'ਉਹ ਹਫ਼ਤਾ ਜਿਸ ਨੇ ਦੁਨੀਆਂ ਬਦਲ ਦਿੱਤੀ'- ਚੀਨ ਨੇ ਨਿਕਸਨ ਦੀ ਫੇਰੀ ਦੀ ਤਿਆਰੀ ਕਿਵੇਂ ਕੀਤੀ

ਤਸਵੀਰ ਸਰੋਤ, CORBIS HISTORICAL/GETTY IMAGES
ਨਾਂਹ-ਨੁੱਕਰ ਤੋਂ ਸ਼ੁਰੂ ਹੋਇਆ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਬੈਠਕ ਆਖ਼ਰਕਾਰ 12 ਜੂਨ ਨੂੰ ਸਿੰਗਾਪੁਰ ਵਿੱਚ ਹੋ ਰਹੀ ਹੈ।
ਇਹ ਦੋ ਸਾਬਕਾ ਦੁਸ਼ਮਣਾਂ ਵਿਚਾਲੇ ਹੋਣ ਵਾਲੀਆਂ ਮਹੱਤਵਪੂਰਨ ਬੈਠਕਾਂ ਵਿੱਚੋਂ ਇੱਕ ਹੋਣ ਜਾ ਰਹੀ ਹੈ। ਅਜਿਹਾ ਹੀ ਘਟਨਾਕ੍ਰਮ 1972 ਵਿੱਚ ਵਾਪਰਿਆ ਸੀ ਜਦੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਚੀਨ ਫੇਰੀ 'ਤੇ ਗਏ ਸਨ।
ਕਿਮ ਅਤੇ ਟਰੰਪ ਦੀ ਇਸ ਮੁਲਾਕਾਤ ਅਤੇ ਰਾਸ਼ਟਰਪਤੀ ਨਿਕਸਨ ਦੀ ਫੇਰੀ ਵਿੱਚ ਬਹੁਤ ਕੁਝ ਇੱਕੋ-ਜਿਹਾ ਹੈ।
ਉਸ ਸਮੇਂ ਚੀਨ ਆਪਣੀ ਸੱਭਿਆਚਾਰਕ ਕ੍ਰਾਂਤੀ ਕਰਕੇ ਬਾਕੀ ਦੁਨੀਆਂ ਤੋਂ ਟੁੱਟਿਆ ਹੋਇਆ ਸੀ ਅਤੇ ਉਸ ਦੇ ਅਮਰੀਕਾ ਦੇ ਨਾਲ ਦੋ ਦਹਾਕਿਆਂ ਤੱਕ ਕੋਈ ਰਿਸ਼ਤੇ ਨਹੀਂ ਸਨ।
ਹੁਣ ਜਿਵੇਂ ਕਿਮ ਜੋਂਗ ਉਨ ਉੱਤਰੀ ਕੋਰੀਆ ਦੇ ਲੋਕਾਂ ਨੂੰ ਸਮਝਾ ਰਹੇ ਹਨ ਕਿ ਉਨ੍ਹਾਂ ਲਈ ਅਮਰੀਕੀਆਂ ਨੂੰ ਜੀ ਆਇਆਂ ਕਹਿਣਾ ਪਵੇਗਾ। ਉਸੇ ਤਰ੍ਹਾਂ ਉਸ ਵੇਲੇ ਚੀਨੀ ਸਰਕਾਰ ਚੀਨੀਆਂ ਨੂੰ ਸਮਝਾ ਰਹੀ ਸੀ ਕਿ ਚੀਨ ਲਈ ਅਮਰੀਕਾ ਜ਼ਰੂਰੀ ਹੈ ਅਤੇ ਚੀਨ ਨੂੰ ਅਮਰੀਕਾ ਦਾ ਤੀਜੀ ਦੁਨੀਆ ਦੀ ਕ੍ਰਾਂਤੀ ਦੇ ਦਿਲ 'ਚ ਸਵਾਗਤ ਕਰਨਾ ਜ਼ਰੂਰੀ ਸੀ।
ਬੀਬੀਸੀ ਪੱਤਰਕਾਰ ਦੀਆਂ ਯਾਦਾਂ
