ਰਕਾਰ ਸਨ। ਕਿਉਬਨਜ਼ ਨੇ ਮੈਕਸੀਕਨ ਜਾਂ ਕੋਲੰਬੀਅਨ ਵਾਂਗ ਹੀ ਬੋਲਣਾ ਸ਼ੁਰੂ ਕਰ ਦਿੱਤਾ।
ਪਰ ਜਦੋਂ ਲੌਰਾ ਅਮਰੀਕਾ ਵਿੱਚ ਰਹਿਣ ਤੋਂ ਬਾਅਦ ਸਪੇਨ ਪਰਤੀ ਜਿੱਥੇ ਉਨ੍ਹਾਂ ਦੇ ਕਈ ਮੈਕਸੀਕਨ ਦੋਸਤ ਸਨ ਤਾਂ ਉਨ੍ਹਾਂ ਕਿਹਾ ਕਿ ਉਹ ਹੁਣ ਮੈਕਸੀਨ ਵਾਂਗ ਹੀ ਬੋਲਦੀ ਹੈ।
ਸਾਰ ਇਹ ਹੈ ਕਿ ਜਿੰਨਾ ਜ਼ਿਆਦਾ ਅਸੀਂ ਦੂਜੀ ਭਾਸ਼ਾ ਨੂੰ ਸਮਝਦੇ ਅਤੇ ਬੋਲਦੇ ਹਾਂ ਉੱਨਾ ਹੀ ਵਧੇਰੇ ਇਹ ਸਾਡੀ ਮਾਂ ਬੋਲੀ ਵਿੱਚ ਬਦਲਾਅ ਕਰ ਦਿੰਦਾ ਹੈ।
ਉਨ੍ਹਾਂ ਕਿਹਾ, "ਭਾਸ਼ਾ ਵਿੱਚ ਬਦਲਾਅ ਮਾੜੀ ਗੱਲ ਨਹੀਂ ਹੈ। ਇਹ ਕੁਦਰਤੀ ਪ੍ਰਕਿਰਿਆ ਹੈ। ਇੰਨ੍ਹਾਂ ਲੋਕਾਂ ਨੇ ਆਪਣੀ ਵਿਆਕਰਨ ਵਿੱਚ ਬਦਾਲਅ ਕੀਤੇ ਹਨ।"
ਭਾਸ਼ਾ ਮਾਹਿਰ ਦੇ ਨਜ਼ਰੀਏ ਤੋਂ ਆਪਣੀ ਹੀ ਭਾਸ਼ਾ ਤੋਂ ਡਰਨ ਦੀ ਲੋੜ ਨਹੀਂ ਹੈ। ਪਹਿਲੀ ਭਾਸ਼ਾ ਨੂੰ ਭੁੱਲਣ ਦੀ ਪ੍ਰਕਿਰਿਆ ਨੌਜਵਾਨਾਂ ਵਿੱਚ ਉਲਟੀ ਵੀ ਹੋ ਸਕਦੀ ਹੈ। ਜ਼ੱਦੀ ਪਿੰਡ ਦਾ ਦੌਰਾ ਮਦਦਗਾਰ ਸਾਬਿਤ ਹੋ ਸਕਦਾ ਹੈ।
ਫਿਰ ਵੀ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਲਈ ਮਾਂ ਬੋਲੀ ਨਾਲ ਸਾਡੀ ਪਛਾਣ, ਯਾਦਾਂ ਅਤੇ ਆਪਣਾਪਣ ਜੁੜਿਆ ਹੋਇਆ ਹੈ।
ਇਸੇ ਕਾਰਨ ਮੈਂ ਵੀ ਆਪਣੇ ਭਰਾ ਵੱਲੋਂ ਜਰਮਨੀ ਵਿੱਚ ਭੇਜੇ ਮੈਸੇਜ ਨੂੰ ਬਿਨਾਂ ਕਿਸੇ ਬਾਹਰੀ ਮਦਦ ਦੇ ਸਮਝ ਗਈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














