ਕੀ ਹੈ ਤੁਹਾਡੀ ਆਵਾਜ਼ ਦਾ ਤੁਹਾਡੀ ਤਨਖ਼ਾਹ ਨਾਲ ਰਿਸ਼ਤਾ?

ਆਵਾਜ਼ ਇਨਸਾਨ ਦੀ ਪਛਾਣ ਦਾ ਇੱਕ ਅਹਿਮ ਪੱਖ ਹੈ। ਆਵਾਜ਼ ਭਾਰੀ ਵੀ ਹੋ ਸਕਦੀ ਹੈ ਤੇ ਡੂੰਘੀ ਵੀ, ਸੁਰੀਲੀ ਵੀ ਹੋ ਸਕਦੀ ਹੈ ਤੇ ਜ਼ੋਰਦਾਰ ਵੀ।

ਦੁਨੀਆਂ ਵਿੱਚ ਹਰ ਇਨਸਾਨ ਦੀ ਇੱਕ ਵੱਖਰੀ ਆਵਾਜ਼ ਤੇ ਇੱਕ ਵੱਖਰਾ ਬੋਲਣ ਦਾ ਤਰੀਕਾ ਹੈ।

ਪਰ ਕੀ ਤੁਹਾਡੀ ਆਵਾਜ਼ ਦਾ ਤੁਹਾਡੀ ਤਨਖ਼ਾਹ ਨਾਲ ਕੋਈ ਲੈਣਾ ਦੇਣਾ ਹੈ?

ਜੀ ਹਾਂ, ਤੁਹਾਡੀ ਆਵਾਜ਼ ਦਾ ਤੁਹਾਡੀ ਤਨਖ਼ਾਹ ਨਾਲ ਡੂੰਘਾ ਰਿਸ਼ਤਾ ਹੈ। ਪਰ ਇਹ ਤੈਅ ਕਿਵੇਂ ਹੁੰਦਾ ਹੈ? ਕਰੋੜਾਂ ਰੁਪਏ ਕਮਾਉਣ ਵਾਲਿਆਂ ਦੀ ਆਵਾਜ਼ ਕਿਹੋ ਜਿਹੀ ਹੁੰਦੀ ਹੈ?

ਹਾਲ ਹੀ 'ਚ ਅਮਰੀਕਾ ਵਿੱਚ 792 ਮਰਦਾਂ ਦੀਆਂ ਆਵਾਜ਼ਾਂ ਰਿਕਾਰਡ ਕੀਤੀਆਂ ਗਈਆਂ ਸਨ। ਉਹ ਸਾਰੇ ਕਿਸੇ ਨਾ ਕਿਸੇ ਕੰਪਨੀ ਦੇ ਸੀਈਓ ਸਨ।ਉਨ੍ਹਾਂ ਦੀਆਂ ਆਵਾਜ਼ਾਂ ਅਤੇ ਤਨਖ਼ਾਹਾਂ ਦੀ ਸਮੀਖਿਆ ਕੀਤੀ ਗਈ।

ਜਿਹੜੇ ਸੀਈਓ 125 ਹਰਟਜ਼ ਵਾਲੀ ਆਵਾਜ਼ ਵਿੱਚ ਬੋਲਦੇ ਸਨ, ਉਨ੍ਹਾਂ ਦੀ ਤਨਖਾਹ ਇਸ ਤੋਂ ਤੇਜ਼ ਬੋਲਣ ਵਾਲੇ ਸੀਈਓਜ਼ ਤੋਂ 126 ਲੱਖ ਰੁਪਏ ਵੱਧ ਸੀ।

ਸੀਈਓ ਦੀ ਆਵਾਜ਼ ਦੀ ਪਿੱਚ ਯਾਨੀ ਕਿ ਬੇਸ ਦਾ ਕੰਪਨੀਆਂ ਦੀ ਕੀਮਤ ਨਾਲ ਰਿਸ਼ਤਾ ਸੀ।

ਡੂੰਘੀ ਆਵਾਜ਼ ਵਿੱਚ ਬੋਲਣ ਵਾਲੇ ਸੀਈਓ ਦੀ ਕੰਪਨੀ ਦੀ ਕੀਮਤ ਦੂਜੀ ਕੰਪਨੀਆਂ ਤੋਂ 2 ਹਜ਼ਾਰ 90 ਕਰੋੜ ਰੁਪਏ ਵੱਧ ਸੀ।

ਬਹੁਤ ਘੱਟ ਔਰਤਾਂ ਸੀਈਓ ਹਨ, ਜਿਸ ਕਰਕੇ ਉਨ੍ਹਾਂ ਨੂੰ ਇਸ ਸਰਵੇ ਦਾ ਹਿੱਸਾ ਨਹੀਂ ਬਣਾਇਆ ਗਿਆ ਪਰ ਡੂੰਘੀ ਆਵਾਜ਼ ਦੇ ਫਾਇਦੇ ਔਰਤ ਸੀਈਓਜ਼ ਨੂੰ ਵੀ ਮਿਲਦੇ ਹਨ।

ਆਮਦਨੀ ਅਤੇ ਆਵਾਜ਼ ਦਾ ਕੀ ਹੈ ਰਿਸ਼ਤਾ?