ਬੀਬੀਸੀ ਦੇ ਪੱਤਰਕਾਰ ਯੂਵੇਨ ਵੂ 1972 ਵਿੱਚ ਇੱਕ ਨੌਜਵਾਨ ਵਿਦਿਆਰਥੀ ਸਨ। ਉਹ ਯਾਦ ਕਰਦੇ ਹਨ ਕਿ ਚੀਨ ਨੇ ਉਸ ਹਫ਼ਤੇ ਦੀ ਤਿਆਰੀ ਕਿਵੇਂ ਕੀਤੀ ਜਿਸ ਬਾਰੇ ਨਿਕਸਨ ਨੇ ਕਿਹਾ, "ਉਹ ਹਫ਼ਤਾ ਜਿਸ ਨੇ ਦੁਨੀਆ ਬਦਲ ਦਿੱਤੀ।"
15 ਜੁਲਾਈ 1971 ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਕੈਲੀਫੋਰਨੀਆ ਸਥਿਤ ਐਨਬੀਸੀ ਟੈਲੀਵਿਜ਼ਨ ਸਟੂਡੀਓ ਤੋਂ ਐਲਾਨ ਕੀਤਾ ਕਿ "ਦੋਵਾਂ ਦੇਸਾਂ ਦੇ ਸਬੰਧਾਂ ਨੂੰ ਆਮ ਵਰਗੇ ਕਰਨ ਲਈ" ਉਨ੍ਹਾਂ ਨੇ ਚੀਨੀ ਪ੍ਰਧਾਨ ਮੰਤਰੀ ਜ਼ੌਏ ਇਨਲੈਅ ਦੇ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ। (ਜ਼ੌਏ ਇਨਲੈਅ ਚੀਨੀ ਗਣਰਾਜ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਉਹ ਅਕਤੂਬਰ 1949 ਤੋਂ ਆਪਣੀ ਮੌਤ ਜਨਵਰੀ 1976 ਤੱਕ ਇਸ ਅਹੁਦੇ 'ਤੇ ਰਹੇ।)

ਤਸਵੀਰ ਸਰੋਤ, Getty Images
ਠੀਕ ਉਸੇ ਸਮੇਂ 10 ਵਜੇ (ਸਥਾਨਕ ਸਮੇਂ ਅਨੁਸਾਰ) 16 ਜੁਲਾਈ ਨੂੰ ਬੀਜ਼ਿੰਗ ਵਿੱਚ ਚੀਨ ਦੇ ਕੌਮੀ ਪ੍ਰਸਾਰਣਕਰਤਾ ਨੇ ਐਲਾਨ ਕਰਕੇ ਇਸਦੀ ਪੁਸ਼ਟੀ ਕੀਤੀ ਕਿ ਪਹਿਲਾਂ ਰਾਸ਼ਟਰਪਤੀ ਨਿਕਸਨ ਨੇ ਚੀਨ ਆਉਣ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ।
ਇਸ ਬੜੇ ਧਿਆਨ ਨਾਲ ਉਲੀਕੇ ਗਏ ਪ੍ਰਸਾਰਣ ਵਿੱਚ ਦੋ ਨਿਕਸਨ ਦੀ ਫੇਰੀ ਦੀਆਂ ਤਿਆਰੀਆਂ ਲਈ ਕੀਤੇ ਯਤਨਾਂ ਦੀ ਝਲਕ ਮਿਲਦੀ ਸੀ। ਨਿਕਸਨ ਦੇ ਚੀਨ ਤੇ ਅਮਰੀਕੀ ਰਿਸ਼ਤਿਆਂ ਵਿੱਚ ਇੱਕ ਨਵਾਂ ਮੋੜ ਲੈ ਕੇ ਆਉਂਦਾ ਅਤੇ ਜਿਸ ਨੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ।
ਮਾਓ ਦੀ ਰਣਨੀਤਕ ਗਣਨਾ
ਅਮਰੀਕੀਆਂ ਨੂੰ ਸੱਦਣ ਦਾ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ ਚੀਨ ਅਤੇ ਸੋਵੀਅਤ ਯੂਨੀਅਨ ਦੇ ਸੰਬੰਧ ਵਿਗੜ ਰਹੇ ਸਨ ਅਤੇ ਚੀਨ ਇਹ ਸਮਝ ਰਿਹਾ ਸੀ ਕਿ ਉਸ ਨੂੰ ਅਮਰੀਕਾ ਨਾਲੋਂ ਵੱਧ ਖ਼ਤਰਾ ਰੂਸ ਤੋਂ ਹੈ। ਅਮਰੀਕਾ ਨਾਲ ਨੇੜਤਾ ਵਧਾਉਣ ਦਾ ਚੀਨ ਲਈ ਰਣਨੀਤਿਕ ਮਹੱਤਵ ਸੀ।

ਤਸਵੀਰ ਸਰੋਤ, Getty Images
ਇਸ ਅਹਿਸਾਸ ਕਰਕੇ ਇੱਕ ਅਜਿਹਾ ਘਟਨਾਕ੍ਰਮ ਸ਼ੁਰੂ ਹੋਇਆ ਜਿਨ੍ਹਾਂ ਸਦਕਾ 1979 ਵਿੱਚ ਜਾ ਕੇ ਚੀਨ ਅਤੇ ਅਮਰੀਕਾ ਦਰਮਿਆਨ ਰਸਮੀ ਕੂਟਨੀਤਿਕ ਰਿਸ਼ਤਿਆਂ ਦੀ ਸ਼ੁਰੂਆਤ ਹੋਈ।
ਪਹਿਲਾਂ ਮਾਉ ਜ਼ੇਦੁੰਗ ਨੇ ਅਮਰੀਕੀ ਪੱਤਰਕਾਰ ਐਡਗਰ ਸਨੋਅ ਨਾਲ 1970 ਵਿੱਚ ਆਪਣੇ ਅਮਰੀਕਾ ਨਾਲ ਆਪਣੇ ਸੰਬੰਧ ਸੁਧਾਰਨ ਦੀ ਇੱਛਾ ਬਾਰੇ ਗੱਲਬਾਤ ਕੀਤੀ।
ਅਪ੍ਰੈਲ 1971 ਵਿੱਚ ਚੀਨ ਨੇ ਅਮਰੀਕੀ ਟੈਬਲ ਟੈਨਿਸ ਟੀਮ ਨੂੰ ਦੌਰੇ 'ਤੇ ਸੱਦਿਆ।
ਕੁਝ ਮਹੀਨਿਆਂ ਬਾਅਦ ਨਿਕਸਨ ਦੇ ਸੁਰੱਖਿਆ ਸਲਾਹਕਾਰ ਹੈਨਰੀ ਕਿਸਿੰਜਰ ਨੇ ਚੀਨ ਦਾ ਇੱਕ ਗੁਪਤ ਦੌਰਾ ਕੀਤਾ ਜਿਸ ਦੌਰਾਨ ਚੀਨ ਨੇ ਅਮਰੀਕੀ ਰਾਸ਼ਟਰਪਤੀ ਨੂੰ ਚੀਨ ਆਉਣ ਦਾ ਸੱਦਾ ਦਿੱਤਾ।
ਚੀਨ ਦਾ ਕੰਮ ਕਰਨ ਦਾ ਤਰੀਕਾ ਉਸ ਸਮੇਂ ਅਤੇ ਹੁਣ ਵੀ ਉਹੋ-ਜਿਹਾ ਹੀ ਹੈ। ਇੱਕ ਵਾਰ ਜਦੋਂ ਉਦੇਸ਼ ਮਿੱਥ ਲਏ ਗਏ ਤਾਂ ਸਰਕਾਰ ਦੇ ਸਾਰੇ ਅੰਗ ਕੰਮ ਦੀ ਸਫ਼ਲਤਾ ਯਕੀਨੀ ਬਣਾਉਣ ਵਿੱਚ ਜੁਟ ਜਾਂਦੇ ਹਨ।
ਉਸ ਸਮੇਂ ਵੀ ਸਾਰੀ ਸਰਕਾਰੀ ਮਸ਼ੀਨਰੀ ਫੇਰੀ ਨੂੰ ਕਾਮਯਾਬ ਬਣਾਉਣ ਵਿੱਚ ਲੱਗ ਗਈ ਜਿਸ ਵਿੱਚ ਸੁਰੱਖਿਆ ਬੰਦੋਬਸਤ, ਪ੍ਰਚਾਰ ਅਤੇ ਜਨਤਾ ਨੂੰ ਫੇਰੀ ਲਈ ਤਿਆਰ ਕਰਨਾ ਸ਼ਾਮਿਲ ਸੀ।