ਅਮਰੀਕਾ ਦੀ ਡਿਊਕ ਯੁਨੀਵਰਸਿਟੀ ਦੇ ਵਿਲਿਅਮ ਮੇਵ ਕਹਿੰਦੇ ਹਨ ਕਿ ਵਿਕਾਸ ਦੀ ਪ੍ਰਕਿਰਿਆ ਵੇਲੇ ਡੂੰਘੀ ਆਵਾਜ਼ ਵਾਲੇ ਲੋਕ ਅਕਸਰ ਅੱਗੇ ਹੁੰਦੇ ਹਨ।

ਜਦ ਇਨਸਾਨ ਵਸੀਲਿਆਂ ਲਈ ਲੜ ਰਿਹਾ ਸੀ ਤਾਂ ਉਸ ਵਿੱਚ ਵੀ ਆਵਾਜ਼ ਦਾ ਅਹਿਮ ਕਿਰਦਾਰ ਸੀ।

ਮਰਦਾਂ ਦੀ ਆਵਾਜ਼ ਹੌਰਮੋਨ 'ਟੈਸਟੋਸਟੇਰੌਨ' ਤੈਅ ਕਰਦਾ ਹੈ।

ਵਿਲਿਅਮ ਮੁਤਾਬਕ ਅਜਿਹਾ ਨਹੀਂ ਹੈ ਕਿ ਸਿਰਫ ਇਨਸਾਨਾਂ ਦੀ ਤਰੱਕੀ ਵਿੱਚ ਆਵਾਜ਼ ਮੁੱਖ ਹੁੰਦੀ ਹੈ, ਜਾਨਵਰਾਂ ਦੀ ਕਾਮਯਾਬੀ ਵੀ ਉਨ੍ਹਾਂ ਦੀ ਆਵਾਜ਼ 'ਤੇ ਨਿਰਭਰ ਕਰਦੀ ਹੈ।

ਵਿਲਿਅਮ ਨੇ ਸ਼ੇਰ ਦਾ ਉਦਾਹਰਣ ਦਿੱਤਾ, ਜਿਸਦੀ ਭਾਰੀ ਅਤੇ ਡੂੰਘੀ ਦਹਾੜ ਉਸਨੂੰ ਜੰਗਲ ਦਾ ਰਾਜਾ ਬਣਾਉਂਦੀ ਹੈ।

ਮੇਵ ਮੁਤਾਬਕ ਇਨਸਾਨ ਦੇ ਬੋਲਣ ਦਾ ਤਰੀਕਾ ਲੋਕਾਂ ਵਿੱਚ ਭਰੋਸਾ ਜਗਾਉਂਦਾ ਹੈ। ਉਨ੍ਹਾਂ ਦੀ ਛਬੀ ਬਣਾਉਣ ਵਿੱਚ ਇਹ ਇੱਕ ਅਹਿਮ ਕਿਰਦਾਰ ਨਿਭਾਉਂਦੀ ਹੈ।

ਪਤਲੀ ਆਵਾਜ਼ ਵਾਲੇ ਲੋਕਾਂ ਦਾ ਕੀ?

ਡੂੰਘੀ ਆਵਾਜ਼ ਵਾਲੇ ਇਨਸਾਨ ਵਿੱਚ ਵੱਧ ਖੂਬੀਆਂ ਹੁੰਦੀਆਂ ਹਨ। ਅਜਿਹੇ ਲੋਕ ਕਾਬਲ, ਭਰੋਸੇਮੰਦ ਅਤੇ ਕਿਸੇ ਤੋਂ ਵੀ ਆਪਣੀ ਗੱਲ ਮਨਵਾਉਣ ਵਾਲੇ ਹੁੰਦੇ ਹਨ।

ਡੂੰਘੀ ਆਵਾਜ਼ ਵਾਲੇ ਆਗੂਆਂ ਨੂੰ ਵੀ ਵੋਟਾਂ ਵੱਧ ਪੈਂਦੀਆਂ ਹਨ।

ਇਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੇ ਕੋਲ ਵੱਧ ਤਾਕਤ ਹੈ ਅਤੇ ਤੁਸੀਂ ਵੱਧ ਕਮਾਉਣ ਵਿੱਚ ਸਮਰੱਥ ਹੋ। ਹਾਲਾਂਕਿ ਕਿਸੇ ਦੀ ਔਕਾਤ ਦਾ ਅੰਦਾਜ਼ਾ ਅਸੀਂ ਆਵਾਜ਼ ਤੋਂ ਇਲਾਵਾ ਹੋਰ ਚੀਜ਼ਾਂ ਤੋਂ ਵੀ ਲਾ ਸਕਦੇ ਹਾਂ।

ਕਹਿੰਦੇ ਹਨ ਕਿ ਮਸ਼ਹੂਰ ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ ਬਾਂਸੁਰੀ ਵਰਗੀ ਆਵਾਜ਼ ਵਿੱਚ ਬੋਲਦੇ ਸਨ।

ਪਰ ਉਨ੍ਹਾਂ ਦੇ ਸ਼ਬਦਾਂ ਵਿੱਚ ਤਾਕਤ ਸੀ, ਜਿਸ 'ਤੇ ਉਨ੍ਹਾਂ ਦੀ ਆਵਾਜ਼ ਦਾ ਕੋਈ ਅਸਰ ਨਹੀਂ ਹੋਇਆ। ਨਾ ਹੀ ਲਿੰਕਨ ਦੀ ਤਾਕਤ ਅਤੇ ਨਾ ਹੀ ਕਾਬੀਲਿਅਤ ਉਨ੍ਹਾਂ ਦੀ ਆਵਾਜ਼ ਤੋਂ ਤੋਲੀ ਗਈ।

ਕਈ ਵਾਰ ਕਮਜ਼ੋਰ ਅਤੇ ਪਤਲੀ ਆਵਾਜ਼ ਸਭ ਤੋਂ ਅਸਰਦਾਰ ਸਾਬਿਤ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)