ਉਸ ਵੇਲੇ ਮੈਂ 15 ਸਾਲਾਂ ਦੀ ਸੀ ਅਤੇ ਬੀਜ਼ਿੰਗ ਵਿੱਚ ਸਕੈਂਡਰੀ ਸਕੂਲ ਵਿੱਚ ਪੜ੍ਹਦੀ ਸੀ। ਮੈਨੂੰ ਦੌਰੇ ਬਾਰੇ ਬਹੁਤਾ ਕੁਝ ਯਾਦ ਨਹੀਂ ਅਤੇ ਮੇਰੇ ਜਿਨ੍ਹਾਂ ਦੋਸਤਾਂ ਨਾਲ ਇਸ ਬਾਰੇ ਗੱਲ ਕੀਤੀ ਉਨ੍ਹਾਂ ਨੂੰ ਵੀ ਇਸ ਬਾਰੇ ਧੁੰਦਲਾ ਜਿਹਾ ਹੀ ਯਾਦ ਹੈ।

ਤਸਵੀਰ ਸਰੋਤ, Getty Images
ਇਸ ਦੇ ਬਾਵਜੂਦ ਸਾਰਿਆਂ ਨੂੰ ਇੱਕ ਗੱਲ ਚੰਗੀ ਤਰ੍ਹਾਂ ਯਾਦ ਹੈ। ਉਹ ਇਹ ਹੈ ਜੋ ਅਮਰੀਕੀਆਂ ਪ੍ਰਤੀ ਸਰਕਾਰ ਸਾਧਾਰਣ ਰਵੀਆ ਹੀ ਅਪਣਾ ਰਹੀ ਸੀ- "ਨਾ ਤਾਂ ਨਿਮਰ ਅਤੇ ਨਾ ਹੰਕਾਰ, ਨਾ ਠੰਢਾ ਤੇ ਨਾ ਹੀ ਗਰਮ।"
ਕਈ ਸਾਲ ਬਾਅਦ ਮੈਨੂੰ ਇਸ ਫੇਰੀ ਬਾਰੇ ਚੀਨੀ ਸਰਕਾਰ ਦੀ ਨੀਤੀ ਬਾਰੇ ਦਿਲਚਸਪ ਅਤੇ ਮਜ਼ੇਦਾਰ ਮਿਸਾਲਾਂ ਬਾਰੇ ਪਤਾ ਲੱਗਿਆ।
ਉਨ੍ਹਾਂ ਦੇ 'ਮੂੰਹ 'ਤੇ' ਬੇਇਜ਼ਤੀ ਨਹੀਂ
ਕੇਂਦਰੀ ਪ੍ਰਸਾਰਣ ਸਟੇਸ਼ਨ ਦੇ ਸਾਬਕਾ ਮੁਖੀ ਯੈਂਗ ਜ਼ੈਂਗਕੁਏਨ ਮੀਡੀਆ ਰਿਪੋਰਟਿੰਗ ਲਈ ਦਿੱਤੀ ਗਈਆਂ ਹਦਾਇਤਾਂ ਨੂੰ ਯਾਦ ਕਰਕੇ ਦੱਸਦੇ ਹਨ,"ਚੀਨ ਦੇ ਅਮਰੀਕਾ ਪ੍ਰਤੀ ਰਵੀਏ ਵਿੱਚ ਕੋਈ ਬਦਲਾਅ ਨਹੀਂ ਸੀ।''
"ਜਿਸ ਦਾ ਮਤਲਬ ਸੀ ਕਿ ਅਸੀਂ ਅਜੇ ਵੀ ਉਨ੍ਹਾਂ ਦੇ ਖ਼ਿਲਾਫ਼ ਹਾਂ ਪਰ ਰਾਸ਼ਟਰਪਤੀ ਨਿਕਸਨ ਸਾਡੇ ਮਹਿਮਾਨ ਹਨ ਇਸ ਲਈ ਉਨ੍ਹਾਂ ਦੇ ਮੂੰਹ 'ਤੇ 'ਨਿਕਸਨ ਮੁਰਦਾਬਾਦ' ਅਤੇ 'ਅਮਰੀਕੀ ਸਮਰਾਜਵਾਦ ਮੁਰਦਾਬਾਦ' ਨਹੀਂ ਕਰ ਸਕਦੇ।"
ਇਸ ਲਈ ਰੇਡੀਓ ਅਤੇ ਟੀਵੀ ਦੀਆਂ ਖ਼ਬਰਾਂ ਵਿੱਚ ਨਿਕਸਨ ਦੇ ਦੌਰੇ ਦੌਰਾਨ "ਅਮਰੀਕੀ ਸਮਰਾਜਵਾਦੀਆਂ" ਨੂੰ "ਯੂਐਸਏ" ਵਿੱਚ ਬਦਲਿਆ ਜਾਵੇਗਾ। ਕੁਝ ਅਮਰੀਕਾ ਵਿਰੋਧੀ ਸਮੱਗਰੀ ਅਜੇ ਵੀ ਤਿਆਰ ਕੀਤੀ ਜਾ ਸਕਦੀ ਸੀ ਪਰ ਬਹੁਤੀ ਜ਼ਿਆਦਾ ਤਿੱਖੀ ਨਹੀਂ ਹੋਣੀ ਚਾਹੀਦੀ ਸੀ।

ਤਸਵੀਰ ਸਰੋਤ, BETTMANN/GETTY IMAGES
ਚੀਨ ਨੇ ਇਹ ਵੀ ਸਮਝ ਲਿਆ ਸੀ ਕਿ ਅਮਰੀਕਾ ਵਿੱਚ ਇਸ ਫੇਰੀ ਨੂੰ ਕਿਵੇਂ ਦੇਖਿਆ ਜਾ ਰਿਹਾ ਸੀ ਅਤੇ ਇਹ ਵੀ ਕਿ ਰਾਸ਼ਟਰਪਤੀ ਨਿਕਸਨ ਅਮਰੀਕੀਆਂ ਨੂੰ ਇਸ ਫੇਰੀ ਦੇ ਘਟਨਾਕ੍ਰਮ ਬਾਰੇ ਜਾਣੂ ਰੱਖਣ ਲਈ ਕਿਵੇਂ ਵਰਤਣਾ ਚਾਹੁਣਗੇ।
ਪਹਿਲਾਂ ਪਹਿਲ ਅਮਰੀਕਾ ਨੇ ਉੱਥੇ ਇੱਕ ਸੈਟਲਾਈਟ ਸਟੇਸ਼ਨ ਲਾਉਣਾ ਚਾਹਿਆ ਪਰ ਚੀਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।
ਇਸ ਗੱਲ ਦਾ ਹੱਲ ਇਹ ਕੱਢਿਆ ਗਿਆ ਕਿ ਚੀਨ ਨੇ ਅਮਰੀਕੀ ਸੈਟੇਲਾਈਟ ਨੂੰ ਖਰੀਦਿਆ ਅਤੇ ਫੇਰ ਅਮਰੀਕਾ ਨੂੰ ਸ਼ਾਮ ਦੀਆਂ ਖ਼ਬਰਾਂ ਦਾ ਪ੍ਰਸਾਰਣ ਕਰਨ ਲਈ ਕਿਰਾਏ ਉੱਤੇ ਦਿੱਤਾ।
ਸੁਰੱਖਿਆ, ਸੁਰੱਖਿਆ ਅਤੇ ਹੋਰ ਸੁਰੱਖਿਆ
ਫੇਰੀ ਦੌਰਾਨ ਸੁਰੱਖਿਆ ਚਿੰਤਾ ਦਾ ਮੁੱਕ ਸਬੱਬ ਸੀ। ਮੇਜ਼ਬਾਨਾਂ ਨੇ ਯਕੀਨੀ ਬਣਾਉਣਾ ਸੀ ਕਿ ਫੇਰੀ ਸੁੱਖੀ-ਸਾਂਦੀ ਨਿੱਬੜ ਜਾਵੇ। ਉਹ ਇਹ ਵੀ ਨਹੀਂ ਸਨ ਚਾਹੁੰਦੇ ਕਿ ਅਮਰੀਕੀਆਂ ਨੂੰ ਉਨ੍ਹਾਂ ਦੇ ਰੱਹਸਮਈ ਦੇਸ ਬਾਰੇ ਬਹੁਤਾ ਕੁਝ ਪਤਾ ਲੱਗੇ।
ਇਸ ਬਾਰੇ ਰਾਜਧਾਨੀ ਬੀਜਿੰਗ ਵਿੱਚ ਇੱਕ ਖ਼ਾਸ ਸੁਰੱਖਿਆ ਡਰਿਲ ਕੀਤੀ ਗਈ। ਇਸ ਵਿੱਚ ਕੁਝ ਵਿਅਕਤੀਆਂ ਨੂੰ ਦੁਸ਼ਮਣ ਮੰਨ ਕੇ ਨਜ਼ਰਬੰਦ ਕੀਤਾ ਗਿਆ ਜਾਂ ਉਨ੍ਹਾਂ 'ਤੇ ਨਿਗਰਾਨੀ ਰੱਖੀ ਗਈ।
ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਅਤੇ ਕੰਮ ਦੇ ਘੰਟੇ ਵਧਾ ਦਿੱਤੇ ਜਾਣ ਦੀਆਂ ਵੀ ਰਿਪੋਰਟਾਂ ਸਨ। ਮਕਸਦ ਇਹ ਸੀ ਕਿ ਸ਼ਾਮ ਦੇ ਅੱਠ ਵਜੇ ਤੋਂ ਪਹਿਲਾਂ ਬਹੁਤੇ ਲੋਕ ਬਾਹਰ ਨਾ ਨਿਕਲ ਸਕਣ।
ਮੇਰੇ ਸਕੂਲ ਦੇ ਅਧਿਆਪਕਾਂ ਨੇ ਯਾਦ ਕਰਕੇ ਦੱਸਿਆ ਕਿ ਸਾਰੇ ਅਧਿਆਪਕਾਂ ਨੂੰ ਕਿਹਾ ਗਿਆ ਸੀ ਕਿ ਉਹ ਸਾਰੇ ਆਪਣੀਆਂ ਜਮਾਤਾਂ ਦਾ ਧਿਆਨ ਰੱਖਣ ਤਾਂ ਕੀ ਸੜਕਾਂ ਉੱਪਰ ਖਿਲਾਰਾ ਨਾ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਹੋਰ ਜਮਾਤ ਦੇ ਵਿਦਿਆਰਾਥੀ ਨੂੰ ਛੁਰੀ ਰੱਖਣ ਲਈ ਗ੍ਰਿਫਤਾਰ ਕਰ ਲਿਆ ਗਿਆ ਸੀ।

ਤਸਵੀਰ ਸਰੋਤ, WALLY MCNAMEE/CORBIS/GETTY IMAGES
ਵਿਦਿਆਰਥੀਆਂ ਨੂੰ ਵਿਦੇਸ਼ੀ ਪੱਤਰਕਾਰਾਂ ਦੇ ਚੀਨ ਨਾਲ ਜੁੜੇ ਉਲਝਾਊ ਸਵਾਲਾਂ ਦਾ ਸਾਹਮਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਸੀ।
ਕੀ ਤੁਹਾਨੂੰ ਖਾਣ ਪਹਿਨਣ ਨੂੰ ਭਰਪੂਰ ਮਿਲਦਾ ਹੈ? ਕੀ ਤੁਸੀਂ ਅਮਰੀਕਾ ਨੂੰ ਪਸੰਦ ਕਰਦੇ ਹੋ?
ਵਿਦਿਆਰਥੀਆਂ ਨੂੰ ਸਮਝਾਇਆ ਗਿਆ ਸਵਾਲ ਸਮਝ ਨਾ ਆਉਣ ਦਾ ਦਿਖਾਵਾ ਕਰ ਸਕਦੇ ਸਨ ਜਾਂ ਉੱਥੋਂ ਭੱਜ ਜਾਣ।
ਦਿ ਗ੍ਰੇਟ ਵਾਲ ਆਫ਼ ਚਾਈਨਾ ਉੱਪਰ ਨਕਲੀ ਸੈਲਾਨੀ
ਦੋਸਤਾਨਾ ਮਾਹੌਲ ਸਿਰਜਣ ਲਈ ਕੰਧਾਂ ਤੋਂ ਮਹਿਮਾਨਾਂ ਨੂੰ ਨਾਖੁਸ਼ ਕਰਨ ਵਾਲੇ ਨਾਅਰਿਆਂ ਦੀ ਸਫਾਈ ਕੀਤੀ ਗਈ ਅਤੇ ਫੇਰੀ ਨਾਲ ਜੁੜੇ ਨਵੇਂ ਸਲੋਗਨ ਲਿਖੇ ਗਏ।
ਦੁਕਾਨਾਂ ਦੀਆਂ ਸ਼ੈਲਫਾਂ ਭਰਨ ਲਈ ਟਰੱਕ ਭਰ ਕੇ ਭੇਜੇ ਗਏ ਤਾਂ ਕਿ ਉਹ ਆਮ ਨਾਲੋਂ ਵਧੇਰੇ ਵਸਤਾਂ ਨੁਮਾਇਸ਼ 'ਤੇ ਲਾ ਸਕਣ।
ਰਾਜਧਾਨੀ ਬੀਜਿੰਗ ਵਿੱਚ ਆਮ ਚੀਨੀ ਨਾਗਰਿਕਾਂ ਅਤੇ ਰਾਸ਼ਟਰਪਤੀ ਨਿਕਸਨ ਵਿਚਕਾਰ ਹੋਈ 'ਨਾਰਮਲ' ਗੱਲਬਾਤ ਵੀ ਨਕਲੀ ਲੱਗ ਰਹੀ ਸੀ।

ਤਸਵੀਰ ਸਰੋਤ, CORBIS/GETTY IMAGES
ਨਿਊ ਯੌਰਕ ਟਾਈਮਜ਼ ਦੇ ਅਮਰੀਕੀ ਪੱਤਰਕਾਰ ਮੈਕਸ ਫਰੈਂਕਲ ਅਮਰੀਕੀ ਰਾਸ਼ਟਰਪਤੀ ਨਾਲ ਆਏ ਪੱਤਰਕਾਰਾਂ ਵਿੱਚ ਸ਼ਾਮਲ ਸਨ। ਉਨ੍ਹਾਂ ਨੂੰ 1973 ਵਿੱਚ ਫਰਵਰੀ 1972 ਦੀ ਇਸ ਫੇਰੀ ਦੀ ਕਵਰੇਜ ਲਈ ਪੁਲਤਿਜ਼ਰ ਪੁਰਸਕਾਰ ਮਿਲਿਆ।
ਉਨ੍ਹਾਂ ਨੇ ਰਾਸ਼ਟਰਪਤੀ ਦੀ ਚੀਨ ਦੀ ਦੀਵਾਰ ਦੀ ਫੇਰੀ ਸਮੇਂ ਦੇਖਿਆ ਕਿ "ਰਾਸ਼ਟਰਪਤੀ ਦੇ ਰਾਹ ਵਿੱਚ ਸੈਲਾਨੀਆਂ ਦਾ ਇੱਕ ਝੁੰਡ ਖੜ੍ਹਾਇਆ ਗਿਆ ਸੀ ਜੋ ਕੈਮਰਿਆਂ ਸਾਹਮਣੇ ਰਾਸ਼ਟਰਪਤੀ ਨਾਲ ਹੱਥ ਮਿਲਾਉਣ ਅਤੇ ਇੱਕ ਸੋਹਣੀ ਪੋਸ਼ਾਕ ਵਿੱਚ ਸਜੀ ਔਰਤ ਜੋ ਰਾਸ਼ਟਰਪਤੀ ਨਾਲ ਦੋਸਤੀ ਦਾ ਹੱਥ ਵਧਾਵੇ।"
ਬਾਅਦ ਵਿੱਚ ਸਾਹਮਣੇ ਆਇਆ ਕਿ ਇਸ ਖਾਸ ਸਿਆਸੀ ਕੰਮ ਨੂੰ ਕਰਨ ਲਈ ਇਨ੍ਹਾਂ ਸੈਲਾਨੀਆਂ ਨੂੰ ਵਿਸ਼ੇਸ਼ ਤੌਰ 'ਤੇ ਚੁਣਿਆ ਗਿਆ ਸੀ।
ਸਾਲ 2008 ਵਿੱਚ ਇੱਕ ਵਿਅਕਤੀ ਨੇ ਫੋਨਿਕਸ ਨਿਊਜ਼ ਵੈੱਬਸਾਈਟ ਲਈ ਲਿਖਿਆ ਕਿ ਉਹ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ ਜਦੋਂ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਭਰੋਸੇਯੋਗ ਬੰਦੇ ਦੇਣ ਲਈ ਕਿਹਾ ਗਿਆ ਸੀ ਜਿਨ੍ਹਾਂ ਨੇ ਕਿਸੇ ਸਮਾਗਮ ਵਿੱਚ ਹਿੱਸਾ ਲੈਣਾ ਸੀ।
ਉਨ੍ਹਾਂ ਨੇ ਚੰਗੀ ਤਰ੍ਹਾਂ ਤਿਆਰ ਹੋਣਾ ਸੀ ਅਤੇ ਕੰਮ ਵਾਲੇ ਕੱਪੜੇ ਨਹੀਂ ਪਾਉਣੇ ਸਨ। ਉਨ੍ਹਾਂ ਨੇ ਚੀਨ ਦੀ ਦੀਵਾਰ 'ਤੇ ਸੈਲਾਨੀ ਬਣਨਾ ਸੀ ਅਤੇ ਉਨ੍ਹਾਂ ਨੇ ਅਮਰੀਕੀ ਵਫ਼ਦ ਤੋਂ ਢੁਕਵੀਂ ਦੂਰੀ 'ਤੇ ਰਹਿਣਾ ਸੀ। ਇਸ ਦੇ ਨਾਲ ਹੀ ਜੇ ਉਨ੍ਹਾਂ ਨੂੰ ਕੋਈ ਸਵਾਲ ਕਰੇ ਤਾਂ ਇਸ ਤਰ੍ਹਾਂ ਜ਼ਾਹਿਰ ਕਰਨਾ ਸੀ ਕਿ ਉਨ੍ਹਾਂ ਦੇ ਸਮਝ ਨਹੀਂ ਆਇਆ।
ਇੱਕ ਵੱਡੀ ਪਹਿਲ
ਰਾਸ਼ਟਰਪਤੀ ਦੇ ਚੀਨ ਦੀ ਦੀਵਾਰ 'ਤੇ ਜਾਣ ਤੋਂ ਪਹਿਲੀ ਸ਼ਾਮ ਜ਼ੋਰਾਂ ਦੀ ਬਰਫ ਪਈ ਇਸ ਲਈ ਬੀਜਿੰਗ ਦੇ ਹਜ਼ਾਰਾਂ ਨਾਗਰਿਕਾਂ ਅਤੇ ਸੁਰੱਖਿਆ ਕਰਮੀਆਂ ਨੇ ਬਰਫ਼ ਹਟਾਉਣ ਲਈ ਸਾਰੀ ਰਾਤ ਕੰਮ ਕੀਤਾ ਤਾਂ ਕਿ ਅਮਰੀਕੀ ਕਾਫਲੇ ਦੀਆਂ ਗੱਡੀਆਂ ਲੰਘ ਸਕਣ।
ਮਹਿਮਾਨਾਂ ਨੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ ਪਰ ਇਸ ਨਾਲੋਂ ਕਿਤੇ ਵੱਡਾ ਪ੍ਰਭਾਵ ਰਾਸ਼ਟਰਪਤੀ ਨਿਕਸਨ ਉੱਪਰ ਚੀਨ ਦੀ ਦੀਵਾਰ ਦਾ ਪਿਆ। ਉਨ੍ਹਾਂ ਕਿਹਾ, "(ਚੀਨ ਦੀ ਦੀਵਾਰ) ਚੀਨ ਅਤੀਤ ਵਿੱਚ ਕੀ ਸੀ ਅਤੇ ਭਵਿੱਖ ਵਿੱਚ ਕੀ ਹੋ ਸਕਦਾ ਹੈ ਇਸ ਦਾ ਚਿੰਨ ਹੈ।"

ਤਸਵੀਰ ਸਰੋਤ, EPA
ਉਨ੍ਹਾਂ ਚੀਨੀ ਮਹਿਮਾਨਾਂ ਅਤੇ ਪੱਤਰਕਾਰਾਂ ਨੂੰ ਕਿਹਾ, "ਜਦੋਂ ਅਸੀਂ ਇਸ ਦੀਵਾਰ ਵੱਲ ਦੇਖ ਰਹੇ ਹਾਂ, ਅਸੀਂ ਨਹੀਂ ਚਾਹੁੰਦੇ ਕਿ ਦੋਹਾਂ ਦੇਸਾਂ ਦੇ ਲੋਕਾਂ ਵਿੱਚ ਕੋਈ ਕੰਧ ਰਹੇ।"
ਉਸ ਸਮੇਂ (1972) ਤੋਂ ਲੈ ਕੇ ਚੀਨ ਅਤੇ ਅਮਰੀਕਾ ਦੇ ਰਿਸ਼ਤੇ ਬਹੁਤ ਸਾਰੇ ਉਤਰਾਵਾਂ-ਚੜਾਵਾਂ ਵਿੱਚੋਂ ਲੰਘੇ ਹਨ ਪਰ ਇਹ ਕਹਿਣਾ ਕੁਤਾਹੀ ਨਹੀਂ ਹੋਵੇਗੀ ਕਿ ਰਾਸ਼ਟਰਪਤੀ ਨਿਕਸਨ ਦੀ ਇਤਿਹਾਸਕ ਫੇਰੀ ਇਸ ਰਿਸ਼ਤੇ ਦੀ ਬੁਨਿਆਦ ਰੱਖੀ।
ਹੁਣ ਟਰੰਪ-ਕਿਮ ਬੈਠਕ ਛੇ ਦਹਾਕਿਆ ਦੀ ਦੁਸ਼ਮਣੀ ਖਤਮ ਕਰਕੇ ਕੋਰੀਆਈ ਪ੍ਰਾਇਦੀਪ ਵਿੱਚ ਅਮਨ ਅਤੇ ਸਥਿਰਤਾ ਕਾਇਮ ਕਰੇਗੀ। ਇਸੇ ਉਮੀਦ ਨਾਲ ਕਿ ਇਸ ਨਾਲ ਸਾਰੀਆਂ ਨਜ਼ਰਾਂ ਟਰੰਪ-ਕਿਮ ਵਾਰਤਾ 'ਤੇ ਲੱਗੀਆਂ ਹੋਈਆਂ ਹਨ।












